Fri,Sep 17,2021 | 12:54:24pm
HEADLINES:

editorial

ਬੇਰੁਜ਼ਗਾਰੀ ਦੇ ਕੰਢੇ 'ਤੇ ਖੜ੍ਹੇ ਲੱਖਾਂ ਪੜ੍ਹੇ-ਲਿਖੇ ਭਾਰਤੀ ਨੌਜਵਾਨ

ਬੇਰੁਜ਼ਗਾਰੀ ਦੇ ਕੰਢੇ 'ਤੇ ਖੜ੍ਹੇ ਲੱਖਾਂ ਪੜ੍ਹੇ-ਲਿਖੇ ਭਾਰਤੀ ਨੌਜਵਾਨ

ਹਾਲ ਹੀ 'ਚ ਇਸ ਸਾਲ ਦੁਨੀਆਂ ਦੀਆਂ ਕਈ ਯੂਨੀਵਰਸਿਟੀਆਂ ਦੀ ਰੈਂਕਿੰਗ ਰਿਪੋਰਟ ਜਾਰੀ ਹੋਈ ਹੈ। ਦੁਨੀਆਂ ਭਰ ਦੀਆਂ ਇਕ ਹਜ਼ਾਰ ਦੋ ਸੌ ਪੰਜਾਹ ਯੂਨੀਵਰਸਿਟੀਆਂ 'ਚ ਸਿੱਖਿਆ, ਰਿਸਰਚ, ਬ੍ਰੇਨ ਡਰੇਨ ਤੇ ਕੌਮਾਂਤਰੀ ਸੰਭਾਵਨਾ ਵਰਗੇ ਕੁਲ 13 ਅਧਿਐਨਾਂ ਤੋਂ ਬਾਅਦ ਤਿਆਰ ਕੀਤੀ ਗਈ ਇਸ 'ਗਲੋਬਲ ਰੈਂਕਿੰਗ' 'ਚ ਭਾਰਤ ਦੀਆਂ ਉਨੰਜਾ ਯੂਨੀਵਰਸਿਟੀਆਂ ਆਪਣੀ ਥਾਂ ਬਣਾਉਣ 'ਚ ਕਾਮਯਾਬ ਰਹੀਆਂ ਹਨ।

ਹਾਲਾਂÎਕਿ ਵਿਸ਼ਵ ਦੀਆਂ ਢਾਈ ਸੌ ਸਭ ਤੋਂ ਵਧੀਆ ਯੂਨੀਵਰਸਿਟੀਆਂ  'ਚ ਇਸ ਵਾਰ ਵੀ ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਨੂੰ ਥਾਂ ਨਹੀਂ ਮਿਲੀ। ਇਸ ਸੂਚੀ 'ਚ ਲਗਾਤਾਰ ਤੀਜੇ ਸਾਲ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਸਿਖਰ 'ਤੇ ਰਹੀ, ਜਦੋਂਕਿ ਬ੍ਰਿਟੇਨ ਦੀ ਹੀ ਕੈਂਬਰਿਜ ਯੂਨੀਵਰਸਿਟੀ ਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ 'ਤੇ ਰਹੀਆਂ। 

ਉਚ ਸਿੱਖਿਆ ਵਿਵਸਥਾ 'ਚ ਚੀਨ ਤੇ ਅਮਰੀਕਾ ਦੇ ਬਾਅਦ ਤੀਜੇ ਸਥਾਨ 'ਤੇ ਭਾਰਤ ਦਾ ਨਾਂ ਆਉਂਦਾ ਹੈ। ਬਾਵਜੂਦ ਇਸਦੇ ਦੁਨੀਆ ਦੀਆਂ ਚੋਟੀ ਦੀਆਂ ਢਾਈ ਸੌ ਯੂਨੀਵਰਸਿਟੀਆਂ 'ਚ ਭਾਰਤ ਦੀ ਕਿਸੇ ਯੂਨੀਵਰਸਿਟੀ ਦਾ ਸਥਾਨ ਨਾ ਬਣਾ ਪਾਉਣਾ ਚਿੰਤਾ ਦਾ ਵਿਸ਼ਾ ਹੈ। ਭਾਰਤ 'ਚ ਉਚ ਸਿੱਖਿਆ ਦੇ ਨਾਂ 'ਤੇ ਹਰ ਸਾਲ ਅਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਫਿਰ ਵੀ ਭਾਰਤੀ ਸਿੱਖਿਆ ਪੱਧਤੀ ਕੌਮਾਂਤਰੀ ਮਾਪਦੰਡਾਂ ਤੋਂ ਪਿੱਛੇ ਹੀ ਚੱਲ ਰਹੀ ਹੈ। 

ਸਵਾਲ ਇਹ ਹੈ ਕਿ ਭਾਰੀ ਭਰਕਮ ਬਜਟ, ਸਮਾਰਟ ਕਲਾਸ ਰੂਮਜ਼ ਦੀ ਵਿਵਸਥਾ ਤੇ ਵਧੀਆ ਢਾਂਚੇ ਦੇ ਬਾਵਜੂਦ ਮੌਜੂਦਾ ਸਮੇਂ 'ਚ ਯੂਨੀਵਰਸਿਟੀਜ਼ ਆਪਣੀ ਕੌਮਾਂਤਰੀ ਚਮਕ ਬਿਖੇਰਨ 'ਚ ਅਸਫਲ ਕਿਉਂ ਰਹੀਆਂ ਹਨ?

ਕਾਲਜ ਤੇ ਯੂਨੀਵਰਸਿਟੀਆਂ ਉਚ ਸਿੱਖਿਆ ਦੇ ਲਿਹਾਜ ਨਾਲ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਪੜਾਅ ਹੁੰਦੀਆਂ ਹਨ। ਅਸਲ 'ਚ ਉਚ ਸਿੱਖਿਆ ਦੀ ਗੁਣਵੱਤਾ ਹੀ ਕਿਸੇ ਰਾਸ਼ਟਰ ਦਾ ਸਰੂਪ ਤੈਅ ਕਰਦੀ ਹੈ। ਦੇਸ਼ ਦੀ ਉਨਤੀ ਲਈ ਇਕ ਵਧੀਆ ਖਾਕਾ ਤਿਆਰ ਕਰਨ 'ਚ ਉਚ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਉਚ ਸਿੱਖਿਆ ਦੇ ਪ੍ਰਤੀ ਸਰਕਾਰੀ ਉਦਾਸੀਨਤਾ ਦਾ ਹੀ ਬੁਰਾ ਪ੍ਰਭਾਵ ਹੈ ਕਿ ਅੱਜ ਉਚ ਸਿੱਖਿਆ ਪ੍ਰਾਪਤ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਰਹੇ ਹਨ। ਯੂਨੀਵਰਸਿਟੀਆਂ 'ਚ ਸਿੱਖਿਆ ਦੇ ਪੱਧਰ ਤੇ ਰਿਸਰਚ ਦੀ ਗੁਣਵੱਤਾ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਕੌਮਾਂਤਰੀ ਪੱਧਰ 'ਤੇ ਭਾਰਤੀਆਂ ਦੀ ਤੂਤੀ ਬੋਲ ਸਕੇ।

ਅੱਜਕੱਲ੍ਹ ਸਾਡੀਆਂ ਯੂਨੀਵਰਸਿਟੀਆਂ 'ਚ ਰਿਸਰਚ ਦੇ ਨਾਂ 'ਤੇ ਸਿਰਫ ਖਾਨਾਪੁਰਤੀ ਹੁੰਦੀ ਹੈ। ਜੋ ਵਿਦਿਆਰਥੀ ਅਸਲ 'ਚ ਰਿਸਰਚ ਕਰਨਾ ਚਾਹੁੰਦਾ ਹੈ, ਉਹ 'ਪੈਰਵੀ' ਤੇ 'ਪਹੁੰਚ' ਨਾ ਹੋਣ ਕਾਰਨ ਇਸ ਤੋਂ ਵਾਂਝਾ ਹੋ ਜਾਂਦਾ ਹੈ, ਜਦੋਂਕਿ ਜਿਸਦੀ 'ਪਕੜ' ਹੈ, ਉਹ ਪੀਐੱਚਡੀ 'ਚ ਨਾਮਾਂਕਿਤ ਹੋ ਕੇ ਰਿਸਰਚ ਕੰਮਾਂ 'ਚ ਧਿਆਨ ਲਗਾਉਣ ਦੀ ਥਾਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ 'ਚ ਰੁਝ ਜਾਂਦਾ ਹੈ।

ਉਚ ਸਿੱਖਿਆ ਤੇ ਰੁਜ਼ਗਾਰ ਵਿਚਾਲੇ ਵੱਧਦੀ ਖਾਈ ਨਾਲ ਸਾਡੀ ਸਿੱਖਿਆ ਵਿਵਸਥਾ ਸਿਰਫ 'ਗ੍ਰੈਜੂਏਟ' ਪੈਦਾ ਕਰ ਪਾ ਰਹੀ ਹੈ। ਉਸ 'ਚ ਇੰਨੀ ਤਾਕਤ ਨਹੀਂ ਹੈ ਕਿ ਸਾਰਿਆਂ ਲਈ ਰੁਜ਼ਗਾਰ ਯਕੀਨੀ ਬਣਾ ਸਕੇ। ਉਚ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਆਪਣੇ ਭਵਿੱਖ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।  

ਸਿੱਖਿਆ ਵਿਅਕਤੀਗਤ ਤੇ ਸਮਾਜਿਕ ਦੋਵਾਂ ਤਰ੍ਹਾਂ ਦੇ ਸ਼ੋਸ਼ਣ ਖਿਲਾਫ ਲੜਨ ਤੇ ਸੰਘਰਸ਼ ਕਰਨ ਦੀ ਤਾਕਤ ਪ੍ਰਦਾਨ ਕਰਦੀ ਹੈ, ਹਾਲਾਂਕਿ ਸਿੱਖਿਆ ਦਾ ਉਦੇਸ਼ ਨਾਗਰਿਕਾਂ ਨੂੰ ਸਾਖਰ ਬਣਾ ਦੇਣਾ ਹੀ ਨਹੀਂ, ਸਗੋਂ ਲੋਕਾਂ 'ਚ ਯੋਗਤਾ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੀ ਚੌਖਟ ਤਕ ਪਹੁੰਚਾਉਣਾ ਹੀ ਅੰਤਿਮ ਟੀਚਾ ਹੈ।  

-ਸੁਧੀਰ ਕੁਮਾਰ

Comments

Leave a Reply