Tue,Aug 03,2021 | 06:04:49am
HEADLINES:

editorial

ਬਾਬਾ ਸਾਹਿਬ ਅੰਬੇਡਕਰ ਦੇ ਸੱਚੇ ਲੈਫਟੀਨੈਂਟ ਸਾਹਿਬ ਕਾਂਸ਼ੀਰਾਮ

ਬਾਬਾ ਸਾਹਿਬ ਅੰਬੇਡਕਰ ਦੇ ਸੱਚੇ ਲੈਫਟੀਨੈਂਟ ਸਾਹਿਬ ਕਾਂਸ਼ੀਰਾਮ

ਗੱਲ 20ਵੀਂ ਸਦੀ ਦੇ ਸਾਲ 1962-63 ਦੀ ਹੈ, ਜਦੋਂ ਪੂਨੇ ਦੀ ਇੱਕ ਖੋਜ ਸੰਸਥਾ 'ਚ ਪ੍ਰਬੰਧਕਾਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਬੁੱਧ ਜੈਯੰਤੀ ਦੀ ਛੁੱਟੀ ਰੱਦ ਰੱਦ ਕਰ ਦਿੱਤੀ ਗਈ ਸੀ। ਇਸਦਾ ਵਿਰੋਧ ਸੰਸਥਾ 'ਚ ਦੀਨਾ ਭਾਨਾ ਨਾਂ ਦੇ ਚੌਥੇ ਦਰਜੇ ਦੇ ਵਰਕਰ ਯੂਨੀਅਨ ਦੇ ਪ੍ਰਧਾਨ ਨੇ ਕੀਤਾ। ਇਸ ਕਾਰਨ ਪ੍ਰਬੰਧਕਾਂ ਵੱਲੋਂ ਦੀਨਾ ਭਾਨਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਦੀਨਾ ਭਾਨਾ ਦਾ ਸਾਥ ਉਸ ਸਮੇਂ ਖੋਜ ਸਹਾਇਕ ਵਿਗਿਆਨੀ ਸਾਹਿਬ ਕਾਂਸ਼ੀਰਾਮ ਨੇ ਦਿੱਤਾ। ਕਾਂਸ਼ੀਰਾਮ ਨੇ ਅਦਾਲਤ ਰਾਹੀਂ ਦੀਨਾ ਭਾਨਾ ਦੀ ਨੌਕਰੀ ਬਹਾਲ ਕਰਵਾਈ। ਇਸ ਦੌਰਾਨ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਫਲਸਫੇ ਤੋਂ ਅਣਜਾਣ ਸਾਹਿਬ ਕਾਂਸ਼ੀਰਾਮ ਨੂੰ ਬਾਬਾ ਸਾਹਿਬ ਦੀ ਕਿਤਾਬ 'ਜਾਤ-ਪਾਤ ਦਾ ਬੀਜਨਾਸ਼' ਪੜ੍ਹਨ ਦਾ ਮੌਕਾ ਮਿਲਿਆ।

ਕਾਂਸ਼ੀਰਾਮ ਨੇ ਭਾਰਤੀ ਜਾਤੀ ਵਿਵਸਥਾ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕੀਤਾ। ਆਖਰ ਸਮਝ ਲਿਆ ਕਿ ਬਾਬਾ ਸਾਹਿਬ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਕਰਨ ਲਈ ਖੁਦ ਹੀ ਯਤਨ ਕਰਨੇ ਪੈਣਗੇ। ਸਾਹਿਬ ਕਾਂਸ਼ੀਰਾਮ ਨੇ ਸਭ ਤੋਂ ਪਹਿਲਾਂ ਪੜ੍ਹੇ-ਲਿਖੇ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਬਾਬਾ ਸਾਹਿਬ ਨਾਲ ਜੋ ਜੀਊਂਦੇ ਜੀਅ ਧੋਖਾ ਹੋਇਆ, ਹੁਣ ਧੋਖਾ ਦੇਣਾ ਛੱਡ ਕੇ ਮੁੜ ਪੜ੍ਹੇ-ਲਿਖੇ ਲੋਕ ਆਪਣੇ ਸਮਾਜ ਨਾਲ ਖੜ੍ਹਨ। ਉਨ੍ਹਾਂ ਦੇ ਦੁੱਖ-ਸੁੱਖ 'ਚ ਸ਼ਰੀਕ ਹੋਣ ਅਤੇ ਉਨ੍ਹਾਂ ਦੀ ਮਿਸ਼ਨਰੀ ਸਮਾਜੀ ਭਾਵਨਾ ਨਾਲ ਅਗਵਾਈ ਕਰਨ।

ਆਖਰ ਉਨ੍ਹਾਂ ਉੱਤਰ ਭਾਰਤ 'ਚ ਪੜ੍ਹੇ-ਲਿਖੇ ਲੋਕਾਂ ਨੂੰ ਜਾਗਰੂਕ ਕਰਕੇ 6 ਦਸੰਬਰ 1978 ਨੂੰ ਬਾਮਸੇਫ ਨਾਂ ਦੀ ਜੱਥੇਬੰਦੀ ਦਾ ਮੁੱਢ ਬੰਨਿਆ, ਜਿਸਨੇ ਸਮਾਜ ਦੀ ਬਹੁਤਰਫਾ ਲੜਾਈ ਲੜੀ। ਜੋ ਭਾਰਤ ਦੇ ਇਤਿਹਾਸ 'ਚ ਇੱਕ ਵੱਡੀ ਯੂਨੀਵਰਸਿਟੀ ਸਾਬਿਤ ਹੋਈ, ਜਿਸਨੇ ਡਾ. ਅੰਬੇਡਕਰ ਦੇ ਮਹਾਨ ਤਿਆਗ ਤੇ ਬਲੀਦਾਨ ਨੂੰ ਲੱਖਾਂ ਲੋਕਾਂ ਦੇ ਦਿਲ-ਦਿਮਾਗ 'ਚ ਵਸਾ ਦਿੱਤਾ।

6 ਦਸੰਬਰ 1981 ਨੂੰ ਸਮਾਜਿਕ ਜੱਥੇਬੰਦੀ ਡੀਐੱਸ4 ਰਾਹੀਂ ਆਮ ਸੰਘਰਸ਼ਸ਼ੀਲ ਲੋਕਾਂ ਦੀ ਜੱਥੇਬੰਦੀ ਬਣਾ ਕੇ ਆਮ ਲੋਕਾਂ 'ਚ ਸੰਘਰਸ਼ ਦਾ ਝੰਡਾ ਬੁਲੰਦ ਕਰ ਦਿੱਤਾ। ਅਖੀਰ 'ਚ ਦੇਸ਼ ਦੀ ਰਾਜਸੱਤਾ ਪ੍ਰਾਪਤ ਕਰਨ ਲਈ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਦਾ ਆਗਾਜ਼ ਕੀਤਾ। ਫਿਰ ਸਮਾਜ 'ਚ ਬੁੱਧੀਜੀਵੀ ਵਰਗਾਂ, ਆਮ ਲੋਕਾਂ ਤੇ ਸਿਆਸੀ ਫਿਜ਼ਾ 'ਚ ਬਾਬਾ ਸਾਹਿਬ ਡਾ. ਅੰਬੇਡਕਰ ਦਾ ਨਾਂ ਹਰ ਗਲੀ, ਹਰ ਮੁਹੱਲੇ, ਹਰ ਪਿੰਡ, ਹਰ ਸ਼ਹਿਰ 'ਚ ਗੂੰਜਣ ਲੱਗਾ। 'ਜੈ ਭੀਮ ਜੈ ਭਾਰਤ' ਦੀ ਗੂੰਜ ਸੁਣਾਈ ਦੇਣ ਲੱਗੀ।

ਛੋਟੀਆਂ-ਵੱਡੀਆਂ ਜਨਸਭਾਵਾਂ ਤੋਂ ਵੱਡੇ ਸਮਾਗਮ ਤੇ ਕਾਨਫਰੰਸਾਂ ਦਾ ਰੂਪ ਧਾਰਨ ਹੋਣ ਲੱਗਾ। ਹਰ ਪਾਸੇ ਕਾਂਸ਼ੀਰਾਮ, ਕਾਂਸ਼ੀਰਾਮ ਹੋਣ ਲੱਗੀ। ਬਹੁਗਿਣਤੀ ਸ਼ੋਸ਼ਿਤ ਸਮਾਜ ਨੇ ਸਾਹਿਬ ਕਾਂਸ਼ੀਰਾਮ ਨੂੰ ਆਪਣਾ ਆਗੂ ਮੰਨ ਲਿਆ। ਇਸ ਤਰ੍ਹਾਂ ਸਾਹਿਬ ਕਾਂਸ਼ੀਰਾਮ ਨੇ ਬਾਬਾ ਸਾਹਿਬ ਅੰਬੇਡਕਰ ਦੇ ਅਧੂਰੇ ਮਿਸ਼ਨ ਦੀ ਪੂਰਤੀ ਲਈ ਆਪਣੀ ਰਣਨੀਤੀ ਤਹਿਤ ਇਤਿਹਾਸਕ ਕਦਮ ਚੁੱਕੇ। ਲੋਕਾਂ ਦਾ ਕਾਫਲਾ ਲੱਖਾਂ ਤੋਂ ਵੱਧ ਕੇ ਕਰੋੜਾਂ ਤੱਕ ਹੋ ਗਿਆ। ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਆਖਰ ਕਾਂਸ਼ੀਰਾਮ ਦੀ ਲਹਿਰ ਦੇ ਪ੍ਰਭਾਵ ਨੂੰ ਕਬੂਲ ਕਰ ਲਿਆ।

ਪਹਿਲੀ-ਦੂਜੀ ਕਤਾਰ ਦੇ ਲੀਡਰ ਸਾਹਿਬ ਕਾਂਸ਼ੀਰਾਮ ਨਾਲ ਮੁਲਾਕਾਤ ਲਈ ਸੁਨੇਹੇ ਭੇਜਣ ਲੱਗੇ। ਕਾਂਸ਼ੀਰਾਮ ਨੇ ਅੱਗੇ ਕਿਹਾ ਕਿ ਜਿਸਨੂੰ ਲੋੜ ਹੈ, ਉਹ ਮੇਰੇ ਕੋਲ ਆਵੇ। ਇਸ ਤਰ੍ਹਾਂ ਕਹਿ ਕੇ ਸਾਹਿਬ ਕਾਂਸ਼ੀਰਾਮ ਨੇ ਸਦੀਆਂ ਤੋਂ ਦਬਾਏ-ਸਤਾਏ ਹੋਏ ਤੇ ਜਾਨਵਰਾਂ ਤੋਂ ਭੈੜੀ ਦਸ਼ਾ, ਜੋ ਕਿ ਸਮਾਜ ਸਹਿ ਰਿਹਾ ਸੀ, ਦਾ ਇਤਿਹਾਸਕ ਜਵਾਬ ਦਿੱਤਾ। ਇਸ ਤਰ੍ਹਾਂ ਰਾਜਨੀਤਕ ਗਲਿਆਰਿਆਂ 'ਚ ਚਰਚਾ ਤੇ ਅਫਵਾਹਾਂ ਦੀਆਂ ਸੁਰਖੀਆਂ ਸਾਹਿਬ ਕਾਂਸ਼ੀਰਾਮ ਦੇ ਨਾਂ ਦੀਆਂ ਬਣਨ ਲੱਗੀਆਂ।

ਸਮੁੱਚੇ ਦੇਸ਼ ਖਾਸ ਕਰਕੇ ਉੱਤਰ ਭਾਰਤ ਦੇ ਹਰ ਸੂਬੇ 'ਚ ਬਾਬਾ ਸਾਹਿਬ ਡਾ. ਅੰਬੇਡਕਰ ਬਾਰੇ ਲੋਕ ਜਾਣਨ ਲੱਗੇ, ਪੜ੍ਹਨ ਲੱਗੇ, ਬਾਬਾ ਸਾਹਿਬ ਦੇ ਬੁੱਤ ਲੱਗਣ ਲੱਗੇ। ਦੁਨੀਆ 'ਚ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਦੀ ਚਰਚਾ ਹੋਣ ਲੱਗੀ। ਅਨੇਕਾਂ ਵਿਰੋਧਾਂ ਦੇ ਬਾਵਜੂਦ ਹਰ ਵਰਗ ਤੇ ਹਰ ਸਿਆਸੀ ਪਾਰਟੀ ਬਾਬਾ ਸਾਹਿਬ ਨੂੰ ਕਬੂਲਣ ਲੱਗੀ।

ਆਖਰ ਸਾਹਿਬ ਕਾਂਸ਼ੀਰਾਮ ਦੀ ਕੋਸ਼ਿਸ਼, ਮੂਵਮੈਂਟ ਅਤੇ ਦਬਾਅ ਕਾਰਨ 1990 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਬਾਬਾ ਸਾਹਿਬ ਅੰਬੇਡਕਰ ਬਾਰੇ ਹੋਰ ਜਾਨਣ ਦੀ ਉਕਸੁਕਤਾ ਵਧਣ ਲੱਗੀ। ਸਾਹਿਬ ਕਾਂਸ਼ੀਰਾਮ ਨੇ ਇੰਗਲੈਂਡ, ਮਲੇਸ਼ੀਆ, ਜਾਪਾਨ, ਅਮਰੀਕਾ ਵਰਗੇ ਦੇਸ਼ਾਂ 'ਚ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ, ''ਆਓ, ਦੂਜਿਆਂ ਤੋਂ ਰਾਜ ਕਰਵਾਉਣ ਦੀ ਬਜਾਏ ਆਪਾਂ ਖੁਦ ਰਾਜ ਕਰੀਏ।''

ਅਜਿਹੇ ਸਲੋਗਨਾਂ ਦਾ ਵਿਦੇਸ਼ਾਂ 'ਚ ਵਸਦੇ ਪੜ੍ਹੇ-ਲਿਖੇ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਦਲਿਤ ਸ਼ੋਸ਼ਿਤ ਸਮਾਜ ਦੇ ਲੋਕਾਂ 'ਤੇ ਵੱਡੇ ਪੱਧਰ 'ਤੇ ਅਸਰ ਹੋਇਆ। ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਦੀਆਂ ਪੁਸਤਕਾਂ ਅਤੇ ਮਿਸ਼ਨ ਹਿੱਤ ਵੱਡੇ ਪੱਧਰ 'ਤੇ ਸਹਿਯੋਗ ਹੋਣ ਲੱਗਾ। ਮਹਾਰਾਸ਼ਟਰ ਦੀ ਸਰਕਾਰ ਨੇ ਬਾਬਾ ਸਾਹਿਬ ਦੇ ਜੀਵਨ ਮਿਸ਼ਨ ਨਾਲ ਸਬੰਧਤ ਰਾਈਟਿੰਗਸ ਐਂਡ ਸਪੀਚਸ ਦੇ 21 ਵੌਲੀਅਮ ਛਪਵਾਏ। ਉਨ੍ਹਾਂ ਦੇ ਨਾਂ 'ਤੇ ਅਨੇਕਾਂ ਯੋਜਨਾਵਾਂ ਦਾ ਆਯੋਜਨ ਕੀਤਾ।

ਕਿਤਾਬਾਂ ਦੇ ਨਾਲ-ਨਾਲ ਫਿਲਮ, ਨਾਟਕ, ਡਾਕਿਊਮੈਂਟਰੀਆਂ ਤਿਆਰ ਕਰਵਾਈਆਂ ਜਾਣ ਲੱਗੀਆਂ। ਅੱਜ ਦੇਸ਼ 'ਚ ਹੀ ਨਹੀਂ, ਸਗੋਂ ਦੁਨੀਆ ਭਰ 'ਚ ਸਭ ਤੋਂ ਵੱਧ ਬੁੱਤ ਜੇ ਕਿਸੇ ਸ਼ਖਸੀਅਤ ਦੇ ਹਨ ਤਾਂ ਉਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਹਨ। ਅੱਜ ਬਾਬਾ ਸਾਹਿਬ ਅੰਬੇਡਕਰ ਦੀਆਂ ਤਸਵੀਰਾਂ ਤੁਹਾਨੂੰ ਦੁਕਾਨਾਂ 'ਤੇ ਮਿਲਦੀਆਂ ਹਨ।

ਅਮਰੀਕਾ ਦੀ ਪ੍ਰਸਿੱਧ ਕੋਲੰਬੀਆ ਯੂਨੀਵਰਸਿਟੀ 'ਚ ਪਿਛਲੇ 250 ਸਾਲਾਂ 'ਚ ਸਭ ਤੋਂ ਕਾਬਲ ਵਿਦਿਆਰਥੀ ਬਾਬਾ ਸਾਹਿਬ ਅੰਬੇਡਕਰ ਰਹੇ। ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਯੂਐੱਨਓ ਨੇ ਵੀ 2016 'ਚ ਬਾਬਾ ਸਾਹਿਬ ਦਾ ਜਨਮਦਿਵਸ ਮਨਾਇਆ। ਹਜ਼ਾਰਾਂ ਸਾਲਾਂ ਤੋਂ ਅਪਮਾਨਿਤ ਕੀਤੇ ਜਾਂਦੇ ਅਛੂਤ ਵਰਗ 'ਚ ਜਨਮੇ ਬਾਬਾ ਸਾਹਿਬ ਅੰਬੇਡਕਰ ਬਾਰੇ ਜਾਨਣ ਲਈ ਦੁਨੀਆ ਅੱਜ ਉਤਸੁਕ ਨਜ਼ਰ ਆਉਂਦੀ ਹੈ। ਅਨੇਕ ਅੰਗਰੇਜ਼ਾਂ ਨੇ ਉਨ੍ਹਾਂ 'ਤੇ ਕਿਤਾਬਾਂ ਲਿਖੀਆਂ ਹਨ। ਬਾਬਾ ਸਾਹਿਬ ਦੇ ਪੈਰੋਕਾਰ ਅੱਜ ਦੇਸ਼-ਵਿਦੇਸ਼ 'ਚ ਹਨ।

ਅੱਜ ਬਾਬਾ ਸਾਹਿਬ ਦੀਆਂ 42 ਜਿਲਦਾਂ ਪੜ੍ਹਨ ਨੂੰ ਮਿਲਦੀਆਂ ਹਨ। ਕਿਤਾਬਾਂ ਦੇ ਸਿਲੇਬਸ 'ਚ ਉਨ੍ਹਾਂ ਦੀਆਂ ਘਾਲਨਾਵਾਂ ਨੂੰ ਦਰਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਪਿੱਛੇ ਬਾਬਾ ਸਾਹਿਬ ਦੇ ਸੱਚੇ ਸਾਬਿਤ ਹੋਏ ਲੈਫਟੀਨੈਂਟ ਸਾਹਿਬ ਕਾਂਸ਼ੀਰਾਮ ਦਾ ਵੱਡਾ ਯੋਗਦਾਨ ਹੈ, ਜਿਸਨੂੰ ਝੁਠਲਾਇਆ ਨਹੀਂ ਜਾ ਸਕਦਾ। ਜੇਕਰ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਅਧੂਰੇ ਕਾਰਵਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਸੁਪਨੇ ਦੇਖੇ ਜਾ ਰਹੇ ਹਨ ਤਾਂ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਦੇ ਸੱਚੇ ਲੈਫਟੀਨੈਂਟ ਸਾਹਿਬ ਕਾਂਸ਼ੀਰਾਮ ਦੀ ਮਿਹਨਤ-ਜਜ਼ਬੇ ਕਰਕੇ ਹੀ ਹੈ। ਬਾਬਾ ਸਾਹਿਬ ਦੇ ਮਿਸ਼ਨ ਦੇ ਸਿਪਾਹੀ ਤਾਂ ਬਹੁਤ ਆਏ ਹੋਣਗੇ, ਪਰ ਸਾਹਿਬ ਕਾਂਸ਼ੀਰਾਮ ਜੀ ਉਨ੍ਹਾਂ ਦੇ ਸੱਚੇ ਲੈਫਟੀਨੈਂਟ ਸਾਬਿਤ ਹੋਏ।
-ਸੰਤੋਖ ਸਿੰਘ ਜੱਸੀ
(ਸੰਪਰਕ : 70876-19800)

Comments

Leave a Reply