Sun,May 16,2021 | 02:53:56am
HEADLINES:

editorial

ਪੁਲਸ ਹੱਥੋਂ ਸ਼ੋਸ਼ਣ ਦੇ ਸ਼ਿਕਾਰ ਦਲਿਤ

ਪੁਲਸ ਹੱਥੋਂ ਸ਼ੋਸ਼ਣ ਦੇ ਸ਼ਿਕਾਰ ਦਲਿਤ

ਲੋਕ ਨੀਤੀ ਤੇ ਸੀਐੱਸਡੀਐੱਸ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਛੋਟੇ-ਮੋਟੇ ਅਪਰਾਧ ਤੇ ਅੱਤਵਾਦ ਦੇ ਜਾਅਲੀ ਮਾਮਲਿਆਂ ਵਿੱਚ ਫਸਣ ਦਾ ਖਦਸ਼ਾ ਸਭ ਤੋਂ ਵੱਧ ਦਲਿਤਾਂ ਦਾ ਹੁੰਦਾ ਹੈ। ਸਰਵੇ ਦੱਸਦਾ ਹੈ ਕਿ 38 ਫੀਸਦੀ ਲੋਕ ਮੰਨਦੇ ਹਨ ਕਿ ਦਲਿਤਾਂ ਨੂੰ ਜਾਅਲੀ ਮਾਮਲਿਆਂ ਵਿੱਚ ਜ਼ਿਆਦਾ ਫਸਾਇਆ ਜਾਂਦਾ ਹੈ।

ਐੱਸਸੀ-ਐੱਸਟੀ ਐਕਟ ਨੂੰ ਲੈ ਕੇ ਦਲਿਤਾਂ ਵਲੋਂ ਇਸੇ ਸਾਲ 2 ਅਪ੍ਰੈਲ ਨੂੰ ਕੀਤੇ ਗਏ ਭਾਰਤ ਬੰਦ ਤੋਂ ਬਾਅਦ ਇਸ ਸਮਾਜ ਦੇ ਕਈ ਲੋਕਾਂ 'ਤੇ ਪੁਲਸ ਵੱਲੋਂ ਮਾਮਲੇ ਦਰਜ ਕੀਤੇ ਗਏ। ਦੇਸ਼ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਵਿੱਚ ਵੀ ਇਹ ਦੋਸ਼ ਲੱਗੇ ਕਿ ਪੁਲਸ ਵਲੋਂ ਕਈ ਬੇਕਸੂਰ ਦਲਿਤ ਨੌਜਵਾਨਾਂ 'ਤੇ ਗੰਭੀਰ ਧਾਰਾਵਾਂ ਤਹਿਤ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਮੇਰਠ ਦੇ ਦਲਿਤ ਪਰਿਵਾਰਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਬੇਟਿਆਂ ਦੀ ਜਾਤੀ ਪੁੱਛ-ਪੁੱਛ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ। ਦਲਿਤਾਂ ਨੂੰ ਪੁਲਸ ਹਿਰਾਸਤ ਵਿੱਚ ਟਾਰਚਰ ਕੀਤੇ ਜਾਣ ਦੀਆਂ ਘਟਨਾਵਾਂ ਵੀ ਘੱਟ ਨਹੀਂ ਹਨ। 2 ਦਸੰਬਰ ਨੂੰ ਪੰਜਾਬ ਦੇ ਹੀ ਅੰਮ੍ਰਿਤਸਰ ਵਿੱਚ ਬਿੱਟੂ ਨਾਂ ਦੇ ਇੱਕ ਦਲਿਤ ਨੌਜਵਾਨ ਦੀ ਗੇਟ ਹਕੀਮਾਂ ਥਾਣੇ ਵਿੱਚ ਮੌਤ ਹੋ ਗਈ। ਪੁਲਸ 'ਤੇ ਇਹ ਦੋਸ਼ ਲੱਗੇ ਕਿ ਉਸਦੇ ਵੱਲੋਂ ਟਾਰਚਰ ਕੀਤੇ ਜਾਣ ਕਾਰਨ ਦਲਿਤ ਨੌਜਵਾਨ ਦੀ ਜਾਨ ਚਲੀ ਗਈ।

ਦਲਿਤਾਂ ਖਿਲਾਫ ਨਫਰਤ ਦੀ ਇੱਕ ਹੋਰ ਤਸਵੀਰ ਮਹਾਰਾਸ਼ਟਰ ਤੋਂ ਸਾਹਮਣੇ ਆਈ, ਜਿੱਥੇ ਉੱਚ ਜਾਤੀ ਵਰਗ ਨਾਲ ਸਬੰਧਤ ਆਈਪੀਐੱਸ ਅਫਸਰ ਭਾਗਯਸ਼੍ਰੀ ਨਵਟਾਕੇ ਵੀਡੀਓ ਵਿੱਚ ਕਥਿਤ ਤੌਰ 'ਤੇ ਇਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਹ ਦਲਿਤਾਂ ਦੇ ਹੱਥ-ਪੈਰ ਬੰਨ੍ਹ ਕੇ ਉਨ੍ਹਾਂ 'ਤੇ ਐੱਸਸੀ-ਐੱਸਟੀ ਐਕਟ ਦਾ ਗੁੱਸਾ ਕੱਢਦੀ ਹੈ ਅਤੇ ਉਹ 21 ਦਲਿਤਾਂ ਖਿਲਾਫ ਝੂਠੇ ਮਾਮਲੇ ਦਰਜ ਕਰ ਚੁੱਕੀ ਹੈ।

ਸਦੀਆਂ ਤੋਂ ਜਾਤੀਵਾਦੀ ਵਿਵਸਥਾ ਕਾਰਨ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆਏ ਦਲਿਤ ਇਨਸਾਫ ਲਈ ਪੁਲਸ ਵੱਲ ਦੇਖਦੇ ਹਨ, ਪਰ ਜੇਕਰ ਪੁਲਸ ਦਾ ਹੀ ਉਨ੍ਹਾਂ ਪ੍ਰਤੀ ਸ਼ੋਸ਼ਣ ਵਾਲਾ ਵਤੀਰਾ ਹੋਵੇ ਤਾਂ ਉਹ ਕਿੱਥੇ ਜਾਣ? ਇਹੋ ਜਿਹੀ ਸ਼ੋਸ਼ਣ ਵਾਲੀ ਵਿਵਸਥਾ ਨੂੰ ਬਦਲਣਾ ਸਮੇਂ ਲੋੜ ਹੈ।

Comments

Leave a Reply