Tue,Jun 22,2021 | 09:21:57am
HEADLINES:

editorial

ਬਾਬਾ ਸਾਹਿਬ ਦੇ ਵਿਚਾਰਾਂ 'ਤੇ ਅਮਲ ਨਾ ਕਰਨ ਵਾਲੇ ਅੰਬੇਡਕਰ ਦੇ ਸੱਚੇ ਪੈਰੋਕਾਰ ਨਹੀਂ ਹੋ ਸਕਦੇ

ਬਾਬਾ ਸਾਹਿਬ ਦੇ ਵਿਚਾਰਾਂ 'ਤੇ ਅਮਲ ਨਾ ਕਰਨ ਵਾਲੇ ਅੰਬੇਡਕਰ ਦੇ ਸੱਚੇ ਪੈਰੋਕਾਰ ਨਹੀਂ ਹੋ ਸਕਦੇ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ 'ਤੇ ਦਲਿਤ ਸ਼ੋਸ਼ਿਤ ਸਮਾਜ ਤੋਂ ਇਲਾਵਾ ਕਿਸੇ ਦਾ ਕੋਈ ਹੱਕ ਨਹੀਂ। ਸਿਰਫ ਦੱਬੇ-ਕੁਚਲੇ ਸਮਾਜ ਦੇ ਲੋਕ ਹੀ ਕਹਿ ਸਕਦੇ ਹਨ ਕਿ ਅੰਬੇਡਕਰ ਉਨ੍ਹਾਂ ਦੇ ਹਨ। ਕਿਸੇ ਹੋਰ ਕੋਲ ਅੰਬੇਡਕਰ ਨੂੰ ਆਪਣਾ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਬੇਸ਼ੱਕ ਉਹ ਕਾਂਗਰਸੀ ਹੋਣ ਜਾਂ ਵਾਮਪੰਥੀ। ਅੰਬੇਡਕਰ ਦੇ ਸਭ ਤੋਂ ਨਵੇਂ ਵਾਲੇ ਭਗਤਾਂ ਨੂੰ ਤਾਂ ਬਿਲਕੁਲ ਨਹੀਂ, ਜਿਹੜੇ ਉਨ੍ਹਾਂ ਨੂੰ ਪਹਿਲਾਂ ਰਾਮ ਨਾਂ ਨਾਲ 'ਪਵਿੱਤਰ' ਕਰਕੇ, ਉਨ੍ਹਾਂ ਦਾ ਰੰਗ ਬਦਲ ਕੇ, ਫਿਰ ਉਨ੍ਹਾਂ ਦੀ ਗੋਦ ਵਿੱਚ ਬੈਠਣਾ ਚਾਹੁੰਦੇ ਹਨ।
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਅੰਬੇਡਕਰ ਨੂੰ ਜਿੰਨਾ ਮਾਣ ਸਨਮਾਨ ਦਿੱਤਾ ਹੈ, ਉਨਾ ਕਿਸੇ ਹੋਰ ਨੇ ਨਹੀਂ ਦਿੱਤਾ। ਅੰਬੇਡਕਰ ਨੂੰ 'ਮਾਣ ਦੇਣ' ਦਾ ਐਵਾਰਡ ਖੁਦ ਲੈਣ ਵਾਲੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਅੱਧਾ ਦਰਜਨ ਦਲਿਤ ਸਾਂਸਦ ਚਿੱਠੀ ਲਿਖ ਕੇ ਫਰਿਆਦ ਕਰ ਰਹੇ ਹਨ ਕਿ ਉਨ੍ਹਾਂ ਦੇ ਰਾਜ ਵਿੱਚ ਦਲਿਤਾਂ ਦੇ ਨਾਲ ਜ਼ੁਲਮ ਹੋ ਰਿਹਾ ਹੈ। ਦੇਸ਼ ਦੀ ਗੈਰ ਦਲਿਤ-ਸ਼ੋਸ਼ਿਤ ਆਬਾਦੀ ਨੇ ਅੰਬੇਡਕਰ ਦਾ ਸੱਚੇ ਦਿਲ ਨਾਲ ਕਦੇ ਸਨਮਾਨ ਨਹੀਂ ਕੀਤਾ। ਅੱਜ ਵੀ ਨਹੀਂ ਕਰਦੀ ਹੈ। ਅਸੀਂ ਦੇਖ ਰਹੇ ਹਾਂ ਕਿ ਅੰਬੇਡਕਰ ਦੇ ਜਿੰਨੇ ਬੁੱਤ ਬਣਦੇ ਹਨ, ਉਨੇ ਹੀ ਤੋੜ ਦਿੱਤੇ ਜਾਂਦੇ ਹਨ।
 
ਅੰਬੇਡਕਰ ਦੇ ਬੁੱਤ ਤੋੜੇ ਜਾਣ 'ਤੇ ਉਨ੍ਹਾਂ ਲੋਕਾਂ ਦੇ ਮੂੰਹ ਵਿੱਚੋਂ ਹਾਅ ਤੱਕ ਨਹੀਂ ਨਿੱਕਲਦੀ, ਜਿਹੜੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਪਾਉਂਦੇ ਹਨ। ਇਹ ਕਿਹੋ ਜਿਹਾ ਸਨਮਾਨ ਹੈ? ਅੰਬੇਡਕਰ ਦਾ ਇੰਨਾ ਹੀ ਸਨਮਾਨ ਹੈ ਤਾਂ ਦੇਸ਼ ਵਿੱਚ ਤਮਿਲਨਾਡੂ ਤੋਂ ਲੈ ਕੇ ਯੂਪੀ ਤੱਕ ਉਨ੍ਹਾਂ ਦੀਆਂ ਮੂਰਤੀਆਂ ਪਿੰਜਰਿਆਂ ਵਿੱਚ ਬੰਦ ਕਿਉਂ ਕਰਨੀਆਂ ਪਈਆਂ? ਅਸਲ ਵਿੱਚ ਭਾਜਪਾ ਅੰਬੇਡਕਰ ਨੂੰ ਬੇਸ਼ੱਕ ਜਿੰਨਾ ਮਰਜ਼ੀ 'ਮਾਣ ਦੇ ਦੇਵੇ', ਪਰ ਅੰਬੇਡਕਰ ਦੇ ਵਿਚਾਰਾਂ 'ਤੇ ਚਰਚਾ ਕਰਨਾ ਹਿੰਦੂਤਵ ਨਾਲ ਜੁੜੇ ਕਿਸੇ ਵੀ ਵਿਅਕਤੀ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ।
 
ਅੰਬੇਡਕਰ ਹਿੰਦੂ ਧਰਮ ਦੇ ਸਭ ਤੋਂ ਸਖਤ ਆਲੋਚਕ ਹਨ। ਉਨ੍ਹਾਂ ਨੇ ਬੁੱਧ ਧਰਮ ਅਪਣਾਇਆ, ਹਿੰਦੂ ਦੇਵੀ-ਦੇਵਤਾਵਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਅੰਬੇਡਕਰ ਦੇ ਨਾਂ ਵਿੱਚ 'ਰਾਮ' ਜੋੜਨ ਵਾਲੇ ਜਾਣਦੇ ਹੋਣਗੇ ਕਿ ਉਨ੍ਹਾਂ ਨੇ ਰਾਮ ਅਤੇ ਕ੍ਰਿਸ਼ਣ ਨੂੰ ਅਵਤਾਰ ਮੰਨਣ ਤੋਂ ਇਨਕਾਰ ਕੀਤਾ। ਅਜਿਹੇ ਵਿੱਚ ਅੰਬੇਡਕਰ ਨੂੰ ਗੌਰਵਸ਼ਾਲੀ ਹਿੰਦੂ ਪਰੰਪਰਾ ਵਿੱਚ ਸ਼ਰਧਾ ਰੱਖਣ ਵਾਲੇ ਰਾਸ਼ਟਰਵਾਦੀ ਸੱਚਾ ਸਨਮਾਨ ਕਿਵੇਂ ਦੇ ਸਕਦੇ ਹਨ। ਜਾਂ ਤਾਂ ਉਨ੍ਹਾਂ ਦੀ ਧਾਰਮਿਕ ਆਸਥਾ ਸੱਚੀ ਹੈ ਜਾਂ ਫਿਰ ਅੰਬੇਡਕਰ ਦਾ ਸਨਮਾਨ। ਦੋਵੇਂ ਇਕੱਠੇ ਸੱਚ ਨਹੀਂ ਹੋ ਸਕਦੇ।
 
ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਖੁਦ ਨੂੰ ਜਾਤੀਵਾਦ ਵਿਰੋਧੀ ਕਹਿਣ ਵਾਲੇ ਹਿੰਦੂਤਵਵਾਦੀ ਤਾਕਤਾਂ ਨੇ ਕਦੋਂ ਦਲਿਤਾਂ 'ਤੇ ਹੋਏ ਕਿਸੇ ਅੱਤਿਆਚਾਰ ਦੀ ਜ਼ੋਰਦਾਰ ਢੰਗ ਨਾਲ ਨਿੰਦਾ ਕੀਤੀ, ਕਦੋਂ ਇਹ ਖੁੱਲ ਕੇ ਮੰਨਿਆ ਕਿ ਦਲਿਤਾਂ ਦੇ ਨਾਲ ਅੱਤਿਆਚਾਰ ਹੋਇਆ ਹੈ, ਜੇਕਰ ਮੰਨਣਾ ਵੀ ਪਿਆ ਤਾਂ ਕਦੋਂ ਸਵੀਕਾਰ ਕੀਤਾ ਕਿ ਉਹ ਅੱਤਿਆਚਾਰ ਕਿਨ੍ਹਾਂ ਲੋਕਾਂ ਨੇ ਕੀਤੇ। ਅੰਬੇਡਕਰ ਬਿਨਾਂ ਕਿਸੇ ਲਾਗ-ਲਪੇਟ ਦੇ ਇਹ ਕਹਿੰਦੇ ਹਨ ਕਿ ਇਨ੍ਹਾਂ ਅੱਤਿਆਚਾਰਾਂ ਦੀ ਜੜ੍ਹ ਵਿੱਚ ਬ੍ਰਾਹਮਣਵਾਦੀ ਹਿੰਦੂ ਧਰਮ ਹੈ।
 
ਗਾਂਧੀ ਨਾਲ ਡੂੰਘੇ ਮਤਭੇਦ
ਗਾਂਧੀ ਛੂਆਛਾਤ ਖਤਮ ਕਰਨ ਦੀ ਮੁਹਿੰਮ ਚਲਾਉਂਦੇ ਸਨ। ਇਹ ਜਿਹੜੇ ਅੱਜ ਦਲਿਤਾਂ ਦੇ ਘਰ ਜ਼ਮੀਨ 'ਤੇ ਬੈਠ ਕੇ ਭੋਜਨ ਕਰਨ ਦਾ ਵਿਖਾਵਾ ਕਰਨ ਵਾਲੇ ਲੋਕ ਹਨ, ਉਹ ਗਾਂਧੀ ਦੇ ਪੁਰਾਣੇ ਆਈਡਿਆ ਨਾਲ ਦਲਿਤਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਗਾਂਧੀ ਚਾਹੁੰਦੇ ਸਨ ਕਿ ਵਰਣ ਵਿਵਸਥਾ ਬਣੀ ਰਹੇ, ਪਰ ਅਛੂਤਤਾ ਖਤਮ ਹੋ ਜਾਵੇ। ਇਸ ਮਾਮਲੇ ਵਿੱਚ ਭਾਜਪਾ ਪੂਰੀ ਤਰ੍ਹਾਂ ਗਾਂਧੀਵਾਦੀ ਹੈ।
 
ਅੰਬੇਡਕਰ ਮੰਨਦੇ ਸਨ ਕਿ ਵਰਣ ਵਿਵਸਥਾ ਦੇ ਮੁੱਢ ਵਿੱਚ ਹੀ ਸ਼ੋਸ਼ਣ ਹੈ। ਇਸ ਲਈ ਉਹ ਨਾਲ ਭੋਜਨ ਕਰਨ ਜਾਂ ਸਮਾਜਿਕ ਮੇਲ-ਜੋਲ ਨਾਲ ਖਤਮ ਨਹੀਂ ਹੋਵੇਗਾ। ਉਹ ਵਰਣ ਵਿਵਸਥਾ ਦਾ ਖਾਤਮਾ ਚਾਹੁੰਦੇ ਸਨ, ਜਿਸਦਾ ਮਤਲਬ ਸੀ ਕਿ ਹਿੰਦੂ ਧਰਮ ਉਸ ਰੂਪ ਵਿੱਚ ਨਹੀਂ ਰਹਿ ਸਕਦਾ, ਜਿਵੇਂ ਸਦੀਆਂ ਤੋਂ ਰਿਹਾ ਹੈ। ਅਜਿਹੇ ਵਿੱਚ ਦਲਿਤਾਂ-ਸ਼ੋਸ਼ਿਤਾਂ ਤੋਂ ਇਲਾਵਾ, ਉਨ੍ਹਾਂ ਲੋਕਾਂ ਨੂੰ ਅੰਬੇਡਕਰ ਦੀਆਂ ਗੱਲਾਂ ਕਿਉਂ ਪਸੰਦ ਆਉਂਦੀਆਂ, ਜਿਹੜੇ ਇਸ ਵਿਵਸਥਾ ਕਰਕੇ ਪੀੜ੍ਹੀ ਦਰ ਪੀੜ੍ਹੀ ਲਾਭ ਵਿੱਚ ਰਹੇ ਹਨ।
 
ਨਹਿਰੂ ਨੇ ਅੰਬੇਡਕਰ ਜਾਂ ਉਨ੍ਹਾਂ ਦੇ ਵਿਚਾਰਾਂ ਨੂੰ ਕੋਈ ਖਾਸ ਮਹੱਤਤਾ ਦਿੱਤੀ ਹੋਵੇ, ਅਜਿਹਾ ਦਿਖਾਈ ਨਹੀਂ ਦਿੰਦਾ। ਆਜ਼ਾਦ ਭਾਰਤ ਵਿੱਚ ਅੰਬੇਡਕਰ ਨੂੰ ਉਨ੍ਹਾਂ ਦਾ ਸਹੀ ਸਥਾਨ ਕਿਸੇ ਨੇ ਮਰਜ਼ੀ ਨਾਲ ਨਹੀਂ ਦਿੱਤਾ। ਇਹ ਉਨ੍ਹਾਂ ਨੂੰ ਮੰਨਣ ਵਾਲੇ ਲੋਕਾਂ ਦੇ ਸੰਘਰਸ਼ ਦਾ ਰੰਗ ਹੈ ਕਿ ਅੱਜ ਰਾਸ਼ਟਰੀ ਪੱਧਰ 'ਤੇ ਅੰਬੇਡਕਰ 'ਤੇ ਗੱਲ ਹੋ ਰਹੀ ਹੈ। ਉਹ ਤਾਂ ਭਲਾ ਹੋਵੇ ਸਾਹਿਬ ਕਾਂਸ਼ੀਰਾਮ ਦਾ। ਜੇਕਰ ਉਹ ਦਲਿਤਾਂ ਸ਼ੋਸ਼ਿਤਾਂ (ਬਹੁਜਨ ਸਮਾਜ) ਨੂੰ ਰਾਜਨੀਤਕ ਤਾਕਤ ਨਹੀਂ ਬਣਾਉਂਦੇ ਤਾਂ ਅੱਜ ਵੀ ਕੋਈ ਅੰਬੇਡਕਰ ਦਾ ਨਾਂ ਲੈਣ ਵਾਲਾ ਨਾ ਹੁੰਦਾ।
 
ਜਿਵੇਂ-ਜਿਵੇਂ ਦਲਿਤ-ਸ਼ੋਸ਼ਿਤ ਅੰਬੇਡਕਰ ਦੇ ਸਭ ਤੋਂ ਵੱਡੇ ਯੋਗਦਾਨ ਰਾਖਵੇਂਕਰਨ ਕਾਰਨ ਮਜ਼ਬੂਤ ਹੁੰਦੇ ਹਨ, ਉਂਜ-ਉਂਜ ਅੰਬੇਡਕਰ ਦਾ ਮੁੱਲ ਵੱਧਦਾ ਹੈ। ਇਸ ਲਈ ਨਹੀਂ ਕਿ ਉਹ ਮਹਾਨ ਸਨ, ਮਹਾਨ ਤਾਂ ਉਹ ਸਨ ਹੀ, ਪਰ ਮੁੱਲ ਇਸ ਲਈ ਵਧਿਆ ਕਿ ਉਨ੍ਹਾਂ ਨੂੰ ਮਹਾਨ ਮੰਨਣ ਵਾਲਿਆਂ ਦਾ ਵਿਸ਼ਵਾਸ ਜਿੱਤਣਾ ਹੁਣ ਰਾਜਨੀਤਕ ਮਜਬੂਰੀ ਬਣ ਚੁੱਕੀ ਹੈ।
 
ਕਾਂਗਰਸ ਨੇ ਦਲਿਤਾਂ ਤੇ ਬ੍ਰਾਹਮਣਾਂ ਨੂੰ ਲੰਮੇ ਸਮੇਂ ਤੱਕ ਆਪਣੇ ਨਾਲ ਬੰਨ ਕੇ ਰੱਖਿਆ ਸੀ। ਮੁਸਲਮਾਨ ਵੀ ਉਸਨੂੰ ਆਪਣੀ ਪਾਰਟੀ ਮੰਨਦੇ ਸਨ ਅਤੇ ਗਾਂਧੀ ਦੀ ਵਿਰਾਸਤ ਵੇਚ ਕੇ ਦਹਾਕਿਆਂ ਤੱਕ ਕੰਮ ਚੱਲ ਗਿਆ। ਅੰਬੇਡਕਰ ਦੀ ਜ਼ਰੂਰਤ ਹੀ ਨਹੀਂ ਪਈ। 60-70 ਦੇ ਦਹਾਕੇ ਵਿੱਚ ਵੱਡੀ ਹੋਈ ਪੀੜ੍ਹੀ ਨੇ ਅੰਬੇਡਕਰ ਦਾ ਨਾਂ ਸ਼ਾਇਦ ਹੀ ਕਦੇ ਸੁਣਿਆ, ਕਿਉਂਕਿ ਉਦੋਂ ਤੱਕ ਕੋਈ ਸਾਹਿਬ ਕਾਂਸ਼ੀਰਾਮ ਨਹੀਂ ਸੀ ਦਲਿਤਾਂ-ਸ਼ੋਸ਼ਿਤਾਂ ਨੂੰ ਇਹ ਸਮਝਾਉਣ ਲਈ ਕਿ ਤੁਹਾਡੇ ਵੋਟ ਦੀ ਕੀਮਤ ਉਨੀਂ ਹੀ ਹੈ, ਜਿੰਨੀ ਕਿਸੇ ਉੱਚ ਜਾਤੀ ਵਾਲੇ ਦੀ।
 
ਡਾ. ਭੀਮ ਰਾਓ ਅੰਬੇਡਕਰ ਅਨਿਆਂ ਦੇ ਭਿਆਨਕ ਹਨੇਰੇ ਖਿਲਾਫ ਇਕੱਲੇ ਸੰਘਰਸ਼ ਦਾ ਨਾਂ ਹੈ। ਉਨ੍ਹਾਂ ਦਾ ਦਰਦ ਨਾ ਤਾਂ ਗਾਂਧੀਵਾਦੀਆਂ ਨੇ ਸਮਝਿਆ, ਨਾ ਵਾਮਪੰਥੀਆਂ ਨੇ, ਨਾ ਕਿਸੇ ਹੋਰ ਨੇ। ਅੰਬੇਡਕਰ ਨੇ ਦਲਿਤਾਂ-ਸ਼ੋਸ਼ਿਤਾਂ ਦੇ ਸ਼ੋਸ਼ਣ ਤੇ ਅੱਤਿਆਚਾਰ ਦੀ ਸਮਾਜਿਕ ਸਵੀਕਾਰਤਾ, ਉਸਨੂੰ ਹਿੰਦੂ ਧਰਮ ਦੀ ਵਰਣ ਵਿਵਸਥਾ ਤੋਂ ਮਿਲਣ ਵਾਲੀ ਵੈਧਤਾ 'ਤੇ ਤਿੱਖੇ ਸਵਾਲ ਚੁੱਕੇ। ਇਸੇ ਅਨਿਆਂ ਨੂੰ ਜ਼ਿਆਦਾਤਰ ਲੋਕ ਸੰਸਕ੍ਰਿਤੀ, ਸਮਾਜਿਕ ਵਿਵਸਥਾ ਅਤੇ ਧਰਮ ਮੰਨਦੇ ਰਹੇ ਸਨ। ਇਸਨੂੰ ਪਹਿਲਾਂ ਗੌਤਮ ਬੁੱਧ ਨੇ ਚੁਣੌਤੀ ਦਿੱਤੀ ਸੀ।
 
ਫਿਰ ਕਬੀਰ, ਰਵਿਦਾਸ, ਬਾਬਾ ਫਰੀਦ, ਨਾਨਕ ਵਰਗੇ ਅਨੇਕ ਮਹਾਨ ਸੰਤ ਦੱਸਦੇ ਰਹੇ ਕਿ ਇਹ ਜਾਤ-ਪਾਤ ਫਰਜ਼ੀ ਹੈ। ਫਿਰ ਆਏ ਅੰਬੇਡਕਰ, ਜਿਨ੍ਹਾਂ ਨੇ ਵੇਦਾਂ ਦੀ ਪੜਤਾਲ ਕਰਨ ਤੋਂ ਬਾਅਦ ਇਨ੍ਹਾਂ ਗੱਲਾਂ ਨੂੰ ਤਰਕਾਂ ਅਤੇ ਤੱਥਾਂ ਦੀ ਨਵੀਂ ਧਾਰ ਦਿੱਤੀ।
 
ਅੰਬੇਡਕਰ ਅਤੇ ਗਾਂਧੀ ਵਿਚਕਾਰ ਅਲੱਗ ਦਲਿਤ ਇਲੈਕਟੋਰੇਟ ਦੇ ਸਵਾਲ 'ਤੇ ਜਿਹੜਾ ਟਕਰਾਅ ਸੀ, ਉਸਦੇ ਬਾਰੇ ਵਿੱਚ ਪੜ੍ਹਨਾ ਅੱਖਾਂ ਖੋਲਣ ਵਾਲਾ ਹੈ ਕਿ ਡਾ. ਅੰਬੇਡਕਰ ਅਤੇ ਗਾਂਧੀ ਦੀ ਸੋਚ ਕਿੰਨੀ ਅਲੱਗ ਸੀ। ਅਲੱਗ ਇਲੈਕਟੋਰੇਟ ਦੇ ਮਾਮਲੇ ਵਿੱਚ ਗਾਂਧੀ ਨੇ ਮਰਣ ਵਰਤ ਸ਼ੁਰੂ ਕਰ ਦਿੱਤਾ ਅਤੇ ਦਬਾਅ ਵਿੱਚ ਅੰਬੇਡਕਰ ਨੂੰ 1932 ਵਿੱਚ ਪੂਨਾ ਪੈਕਟ 'ਤੇ ਹਸਤਾਖਰ ਕਰਨੇ ਪਏ।
 
ਅੰਬੇਡਕਰ ਚਾਹੁੰਦੇ ਸਨ ਕਿ ਸੰਸਦ ਵਿੱਚ ਦਲਿਤਾਂ ਦੇ ਨੁਮਾਇੰਦੇ ਚੁਣਨ ਲਈ ਸਿਰਫ ਦਲਿਤ ਵੋਟ ਪਾਉਣ ਅਤੇ ਚੁਣੇ ਗਏ ਲੋਕ ਦਲਿਤਾਂ ਦੇ ਮੁੱਦਿਆਂ ਨੂੰ ਅੱਗੇ ਵਧਾਉਣ, ਪਰ ਪੂਨਾ ਪੈਕਟ ਵਿੱਚ ਇਸਨੂੰ ਰੱਦ ਕਰ ਦਿੱਤਾ ਗਿਆ। ਪੈਕਟ ਤਹਿਤ ਦਲਿਤਾਂ ਲਈ ਸੀਟਾਂ ਰਿਜ਼ਰਵ ਹੋ ਗਈਆਂ, ਜਿੱਥੇ ਗੈਰ ਦਲਿਤ ਚੋਣ ਨਹੀਂ ਲੜ ਸਕਦੇ ਸਕਦੇ ਸਨ, ਪਰ ਵੋਟਰ ਆਮ ਸਨ। ਅੰਬੇਡਕਰ ਦਾ ਮੰਨਣਾ ਸੀ ਕਿ ਅਜਿਹੇ ਸਾਂਸਦ ਪ੍ਰਭਾਵਸ਼ਾਲੀ ਨਹੀਂ ਹੋਣਗੇ ਅਤੇ ਅੱਗੇ ਚੱਲ ਕੇ ਇਹੀ ਸਾਬਿਤ ਹੋਇਆ। ਇਸਦੀ ਮਿਸਾਲ ਭਾਜਪਾ ਦੇ ਸਾਂਸਦ ਛੋਟੇ ਲਾਲ ਖੈਰਵਾਰ ਹਨ, ਜਿਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ, ''ਮੁੱਖ ਮੰਤਰੀ ਮੈਨੂੰ ਝਿੜਕ ਕੇ ਭਜਾ ਦਿੰਦੇ ਹਨ। ਸਾਂਸਦ ਹਾਂ ਤਾਂ ਕੀ ਹੋਇਆ, ਰਹਾਂਗਾ ਤਾਂ ਦਲਿਤ ਹੀ।''
 
ਕਾਂਗਰਸ ਆਮ ਤੌਰ 'ਤੇ ਕਹਿੰਦੀ ਸੀ ਕਿ ਉਹ ਦਲਿਤ ਪੱਖੀ ਹੈ। ਇਸ ਲਈ ਉਸਨੇ ਇੱਕ ਦਲਿਤ ਵਿਅਕਤੀ ਡਾ. ਕੇਆਰ ਨਾਰਾਇਣਨ ਨੂੰ ਰਾਸ਼ਟਰਪਤੀ ਬਣਵਾਇਆ ਹੈ। ਹੁਣ ਭਾਜਪਾ ਰਾਮਨਾਥ ਕੋਵਿੰਦ ਬਾਰੇ ਇਹੀ ਦਾਅਵਾ ਕਰਦੀ ਹੈ, ਪਰ ਇਹ ਅਹਿਸਾਨ ਕਰਨ ਦੀ ਅਦਾ ਵਿਖਾਵੇ ਤੋਂ ਜ਼ਿਆਦਾ ਕੁਝ ਨਹੀਂ ਹੈ, ਜਿਸਨੂੰ ਅੰਗ੍ਰੇਜ਼ੀ ਵਿੱਚ 'ਟੋਕਨਇਜ਼ਮ' ਕਿਹਾ ਜਾਂਦਾ ਹੈ।
 
ਗਾਂਧੀ ਉੱਚ ਜਾਤੀ ਦੇ ਹਿੰਦੂਆਂ ਦੇ ਜਿਸ ਮਨ ਪ੍ਰੀਵਰਤਨ ਦੀ ਗੱਲ ਕਰਦੇ ਸਨ, ਉਹ ਅਜੇ ਤੱਕ ਨਹੀਂ ਹੋ ਸਕਿਆ ਹੈ। ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਵਿੱਚ ਇੱਕ ਵੀ ਰਾਸ਼ਟਰੀ ਪੱਧਰ ਦਾ ਅਹੁਦੇਦਾਰ ਦਲਿਤ ਨਹੀਂ ਹੈ, ਜਦਕਿ ਪਾਰਟੀ ਦੇ ਆਪਣੇ ਸੰਵਿਧਾਨ ਤਹਿਤ ਅਨੁਸੂਚਿਤ ਜਾਤੀ ਦੇ ਘੱਟ ਤੋਂ ਘੱਟ ਤਿੰਨ ਲੋਕ ਅਹੁਦੇਦਾਰ ਹੋਣੇ ਚਾਹੀਦੇ ਹਨ। ਗੱਲ ਬੱਸ ਇੰਨੀ ਹੈ ਕਿ ਅੰਬੇਡਕਰ ਦੀ ਕੌਣ ਕਿੰਨੀ ਇੱਜ਼ਤ ਕਰਦਾ ਹੈ, ਇਸਦਾ ਫੈਸਲਾ ਵੀ ਦਲਿਤ-ਸ਼ੋਸਿਤ ਹੀ ਕਰਨਗੇ, ਜਿਨ੍ਹਾਂ ਦੇ ਅੰਬੇਡਕਰ ਹਨ। ਮੂਰਤੀਆਂ 'ਤੇ ਮਾਲਾ ਚੜਾਉਣੀ ਤਾਂ ਸਾਰਿਆਂ ਦੀ ਮਜਬੂਰੀ ਹੈ।

ਬਾਬਾ ਸਾਹਿਬ ਦੇ ਹੁਨਰ ਦੀ ਸ਼ਲਾਘਾ ਨਹੀਂ ਹੋਈ
ਬੜੌਦਾ ਦੇ ਰਾਜਾ ਦੀ ਮਦਦ ਨਾਲ ਆਜ਼ਾਦੀ ਦੇ ਪਹਿਲੇ ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅਮਰੀਕਾ ਤੇ ਬ੍ਰਿਟੇਨ ਤੋਂ ਦੋਹਰੀ ਡਾਕਟਰੇਟ ਪਾਉਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਭਾ ਦੀ ਇਸ ਦੇਸ਼ ਨੇ ਕਦੇ ਸ਼ਲਾਘਾ ਨਹੀਂ ਕੀਤੀ। ਸੰਵਿਧਾਨ ਨਿਰਮਾਣ ਦਾ ਕ੍ਰੈਡਿਟ ਉਨ੍ਹਾਂ ਨੂੰ ਦੇਣਾ ਪਿਆ, ਪਰ ਉਨ੍ਹਾਂ ਦੇ ਬਾਕੀ ਕ੍ਰਾਂਤੀਕਾਰੀ ਵਿਚਾਰਾਂ ਨੂੰ ਪੂਰੇ ਹਿੰਦੂ ਸਮਾਜ ਨੇ ਮਿਲ-ਜੁਲ ਕੇ ਕਰੀਬ-ਕਰੀਬ ਇੱਕ ਖਾਮੋਸ਼ ਸਾਜ਼ਿਸ਼ ਤਹਿਤ ਦਫਨ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਮੰਨਣ ਦਾ ਮਤਲਬ ਵਰਣ ਵਿਵਸਥਾ ਨੂੰ ਛੱਡਣਾ ਹੁੰਦਾ, ਜੋ ਕਿ ਹਿੰਦੂ ਧਰਮ ਦਾ ਆਧਾਰ ਹੈ।
 
'ਐਨੀਲੇਸ਼ਨ ਆਫ ਕਾਸਟ', 'ਰਿਡਲਸ ਆਫ ਹਿੰਦੂਇਜ਼ਮ' ਤੇ 'ਹੂ ਵਅਰ ਦ ਸ਼ੂਦ੍ਰਾਜ਼' ਅਸਲ ਵਿੱਚ ਉਹ ਮਹਾਗ੍ਰੰਥ ਹਨ, ਜਿਨ੍ਹਾਂ ਦਾ ਨਾਂ ਸਾਨੂੰ ਕਿਸੇ ਸਕੂਲ, ਕਾਲਜ ਵਿੱਚ, ਕੋਰਸ ਵਿੱਚ, ਕਿਸੇ ਪ੍ਰੋਫੈਸਰ ਨੇ ਨਹੀਂ ਦੱਸਿਆ, ਕਿਉਂਕਿ ਇਨ੍ਹਾਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਗੱਲਾਂ ਹਨ, ਜੋ ਕਿ ਹਿੰਦੂ ਸਮਾਜ ਦੀਆਂ ਬੁਨਿਆਦੀ ਮਾਨਤਾਵਾਂ ਨੂੰ ਤਾਰਕਿਕ ਚੁਣੌਤੀ ਦਿੰਦੀਆਂ ਹਨ, ਸਾਨੂੰ ਦੱਸਦੀਆਂ ਹਨ ਕਿ ਧਰਮ ਦੇ ਨਾਂ 'ਤੇ ਜਾਤੀ ਨੂੰ, ਜਾਤੀ ਦੇ ਨਾਂ 'ਤੇ ਅਨਿਆਂ ਨੂੰ ਕਿਵੇ ਸਵੀਕਾਰ ਯੋਗ ਬਣਾਇਆ ਗਿਆ।
 
ਅੱਜ ਵੀ ਬਾਬਾ ਸਾਹਿਬ ਡਾ. ਅੰਬੇਡਕਰ ਦੀ ਝੂਠੀ ਜੈ-ਜੈਕਾਰ ਕਰਨ ਵਾਲੇ ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੇ ਅਨਿਆਂ ਨੂੰ ਧਾਰਮਿਕ ਮਾਨਤਾ ਦੇਣ ਦੀ ਸਾਜ਼ਿਸ਼ 'ਤੇ ਕਿੰਨੀ ਜ਼ੋਰਦਾਰ ਸੱਟ ਮਾਰੀ ਸੀ, ਬਿਲਕੁਲ ਇਕੱਲੇ, ਸਿਰਫ ਆਪਣੀ ਪੜ੍ਹਾਈ-ਲਿਖਾਈ ਤੇ ਤਾਰਕਿਕ ਬੁੱਧੀ ਦੇ ਦਮ 'ਤੇ। ਜੇਕਰ ਜਾਣਦੇ ਵੀ ਹਨ ਤਾਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਲਿਖੇ-ਕਹੇ 'ਤੇ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਉਹ ਚੁੱਭਣ ਵਾਲਾ ਹੈ। ਅੰਬੇਡਕਰ ਹਿੰਦੂਆਂ ਨੂੰ 'ਇੱਕ ਬਿਮਾਰ ਸਮਾਜ' ਕਹਿੰਦੇ ਸਨ, ਜਿਸਨੂੰ ਉਨ੍ਹਾਂ ਦੀ ਨਜ਼ਰ ਵਿੱਚ ਇਲਾਜ ਦੀ ਜ਼ਰੂਰਤ ਸੀ।
 
ਅੰਬੇਡਕਰ ਨੇ ਆਪਣਾ ਜੀਵਨ 'ਸ਼ੋਸ਼ਿਤ ਸਮਾਜ ਦੀ ਆਜ਼ਾਦੀ' ਲਈ ਲੜਨ ਵਿੱਚ ਲਗਾਇਆ। ਉਹ ਫ੍ਰੀਡਮ ਫਾਈਟਰ ਨਹੀਂ ਸਨ, ਸਗੋਂ ਉਨ੍ਹਾਂ ਨੂੰ ਡਰ ਸੀ ਕਿ ਅੰਗ੍ਰੇਜ਼ਾਂ ਦੇ ਜਾਣ ਤੋਂ ਬਾਅਦ 'ਹਿੰਦੂ ਭਾਰਤ' ਵਿੱਚ ਦਲਿਤਾਂ ਦਾ ਜਿਊਣਾ ਹੋਰ ਮੁਸ਼ਕਿਲ ਹੋ ਜਾਵੇਗਾ, ਉਨ੍ਹਾਂ ਨੇ ਖੁੱਲ ਕੇ ਹਿੰਦੂ ਰਾਸ਼ਟਰ ਦੇ ਖਤਰਿਆਂ ਪ੍ਰਤੀ ਸਚੇਤ ਕੀਤਾ ਸੀ।
-ਧੰਨਵਾਦ ਸਹਿਤ ਰਾਜੇਸ਼ ਪ੍ਰਿਅਦਰਸ਼ੀ

Comments

Leave a Reply