Tue,Jun 22,2021 | 10:51:41am
HEADLINES:

Social

ਟੀਵੀ ਸੀਰੀਅਲਾਂ ਤੇ ਪੁਰਸ਼ ਸੱਤਾ ਵਾਲੇ ਸਮਾਜ ਨੇ ਬਣਾਈ ਗਲਤ ਸੋਚ-ਔਰਤ ਹੀ ਔਰਤ ਦੀ ਦੁਸ਼ਮਣ

ਟੀਵੀ ਸੀਰੀਅਲਾਂ ਤੇ ਪੁਰਸ਼ ਸੱਤਾ ਵਾਲੇ ਸਮਾਜ ਨੇ ਬਣਾਈ ਗਲਤ ਸੋਚ-ਔਰਤ ਹੀ ਔਰਤ ਦੀ ਦੁਸ਼ਮਣ

ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ, ਇਹ ਗੱਲ ਇੰਨੀ ਵਾਰ ਕਹੀ ਗਈ ਹੈ ਕਿ ਸੱਚ ਲੱਗਣ ਲਗਦੀ ਹੈ। ਮਿਸਾਲ ਦੇ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਪਰਿਵਾਰ ਦੀਆਂ ਔਰਤਾਂ ਹੀ ਨਹੀਂ ਚਾਹੁੰਦੀਆਂ ਕਿ ਘਰ ਵਿੱਚ ਬੇਟੀਆਂ ਜਨਮ ਲੈਣ। ਅਜਿਹੀਆਂ ਗੱਲਾਂ ਆਮ ਤੌਰ 'ਤੇ ਚਰਚਾ ਵਿੱਚ ਹੁੰਦੀਆਂ ਹਨ ਕਿ ਬੇਟੇ ਦੀ ਚਾਹਤ ਵਿੱਚ ਸੱਸ ਅਤੇ ਨਨਾਣ ਹੀ ਘਰ ਦੀ ਨੂੰਹ ਨੂੰ ਅਲਟ੍ਰਾਸਾਉਂਡ ਲਈ ਲੈ ਜਾਂਦੀਆਂ ਹਨ ਅਤੇ ਗਰਭ ਵਿੱਚ ਬੇਟੀ ਹੋਣ ਦਾ ਪਤਾ ਲੱਗਣ 'ਤੇ ਗਰਭਪਾਤ ਕਰਵਾਉਂਦੀਆਂ ਹਨ। ਜਾਂ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਸੱਸ ਹੀ ਨੂੰਹ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ।
 
ਨਨਾਣਾਂ ਨੂੰ ਵੀ ਆਮ ਤੌਰ 'ਤੇ ਪਰਿਵਾਰ ਵਿੱਚ ਟਕਰਾਅ ਦਾ ਰਿਸ਼ਤਾ ਮੰਨ ਲਿਆ ਜਾਂਦਾ ਹੈ। ਬਾਲ ਵਿਆਹ ਕਰਾਉਣ ਵਿੱਚ ਵੀ ਮਾਂ ਅਤੇ ਮਾਸੀ ਵਰਗੇ ਰਿਸ਼ਤੇਦਾਰਾਂ ਦੀ ਭੂਮਿਕਾ ਮੰਨ ਲਈ ਜਾਂਦੀ ਹੈ। ਇੱਥੇ ਤੱਕ ਕਿ ਬੇਟਿਆਂ ਦੇ ਨਾਂ ਸਾਰੀ ਜੱਦੀ ਜ਼ਾਇਦਾਦ ਲਿਖਵਾਉਣ ਅਤੇ ਬੇਟੀਆਂ ਨੂੰ ਜ਼ਾਇਦਾਦ ਵਿੱਚ ਹਿੱਸਾ ਨਾ ਦੇਣ ਦੀ ਜਿੱਦ ਕਰਦੀਆਂ ਮਾਤਾਵਾਂ ਦੇ ਕਿੱਸੇ ਵੀ ਆਮ ਹਨ। ਇਸ ਸੋਚ ਦੇ ਮਜ਼ਬੂਤ ਹੋਣ ਵਿੱਚ ਫਿਲਮਾਂ, ਟੀਵੀ ਸੀਰੀਅਲ, ਕਿੱਸੇ-ਕਹਾਣੀਆਂ, ਗੀਤਾਂ, ਲੋਕ ਕਥਾਵਾਂ ਆਦਿ ਦੀ ਮੁੱਖ ਭੂਮਿਕਾ ਹੈ। ਮਹਿਲਾਵਾਂ ਦੇ ਕੁਝ ਖਾਸ ਚਰਿੱਤਰ ਖਲਨਾਇਕਾਵਾਂ ਦੇ ਤੌਰ 'ਤੇ ਹੀ ਦਿਖਾਏ ਜਾਂਦੇ ਹਨ। 
 
ਸੱਸ ਅਤੇ ਨੂੰਹ ਦੇ ਰਿਸ਼ਤਿਆਂ ਨੂੰ ਟਕਰਾਅ ਵਾਲਾ ਦਿਖਾਉਣ ਦਾ ਟੈਂ੍ਰਡ ਇਨ੍ਹਾਂ ਮੀਡੀਅਮ ਵਿੱਚ ਆਮ ਹੈ। ਨਨਾਣ ਅਤੇ ਭਰਜਾਈ ਆਮ ਤੌਰ 'ਤੇ ਝਗੜਦੇ ਹੀ ਦਿਖਾਏ ਜਾਂਦੇ ਹਨ। ਹਾਲਾਂਕਿ ਇਸ ਟ੍ਰੈਂਡ ਦੇ ਅਪਵਾਦ ਵੀ ਮੌਜ਼ੂਦ ਹਨ। ਭਾਸ਼ਾ ਦੇ ਪ੍ਰਯੋਗ ਵਿੱਚ ਵੀ ਆਮ ਤੌਰ 'ਤੇ ਮਹਿਲਾਵਾਂ ਨੂੰ ਲੈ ਕੇ ਗਲਤ ਮੁਹਾਵਰਿਆਂ ਅਤੇ ਲੋਕ ਕਹਾਣੀਆਂ ਦਾ ਟ੍ਰੈਂਡ ਨਜ਼ਰ ਆਉਂਦਾ ਹੈ। ਇਹ ਸਭ ਸੁਣਦੇ-ਦੇਖਦੇ ਵੱਡੇ ਹੋਏ ਲੋਕ ਹੁਣ ਇਨ੍ਹਾਂ ਕਲਪਨਾਵਾਂ ਨੂੰ ਸੱਚ ਮੰਨ ਲੈਣ ਤਾਂ ਇਸਨੂੰ ਸੁਭਾਵਿਕ ਹੀ ਮੰਨਿਆ ਜਾਵੇਗਾ।
 
ਅਜਿਹਾ ਨਹੀਂ ਹੈ ਕਿ ਮਹਿਲਾ ਹੋਣ ਨਾਲ ਹੀ ਸਭ ਕੁਝ ਚੰਗਾ ਹੀ ਚੰਗਾ ਹੋ ਜਾਂਦਾ ਹੈ। ਲੋਕਾਂ ਦੀ ਸੋਚ ਵਿੱਚ ਮਹਿਲਾਵਾਂ ਦੀ ਜਿਹੋ ਜਿਹੀ ਇਮੇਜ ਬਣਾਈ ਗਈ ਹੈ, ਓਹੋ ਜਿਹੀਆਂ ਮਹਿਲਾਵਾਂ ਸੱਚ ਵਿੱਚ ਹੁੰਦੀਆਂ ਹਨ। ਮਹਿਲਾਵਾਂ ਦਾ ਰਿਸ਼ਤੇ ਵਿੱਚ ਨਕਾਰਾਤਮਕ ਭੂਮਿਕਾ ਨਿਭਾਉਣਾ ਕੋਈ ਅਜੂਬਾ ਨਹੀਂ ਹੈ, ਪਰ ਇਹ ਟ੍ਰੈਂਡ ਜਿੰਨਾ ਆਮ ਦੱਸਿਆ ਜਾਂਦਾ ਹੈ, ਉਸਨੂੰ ਸਾਬਿਤ ਕਰਨ ਲਈ ਤੱਥ ਨਹੀਂ ਹੁੰਦੇ। ਨਾਲ ਹੀ ਰਿਸ਼ਤਿਆਂ 'ਚ ਨਕਾਰਾਤਮਕ ਭੂਮਿਕਾ ਨਿਭਾਉਣ ਵਾਲੇ ਪੁਰਸ਼ ਵੀ ਹਨ, ਪਰ ਪੁਰਸ਼ਾਂ ਬਾਰੇ ਇਹ ਨਹੀਂ ਕਿਹਾ ਜਾਂਦਾ ਕਿ ਪੁਰਸ਼ ਹੀ ਪੁਰਸ਼ਾਂ ਦੇ ਦੁਸ਼ਮਣ ਹਨ।
 
ਫਿਲਮਾਂ ਵਿੱਚ ਸਹੁਰੇ, ਦਿਓਰ ਜਾਂ ਜਵਾਈ ਨੂੰ ਖਲਨਾਇਕ ਦੇ ਤੌਰ 'ਤੇ ਨਹੀਂ ਦਿਖਾਇਆ ਜਾਂਦਾ। ਜਿਹੜਾ ਬੇਟਾ ਜੱਦੀ ਜ਼ਾਇਦਾਦ ਵਿੱਚ ਆਪਣੀ ਭੈਣ ਦਾ ਹੱਕ ਮਾਰ ਲੈਂਦਾ ਹੈ, ਉਹ ਵੀ ਸਮਾਜ ਦੀ ਨਜ਼ਰ ਵਿੱਚ ਖਲਨਾਇਕ ਨਹੀਂ ਹੈ, ਸਗੋਂ ਭੈਣਾਂ ਨੂੰ ਹੀ ਹੱਕ ਦਾ ਤਿਆਗ (ਜੱਦੀ ਜ਼ਾਇਦਾਦ ਵਿੱਚ ਹਿੱਸਾ ਨਾ ਲੈਣਾ) ਸਿਖਾਇਆ ਜਾਂਦਾ ਹੈ ਅਤੇ ਜੋ ਭੈਣ ਹਿੱਸਾ ਲੈ ਲੈਂਦੀ ਹੈ, ਉਸਨੂੰ ਮਾੜੀ ਭੈਣ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਹਿੱਸਾ ਨਾ ਦੇਣ ਵਾਲੇ ਪਿਓ ਦੀ ਵੀ ਨਿਖੇਧੀ ਨਹੀਂ ਕੀਤੀ ਜਾਂਦੀ।
 
'ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ', ਇਸ ਸੋਚ ਦੀ ਤਿੰਨ ਢੰਗਾਂ ਨਾਲ ਸਮੀਖਿਆ ਕੀਤੀ ਜਾ ਸਕਦੀ ਹੈ। ਪਹਿਲਾ, ਇਨ੍ਹਾਂ ਦੋਸ਼ਾਂ ਵਿੱਚ ਜਿਹੜੀ ਗੱਲ ਬੁਨਿਆਦੀ ਤੌਰ 'ਤੇ ਗਲਤ ਹੈ, ਉਹ ਇਹ ਕਿ ਘਰ ਦੇ ਰਿਸ਼ਤਿਆਂ ਵਿੱਚ ਮਹਿਲਾਵਾਂ ਨੂੰ ਆਜ਼ਾਦੀ ਅਤੇ ਫੈਸਲਾ ਲੈਣ ਵਿੱਚ ਸਮਰੱਥ ਮੰਨ ਲਿਆ ਜਾਂਦਾ ਹੈ। ਕੀ ਪਰਿਵਾਰ ਦੇ ਫੈਸਲੇ ਕਰਨ ਵਿੱਚ ਔਰਤਾਂ ਦੀ ਇੰਨੀ ਹਿੱਸੇਦਾਰੀ ਹੁੰਦੀ ਹੈ ਕਿ ਉਨ੍ਹਾਂ ਫੈਸਲਿਆਂ ਲਈ ਉਨ੍ਹਾਂ ਨੂੰ ਦੋਸ਼ੀ ਮੰਨ ਲਿਆ ਜਾਵੇ? ਨੂੰਹ ਦੇ ਪਰਿਵਾਰ ਤੋਂ ਦਾਜ ਆਵੇ, ਅਜਿਹੀ ਇੱਛਾ ਲੜਕੇ ਦੀ ਮਾਂ ਦੀ ਹੋ ਸਕਦੀ ਹੈ, ਪਰ ਦਾਜ ਲੈਣਾ ਹੈ ਜਾਂ ਨਹੀਂ ਜਾਂ ਕਿੰਨਾ ਦਾਜ ਲੈਣਾ ਹੈ, ਇਹ ਫੈਸਲਾ ਪਰਿਵਾਰ ਦੇ ਪੁਰਸ਼ ਹੀ ਕਰਦੇ ਹਨ।
 
ਇਸੇ ਤਰ੍ਹਾਂ ਬੇਟੀ ਨੂੰ ਜ਼ਾਇਦਾਦ ਵਿੱਚ ਹੱਕ ਨਾ ਦੇਣ ਦਾ ਫੈਸਲਾ ਵੀ ਪਿਓ ਅਤੇ ਬੇਟੇ ਮਿਲ ਕੇ ਕਰਦੇ ਹਨ। ਮਾਂ ਦੀ ਭੂਮਿਕਾ ਅਜਿਹੇ ਫੈਸਲਿਆਂ ਵਿੱਚ ਘੱਟ ਹੀ ਹੁੰਦੀ ਹੈ। ਮਾਂ ਦੀ ਉਹ ਗੱਲ ਜ਼ਰੂਰ ਮੰਨ ਲਈ ਜਾਂਦੀ ਹੈ, ਜੋ ਕਿ ਪੁਰਸ਼ ਸੱਤਾ ਦੇ ਮੁਤਾਬਕ ਹੁੰਦੀ ਹੈ ਅਤੇ ਫੈਸਲੇ ਲਈ ਅਪਰਾਧੀ ਚੁਣਨ ਦੀ ਸਥਿਤੀ ਆਉਣ 'ਤੇ ਮਾਂ ਮੌਜ਼ੂਦ ਹੁੰਦੀ ਹੀ ਹੈ।
 
ਗਰਭ ਵਿੱਚ ਬੇਟੀ ਦਾ ਪਤਾ ਲੱਗਣ 'ਤੇ ਗਰਭਪਾਤ ਕਰਾਉਣ ਲਈ ਨੂੰਹ ਨੂੰ ਲੈ ਜਾਣ ਵਾਲੀ ਸੱਸ ਪਰਿਵਾਰ ਦੇ ਪੁਰਸ਼ਾਂ ਦੀ ਇੱਛਾ ਮੁਤਾਬਕ ਹੀ ਇਹ ਕਰਦੀ ਹੈ। ਇਹ ਬੇਸ਼ੱਕ ਸੰਭਵ ਹੋਵੇ ਕਿ ਸੱਸ ਵੀ ਅਜਿਹਾ ਹੀ ਚਾਹੁੰਦੀ ਹੋਵੇ। ਜਦੋਂ ਉਹ ਸੱਸ ਨੂੰਹ ਹੁੰਦੀ ਹੈ, ਉਸ ਸਮੇਂ ਖੁਦ ਉਸ ਤੋਂ ਬੇਟਾ ਪੈਦਾ ਕਰਨ ਦੀ ਇੱਛਾ ਰੱਖੀ ਜਾਂਦੀ ਹੈ ਤੇ ਜੇਕਰ ਉਹ ਉਸ 'ਚ ਅਸਫਲ ਹੋ ਜਾਂਦੀ ਹੈ ਤਾਂ ਘਰੇਲੂ ਹਿੰਸਾ ਤੇ ਦੂਜੇ ਢੰਗਾਂ ਨਾਲ ਭੇਦਭਾਵ ਦਾ ਸ਼ਿਕਾਰ ਹੁੰਦੀ ਹੈ।
 
ਦੂਜਾ, ਇੱਥੇ ਸਵਾਲ ਉੱਠਦਾ ਹੈ ਕਿ ਇੱਕ ਸੱਸ, ਜੋ ਖੁਦ ਔਰਤ ਹੈ, ਅਜਿਹਾ ਕਿਉਂ ਚਾਹੁੰਦੀ ਹੈ ਕਿ ਬੇਟੀ ਦਾ ਜਨਮ ਨਾ ਹੋਵੇ? ਜਾਂ ਇੱਕ ਸੱਸ ਦਾਜ ਨਾ ਲਿਆਉਣ ਵਾਲੀ ਨੂੰਹ ਨੂੰ ਸਾੜਨ ਵਿੱਚ ਕਿਉਂ ਸ਼ਾਮਲ ਹੋ ਜਾਂਦੀ ਹੈ? ਮਾਤਾਵਾਂ ਕਿਉਂ ਕਈ ਵਾਰ ਬੇਟੀਆਂ ਦੀ ਪੜ੍ਹਾਈ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ? ਮਾਤਾਵਾਂ ਬਾਲ ਵਿਆਹ ਦਾ ਸਮਰਥਨ ਕਿਉਂ ਕਰਦੀਆਂ ਹਨ।
 
ਇਨ੍ਹਾਂ ਹਾਲਾਤ ਵਿੱਚ ਮਹਿਲਾਵਾਂ ਬੇਸ਼ੱਕ ਖਲਨਾਇਕ ਨਜ਼ਰ ਆਉਂਦੀਆਂ ਹਨ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਹਿਲਾਵਾਂ ਵੀ ਉਸੇ ਸਮਾਜਿਕ ਹਾਲਾਤ ਦੀ ਪੈਦਾਇਸ਼ ਹਨ, ਜਿਸ ਵਿੱਚ ਪੁਰਸ਼ਵਾਦੀ ਵਿਚਾਰ ਦਾ ਪ੍ਰਭਾਵ ਹੁੰਦਾ ਹੈ। ਮਹਿਲਾਵਾਂ ਵੀ ਉਨ੍ਹਾਂ ਕਿੱਸੇ-ਕਹਾਣੀਆਂ, ਸੀਰੀਅਲ, ਫਿਲਮਾਂ ਨੂੰ ਦੇਖਦਿਆਂ ਵੱਡੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਪੁਰਸ਼ ਹੋਣ ਨੂੰ ਹੀ ਸੁਪਰੀਮ ਮੰਨਿਆਂ ਜਾਂਦਾ ਹੈ ਅਤੇ ਔਰਤਾਂ ਹੇਠਲੇ ਦਰਜੇ ਦੀ ਜਾਂ ਸਹਿਯੋਗੀ ਦੀ ਭੂਮਿਕਾਵਾਂ ਵਿੱਚ ਹੁੰਦੀਆਂ ਹਨ।
 
ਤੀਜਾ, ਚੰਗੀ ਔਰਤ ਦੀ ਪ੍ਰੀਭਾਸ਼ਾ ਸਮਾਜ ਦਾ ਪੁਰਸ਼ ਹੀ ਤੈਅ ਕਰਦਾ ਹੈ ਅਤੇ ਔਰਤਾਂ ਵੀ ਉਸੇ ਪ੍ਰੀਭਾਸ਼ਾ ਮੁਤਾਬਕ ਦੂਜੀਆਂ ਔਰਤਾਂ ਨੂੰ ਚੰਗਾ ਜਾਂ ਮਾੜਾ ਮੰਨਦੀਆਂ ਹਨ। ਸੱਸ ਦੀ ਟ੍ਰੇਨਿੰਗ ਹੁੰਦੀ ਹੈ ਕਿ ਨੂੰਹ ਨੂੰ ਕੰਟ੍ਰੋਲ ਵਿੱਚ ਰੱਖਣਾ ਚਾਹੀਦਾ ਹੈ। ਉਂਜ ਹੀ ਨੂੰਹ ਦੀ ਟ੍ਰੇਨਿੰਗ ਹੁੰਦੀ ਹੈ ਕਿ ਪਤੀ ਨੂੰ ਸੱਸ ਦੇ ਪ੍ਰਭਾਵ ਤੋਂ ਬਚਾਉਣਾ ਉਸਦੀ ਜ਼ਿੰਮੇਵਾਰੀ ਹੈ। ਅਜਿਹੀ ਟ੍ਰੇਨਿੰਗ ਦੇ ਕਾਰਨ ਪੁਰਸ਼ ਸੱਤਾ ਨੂੰ ਪੋਸ਼ਣ ਕਰਨ ਵਿੱਚ ਮਹਿਲਾਵਾਂ ਵੀ ਅਣਜਾਣਪੁਣੇ ਵਿੱਚ ਹੀ ਸ਼ਾਮਲ ਹੋ ਜਾਂਦੀਆਂ ਹਨ।
 
ਮਹਿਲਾਵਾਂ ਨੂੰ ਜੇਕਰ ਪੁਰਸ਼ ਸੱਤਾ ਢੋਹਣੀ ਨਹੀਂ ਸਿਖਾਈ ਜਾਂਦੀ ਤਾਂ ਪੁਰਸ਼ ਸੱਤਾ ਇੰਨੇ ਲੰਮੇ ਸਮੇਂ ਤੱਕ ਨਹੀਂ ਟਿਕੀ ਰਹਿੰਦੀ। ਇਹ ਕੰਡੀਸ਼ਨਿੰਗ ਜਾਂ ਪ੍ਰਾਈਮਰੀ ਸੋਸ਼ਲਾਈਜੇਸ਼ਨ ਦਾ ਨਤੀਜਾ ਹੈ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਜਿਹਾ ਕਰਦੇ ਹੋਏ ਵੀ ਉਹ ਪੀੜਤ ਜਾਂ ਡਮੀ ਭੂਮਿਕਾ ਵਿੱਚ ਹੀ ਹੁੰਦੀਆਂ ਹਨ। ਇਹ ਵੀ ਨਹੀਂ ਕਿ ਉਹ ਪਰਿਵਾਰ ਅਤੇ ਸਮਾਜ ਦੀਆਂ ਮਾਨਤਾਵਾਂ ਖਿਲਾਫ ਜਾ ਕੇ ਵਿਵਹਾਰ ਕਰਨ ਲੱਗਣਗੀਆਂ।
 
ਆਪਣੇ ਪਰਿਵਾਰ ਦੀ ਹੋਰ ਔਰਤਾਂ ਖਿਲਾਫ ਉਨ੍ਹਾਂ ਦਾ ਹੋਣਾ ਇੱਕ ਕਲਚਰਲ ਪ੍ਰਕਿਰਿਆ ਦਾ ਨਤੀਜਾ ਹੈ। ਇਹ ਸਭ ਕਹਿੰਦੇ ਹੋਏ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਹਿਲਾਵਾਂ ਬਾਰੇ ਇਨ੍ਹਾਂ ਸਾਰੀ ਨਕਾਰਾਤਮਕ ਭੂਮਿਕਾਵਾਂ ਵਿੱਚ ਵੀ ਮਹਿਲਾਵਾਂ ਪੁਰਸ਼ ਸੱਤਾ ਨੂੰ ਬਰਕਰਾਰ ਰੱਖ ਰਹੀਆਂ ਹਨ, ਔਰਤਾਂ ਦੀ ਸੱਤਾ ਨੂੰ ਨਹੀਂ।
 
ਇਸ ਲਈ ਇਹ ਕਹਿਣਾ ਸਹੀ ਨਹੀਂ ਹੈ ਕਿ ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣ ਹੁੰਦੀਆਂ ਹਨ। ਔਰਤਾਂ ਨੇ ਬਰਾਬਰੀ ਦੀ ਲੜਾਈ ਔਰਤਾਂ ਖਿਲਾਫ ਨਹੀਂ, ਪੁਰਸ਼ ਸੱਤਾ ਖਿਲਾਫ ਲੜਨੀ ਹੈ। ਔਰਤਾਂ ਜਿੱਥੇ ਔਰਤਾਂ ਦੀ ਦੁਸ਼ਮਣ ਦੀ ਸ਼ਕਲ ਵਿੱਚ ਨਜ਼ਰ ਵੀ ਆਉਂਦੀਆਂ ਹਨ, ਉੱਥੇ ਉਹ ਆਪਣੀ ਆਜ਼ਾਦ ਸੱਤਾ ਦੇ ਨਾਲ ਅਜਿਹਾ ਨਹੀਂ ਕਰਦੀਆਂ ਹਨ।
-ਗੀਤਾ ਯਾਦਵ

 

Comments

Leave a Reply