Tue,Aug 03,2021 | 07:11:19am
HEADLINES:

Social

ਅੰਬੇਡਕਰ ਵਿਚਾਰ : ਪਿੰਡ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਮਨੂੰਵਾਦੀ ਪ੍ਰਯੋਗਸ਼ਾਲਾ

ਅੰਬੇਡਕਰ ਵਿਚਾਰ : ਪਿੰਡ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਮਨੂੰਵਾਦੀ ਪ੍ਰਯੋਗਸ਼ਾਲਾ

ਪਿੰਡ ਦਾ ਨਾਂ ਆਉਂਦੇ ਹੀ ਦਿਲ ਤੇ ਦਿਮਾਗ 'ਚ ਹਿੰਦੀ ਦੇ ਕਵੀ ਮੈਥਲੀਸ਼ਰਣ ਗੁਪਤ ਦੀ ਕਵਿਤਾ ਦੀਆਂ ਲਾਈਨਾਂ ਗੂੰਜਣ ਲੱਗ ਪੈਂਦੀਆਂ ਹਨ - ਭਾਰਤ ਮਾਤਾ ਗ੍ਰਾਮਵਾਸਿਨੀ। ਇਹ ਲਾਈਨਾਂ ਮੈਂ ਬਚਪਨ ਤੋਂ ਹੀ ਸੁਣਦਾ ਆਇਆ ਹਾਂ ਕਿ ਭਾਰਤ ਮਾਤਾ ਪਿੰਡਾਂ 'ਚ ਵਸਦੀ ਹੈ, ਭਾਰਤ ਪਿੰਡਾਂ ਦਾ ਦੇਸ਼ ਹੈ ਤੇ ਭਾਰਤ ਦੀ ਆਤਮਾ ਵੀ ਪਿੰਡਾਂ 'ਚ ਹੀ ਵਸਦੀ ਹੈ। ਗਾਂਧੀ ਦੇ ਗ੍ਰਾਮ ਸਵਰਾਜ ਦੇ ਵਿਚਾਰ ਨੂੰ ਵੀ ਉਨ੍ਹਾਂ ਦੇ ਸਮਰਥਕਾਂ ਵਲੋਂ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿ ਇਹ ਭਾਰਤ ਦੇ ਲੋਕਾਂ ਤੇ ਖਾਸਕਰ ਦਲਿਤ ਸ਼ੋਸ਼ਿਤ ਵਰਗ ਦੇ ਲੋਕਾਂ ਲਈ ਬਹੁਤ ਵਧੀਆ ਹੋਵੇ।

ਮੋਹਨ ਦਾਸ ਕਰਮਚੰਦ ਗਾਂਧੀ ਦੇ ਗ੍ਰਾਮ ਸਵਰਾਜ ਦੇ ਵਿਚਾਰ ਬਾਰੇ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੋਵੇਗਾ ਕਿ ਪਿੰਡ ਆਖਰ ਕਿਸਦਾ ਹੈ? ਉਨ੍ਹਾਂ ਅਖੌਤੀ ਉੱਚ ਜਾਤੀ ਦੇ ਲੋਕਾਂ ਦਾ, ਜਿਨ੍ਹਾਂ ਦੀ ਪੂਰੇ ਦੇਸ਼ 'ਚ ਆਬਾਦੀ 10 ਤੋਂ 15 ਫੀਸਦੀ ਤੋਂ ਜ਼ਿਆਦਾ ਨਹੀਂ। ਜੋ ਆਪ ਹੱਥੀਂ ਕੰਮ ਨਾ ਕਰਦੇ ਹੋਏ ਵੀ ਦੇਸ਼ ਦੇ ਸਾਰੇ ਸੰਸਾਧਨਾਂ 'ਤੇ ਕਾਬਿਜ਼ ਰਹੇ ਹਨ ਜਾਂ ਫਿਰ ਇਹ ਪਿੰਡ ਉਨ੍ਹਾਂ ਲੋਕਾਂ ਦਾ ਹੈ, ਜੋ ਸਦੀਆਂ ਤੋਂ ਦਬਾ ਕੇ ਰੱਖੇ ਗਏ ਹਨ। ਉਨ੍ਹਾਂ ਲੋਕਾਂ ਦਾ, ਜਿਨ੍ਹਾਂ ਨੂੰ ਪਿੰਡਾਂ 'ਚ ਅਛੂਤ ਬਣਨ ਤੇ ਜਾਨਵਰ ਤੋਂ ਵੀ ਮਾੜੀ ਜ਼ਿੰਦਗੀ ਜੀਊਣ ਲਈ ਮਜ਼ਬੂਰ ਕੀਤਾ ਗਿਆ?

ਭਾਰਤ ਦੇ ਪਿੰਡਾਂ ਨੂੰ ਨੇੜਿਓਂ ਦੇਖਣ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਇਹ ਪਿੰਡ ਹੀ ਹਨ, ਜੋ ਕਿ ਦਲਿਤਾਂ ਦੇ ਸ਼ੋਸ਼ਣ ਤੇ ਗੁਲਾਮੀ ਦੇ ਸਭ ਤੋਂ ਕਰੂਰ ਤੇ ਪ੍ਰਭਾਵਸ਼ਾਲੀ ਕੇਂਦਰ ਹਨ। ਇਹ ਪਿੰਡ ਹੀ ਹਨ, ਜਿਨ੍ਹਾਂ ਨੇ ਸਦੀਆਂ ਤੋਂ ਲੈ ਕੇ ਹੁਣ ਤੱਕ ਵਰਣ ਵਿਵਸਥਾ ਤੇ ਅਛੂਤਤਾ ਨੂੰ ਸਭ ਤੋਂ ਵੱਧ ਮਜ਼ਬੂਤੀ ਦਿੱਤੀ ਹੈ।

ਜਿਹੜੇ ਲੋਕ ਪਿੰਡਾਂ ਦੀ ਗੌਰਵਸ਼ਾਲੀ ਤਸਵੀਰ ਖਿੱਚਦੇ ਹਨ, ਇਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ, ਅਸਲ 'ਚ ਇਹ ਲੋਕ ਪਿੰਡਾਂ 'ਚ ਸਦੀਆਂ ਤੋਂ ਕਾਬਿਜ ਧਿਰ ਨਾਲ ਹੀ ਸਬੰਧਤ ਹਨ, ਜਿਨ੍ਹਾਂ ਲਈ ਪਿੰਡ ਸਚਮੁੱਚ 'ਚ ਹੀ ਸਵਰਗ ਹਨ। ਗਾਂਧੀ ਵੀ ਪਿੰਡਾਂ ਨੂੰ ਲੈ ਕੇ ਬੜੇ ਭਾਵੁਕ ਤੇ ਉਤਸ਼ਾਹਿਤ ਰਹਿੰਦੇ ਸਨ, ਜਦਕਿ ਉਨ੍ਹਾਂ ਦੇ ਮੁਕਾਬਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਨਜ਼ਰ 'ਚ ਪਿੰਡ ਦਲਿਤ ਵਰਗ ਦੇ ਲਈ ਗੁਲਾਮੀ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਬਾਬਾ ਸਾਹਿਬ ਅੰਬੇਡਕਰ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਪਿੰਡ ਜਾਤੀਵਾਦ ਤੇ ਭੇਦਭਾਵ ਨੂੰ ਬਣਾਏ ਰੱਖਣ ਦੇ ਸਭ ਤੋਂ ਵੱਡੇ ਕੇਂਦਰ ਹਨ।

ਬਾਬਾ ਸਾਹਿਬ ਨੇ ਆਪਣੀ ਪੁਸਤਕ -ਅਨਟਚਏਬਲਸ ਆਰ ਦ ਚਿਲਡਰਨ ਆਫ ਇੰਡਿਆਜ਼ ਗੇਟੋ 'ਚ ਕਿਹਾ ਹੈ ਕਿ ਇਹ ਪਿੰਡ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਮਨੂੰਵਾਦ ਦੀ ਪ੍ਰਯੋਗਸ਼ਾਲਾ ਹਨ। ਪਿੰਡਾਂ 'ਚ ਮਨੂੰਵਾਦੀ ਵਿਵਸਥਾ ਦੀ ਪੂਰੀ-ਪੂਰੀ ਪਾਲਣਾ ਕੀਤੀ ਜਾਂਦੀ ਹੈ ਤੇ ਜਿਹੜੇ ਲੋਕ ਇਸਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਨੂੰ ਪਿੰਡ ਦੇ ਅਖੌਤੀ ਉੱਚ ਵਰਗ ਦੇ ਲੋਕਾਂ ਵਲੋਂ ਸਖਤ ਸਜ਼ਾ ਵੀ ਦਿੱਤੀ ਜਾਂਦੀ ਹੈ ਤੇ ਸਮਾਜਿਕ ਬਾਈਕਾਟ ਵੀ ਕਰ ਦਿੱਤੇ ਜਾਂਦੇ ਹਨ।

ਜਦੋਂ ਵੀ ਕੋਈ ਅਖੌਤੀ ਉੱਚ ਜਾਤੀ ਨਾਲ ਸਬੰਧਤ ਵਿਅਕਤੀ ਭਾਰਤ ਦੇ ਪਿੰਡਾਂ ਦਾ ਜ਼ਿਕਰ ਕਰਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਆਮ ਤੌਰ 'ਤੇ ਪਿੰਡ ਦੀ ਜਾਤੀਵਾਦ 'ਤੇ ਆਧਾਰਿਤ ਸਮਾਜਿਕ ਵਿਵਸਥਾ ਨੂੰ ਉਹ ਆਦਰਸ਼ ਸਮਾਜਿਕ ਵਿਵਸਥਾ ਮੰਨਦਾ ਹੈ। ਅਖੌਤੀ ਉੱਚ ਜਾਤੀ ਵਰਗ ਦੀ ਪਿੰਡਾਂ ਨੂੰ ਲੈ ਕੇ ਖੁਸ਼ੀ ਇਸ ਕਰਕੇ ਹੈ, ਕਿਉਂਕਿ ਅਸਲ 'ਚ ਇਨ੍ਹਾਂ ਪਿੰਡਾਂ ਨੇ ਹੀ ਇਨ੍ਹਾਂ ਦਾ ਦਬਦਬਾ ਕਾਇਮ ਰੱਖਣ 'ਚ ਮਦਦ ਕੀਤੀ ਹੋਈ ਹੈ। ਇੱਥੇ ਇਹ ਸਭ ਵਿਸਤਾਰ 'ਚ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਪਿੰਡਾਂ 'ਚ ਦਲਿਤਾਂ ਦੇ ਰਹਿਣ, ਉੱਠਣ-ਬੈਠਣ, ਚੱਲਣ-ਫਿਰਨ, ਵਿਆਹ-ਸ਼ਾਦੀ, ਤਿਊਹਾਰ-ਉਤਸਵ ਆਦਿ ਨੂੰ ਲੈ ਕੇ ਪਿਛਲੇ 2 ਹਜ਼ਾਰ ਸਾਲਾਂ ਤੋਂ ਕਿਸ ਤਰ੍ਹਾਂ ਐਲਾਨੇ ਹੋਏ ਸਮਾਜਿਕ ਵਿਧਾਨ ਲਾਗੂ ਕੀਤੇ ਜਾਂਦੇ ਰਹੇ ਹਨ।

ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਇਨ੍ਹਾਂ ਪਿੰਡਾਂ 'ਚ ਦਲਿਤ ਹਮੇਸ਼ਾ ਬੇਜ਼ਮੀਨੇ ਮਜ਼ਦੂਰ ਹੀ ਰਹੇ ਹਨ। ਗੰਦਾ ਤੇ ਘਟੀਆ ਸਮਝਣ ਵਾਲਾ ਕੰਮ ਕਰਨ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਜਾਂਦਾ ਰਿਹਾ ਹੈ। ਮਜ਼ਦੂਰੀ ਦੇ ਰੂਪ 'ਚ ਉਨ੍ਹਾਂ ਨੂੰ ਪੈਸੇ ਨਾ ਦੇ ਕੇ ਅਨਾਜ ਦਿੱਤਾ ਜਾਂਦਾ ਰਿਹਾ ਹੈ।

ਬੇਗਾਰ ਤੇ ਬੰਧੂਆ ਮਜ਼ਦੂਰੀ ਅੱਜ ਵੀ ਪਿੰਡਾਂ ਦੀ ਇੱਕ ਵੱਡੀ ਸੱਚਾਈ ਹੈ। ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਛੁਆਛੂਤ ਦਾ ਸਭ ਤੋਂ ਮਾੜਾ ਰੂਪ ਸਾਨੂੰ ਪਿੰਡਾਂ 'ਚ ਦੇਖਣ ਨੂੰ ਮਿਲਦਾ ਹੈ। ਪਿੰਡਾਂ 'ਚ ਦਲਿਤਾਂ ਲਈ ਰੋਜ਼ੀ-ਰੋਟੀ ਕਮਾਉਣ ਦੇ ਰਸਤੇ ਤਕਰੀਬਨ ਬੰਦ ਰਹੇ ਹਨ। ਜੇਕਰ ਉਨ੍ਹਾਂ ਦੇ ਸ਼ੋਸ਼ਣ ਤੇ ਅੱਤਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਗੋਹਾਨਾ, ਝੱਝਰ, ਚਕਵਾੜਾ, ਮਿਰਚਪੁਰ ਤੋਂ ਲੈ ਕੇ ਖੇਰਲਾਂਜੀ ਵਰਗੀਆਂ ਦਿਲ ਕੰਬਾਊਂ ਘਟਨਾਵਾਂ ਪਿੰਡਾਂ 'ਚ ਹੀ ਹੋਈਆਂ ਹਨ, ਜਿਨ੍ਹਾਂ 'ਚ ਦਲਿਤਾਂ ਨੂੰ ਬੁਰੀ ਤਰ੍ਹਾਂ ਅੱਤਿਆਚਾਰਾਂ ਦਾ ਸ਼ਿਕਾਰ ਬਣਾਇਆ ਗਿਆ ਹੈ।

ਪਿਛਲੇ ਕੁਝ ਸਾਲਾਂ 'ਚ ਰਾਖਵੇਂਕਰਨ ਕਾਰਨ ਪਿੰਡਾਂ ਦੀਆਂ ਪੰਚਾਇਤਾਂ 'ਚ ਦਲਿਤ ਸਰਪੰਚ, ਪੰਚ ਆਦਿ ਦਿਖਾਈ ਦੇਣ ਲੱਗੇ ਹਨ। ਜੇਕਰ ਇਸਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਿੰਡਾਂ 'ਚ ਅਖੌਤੀ ਉੱਚ ਵਰਗ ਨਾਲ ਸਬੰਧਤ ਲੋਕਾਂ ਵੱਲੋਂ ਆਪਣੇ ਖੇਤਾਂ 'ਚ ਕੰਮ ਕਰਦੇ ਦਲਿਤਾਂ ਨੂੰ ਹੀ ਜੋੜ-ਤੋੜ ਕਰਕੇ ਇਨ੍ਹਾਂ ਪੰਚਾਇਤਾਂ ਦੇ ਦਿਖਾਵੇ ਦੇ ਤੌਰ 'ਤੇ ਸਰਪੰਚ ਬਣਾ ਦਿੱਤਾ ਜਾਂਦਾ ਹੈ, ਜਦਕਿ ਅਸਲ 'ਚ ਪਿੰਡਾਂ 'ਚ ਰਾਜ ਇਨ੍ਹਾਂ ਲੋਕਾਂ ਦਾ ਹੀ ਹੁੰਦਾ ਹੈ ਤੇ ਇਨ੍ਹਾਂ ਵੱਲੋਂ ਬਣਾਇਆ ਗਿਆ ਦਲਿਤ ਸਰਪੰਚ ਇਨ੍ਹਾਂ ਦੇ ਪ੍ਰਭਾਵ 'ਚ ਹੀ ਕੰਮ ਕਰਦਾ ਹੈ।

ਦੇਸ਼ ਦੇ ਕਈ ਰਾਜਾਂ 'ਚ ਇਸ ਤਰ੍ਹਾਂ ਦੇ ਵੀ ਹਾਲਾਤ ਹਨ ਕਿ ਕਈ ਪਿੰਡਾਂ 'ਚ ਦਲਿਤ ਸਰਪੰਚਾਂ ਨੂੰ ਗ੍ਰਾਮ ਸਭਾਵਾਂ 'ਚ ਜਾਣ ਹੀ ਨਹੀਂ ਦਿੱਤਾ ਜਾਂਦਾ, ਕੁਰਸੀ 'ਤੇ ਬੈਠਣ ਹੀ ਨਹੀਂ ਦਿੱਤਾ ਜਾਂਦਾ ਤੇ ਕਿਸੇ ਵਿਸ਼ੇਸ਼ ਮੌਕੇ 'ਤੇ ਤਿਰੰਗਾ ਵੀ ਲਹਿਰਾਉਣ ਨਹੀਂ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇਸ਼ 'ਚ ਅਜੇ ਵੀ ਕਾਫੀ ਹੋ ਰਹੀਆਂ ਹਨ।

ਸਰਕਾਰ ਦੀ ਮਿਡ ਡੇ ਮੀਲ ਯੋਜਨਾ ਦੇ ਤਹਿਤ ਦਲਿਤਾਂ ਨੂੰ ਅਲਗ ਕਤਾਰਾਂ 'ਚ ਬੈਠਾ ਕੇ ਖਾਣਾ ਖਿਲਾਇਆ ਜਾਂਦਾ ਹੈ ਤੇ ਜੇਕਰ ਅਖੌਤੀ ਉੱਚ ਜਾਤੀ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਭੋਜਨ ਸਕੂਲ 'ਚ ਕਿਸੇ ਦਲਿਤ ਨੇ ਬਣਾਇਆ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਇਸਨੂੰ ਖਿਲਾਉਣ ਤੋਂ ਰੋਕ ਲੈਂਦੇ ਹਨ। ਅਜਿਹੀਆਂ ਘਟਨਾਵਾਂ ਦੇਸ਼ 'ਚ ਆਮ ਦੇਖਣ ਨੂੰ ਮਿਲਦੀਆਂ ਹਨ। ਜੇਕਰ ਦਲਿਤ ਇਸ ਤਰ੍ਹਾਂ ਦੇ ਭੇਦਭਾਵ ਦਾ ਕਿਤੇ ਵਿਰੋਧ ਕਰ ਦੇਣ 'ਤੇ ਉਨ੍ਹਾਂ ਖਿਲਾਫ ਵੱਡੇ ਪੱਧਰ 'ਤੇ ਹਿੰਸਾ ਕੀਤੀ ਜਾਂਦੀ ਹੈ।

ਦਲਿਤ ਲਾੜੇ ਨੂੰ ਘੋੜੀ ਨਾ ਚੜਨ ਦੇਣਾ, ਅਖੌਤੀ ਉੱਚ ਵਰਗ ਦੇ ਮੁਹੱਲੇ 'ਚੋਂ ਦਲਿਤਾਂ ਨੂੰ ਸਾਈਕਲ 'ਤੇ ਨਾ ਨਿਕਲਣ ਦੇਣਾ, ਘਿਓ ਖਾ ਲੈਣ ਤੇ ਨਵਾਂ ਕੱਪੜਾ ਪਹਿਨਣ 'ਤੇ ਉਨ੍ਹਾਂ ਨਾਲ ਕੁੱਟਮਾਰ ਕਰਨਾ, ਖੇਤਾਂ 'ਚੋਂ ਮੂਲੀ ਜਾਂ ਫਿਰ ਸਾਗ ਕੱਟਣ ਵੇਲੇ ਦਲਿਤ ਲੜਕੀ ਨਾਲ ਕੁੱਟਮਾਰ ਕਰਨੀ ਤੇ ਕਈ ਵਾਰੀ ਉਸਦੇ ਨਾਲ ਸਮੂਹਿਕ ਬਲਾਤਕਾਰ ਵੀ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਪਿੰਡਾਂ 'ਚ ਗ੍ਰਾਮ ਸਵਰਾਜ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਇਨ੍ਹਾਂ ਹਾਲਾਤਾਂ ਤੋਂ ਸਾਫ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਬਿਨਾਂ ਕਿਸੇ ਕਾਰਨ ਹੀ ਗਾਂਧੀ ਦੇ ਗ੍ਰਾਮ ਸਵਰਾਜ ਦਾ ਵਿਰੋਧ ਨਹੀਂ ਕੀਤਾ ਸੀ। ਬਾਬਾ ਸਾਹਿਬ ਨੇ ਪਿੰਡਾਂ ਦੇ ਸਮਾਜਿਕ-ਆਰਥਿਕ ਜੀਵਨ ਦੀ ਡੂੰਘੀ ਛਾਣਬੀਣ ਕਰਦੇ ਹੋਏ ਪਿੰਡਾਂ ਨੂੰ ਗਣਤੰਤਰ ਦਾ ਦੁਸ਼ਮਣ ਦੱਸਿਆ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਗਣਤੰਤਰ 'ਚ ਲੋਕਤੰਤਰ ਦੇ ਲਈ ਕੋਈ ਥਾਂ ਨਹੀਂ ਹੈ। ਇਸ 'ਚ ਬਰਾਬਰਤਾ ਲਈ ਕੋਈ ਸਥਾਨ ਨਹੀਂ ਹੈ, ਸੁਤੰਤਰਤਾ ਤੇ ਭਾਈਚਾਰੇ ਦੇ ਲਈ ਕੋਈ ਥਾਂ ਨਹੀਂ ਹੈ। ਭਾਰਤ ਦੇ ਪਿੰਡ ਗਣਤੰਤਰ ਦਾ ਠੀਕ ਉਲਟਾ ਰੂਪ ਹਨ। ਜੇਕਰ ਗਣਤੰਤਰ ਹੈ ਤਾਂ ਉਹ ਅਛੂਤਾਂ ਦਾ ਗਣਤੰਤਰ ਹੈ, ਅਛੂਤਾਂ ਵੱਲੋਂ ਹੈ ਤੇ ਉਨ੍ਹਾਂ ਦੇ ਲਈ ਹੀ ਹੈ। ਪਿੰਡਾਂ ਦਾ ਇਹ ਗਣਤੰਤਰ ਇੱਕ ਤਰ੍ਹਾਂ ਦੇ ਨਾਲ ਪਿੰਡਾਂ 'ਚ ਕਾਬਿਜ਼ ਵਰਗ ਦਾ ਅਛੂਤਾਂ 'ਤੇ ਇੱਕ ਵਿਸ਼ਾਲ ਸਾਮਰਾਜ ਹੈ।

ਇਹ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਉਪਨਿਵੇਸ਼ਵਾਦ ਹੈ, ਜੋ ਅਛੂਤਾਂ ਦੇ ਸ਼ੋਸ਼ਣ ਕਰਨ ਦੇ ਲਈ ਹੈ। ਇਹੀ ਕਾਰਨ ਸੀ ਕਿ ਡਾ. ਅੰਬੇਡਕਰ ਨੇ ਦਲਿਤਾਂ ਨੂੰ ਪਿੰਡ ਛੱਡ ਕੇ ਸ਼ਹਿਰ ਜਾਣ ਤੇ ਉੱਥੇ ਰਹਿਣ ਦਾ ਰਾਸਤਾ ਦੱਸਿਆ ਸੀ। ਉਨ੍ਹਾਂ ਨੇ ਸ਼ਹਿਰੀਕਰਨ ਤੇ ਆਧੁਨਿਕਤਾ ਦੀ ਵਕਾਲਤ ਕੀਤੀ ਸੀ।

ਸ਼ਹਿਰਾਂ 'ਚ ਕੰਮਕਾਜ ਦੇ ਸਾਧਨ ਕਾਫੀ ਹਨ ਤੇ ਉੱਥੇ ਜਾਤੀਵਾਦ ਦਾ ਖਤਰਨਾਕ ਰੂਪ ਨਹੀਂ ਹੈ। ਦਲਿਤਾਂ ਦੇ ਬੱਚਿਆਂ ਲਈ ਸਿੱਖਿਆ ਨੂੰ ਹਾਸਲ ਕਰਨਾ ਪਿੰਡਾਂ ਨਾਲੋਂ ਆਸਾਨ ਹੈ। ਦਲਿਤ ਔਰਤਾਂ ਲਈ ਵੀ ਰੁਜ਼ਗਾਰ ਦੇ ਰਸਤੇ ਖੁੱਲੇ ਹਨ। ਜੇਕਰ ਅਸੀਂ ਅੱਜ ਦੇ ਪਰਿਪੇਖ 'ਚ ਦੇਖੀਏ ਤਾਂ ਇਹ ਪਤਾ ਲੱਗ ਜਾਵੇਗਾ ਕਿ ਜੋ ਵੀ ਦਲਿਤ ਪਿੰਡ ਛੱਡ ਕੇ ਸ਼ਹਿਰ ਚਲੇ ਗਏ, ਉਨ੍ਹਾਂ ਦੀ ਅਗਲੀ ਪੀੜ੍ਹੀ ਤਰੱਕੀ ਦੇ ਰਸਤੇ 'ਤੇ ਚੱਲ ਪਈ। ਇਸਦੇ ਉਲਟ, ਜੋ ਦਲਿਤ ਪਿੰਡ 'ਚ ਹੀ ਰਹਿ ਗਏ, ਉਨ੍ਹਾਂ ਦੀ ਹਾਲਤ 'ਚ ਕੋਈ ਬਦਲਾਅ ਨਹੀਂ ਆਇਆ।
ਡਾ. ਸੁਨੀਲ ਕੁਮਾਰ ਸੁਮਨ
ਲੇਖਕ ਅੰਬੇਡਕਰਵਾਦੀ ਚਿੰਤਕ ਹਨ।

Comments

Leave a Reply