Tue,Aug 03,2021 | 07:28:20am
HEADLINES:

Social

ਸਿਰਫ ਸ਼ਲਾਘਾ ਨਹੀਂ, ਔਰਤਾਂ ਨੂੰ ਬਰਾਬਰੀ ਦੇ ਮੌਕੇ ਵੀ ਦਿਓ

ਸਿਰਫ ਸ਼ਲਾਘਾ ਨਹੀਂ, ਔਰਤਾਂ ਨੂੰ ਬਰਾਬਰੀ ਦੇ ਮੌਕੇ ਵੀ ਦਿਓ

ਪਿਛਲੇ ਸਾਲ ਇੱਕ ਬ੍ਰਿਟਿਸ਼ ਸਟਡੀ 'ਚ ਕੰਮਕਾਜੀ ਔਰਤਾਂ ਦੀ ਮਾਨਸਿਕ ਸਥਿਤੀ 'ਤੇ ਇੱਕ ਖੁਲਾਸਾ ਕੀਤਾ ਗਿਆ ਸੀ। ਯੂਕੇ ਦੇ ਸ਼ਹਿਰ ਮੈਨਚੇਸਟਰ ਯੂਨੀਵਰਸਿਟੀ ਅਤੇ ਏਸੇਕਸ ਯੂਨੀਵਰਸਿਟੀ ਦੇ ਇੱਕ ਸਾਂਝੇ ਸੋਧ 'ਚ ਕਿਹਾ ਗਿਆ ਸੀ ਕਿ ਕੰਮਕਾਜੀ ਔਰਤਾਂ ਨੂੰ ਦੂਜੀਆਂ ਔਰਤਾਂ ਦੇ ਮੁਕਾਬਲੇ 18 ਫੀਸਦੀ ਜ਼ਿਆਦਾ ਤਣਾਅ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਪਰੋਂ ਜੇਕਰ ਉਨ੍ਹਾਂ ਦੇ 2 ਬੱਚੇ ਹੋਣ ਤਾਂ ਇਹ ਤਣਾਅ ਵਧ ਕੇ 40 ਫੀਸਦੀ ਹੋ ਜਾਂਦਾ ਹੈ।

ਇਸ ਸੋਧ 'ਚ 2 ਭਾਰਤੀ ਮਹਿਲਾ ਸਮਾਜ ਸ਼ਾਸਤਰੀਆਂ ਵੀ ਸ਼ਾਮਲ ਸਨ-ਤਾਰਣੀ ਚੰਡੋਲਾ ਤੇ ਮੀਨਾ ਕੁਮਾਰੀ। ਸਾਫ ਜਿਹੀ ਗੱਲ ਹੈ, ਇਹ ਬ੍ਰਿਟਿਸ਼ ਸਰਵੇਖਣ ਭਾਰਤ ਕੀ, ਸਾਰੇ ਦੇਸ਼ਾਂ 'ਤੇ ਲਾਗੂ ਹੁੰਦਾ ਹੈ। ਇਸ ਸੋਧ 'ਚ ਸਰੀਰ ਦੀਆਂ ਮਨੋਵਿਗਿਆਨਕ ਪ੍ਰਣਾਲੀਆਂ ਨਾਲ ਜੁੜੇ 11 ਸੰਕੇਤਕਾਂ ਜਾਂ ਬਾਇਓਮਾਰਕਰਸ ਨੂੰ ਸ਼ਾਮਲ ਕੀਤਾ ਗਿਆ ਸੀ, ਜੋ ਕਿ ਖਰਾਬ ਸਿਹਤ ਅਤੇ ਮੌਤ ਨਾਲ ਸਬੰਧਤ ਸਨ। ਸੋਧ 'ਚ ਕਿਹਾ ਗਿਆ ਕਿ ਇਨ੍ਹਾਂ ਬਾਇਓਮਾਰਕਰਸ 'ਚ ਕ੍ਰਾਨਿਕ ਸਟ੍ਰੈਸ, ਹਾਰਮੋਨਲ ਲੈਵਲ ਅਤੇ ਬਲੱਡ ਪ੍ਰੈਸ਼ਰ ਸ਼ਾਮਲ ਹਨ ਅਤੇ ਔਰਤਾਂ 'ਚ ਇਹ ਸਾਰੇ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਪਾਏ ਗਏ ਹਨ। ਬੱਚਿਆਂ ਵਾਲੀ ਮਾਂ 'ਚ ਇਹ ਸਭ ਜ਼ਿਆਦਾ ਹੁੰਦਾ ਹੈ, ਬਜਾਏ ਉਨ੍ਹਾਂ ਔਰਤਾਂ ਦੇ, ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ।

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਕੰਮ ਲਈ ਫਲੈਕਸੀਬਲ ਟਾਈਮ ਮਿਲਣ ਨਾਲ ਸਟ੍ਰੈਸ ਦਾ ਇਹ ਲੈਵਲ ਘੱਟ ਨਹੀਂ ਹੁੰਦਾ। ਨਾ ਹੀ ਘਰ 'ਚ ਰਹਿ ਕੇ ਕੰਮ ਕਰਨ ਨਾਲ ਇਹ ਦੂਰ ਹੁੰਦਾ ਹੈ। ਇਸ ਲਈ ਵਰਕ ਫ੍ਰਾਮ ਹੋਮ ਦਾ ਬਦਲ ਦੇਣ ਵਾਲਿਆਂ ਨੂੰ ਇਹ ਸਮਝਣਾ ਹੋਵੇਗਾ। ਕੁੱਲ ਮਿਲਾ ਕੇ ਜੇਕਰ ਘਰ ਰਹਿ ਕੇ ਵੀ ਤੁਸੀਂ ਫਲੈਕਸੀਬਲ ਢੰਗ ਨਾਲ ਕੰਮ ਕਰਨ ਦਾ ਰਾਹ ਚੁਣੋ, ਉਦੋਂ ਵੀ ਕੰਮਕਾਜੀ ਔਰਤਾਂ ਦਾ ਤਣਾਅ ਦੂਰ ਨਹੀਂ ਹੁੰਦਾ। ਸਰਵੇਖਣ 'ਚ ਇਹ ਸਾਰੇ ਸਬੂਤਾਂ ਦੇ ਨਾਲ ਕਿਹਾ ਗਿਆ ਹੈ।

ਸਕਾਟਲੈਂਡ 'ਚ ਰਹਿਣ ਵਾਲੀ ਫ੍ਰੀਲਾਂਸ ਪੱਤਰਕਾਰ ਚਿੱਤਰਾ ਰਾਮਾਸਵਾਮੀ ਨੇ 'ਦ ਗਾਰਜੀਅਨ' ਅਖਬਾਰ 'ਚ ਇੱਕ ਕਾਲਮ 'ਚ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਦੇ 2 ਬੱਚੇ ਹਨ। ਪਾਰਟਟਾਈਮ ਕੰਮ ਕਰਦੇ ਹੋਏ ਉਹ ਬੱਚਿਆਂ ਦੀ ਦੇਖਭਾਲ ਕਰਦੇ ਹਨ। ਇਹ ਉਨ੍ਹਾਂ ਦੀ ਖੁਦ ਦੀ ਮਰਜ਼ੀ ਹੈ ਕਿ ਉਹ ਘੱਟ ਪੈਸੇ ਕਮਾਉਣ-ਬੱਚਿਆਂ ਦੀ ਦੇਖਭਾਲ 'ਚ ਜ਼ਿਆਦਾ ਸਮਾਂ ਬਿਤਾਉਣ। ਉਨ੍ਹਾਂ ਦੇ ਪਾਰਟਨਰ ਕੰਮ ਦੇ ਫਲੈਕਸੀਬਲ ਘੰਟਿਆਂ ਵਾਲੀਆਂ 2 ਨੌਕਰੀਆਂ ਕਰਦੇ ਹਨ।

ਜ਼ਿੰਦਗੀ ਖੁਸ਼ਹਾਲ ਹੈ। ਉਹ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਸਭ ਕੁਝ ਠੀਕ ਹੈ, ਪਰ ਉਹ ਫਿਰ ਵੀ ਕਦੇ-ਕਦੇ ਤਣਾਅ 'ਚ ਆ ਜਾਂਦੇ ਹਨ। ਜਦੋਂ ਕਮਰੇ ਦੇ ਬਾਹਰ ਬੱਚੇ ਦਰਵਾਜਾ ਖੜਕਾਉਂਦੇ ਹਨ ਅਤੇ ਉਹ ਆਪਣੇ ਆਰਟੀਕਲ ਦੀ ਆਖਰੀ ਲਾਈਨ ਖਤਮ ਕਰਦੇ ਹੋਏ ਚੀਖ ਕੇ ਕਹਿੰਦੇ ਹਨ-ਹੋ ਗਿਆ, ਬੱਸ ਹੋ ਗਿਆ।

ਕੰਮਕਾਜੀ ਮਹਿਲਾਵਾਂ ਨੂੰ ਤਣਾਅਮੁਕਤ ਕਰਨ ਲਈ ਪੁਰਸ਼ ਉਨ੍ਹਾਂ ਨੂੰ ਸਲਾਮ ਕਰਦੇ ਹਨ। ਉਹ ਕਿਵੇਂ ਕੰਮ ਅਤੇ ਘਰ-ਪਰਿਵਾਰ ਵਿਚਕਾਰ ਤਾਲਮੇਲ ਬਿਠਾਉਂਦੀਆਂ ਹਨ, ਇਸ ਗੱਲ 'ਤੇ ਤਾੜੀਆਂ ਵਜਾਉਂਦੇ ਹਨ, ਪਰ ਇਸ ਤਣਾਅ ਨੂੰ ਘੱਟ ਕਿਵੇਂ ਕੀਤਾ ਜਾਵੇ, ਇਹ ਦੱਸਣ ਵਾਲਾ ਕੋਈ ਨਹੀਂ। ਕੀ ਕੰਮ ਕੀਤਾ ਹੀ ਨਾ ਜਾਵੇ? ਕੀ ਔਰਤਾਂ ਇਸ ਬਦਲ ਲਈ ਹਾਂ ਕਹਿਣਗੀਆਂ? ਜਾਂ ਪੂੰਜੀਵਾਦੀ ਬਜ਼ਾਰ ਇਸ ਗੱਲ ਦਾ ਸੁਝਾਅ ਦੇਣਾ ਚਾਹੇਗਾ? ਬਿਲਕੁਲ ਨਹੀਂ। ਕਿਉਂਕਿ ਕੰਮ ਨਾ ਕਰਨਾ, ਦੂਜੇ ਤਰ੍ਹਾਂ ਦਾ ਤਣਾਅ ਦਿੰਦਾ ਹੈ।

2014 'ਚ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ 'ਚ ਕਿਹਾ ਗਿਆ ਸੀ ਕਿ ਦੇਸ਼ 'ਚ ਹਰ ਸਾਲ ਖੁਦਕੁਸ਼ੀ ਕਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਗਿਣਤੀ ਸ਼ਹਿਰੀ ਘਰੇਲੂ ਮਹਿਲਾਵਾਂ ਦੀ ਹੈ। ਜੇਕਰ ਕਿਸਾਨ ਖੁਦਕੁਸ਼ੀਆਂ ਨਾਲ ਇਸਦਾ ਮੁਕਾਬਲਾ ਕੀਤਾ ਜਾਵੇ ਤਾਂ ਇਹ ਇੱਕ ਤੇ ਤਿੰਨ ਦਾ ਫਰਕ ਹੈ। ਮਤਲਬ, ਜੇਕਰ ਪਿੰਡਾਂ 'ਚ ਇੱਕ ਕਿਸਾਨ ਖੁਦਕੁਸ਼ੀ ਕਰਦਾ ਹੈ ਤਾਂ ਸ਼ਹਿਰਾਂ 'ਚ 3 ਘਰੇਲੂ ਮਹਿਲਾਵਾਂ ਖੁਦਕੁਸ਼ੀਆਂ ਕਰਦੀਆਂ ਹਨ।

ਇਸ ਲਈ ਕੰਮਕਾਜੀ ਔਰਤਾਂ ਦੇ ਜ਼ਿਆਦਾ ਤਣਾਅ ਨਾਲ ਪੀੜਤ ਰਹਿਣ ਦਾ ਸੋਧ ਕਦੇ-ਕਦੇ ਸਕੈਂਡਲ ਵੀ ਲਗਦਾ ਹੈ। ਕਿਉਂਕਿ ਜ਼ਿਆਦਾ ਤਣਾਅ ਉਦੋਂ ਪੈਦਾ ਹੁੰਦਾ ਹੈ, ਜਦੋਂ ਔਰਤਾਂ ਘਰ 'ਚ ਬੈਠ ਕੇ ਘਰ ਦਾ ਕੰਮ ਜਿਵੇਂ ਅਨਪੇਡ ਵਰਕ ਕਰਦੀਆਂ ਹਨ ਅਤੇ ਘਰ ਵਾਲੇ ਉਸ ਤੋਂ ਪੁੱਛਦੇ ਹਨ-ਤੂੰ ਸਾਰਾ ਦਿਨ ਕਰਦੀ ਕੀ ਆ? ਜਾਂ ਫਿਰ ਉਦੋਂ, ਜਦੋਂ ਘਰ ਦੇ ਬਾਹਰ ਦਫਤਰ 'ਚ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਮੌਕੇ ਤੇ ਸਫਲਤਾ ਨਹੀਂ ਮਿਲਦੀ।

ਸਭ ਤੋਂ ਔਖੇ ਫੈਮੀਨਿਸਟ ਸਵਾਲ ਦਾ ਇਹ ਸਭ ਤੋਂ ਸੌਖਾ ਉੱਤਰ ਹੈ-ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਦਲ ਮਿਲਣੇ ਚਾਹੀਦੇ ਹਨ। ਕੰਮਕਾਜੀ ਮਹਿਲਾਵਾਂ ਦੇ ਤਣਾਅ ਦਾ ਸਭ ਤੋਂ ਵੱਡਾ ਕਾਰਨ ਗੈਰਬਰਾਬਰੀ ਹੈ। ਘਰਾਂ 'ਚ ਅਤੇ ਦਫਤਰਾਂ 'ਚ ਵੀ। ਜਿਵੇਂ ਕਿ ਓਈਸੀਡੀ ਦਾ ਡੇਟਾ ਕਹਿੰਦਾ ਹੈ ਕਿ ਭਾਰਤ 'ਚ ਰੋਜ਼ਾਨਾ ਔਰਤਾਂ ਦੇ ਹਿੱਸੇ ਕਰੀਬ 6 ਘੰਟੇ ਦਾ ਘਰ ਦਾ ਕੰਮ ਆਉਂਦਾ ਹੈ। ਇਹ ਅਨਪੇਡ ਵਰਕ, ਉਨ੍ਹਾਂ ਦੇ ਪੇਡ ਵਰਕ ਦੇ ਨਾਲ ਹੁੰਦਾ ਹੈ, ਜਦਕਿ ਆਦਮੀ ਉਨ੍ਹਾਂ ਮੁਕਾਬਲੇ ਰੋਜ਼ਾਨਾ ਇੱਕ ਘੰਟੇ ਤੋਂ ਵੀ ਘੱਟ ਅਨਪੇਡ ਵਰਕ ਕਰਦੇ ਹਨ। ਇਹ ਗੈਰਬਰਾਬਰੀ ਦਫਤਰਾਂ 'ਚ ਵੀ ਕਾਇਮ ਰਹਿੰਦੀ ਹੈ।

ਵਰਲਡ ਇਕਨੋਮਿਕ ਫੋਰਮ ਦੀ ਸਲਾਨਾ ਗਲੋਬਲ ਜੈਂਡਰ ਗੈਪ ਰਿਪੋਰਟ 'ਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਪੁਰਸ਼ਾਂ ਦੀ ਬਰਾਬਰੀ 'ਚ ਲਿਆਉਣ 'ਚ ਅਜੇ 217 ਸਾਲ ਲੱਗਣਗੇ। ਭਾਰਤ 'ਚ ਮਾਨਸਟਰ ਸੈਲਰੀ ਇੰਡੈਕਸ (ਐੱਮਐੱਸਆਈ) 'ਚ 2018 ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਔਰਤਾਂ ਦੀ ਕਮਾਈ ਪੁਰਸ਼ਾਂ ਤੋਂ ਔਸਤ 25 ਫੀਸਦੀ ਘੱਟ ਹੈ। ਜਦੋਂ ਸਭ ਬਰਾਬਰੀ 'ਤੇ ਆਵੇਗਾ, ਤਣਾਅ ਆਪਣੇ ਆਪ ਘੱਟ ਹੋ ਜਾਵੇਗਾ।

ਉਦੋਂ ਤੱਕ ਪ੍ਰਸਿੱਧ ਲੋਕਾਂ ਨੂੰ ਔਰਤਾਂ ਨੂੰ ਸੈਲਿਊਟ ਕਰਨ ਦੀ ਜਗ੍ਹਾ ਆਪਣੇ ਆਲੇ-ਦੁਆਲੇ ਉਨ੍ਹਾਂ ਨੂੰ ਬਰਾਬਰੀ 'ਤੇ ਲਿਆਉਣ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਵਪਾਰ ਜਗਤ ਲੀਡਰ ਆਪਣੇ ਦਫਤਰਾਂ ਤੋਂ ਇਸਦੀ ਸ਼ੁਰੂਆਤ ਕਰਨਗੇ ਤਾਂ ਨਵਾਂ ਇਤਿਹਾਸ ਲਿਖਿਆ ਜਾ ਸਕੇਗਾ। ਨਹੀਂ ਤਾਂ ਜ਼ੁਬਾਨੀ ਜਮ੍ਹਾਂ-ਖਰਚ ਦਾ ਕੋਈ ਲਾਭ ਨਹੀਂ ਹੋਣ ਵਾਲਾ।  -ਮਾਸ਼ਾ

Comments

Leave a Reply