Tue,Aug 03,2021 | 05:26:18am
HEADLINES:

Social

ਕਲਾਸ ਰੂਮ ਹੋਵੇ ਜਾਂ ਸਟੂਡੈਂਟ ਰਾਜਨੀਤੀ, ਹਰ ਸਥਾਨ 'ਤੇ ਰੋਜ਼ਾਨਾ ਨਵੀਂ ਜੰਗ ਲੜਦੇ ਹਨ ਐੱਸਸੀ ਸਟੂਡੈਂਟਸ

ਕਲਾਸ ਰੂਮ ਹੋਵੇ ਜਾਂ ਸਟੂਡੈਂਟ ਰਾਜਨੀਤੀ, ਹਰ ਸਥਾਨ 'ਤੇ ਰੋਜ਼ਾਨਾ ਨਵੀਂ ਜੰਗ ਲੜਦੇ ਹਨ ਐੱਸਸੀ ਸਟੂਡੈਂਟਸ

ਹਾਥਰਸ ਗੈਂਗਰੇਪ ਵਰਗੇ ਜ਼ੁਲਮ ਦੇ ਮਾਮਲਿਆਂ ਦਾ ਦਲਿਤ ਸਮਾਜ 'ਤੇ ਬਹੁਤ ਜ਼ਿਆਦਾ ਮਾਨਸਿਕ ਅਸਰ ਹੋਇਆ ਹੈ। ਬੇਸ਼ੱਕ ਹੀ ਉਹ ਪੀੜਤ ਲੜਕੀ ਨਾਲ ਸਬੰਧਤ ਨਾ ਵੀ ਹੋਣ। ਹਾਲਾਂਕਿ ਇਹ ਵੀ ਸੱਚ ਹੈ ਕਿ ਦਲਿਤ ਮਹਿਲਾਵਾਂ ਤੇ ਪੂਰੇ ਸਮਾਜ ਦਾ ਰੋਜ਼ਾਨਾ ਦਾ ਜੀਵਨ ਵੀ ਮਾਨਸਿਕ ਦਬਾਅ ਨਾਲ ਭਰਿਆ ਹੁੰਦਾ ਹੈ। ਉਨ੍ਹਾਂ ਨੂੰ ਪੀੜ੍ਹੀਆਂ ਤੋਂ ਜਾਤੀ ਆਧਾਰਿਤ ਭੇਦਭਾਵ ਤੇ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਦਾ ਸਮਾਜ ਤੋਂ ਬਾਇਕਾਟ ਕੀਤਾ ਗਿਆ ਹੈ।

ਇਸ ਹਿੰਸਾ ਤੇ ਸੋਸ਼ਲ ਬਾਇਕਾਟ 'ਚ ਕਈ ਵਾਰ ਬਹੁਤ ਕਰੂਰਤਾ ਨਜ਼ਰ ਆਉਂਦੀ ਹੈ ਅਤੇ ਕਦੇ-ਕਦੇ ਬਹੁਤ ਚਲਾਕੀ ਨਾਲ ਦਲਿਤਾਂ ਨੂੰ ਉਨ੍ਹਾਂ ਦੀ 'ਔਕਾਤ' ਦਿਖਾਈ ਜਾਂਦੀ ਹੈ। ਦਲਿਤ ਜਨਤੱਕ ਤੌਰ 'ਤੇ ਆਪਣੀ ਪਹਿਚਾਣ ਲੁਕਾਉਣ ਜਾਂ ਦਿਖਾਉਣ, ਉਨ੍ਹਾਂ 'ਤੇ ਮਾਨਸਿਕ ਦਬਾਅ-ਤਣਾਅ ਘੱਟ ਨਹੀਂ ਹੁੰਦਾ। ਇਸਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਅਖੌਤੀ ਉੱਚ ਜਾਤੀਆਂ 'ਉੱਚਤਾ' ਦਾ ਪ੍ਰਦਰਸ਼ਨ ਕਰਦੀਆਂ ਹਨ ਅਤੇ ਇਹ ਤਣਾਅ ਉਥੋਂ ਹੀ ਪੈਦਾ ਹੁੰਦਾ ਹੈ। ਪੇਂਡੂ ਖੇਤਰਾਂ 'ਚ ਫਰਕ ਇੰਨਾ ਹੈ ਕਿ ਉੱਥੇ ਲੋਕ ਦਲਿਤਾਂ 'ਤੇ ਜ਼ਿਆਦਾ ਕਰੂਰਤਾ ਕਰਨ 'ਤੋਂ ਝਿਝਕਦੇ ਨਹੀਂ।

ਦਲਿਤ ਮਹਿਲਾਵਾਂ ਦੇ ਸਰੀਰ 'ਤੇ ਅਖੌਤੀ ਉੱਚ ਜਾਤੀਆਂ ਦੇ ਹਮਲੇ ਹੁੰਦੇ ਹਨ। ਦੂਜੇ ਪਾਸੇ ਸ਼ਹਿਰੀ ਇਲਾਕਿਆਂ 'ਚ ਥੋੜ੍ਹੀ ਚਲਾਕੀ ਨਾਲ ਕੰਮ ਲਿਆ ਜਾਂਦਾ ਹੈ। ਯੂਨੀਵਰਸਿਟੀਆਂ ਅਤੇ ਦੂਜੇ ਸਿੱਖਿਆ ਸੰਸਥਾਨਾਂ ਦੀ ਬਣਤਰ 'ਚ ਅਖੌਤੀ ਉੱਚ ਜਾਤੀਆਂ ਦਾ ਦਬਦਬਾ ਕਾਇਮ ਹੈ। ਦਲਿਤ ਲੜਕੇ-ਲੜਕੀਆਂ ਨੂੰ ਕਈ ਤਰ੍ਹਾਂ ਨਾਲ ਯਾਦ ਦਿਵਾਇਆ ਜਾਂਦਾ ਹੈ ਕਿ ਉਹ ਇਨ੍ਹਾਂ ਸਥਾਨਾਂ ਨੂੰ 'ਬਿਲਾਂਗ' ਨਹੀਂ ਕਰਦੇ। ਕਲਾਸ ਰੂਮ, ਸਟੂਡੈਂਟ ਰਾਜਨੀਤੀ ਤੇ ਅਕੈਡਮਕ ਸਪੇਸ 'ਚ ਉਨ੍ਹਾਂ ਨੂੰ ਰੋਜ਼ਾਨਾ ਇੱਕ ਨਵੀਂ ਜੰਗ ਲੜਨੀ ਪੈਂਦੀ ਹੈ।

ਅਪਰ ਕਾਸਟ ਸਟੂਡੈਂਟਸ ਨੂੰ ਲਗਾਤਾਰ ਦਲਿਤ ਸਟੂਡੈਂਟਸ ਤੋਂ ਅਸੁਵਿਧਾ ਮਹਿਸੂਸ ਹੁੰਦੀ ਹੈ ਅਤੇ ਯੂਨੀਵਰਸਿਟੀਆਂ 'ਚ ਇਹ ਅਸੁਵਿਧਾ ਸਾਫ ਤੌਰ 'ਤੇ ਨਜ਼ਰ ਆਉਂਦੀ ਹੈ। ਰਾਖਵੇਂਕਰਨ ਦਾ ਵਿਰੋਧ ਕਰਦੇ ਹੋਏ ਇਸ ਗੱਲ ਨੂੰ ਨਕਾਰਦੇ ਹੋਏ ਕਿ ਜਾਤੀ ਵਿਵਸਥਾ ਭਾਰਤੀ ਸਮਾਜ ਦਾ ਸੱਚ ਹੈ ਅਤੇ ਦਲਿਤ ਸਟੂਡੈਂਟਸ ਦੇ ਅਨੁਭਵਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਅਸੀਂ ਇਸੇ ਅਸੁਵਿਧਾ ਨੂੰ ਵਾਰ-ਵਾਰ ਪ੍ਰਗਟ ਕਰਦੇ ਹਾਂ। ਯੂਨੀਵਰਸਿਟੀਆਂ 'ਚ ਮੁੱਖ ਤੌਰ 'ਤੇ ਲੈਫਟਿਸਟ ਸੰਗਠਨ ਅਤੇ ਫੈਮੀਨਿਸਟ ਗਰੁੱਪ ਦਲਿਤਾਂ ਦੇ ਵਿਰੋਧ 'ਚ ਰਹਿੰਦੇ ਹਨ।

ਇਸ ਪੂਰੀ ਪ੍ਰਕਿਰਿਆ ਨਾਲ ਦਲਿਤ ਸਟੂਡੈਂਟਸ ਕਮਜ਼ੋਰ ਪੈ ਜਾਂਦੇ ਹਨ, ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਗੱਲ ਸਮਝੀ ਨਹੀਂ ਜਾ ਰਹੀ, ਉਹ ਅਪਮਾਨਿਤ ਮਹਿਸੂਸ ਕਰਦੇ ਹਨ। ਇਸਦਾ ਉਨ੍ਹਾਂ ਦੀ ਮਾਨਸਿਕ ਸਥਿਤੀ 'ਤੇ ਗੰਭੀਰ ਅਸਰ ਪੈਂਦਾ ਹੈ। ਵਾਰ-ਵਾਰ ਆਪਣੀ ਗੱਲ ਕਹਿਣ ਅਤੇ ਸਾਬਿਤ ਕਰਨ 'ਚ ਉਨ੍ਹਾਂ ਦੀ ਬਹੁਤ ਤਾਕਤ ਖਰਚ ਹੁੰਦੀ ਹੈ। ਦਲਿਤ ਐਕਟੀਵਿਸਟਸ ਤੇ ਨੇਤਾਵਾਂ ਨੂੰ ਵੀ ਅਜਿਹੇ ਅਨੁਭਵ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਉਹ ਮੰਚ 'ਤੇ ਪਹੁੰਚਦੀਆਂ ਹਨ ਤਾਂ ਬ੍ਰਾਹਮਣਵਾਦੀ ਸੱਤਾ ਅਤੇ ਪੁਲਸ ਪ੍ਰਸ਼ਾਸਨ ਨਾਲ ਟਕਰਾਅ ਦਾ ਦਬਾਅ ਵੀ ਉਨ੍ਹਾਂ 'ਤੇ ਹੁੰਦਾ ਹੈ।

ਰੋਜ਼ਾਨਾ ਦੀ ਜ਼ਿੰਦਗੀ 'ਚ ਹਿੰਸਾ ਤੇ ਸਰੀਰਕ ਕਰੂਰਤਾ ਨਾਲ ਲੜਨ ਨਾਲ ਜੋ ਮਾਨਸਿਕ ਤਣਾਅ ਪੈਦਾ ਹੁੰਦਾ ਹੈ, ਉਸ ਦਾ ਸਾਹਮਣਾ ਕਰਨ ਲਈ ਦਲਿਤ ਸਮਾਜ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮੇਹਨਤ ਕਰਨੀ ਪੈਂਦੀ ਹੈ।

ਦਲਿਤਾਂ ਨੇ ਐਨਜ਼ਾਈਟੀ, ਬ੍ਰੇਕਡਾਊਂਸ ਤੇ ਗੈਸ ਲਾਈਟਿੰਗ ਦਾ ਸਾਹਮਣਾ ਕਰਨ ਲਈ ਆਪਣੇ ਢੰਗ ਅਪਣਾਏ ਹਨ। ਉਨ੍ਹਾਂ ਲਈ ਲੋਕਾਂ ਦੇ ਮਨ 'ਚ ਜੋ ਨਫਰਤ ਹੈ, ਜਿਵੇਂ ਉਨ੍ਹਾਂ ਨੂੰ ਅਣਦੇਖਾ ਕੀਤਾ ਜਾਂਦਾ ਹੈ, ਉਨ੍ਹਾਂ ਦਾ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਮਾੜਾ ਅਸਰ ਹੋਇਆ ਹੈ। ਉਹ ਆਪਣੀ ਪੂਰੀ ਸਮਰੱਥਾ ਦਾ ਉਪਯੋਗ ਨਹੀਂ ਕਰ ਪਾਉਂਦੇ ਅਤੇ ਇੱਕ ਡਰ ਹੇਠਾਂ ਜੀਊਣ ਨੂੰ ਮਜਬੂਰ ਹੁੰਦੇ ਹਨ। ਮੈਂ ਹਮੇਸ਼ਾ ਇਹ ਦੇਖ ਕੇ ਹੈਰਾਨ ਰਹਿ ਜਾਂਦੀ ਹਾਂ ਅਤੇ ਹੈਰਾਨ ਵੀ ਹੁੰਦੀ ਹਾਂ ਕਿ ਦਲਿਤ ਲੋਕਾਂ 'ਚ ਹਾਲਾਤ ਦਾ ਸਾਹਮਣਾ ਕਰਨ ਦੀ ਬਹੁਤ ਤਾਕਤ ਹੈ। ਪੀੜ੍ਹੀਆਂ ਤੋਂ ਇਹ ਲੋਕ ਵਿਰੋਧ ਵੀ ਕਰਦੇ ਆਏ ਹਨ ਅਤੇ ਆਪਣੇ ਵਿਰੋਧੀਆਂ ਦਾ ਸਾਹਮਣਾ ਵੀ ਕਰਦੇ ਆਏ ਹਨ। ਇਸੇ ਨਾਲ ਮੌਜ਼ੂਦਾ ਪੀੜ੍ਹੀ ਮੁਕਾਬਲਾ ਕਰਨ ਅਤੇ ਅੱਗੇ ਵਧਣ ਦਾ ਹੌਸਲਾ ਰੱਖਦੀ ਹੈ।

-ਰੀਆ ਸਿੰਘ
(ਲੇਖਿਕਾ ਡਾ. ਬੀ.ਆਰ. ਅੰਬੇਡਕਰ ਯੂਨੀਵਰਸਿਟੀ ਦਿੱਲੀ 'ਚ ਡਾਕਟੋਰਲ ਰਿਸਰਚਰ ਹਨ)

Comments

Leave a Reply