Tue,Aug 03,2021 | 06:51:24am
HEADLINES:

Social

ਨਲਕੇ ਤੋਂ ਪਾਣੀ ਭਰਨ ਨੂੰ ਲੈ ਕੇ ਦਲਿਤਾਂ ਦਾ ਸੋਸ਼ਲ ਬਾਇਕਾਟ, ਮੁਸ਼ਕਿਲ ਹਾਲਾਤ 'ਚ ਜ਼ਿੰਦਗੀ ਜਿਊਣ ਲਈ ਮਜਬੂਰ

ਨਲਕੇ ਤੋਂ ਪਾਣੀ ਭਰਨ ਨੂੰ ਲੈ ਕੇ ਦਲਿਤਾਂ ਦਾ ਸੋਸ਼ਲ ਬਾਇਕਾਟ, ਮੁਸ਼ਕਿਲ ਹਾਲਾਤ 'ਚ ਜ਼ਿੰਦਗੀ ਜਿਊਣ ਲਈ ਮਜਬੂਰ

ਦਲਿਤਾਂ ਖਿਲਾਫ ਲਗਾਤਾਰ ਹੋ ਰਹੇ ਅੱਤਿਆਚਾਰ ਤੇ ਅਪਰਾਧਾਂ ਦੇ ਮਾਮਲੇ 'ਚ ਇੱਕ ਪਾਸੇ ਜਿੱਥੇ ਦੇਸ਼ ਭਰ 'ਚ ਰੋਸ ਹੈ, ਉੱਥੇ ਜਾਤੀਵਾਦ ਦੇ ਨਾਂ 'ਤੇ ਭੇਦਭਾਵ 21ਵੀਂ ਸਦੀ 'ਚ ਵੀ ਖਤਮ ਨਹੀਂ ਹੋ ਰਿਹਾ ਹੈ। ਦਲਿਤਾਂ ਖਿਲਾਫ ਮਿਰਚਪੁਰ ਤੇ ਭਗਾਨਾ ਵਰਗੀਆਂ ਭਿਆਨਕ ਘਟਨਾਵਾਂ ਨੂੰ ਲੈ ਕੇ ਚਰਚਾ 'ਚ ਰਹੇ ਹਰਿਆਣਾ 'ਚ ਦਲਿਤਾਂ ਦੇ ਸੋਸ਼ਲ ਬਾਇਕਾਟ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਹੈ।

ਇਸ ਸਬੰਧੀ ਡੀਬੀ ਦੀ ਇੱਕ ਖਬਰ ਮੁਤਾਬਕ ਇੱਥੇ ਦੇ ਹਿਸਾਰ ਜ਼ਿਲ੍ਹੇ ਦੇ ਭਾਟਲਾ ਪਿੰਡ 'ਚ ਕਰੀਬ 10 ਹਜ਼ਾਰ ਦੀ ਆਬਾਦੀ ਹੈ। ਪਿੰਡ 'ਚ 4 ਵੱਡੇ ਤਲਾਅ ਹਨ, ਪਰ ਪੀਣ ਦੇ ਪਾਣੀ ਲਈ ਸਿਰਫ ਇੱਕ ਨਲਕਾ ਹੈ। ਇਸ ਨਲਕੇ 'ਤੇ ਜੂਨ 2017 'ਚ ਪਹਿਲਾਂ ਪਾਣੀ ਭਰਨ ਨੂੰ ਲੈ ਕੇ ਦਲਿਤਾਂ ਅਤੇ ਅਖੌਤੀ ਉੱਚ ਜਾਤੀ ਦੇ ਲੋਕਾਂ ਵਿਚਕਾਰ ਝਗੜਾ ਹੋਇਆ ਸੀ। ਇਹ ਮਾਮਲਾ ਥਾਣੇ ਪਹੁੰਚਿਆ ਤਾਂ ਪਿੰਡ 'ਚ ਪੰਚਾਇਤ ਬਿਠਾਈ ਗਈ।

ਦੋਵੇਂ ਵਰਗਾਂ ਵਿਚਕਾਰ ਇਸ ਤੋਂ ਬਾਅਦ ਗੱਲ ਇੰਨੀ ਵਿਗੜ ਗਈ ਕਿ ਪਿੰਡ ਦੇ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਦਲਿਤਾਂ ਦਾ ਬਾਇਕਾਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹ ਮਾਮਲਾ ਸੁਪਰੀਮ ਕੋਰਟ 'ਚ ਹੈ। ਖਬਰ ਮੁਤਾਬਕ ਪਿੰਡ 'ਚ ਜ਼ਮੀਨ ਹੇਠਲਾ ਪਾਣੀ ਖਾਰਾ ਹੈ ਅਤੇ ਸਰਕਾਰੀ ਸਪਲਾਈ 15 ਦਿਨਾਂ 'ਚ ਸਿਰਫ ਇੱਕ ਵਾਰ ਹੁੰਦੀ ਹੈ। ਜਿਹੜੇ ਲੋਕ ਪਾਣੀ ਖਰੀਦ ਸਕਦੇ ਹਨ, ਖਰੀਦ ਰਹੇ ਹਨ। ਜਿਹੜੇ ਨਹੀਂ ਖਰੀਦ ਸਕਦੇ, ਉਹ ਪਾਣੀ ਭਰਨ ਲਈ ਮਜ਼ਬੂਰ ਹਨ। ਨਲਕੇ ਦਾ ਪਾਣੀ ਪੀਣ 'ਤੇ ਰੇਤਾ ਦੰਦਾਂ 'ਚ ਲਗ ਜਾਂਦੀ ਹੈ।

ਇਹ ਪਿੰਡ ਦੋ ਹਿੱਸਿਆਂ ਅਖੌਤੀ ਉੱਚ ਜਾਤੀ ਵਰਗ ਤੇ ਦਲਿਤਾਂ 'ਚ ਵੰਡ ਹੋਇਆ ਹੈ। ਅਖੌਤੀ ਉੱਚ ਜਾਤੀਆਂ ਦੀ ਆਬਾਦੀ ਦਲਿਤਾਂ ਤੋਂ ਜ਼ਿਆਦਾ ਹੈ। ਉਨ੍ਹਾਂ ਕੋਲ ਜ਼ਮੀਨਾਂ ਹਨ ਅਤੇ ਦਲਿਤ ਸਾਲਾਂ ਤੋਂ ਉਨ੍ਹਾਂ ਦੇ ਖੇਤਾਂ 'ਚ ਮਜ਼ਦੂਰੀ ਕਰਦੇ ਰਹੇ ਹਨ। ਬੀਤੇ 2-3 ਦਹਾਕਿਆਂ ਤੋਂ ਦਲਿਤਾਂ ਨੇ ਪਿੰਡ ਦੇ ਬਾਹਰ ਨਿੱਕਲ ਕੇ ਕੰਮ ਕਰਨਾ ਸ਼ੁਰੂ ਕੀਤਾ ਹੈ। ਕੁਝ ਹਾਂਸੀ ਅਤੇ ਹਿਸਾਰ ਵਰਗੇ ਸ਼ਹਿਰਾਂ 'ਚ ਵੀ ਨੌਕਰੀਆਂ ਕਰਦੇ ਹਨ, ਪਰ ਹੁਣ ਵੀ ਜ਼ਿਆਦਾਤਰ ਦਲਿਤ ਆਬਾਦੀ ਆਪਣਾ ਢਿੱਡ ਭਰਨ ਲਈ ਪਿੰਡ ਦੇ ਜਾਟਾਂ ਅਤੇ ਪੰਡਤਾਂ ਦੇ ਖੇਤਾਂ 'ਤੇ ਕੰਮ ਕਰਨ ਨੂੰ ਮਜ਼ਬੂਰ ਹੈ।

ਪਿੰਡ ਦੇ ਦਲਿਤ ਸਮਾਜ ਦੀ ਬਿਮਲਾ ਕਹਿੰਦੀ ਹੈ, ''ਪਹਿਲਾਂ 4 ਮੱਝਾਂ ਰੱਖਦੇ ਸਨ। ਸੈਂਕੜੇ ਭੇਡਾਂ-ਬੱਕਰੀਆਂ ਸਨ, ਸਭ ਵੇਚਣਾ ਪੈ ਗਿਆ। ਕਿਸੇ ਦੇ ਖੇਤ 'ਚ ਜਾਓ ਤਾਂ ਬਾਹਰ ਕੱਢ ਦਿੰਦੇ ਹਨ। ਸਾਡੇ ਕੋਲ ਨਾ ਜ਼ਮੀਨ ਹੈ ਨਾ ਨੌਕਰੀ।'' ਬਿਮਲਾ ਦੇ ਬੇਟੇ ਅਜੇ ਕੁਮਾਰ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ, ਜਿਸਨੇ ਦਲਿਤਾਂ ਦੇ ਬਾਇਕਾਟ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਘਰ ਦੇ ਬਾਹਰ 'ਜੈ ਭੀਮ ਜੈ ਭਾਰਤ' ਲਿਖਿਆ ਹੈ ਅਤੇ ਅੰਦਰ ਭੀਮ ਰਾਓ ਅੰਬੇਡਕਰ ਦੀ ਵੱਡੀ ਤਸਵੀਰ ਲੱਗੀ ਹੈ।

ਸਾਲ 2017 'ਚ ਜਦੋਂ ਝਗੜਾ ਹੋਇਆ ਸੀ, ਉਦੋਂ ਤੋਂ ਪਿੰਡ 'ਚ ਦਲਿਤਾਂ ਦਾ ਬਾਇਕਾਟ ਕਰ ਦਿੱਤਾ ਗਿਆ ਸੀ। ਹਾਲਾਂਕਿ ਅਖੌਤੀ ਉੱਚ ਜਾਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਪਿੰਡ 'ਚ ਅਜਿਹੇ ਹਾਲਾਤ ਨਹੀਂ ਹਨ ਅਤੇ ਸਾਰੇ ਇੱਕ-ਦੂਜੇ ਦੇ ਘਰਾਂ 'ਚ ਆਉਂਦੇ-ਜਾਂਦੇ ਹਨ। ਦੂਜੇ ਪਾਸੇ ਬੱਸ ਸਟੈਂਡ 'ਤੇ ਫਰੂਟ ਦੀ ਰੇਹੜੀ ਲਗਾਉਣ ਵਾਲੇ ਓਮ ਪ੍ਰਕਾਸ਼ ਕਹਿੰਦੇ ਹਨ ਕਿ ਪਹਿਲਾਂ ਪੂਰੇ ਪਿੰਡ ਦੇ ਲੋਕ ਉਨ੍ਹਾਂ ਤੋਂ ਸਾਮਾਨ ਖਰੀਦਦੇ ਸਨ। ਹੁਣ ਸਿਰਫ ਦਲਿਤ ਸਮਾਜ ਜਾਂ ਸੜਕ ਤੋਂ ਲੰਘਣ ਵਾਲੇ ਲੋਕ ਖਰੀਦਦੇ ਹਨ।

ਓਮ ਪ੍ਰਕਾਸ਼ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਕਿਸੇ ਦੂਜੇ ਦੇ ਖੇਤ 'ਚ ਪੱਠੇ ਲੈਣ ਜਾਂ ਘਾਹ ਲੈਣ ਜਾਂਦੀ ਹੈ ਤਾਂ ਉਸਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਸੜਕ 'ਤੇ ਜਿਹੜੀ ਘਾਹ ਸੀ, ਉਸ 'ਤੇ ਵੀ ਜ਼ਹਿਰੀਲੀ ਦਵਾਈ ਛਿੜਕ ਦਿੱਤੀ ਗਈ ਸੀ। ਭਾਟਲਾ ਦੇ ਦਲਿਤਾਂ ਦਾ ਦੋਸ਼ ਹੈ ਕਿ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਦਬਾਅ 'ਚ ਨਾਈਆਂ ਨੇ ਉਨ੍ਹਾਂ ਦੇ ਵਾਲ ਕੱਟਣੇ ਵੀ ਬੰਦ ਕਰ ਦਿੱਤੇ ਸਨ।

ਦੂਜੇ ਪਾਸੇ ਪਿੰਡ ਦੇ ਪ੍ਰਧਾਨ ਸੁਦੇਸ਼ ਬੇਰਵਾਲ ਤੇ ਉਨ੍ਹਾਂ ਦੇ ਪਤੀ ਪੁਨੀਤ ਬੇਰਵਾਲ ਕਹਿੰਦੇ ਹਨ ਮਨਰੇਗਾ 'ਚ ਜ਼ਿਆਦਾਤਰ ਦਲਿਤ ਮਜ਼ਦੂਰੀ ਕਰ ਰਹੇ ਹਨ। ਜੇਕਰ ਬਾਇਕਾਟ ਹੁੰਦਾ ਤਾਂ ਕੀ ਦਲਿਤਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ। ਪੁਨੀਤ ਕਹਿੰਦੇ ਹਨ ਕਿ ਦਲਿਤ ਸਮਾਜ ਦੇ ਲੋਕ ਝੂਠੇ ਦੋਸ਼ ਲਗਾ ਰਹੇ ਹਨ।

Comments

Leave a Reply