Tue,Aug 03,2021 | 06:02:54am
HEADLINES:

Social

ਦਲਿਤ ਜਦੋਂ ਸਮਾਜਿਕ-ਰਾਜਨੀਤਕ ਤੌਰ 'ਤੇ ਮਜ਼ਬੂਤ ਹੋ ਜਾਣਗੇ, ਉਨ੍ਹਾਂ 'ਤੇ ਜ਼ੁਲਮ ਹੋਣਾ ਵੀ ਬੰਦ ਹੋ ਜਾਵੇਗਾ

ਦਲਿਤ ਜਦੋਂ ਸਮਾਜਿਕ-ਰਾਜਨੀਤਕ ਤੌਰ 'ਤੇ ਮਜ਼ਬੂਤ ਹੋ ਜਾਣਗੇ, ਉਨ੍ਹਾਂ 'ਤੇ ਜ਼ੁਲਮ ਹੋਣਾ ਵੀ ਬੰਦ ਹੋ ਜਾਵੇਗਾ

ਸਾਡੇ ਲੋਕਤੰਤਰਿਕ ਦੇਸ਼ 'ਚ ਜਿਸ ਤਰ੍ਹਾਂ ਨਾਲ ਦਲਿਤਾਂ 'ਤੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਬੇਖੌਫ ਹੋ ਕੇ ਅੱਤਿਆਚਾਰ ਕੀਤੇ ਜਾ ਰਹੇ ਹਨ, ਉਹ ਲੋਕਤੰਤਰ 'ਤੇ ਖੁਦ ਸਵਾਲ ਹੈ ਕਿ ਇਹ ਲੋਕਤੰਤਰ ਹੈ ਜਾਂ ਤਾਨਾਸ਼ਾਹੀ? ਇਸ 21ਵੀਂ ਸਦੀ 'ਚ ਵੀ ਜਾਤੀ ਦੇ ਨਾਂ 'ਤੇ ਦਲਿਤਾਂ 'ਤੇ ਜ਼ੁਲਮ ਦਾ ਸਿਲਸਿਲਾ ਜਾਰੀ ਹੈ। ਆਖਰ ਕਿਉਂ? ਕਦੋਂ ਤੇ ਕਿਵੇਂ ਰੁਕੇਗਾ ਇਹ ਦਲਿਤਾਂ ਨੂੰ ਦੱਬਣ ਦਾ ਸਿਲਸਿਲਾ? ਇਸ 'ਤੇ ਵਿਚਾਰ ਕਰਨਾ ਜ਼ਰੂਰੀ ਹੈ।

ਇਸ ਜ਼ੁਲਮ ਨੂੰ ਰੋਕਣ ਲਈ ਲੋਕਤੰਤਰਿਕ ਦਾਇਰੇ 'ਚ ਰਹਿ ਕੇ ਹੀ ਕੋਈ ਰਾਹ ਕੱਢਣੀ ਜ਼ਰੂਰੀ ਹੈ। ਵਿਚਾਰ-ਚਰਚਾ ਜ਼ਰੂਰੀ ਹੈ। ਜੇਕਰ ਅਸੀਂ ਪ੍ਰਭਾਵਸ਼ਾਲੀ ਅਖੌਤੀ ਉੱਚ ਜਾਤੀਆਂ ਵੱਲੋਂ ਦਲਿਤਾਂ, ਮਤਲਬ ਅਨੁਸੂਚਿਤ ਜਾਤੀ 'ਤੇ ਕੀਤੇ ਗਏ ਜ਼ੁਲਮਾਂ ਦੀ ਸੂਚੀ ਬਣਾਈਏ ਤਾਂ ਉਸਦਾ ਅੰਤ ਨਹੀਂ ਹੋਵੇਗਾ। ਕੁਝ ਉਦਾਹਰਨ ਤਾਂ ਅਜਿਹੇ ਹੀ ਜ਼ੁਬਾਨ 'ਤੇ ਆਉਂਦੇ ਹਨ, ਜਿਵੇਂ ਹਰਿਆਣਾ ਦਾ ਗੌਹਾਨਾ ਹੋਵੇ, ਮਿਰਚਪੁਰ ਹੋਵੇ, ਮਹਾਰਾਸ਼ਟਰ ਦਾ ਖੈਰਲਾਂਜੀ ਹੋਵੇ, ਗੁਜਰਾਤ ਦਾ ਊਨਾ ਹੋਵੇ, ਬਿਹਾਰ ਦਾ ਬਕਸਰ ਹੋਵੇ, ਉੱਤਰ ਪ੍ਰਦੇਸ਼ ਦਾ ਹਾਥਰਸ ਹੋਵੇ ਜਾਂ ਬਲਰਾਮਪੁਰ ਹੋਵੇ। ਪੂਰੇ ਦੇਸ਼ ਦੇ ਦਲਿਤ, ਪ੍ਰਭਾਵਸ਼ਾਲੀ ਜਾਤੀਆਂ ਦੇ ਅੱਤਿਆਚਾਰਾਂ ਤੋਂ ਪੀੜਤ ਹਨ।

ਦਲਿਤ ਮਹਿਲਾਵਾਂ ਨੂੰ ਨੰਗਾ ਕਰਕੇ ਪਿੰਡਾਂ 'ਚ ਘੁਮਾਇਆ ਜਾਂਦਾ ਹੈ, ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਆਤਮ ਸਨਮਾਨ ਦਾ ਮਖੌਲ ਉਡਾਇਆ ਜਾਂਦਾ ਹੈ। ਦਲਿਤਾਂ ਦੇ ਘੋੜੀ ਚੜ੍ਹਨ, ਮੁੱਛਾਂ ਰੱਖਣ, ਲੋਕ ਨਾਚ ਦੇਖਣ ਜਾਂ ਫਸਲ ਦੀ ਵਾਢੀ ਲਈ ਇਨਕਾਰ ਕਰਨ 'ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਤਾਜ਼ਾ ਰਿਪੋਰਟ ਦੇਖੀਏ ਤਾਂ ਸਭਕੁਝ ਸਾਫ ਹੋ ਜਾਂਦਾ ਹੈ। ਰਿਪੋਰਟ ਮੁਤਾਬਕ ਰਾਸ਼ਟਰੀ ਪੱਧਰ 'ਤੇ ਅਨੁਸੂਚਿਤ ਜਾਤੀ ਦੇ ਲੋਕਾਂ ਖਿਲਾਫ ਅਪਰਾਧ 'ਚ ਸਾਲ 2019 'ਚ 7 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸੇ ਰਿਪੋਰਟ ਦੇ ਮੁਤਾਬਕ 2019 'ਚ ਦਲਿਤ ਮਹਿਲਾਵਾਂ ਦੇ ਨਾਲ ਬਲਾਤਕਾਰ ਦੇ ਕੁੱਲ 3,486 ਮਾਮਲੇ ਦਰਜ ਕੀਤੇ ਗਏ। ਮਤਲਬ ਰੋਜ਼ਾਨਾ ਦਲਿਤਾਂ ਦੀਆਂ ਘੱਟ ਤੋਂ ਘੱਟ 9 ਮਹਿਲਾਵਾਂ ਨਾਲ ਬਲਾਤਕਾਰ ਹੁੰਦਾ ਹੈ।

ਦਿੱਲੀ 'ਚ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਵਾਲੇ 50 ਸਾਲਾ ਅਸ਼ੋਕ ਸਾਗਰ ਕਹਿੰਦੇ ਹਨ ਕਿ ਜਦੋਂ ਤੋਂ ਹਾਥਰਸ 'ਚ ਲੜਕੀ ਨਾਲ ਘਟਨਾ ਹੋਈ ਹੈ, ਉਦੋਂ ਤੋਂ ਦਲਿਤਾਂ ਦੇ ਸਮਾਜਿਕ ਸੰਗਠਨ ਜਾਗਰੂਕ ਹੋਏ ਹਨ। ਇਹ ਸੰਗਠਨ ਹੁਣ ਏਕਤਾ ਦੀ ਮਹੱਤਤਾ ਸਮਝਣ ਲੱਗੇ ਹਨ। ਜੇਕਰ ਅਜਿਹੀ ਹੀ ਏਕਤਾ ਦਲਿਤ ਦਿਖਾਉਣ ਤਾਂ ਪ੍ਰਭਾਵਸ਼ਾਲੀ ਲੋਕਾਂ ਦੀ ਛੇਤੀ ਹਿੰਮਤ ਨਹੀਂ ਹੋਵੇਗੀ ਕਿ ਉਹ ਕਿਸੇ 'ਤੇ ਜ਼ੁਲਮ ਕਰ ਸਕਣ।

ਉਹ ਕਹਿੰਦੇ ਹਨ, ''ਕਈ ਵਾਰ ਮੇਰੇ ਮਨ 'ਚ ਵਿਚਾਰ ਆਉਂਦਾ ਹੈ ਕਿ ਪ੍ਰਭਾਵਸ਼ਾਲੀ ਜਾਤੀਆਂ 'ਚ ਇੰਨੀ ਨਫਰਤ ਕਿੱਥੋਂ ਆਉਂਦੀ ਹੈ ਕਿ ਉਹ ਦਲਿਤਾਂ ਦੇ ਨਾਲ ਇਨਸਾਨ ਦੀ ਜਗ੍ਹਾ ਦਰਿੰਦਿਆਂ ਵਾਂਗ ਪੇਸ਼ ਆਉਂਦੇ ਹਨ। ਕੌਣ ਭਰਦਾ ਹੈ ਉਨ੍ਹਾਂ ਦੇ ਦਿਮਾਗ 'ਚ ਇੰਨੀ ਨਫਰਤ, ਇੰਨਾ ਜ਼ਹਿਰ। ਕਿਉਂ ਹੁੰਦਾ ਹੈ ਉਨ੍ਹਾਂ ਅੰਦਰ ਇੰਨਾ ਘਮੰਡ? ਕੀ ਵਿਰਾਸਤ 'ਚ ਮਿਲੀ ਮਨੂੰਸਮ੍ਰਿਤੀ ਉਨ੍ਹਾਂ 'ਤੇ ਇੰਨੀ ਜ਼ਿਆਦਾ ਭਾਰੂ ਹੋ ਜਾਂਦੀ ਹੈ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਭੁੱਲ ਜਾਂਦੇ ਹਨ। ਮਨੂੰਸਮ੍ਰਿਤੀ ਨੂੰ ਹੀ ਆਪਣਾ ਸੰਵਿਧਾਨ ਮੰਨਣ ਲੱਗਦੇ ਹਨ।''

ਅਸ਼ੋਕ ਕਹਿੰਦੇ ਹਨ, ''ਮੈਨੂੰ ਲਗਦਾ ਹੈ ਕਿ ਦਲਿਤਾਂ 'ਤੇ ਅੱਤਿਆਚਾਰ ਉਦੋਂ ਰੁਕਣਗੇ, ਜਦੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੰਖਿਆ 'ਚ ਪਾਵਰ 'ਚ ਹੋਵਾਂਗੇ। ਸਾਡੇ ਲੋਕਾਂ ਦਾ ਵੱਡੀ ਗਿਣਤੀ 'ਚ ਰਾਜਨੀਤੀ 'ਚ ਆਉਣਾ ਬਹੁਤ ਜ਼ਰੂਰੀ ਹੈ। ਜਦੋਂ ਸੱਤਾ 'ਚ ਸਾਡੀ ਬਹੁਗਿਣਤੀ ਹੋਵੇਗੀ ਤਾਂ ਦਲਿਤਾਂ 'ਤੇ ਅੱਤਿਆਚਾਰ ਕਰਨ ਤੋਂ ਪਹਿਲਾਂ ਅੱਤਿਆਚਾਰੀ 10 ਵਾਰ ਸੋਚਣਗੇ।''

ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਰਾਜਾ ਕਰੋਸੀਆ (40) ਕਹਿੰਦੇ ਹਨ ਕਿ ''ਮੈਂ ਬਚਪਨ ਤੋਂ ਹੀ ਜਾਤੀ ਦਾ ਦਰਦ ਬਰਦਾਸ਼ਤ ਕੀਤਾ ਹੈ। ਜਦੋਂ ਮੈਂ ਆਪਣੀ ਸਕੂਲੀ ਸਿੱਖਿਆ ਦੌਰਾਨ ਟਿਊਸ਼ਨ ਪੜ੍ਹਨ ਨੂੰ ਕਹਿੰਦਾ ਸੀ ਤਾਂ ਮੈਨੂੰ ਮੇਰੀ ਜਾਤੀ ਕਰਕੇ ਟਿਊਸ਼ਨ ਨਹੀਂ ਪੜ੍ਹਾਈ ਜਾਂਦੀ ਸੀ, ਕਿਉਂਕਿ ਮੈਂ 'ਅਛੂਤ' ਜਾਤੀ ਨਾਲ ਸਬੰਧਤ ਸੀ। ਮੈਂ ਉੱਚ ਜਾਤੀ ਦੇ ਬੱਚਿਆਂ ਦੇ ਨਾਲ ਨਹੀਂ ਬੈਠ ਸਕਦਾ ਸੀ। ਫਿਰ ਇੱਕ ਦਿਨ ਦਲਿਤ ਜਾਤੀ ਦੇ ਟੀਚਰ ਨੂੰ ਮੈਂ ਟਿਊਸ਼ਨ ਪੜ੍ਹਾਉਣ ਨੂੰ ਕਿਹਾ ਤਾਂ ਉਹ ਸਹਿਮਤ ਹੋ ਗਏ ਅਤੇ ਮੈਂ ਉਨ੍ਹਾਂ ਦੇ ਟਿਊਸ਼ਨ ਪੜ੍ਹਨ ਜਾਣ ਲੱਗਾ।

2-3 ਦਿਨ ਬਾਅਦ ਹੀ ਉਨ੍ਹਾਂ ਨੇ ਵੀ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਕੋਲ ਜੋ ਉੱਚ ਜਾਤੀ ਦੇ ਬੱਚੇ ਪੜ੍ਹਦੇ ਸਨ, ਉਨ੍ਹਾਂ ਨੇ ਮੇਰੇ ਨਾਲ ਜਾਤੀ ਭੇਦਭਾਵ ਕਰਕੇ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਕਈ ਵਾਰ ਮੇਰੇ ਨਾਲ ਜਾਤੀ ਭੇਦਭਾਵ ਹੋਇਆ। ਉਦੋਂ ਮੈਨੂੰ ਲਗਦਾ ਕਿ ਇਸ ਜਾਤੀ 'ਚ ਜਨਮ ਲੈਣਾ ਹੀ ਅਪਰਾਧ ਹੈ। ਜੇਕਰ ਇਸ ਜਾਤੀ 'ਚ ਜਨਮ ਲੈ ਲਿਆ ਤਾਂ ਜਨਮ ਤੋਂ ਲੈ ਕੇ ਮੌਤ ਤੱਕ ਕਿਸੇ ਨਾ ਕਿਸੇ ਤਰ੍ਹਾਂ ਦਾ ਭੇਦਭਾਵ ਸਹਿਣਾ ਪਵੇਗਾ, ਪਰ ਕਿਸ ਜਾਤੀ 'ਚ ਜਨਮ ਲੈਣਾ ਹੈ, ਇਹ ਕਿੱਥੇ ਸਾਡੇ ਬੱਸ 'ਚ ਹੁੰਦਾ ਹੈ।

ਹਾਲਾਂਕਿ ਹੁਣ ਮੈਂ ਜਾਗਰੂਕ ਹੋ ਗਿਆ ਹਾਂ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਵਿਚਾਰਾਂ ਤੋਂ ਜਾਣੂ ਹੋ ਗਿਆ ਹਾਂ। ਹੁਣ ਮੈਨੂੰ ਲਗਦਾ ਹੈ ਕਿ ਇਸ ਜਾਤੀਵਾਦ ਤੋਂ ਡਰਨ ਦੀ ਲੋੜ ਨਹੀਂ ਹੈ। ਜੇਕਰ ਅਸੀਂ ਆਰਥਿਕ ਤੌਰ 'ਤੇ ਮਜ਼ਬੂਤ ਮਤਲਬ ਤਾਕਤਵਰ ਹੋ ਜਾਈਏ। ਉੱਚ ਸਿੱਖਿਅਤ ਹੋ ਜਾਈਏ। ਗੈਰ ਸਫਾਈ ਸਨਮਾਨਜਨਕ ਪੇਸ਼ੇ ਤੋਂ ਆਪਣੀ ਕਮਾਈ ਕਰਨ ਲੱਗੀਏ। ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਜਾਈਏ। ਦਲਿਤ ਆਪਸ 'ਚ ਮਿਲ ਕੇ ਰਹਿਣ ਲੱਗਣ ਤਾਂ ਤਸਵੀਰ ਬਦਲੇਗੀ। ਫਿਰ ਇਨ੍ਹਾਂ ਜ਼ੁਲਮ ਕਰਨ ਵਾਲਿਆਂ ਦੀ ਹਿੰਮਤ ਨਹੀਂ ਹੋਵੇਗੀ ਸਾਡੇ ਵੱਲ ਅੱਖ ਚੁੱਕ ਕੇ ਦੇਖਣ ਦੀ। ਅਜੇ ਤਾਂ ਇਹ ਸਾਡੀ ਗਰੀਬੀ, ਕਮਜ਼ੋਰੀ ਤੇ ਮਜ਼ਬੂਰੀ ਦਾ ਫਾਇਦਾ ਚੁੱਕਦੇ ਹਨ।''

ਦਿੱਲੀ 'ਚ ਕੋਠੀਆਂ 'ਚ ਝਾੜੂ-ਪੋਚੇ ਦਾ ਕੰਮ ਕਰਨ ਵਾਲੀ ਵਿਨੀਤਾ ਵਾਲਮੀਕੀ (35) ਕਹਿੰਦੀ ਹੈ ''ਇਸ ਜਾਤੀ ਨਾਲ ਸਬੰਧਤ ਹੋਣ ਕਰਕੇ ਉਸਨੂੰ ਸਨਮਾਨ ਨਹੀਂ ਮਿਲਦਾ। ਲੋਕ ਕੰਮ ਵੀ ਦੱਸਣਗੇ ਤਾਂ ਝਾੜੂ-ਪੋਚੇ ਵਰਗੇ ਸਫਾਈ ਦਾ ਹੀ ਦੱਸਣਗੇ। ਜਿਵੇਂ ਸਾਡੇ ਨਸੀਬ 'ਚ ਸਫਾਈ ਦਾ ਕੰਮ ਕਰਨਾ ਹੀ ਲਿਖਿਆ ਹੋਵੇ। ਉੱਚ ਜਾਤੀ ਦੇ ਮਕਾਨ ਮਾਲਕ ਸਾਡੀ ਜਾਤੀ ਜਾਣਨ 'ਤੇ ਕਮਰਾ ਕਿਰਾਏ 'ਤੇ ਨਹੀਂ ਦਿੰਦੇ। ਕਈ ਵਾਰ ਸਾਨੂੰ ਆਪਣੀ ਜਾਤੀ ਲੁਕਾਉਣੀ ਪੈਂਦੀ ਹੈ। ਹੁਣ ਸੋਚਦੀ ਹਾਂ ਕਿ ਬੱਚੇ ਪੜ੍ਹ-ਲਿਖ ਕੇ ਕੋਈ ਸਨਮਾਨਜਨਕ ਕੰਮ ਕਰਨ, ਤਾਂ ਜਾ ਕੇ ਸਾਨੂੰ ਸ਼ਾਇਦ ਸਨਮਾਨ ਨਾਲ ਜ਼ਿੰਦਗੀ ਜੀਊਣ ਨੂੰ ਮਿਲੇ।''

ਮੱਧ ਪ੍ਰਦੇਸ਼ ਦੇ ਸਾਗਰ ਦੇ ਰਹਿਣ ਵਾਲੇ ਸੋਸ਼ਲ ਐਕਟੀਵਿਸਟ ਪਵਨ ਵਾਲਮੀਕੀ (45) ਕਹਿੰਦੇ ਹਨ ਜੇਕਰ ਅਸੀਂ ਕੋਈ ਸਨਮਾਨਜਨਕ ਪੇਸ਼ਾ ਅਪਣਾਉਣਾ ਵੀ ਚਾਹੀਏ ਤਾਂ ਪ੍ਰਭਾਵਸ਼ਾਲੀ ਜਾਤੀ ਦੇ ਲੋਕ ਸਾਨੂੰ ਉਸ ਪੇਸ਼ੇ 'ਚ ਸਫਲ ਨਹੀਂ ਹੋਣ ਦਿੰਦੇ।

ਜੇਕਰ ਅਸੀਂ ਕੁਝ ਸਾਮਾਨ ਵੇਚਣ ਦਾ ਬਿਜ਼ਨੈੱਸ ਕਰੀਏ ਤਾਂ ਖੁਦ ਨੂੰ ਉੱਚ ਸਮਝਣ ਵਾਲੀਆਂ ਜਾਤੀਆਂ ਦੇ ਲੋਕ ਸਾਡੇ ਤੋਂ ਸਾਮਾਨ ਨਹੀਂ ਖਰੀਦਦੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਜਿਹੇ ਹਾਲਾਤ ਪੈਦਾ ਕਰ ਦੇਣਗੇ ਕਿ ਤੁਹਾਨੂੰ ਆਪਣਾ ਬਿਜ਼ਨੈੱਸ ਬੰਦ ਕਰਨਾ ਪਵੇਗਾ।

ਜੇਕਰ ਤੁਸੀਂ ਉੱਚ ਜਾਤੀ ਦੀ ਕਲੋਨੀ 'ਚ ਕਮਰਾ ਕਿਰਾਏ 'ਤੇ ਲੈਣ ਜਾਵੋਗੇ ਤਾਂ ਤੁਹਾਨੂੰ ਦਲਿਤ ਹੋਣ ਕਰਕੇ ਕਮਰਾ ਕਿਰਾਏ 'ਤੇ ਨਹੀਂ ਮਿਲੇਗਾ। ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣੇ ਮੇਹਨਤ ਨਾਲ ਤਰੱਕੀ ਵੀ ਚਾਹੋ ਤਾਂ ਜਾਤੀ ਤੁਹਾਡਾ ਰਾਹ ਰੋਕੇ ਦੇਵੇਗੀ।
ਪਵਨ ਕਹਿੰਦੇ ਹਨ ਕਿ ਹੁਣ ਸਵਾਲ ਹੈ ਕਿ ਪ੍ਰਭਾਵਸ਼ਾਲੀ ਜਾਤੀਆਂ ਦੇ ਅੱਤਿਆਚਾਰਾਂ ਤੋਂ ਕਿਵੇਂ ਮੁਕਤੀ ਮਿਲੇਗੀ? ਸਭ ਤੋਂ ਪਹਿਲਾਂ ਤਾਂ ਸਾਨੂੰ ਉੱਚ ਸਿੱਖਿਅਤ ਹੋਣਾ ਪਵੇਗਾ।

ਦੂਜੀ ਗੱਲ ਹੈ ਕਾਨੂੰਨ ਦਾ ਜਾਣਕਾਰ ਬਣਨਾ ਹੋਵੇਗਾ। ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਸੰਵਿਧਾਨ ਦਾ ਗਿਆਨ ਹੋਣਾ ਚਾਹੀਦਾ ਹੈ। ਆਰਥਿਕ ਖੁਸ਼ਹਾਲੀ ਤੇ ਸਮਾਜਿਕ ਸੰਗਠਨਾਂ ਨਾਲ ਜੁੜਾਅ ਹੋਣਾ ਚਾਹੀਦਾ ਹੈ। ਜਦੋਂ ਅਸੀਂ ਇੰਨੇ ਸਮਰੱਥ ਹੋ ਜਾਵਾਂਗੇ ਕਿ ਜ਼ੁਲਮ ਕਰਨ ਵਾਲਿਆਂ ਦਾ ਜਵਾਬ ਦੇ ਸਕੀਏ ਤਾਂ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਸਾਡੇ 'ਤੇ ਅੱਤਿਆਚਾਰ ਕਰ ਸਕਣ।

ਮੱਧ ਪ੍ਰਦੇਸ਼ ਦੇ ਰਾਨੀਗੰਜ ਦੀ ਰਵੀਤਾ ਡੋਮ (30) ਕਹਿੰਦੀ ਹੈ, ''ਸਾਡੇ ਲਈ ਜਾਤੀ ਕਿਸੇ ਸ਼ਰਾਪ ਤੋਂ ਘੱਟ ਨਹੀਂ ਹੈ। ਇੱਕ ਤਾਂ ਇਸ ਜਾਤੀ 'ਚ ਮੈਲਾ ਢੋਹਣ ਦਾ ਕੰਮ ਕਰਨਾ ਪੈਂਦਾ ਹੈ। ਇਸ ਕਰਕੇ ਲੋਕ ਸਾਡੇ ਨਾਲ ਛੂਆਛਾਤ ਕਰਦੇ ਹਨ। ਦੁਕਾਨਦਾਰ ਦੂਰ ਤੋਂ ਸਾਮਾਨ ਦਿੰਦੇ ਹਨ। ਸਕੂਲ 'ਚ ਸਾਡੇ ਬੱਚਿਆਂ ਨਾਲ ਵੱਡੀ ਜਾਤੀ ਦੇ ਬੱਚੇ ਭੇਦਭਾਵ ਕਰਦੇ ਹਨ। ਵੱਡੀ ਜਾਤੀ ਦੇ ਲੋਕ ਗਾਲ੍ਹਾਂ ਕੱਢਦੇ ਹਨ ਤੇ ਅਪਮਾਨ ਕਰਦੇ ਹਨ। ਇਹ ਸਭ ਬਹੁਤ ਮਾੜਾ ਲਗਦਾ ਹੈ। ਸੋਚਦੇ ਹਾਂ ਕਿ ਜੇਕਰ ਸਾਡਾ ਕੋਈ ਸਨਮਾਨਜਨਕ ਪੇਸ਼ਾ ਹੋ ਜਾਵੇ ਤਾਂ ਇਹ ਕੰਮ ਛੱਡ ਦਈਏ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਈਏ। ਜਦੋਂ ਸਾਡੇ ਬੱਚੇ ਪੜ੍ਹ-ਲਿਖ ਕੇ ਕੋਈ ਚੰਗਾ ਕੰਮ ਕਰਨਗੇ, ਉਦੋਂ ਸ਼ਾਇਦ ਇਸ ਭੇਦਭਾਵ ਤੋਂ ਛੁਟਕਾਰਾ ਮਿਲੇਗਾ।''

ਨਿਚੋੜ ਇਹ ਹੈ ਕਿ ਪ੍ਰਭਾਵਸ਼ਾਲੀ ਲੋਕ ਉਦੋਂ ਤੱਕ ਦਲਿਤ ਅਤੇ ਕਮਜ਼ੋਰ ਵਰਗ 'ਤੇ ਅੱਤਿਆਚਾਰ ਕਰਦੇ ਹਨ, ਜਦੋਂ ਤੱਕ ਦਲਿਤ ਗਰੀਬ ਤੇ ਕਮਜ਼ੋਰ ਰਹਿਣਗੇ। ਮਜ਼ਬੂਤ ਤੇ ਤਾਕਤਵਰ ਹੋਣ ਨਾਲ ਉਨ੍ਹਾਂ 'ਤੇ ਅੱਤਿਆਚਾਰ ਕਰਨਾ ਮੁਸ਼ਕਿਲ ਹੋ ਜਾਵੇਗਾ। ਕੁਰਬਾਨੀ ਬੱਕਰੇ ਦੀ ਦਿੱਤੀ ਜਾਂਦੀ ਹੈ, ਸ਼ੇਰ ਦੀ ਨਹੀਂ। ਇਸ ਲਈ ਜਦੋਂ ਦਲਿਤ ਆਰਥਿਕ, ਸਮਾਜਿਕ ਤੇ ਰਾਜਨੀਤਕ ਤੌਰ 'ਤੇ ਮਜ਼ਬੂਤ ਹੋ ਜਾਣਗੇ ਤਾਂ ਉਨ੍ਹਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਦਾ ਵੀ ਅੰਤ ਹੋ ਜਾਵੇਗਾ। ਹਾਲਾਂਕਿ ਇਹ ਸਭ ਇੰਨਾ ਸੌਖਾ ਨਹੀਂ ਹੈ। ਇਸਦੇ ਲਈ ਲੰਮਾ ਸੰਘਰਸ਼ ਕਰਨਾ ਹੋਵੇਗਾ, ਫਿਲਹਾਲ ਮੰਜ਼ਲ ਦੂਰ ਹੈ।
-ਰਾਜ ਵਾਲਮੀਕੀ
(ਲੇਖਕ ਸਫਾਈ ਕਰਮਚਾਰੀ ਅੰਦੋਲਨ ਨਾਲ ਜੁੜੇ ਹਨ, ਪ੍ਰਗਟ ਵਿਚਾਰ ਵਿਅਕਤੀਗਤ ਹਨ)

Comments

Leave a Reply