Tue,Aug 03,2021 | 07:19:15am
HEADLINES:

India

ਦਿੱਲੀ 'ਚ ਰੋਜ਼ ਦਰਜ ਹੁੰਦੇ ਹਨ 6 ਬਲਾਤਕਾਰ ਦੇ ਕੇਸ

ਦਿੱਲੀ 'ਚ ਰੋਜ਼ ਦਰਜ ਹੁੰਦੇ ਹਨ 6 ਬਲਾਤਕਾਰ ਦੇ ਕੇਸ

ਨਵੀਂ ਦਿੱਲੀ। ਅੱਜ ਦੇ ਹੀ ਦਿਨ ਚਾਰ ਸਾਲ ਪਹਿਲਾਂ 16 ਦਸੰਬਰ 2012 ਨੂੰ ਭਾਰਤੀ ਇਤਿਹਾਸ 'ਚ ਦਰਜ ਉਹ ਕਾਲਾ ਦਿਨ ਜਿਸਨੇ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ। ਅਸੀਂ ਗੱਲ ਕਰ ਰਹੇ ਹਾਂ ਨਿਰਭਯਾ ਗੈਂਗਰੇਪ ਦੀ, ਜਿਸਦੀ ਅੱਜ ਚੌਥੀ ਬਰਸੀ ਹੈ। ਚਾਰ ਸਾਲ ਪਹਿਲਾਂ ਇਸੇ ਤਾਰੀਖ ਨੂੰ ਕੜਕਦੀ ਠੰਢ 'ਚ ਦਿੱਲੀ 'ਚ ਚਲਦੀ ਬੱਸ 'ਚ ਇਕ ਨਬਾਲਗ ਸਣੇ ਪੰਜ ਲੋਕਾਂ ਨੇ ਇਕ ਮੈਡੀਕਲ ਸਟੂਡੈਂਟ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਨਿਰਭਯਾ ਕੇਸ ਸੁਪਰੀਮ ਕੋਰਟ 'ਚ ਹੈ ਤੇ ਅਗਲੀ ਪੇਸ਼ੀ 2 ਜਨਵਰੀ ਨੂੰ ਹੈ। ਅੱਜ ਨਿਰਭਯਾ ਕਾਂਡ ਨੂੰ ਪੂਰੇ ਚਾਰ ਸਾਲ ਹੋ ਗਏ ਹਨ, ਪਰ ਕੀ ਮਹਿਲਾਵਾਂ ਪ੍ਰਤੀ ਹੋਣ ਵਾਲੇ ਅਪਰਾਧਾਂ 'ਚ ਕੋਈ ਕਮੀ ਆਈ ਹੈ। ਇਹ ਹਨ ਉਹ ਹੈਰਾਨ ਕਰਨ ਵਾਲੇ ਅੰਕੜੇ ਜੋ ਦੱਸਦੇ ਹਨ ਕਿ ਸਾਲ 2011 ਤੋਂ 2015 ਵਿਚਾਲੇ ਕ੍ਰਾਈਮ ਘੱਟ ਨਹੀਂ ਹੋਇਆ, ਸਗੋਂ ਵਧਿਆ ਹੈ।
 1. ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2015 'ਚ ਵੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਰੋਜ਼ 6 ਬਲਾਤਕਾਰ ਤੇ 15 ਮੋਲੇਸਟੇਸ਼ਨ ਦੇ ਕੇਸ ਦਰਜ ਹੁੰਦੇ ਹਨ।

2. ਐਨਸੀਆਰਬੀ ਦੇ ਅੰਕੜਿਆਂ ਅਨੁਸਾਰ 
2011 'ਚ 24,206
2012 'ਚ 24,923
2013 'ਚ 33,707
2014 'ਚ 37,000
2015 'ਚ 34,651 ਬਲਾਤਕਾਰ ਦੇ ਮਾਮਲੇ ਦਰਜ ਹੋਏ ਹਨ।
3. 2011 ਦੀ ਅਬਾਦੀ ਦੀ ਗਿਣਤੀ ਦੇ ਮੁਤਾਬਿਕ ਭਾਰਤ 'ਚ 1000 ਪੁਰਸ਼ਾਂ 'ਤੇ ਸਿਰਫ 943 ਮਹਿਲਾਵਾਂ ਹਨ, ਜਦੋਂਕਿ ਚਾਈਲਡ ਸੈਕਸ ਰੇਸ਼ੋ 'ਚ ਇਹ ਅੰਕੜਾ ਡਿਗ ਕੇ ਸਿਰਫ 914 ਲੜਕੀਆਂ ਹੀ ਰਹਿ ਜਾਂਦਾ ਹੈ।

4. ਗਰਲ ਚਾਈਲਡ ਸੈਕਸ ਰੇਸ਼ੋ ਦੇ ਮਾਮਲੇ 'ਚ ਹਰਿਆਣਾ ਤੋਂ ਵੀ ਬੁਰੀ ਹਾਲਤ ਰਾਜਧਾਨੀ ਦਿੱਲੀ ਦੀ ਹੈ। ਹਰਿਆਣਾ 'ਚ ਜਿਥੇ 1000 ਪੁਰਸ਼ਾਂ ਦੇ ਮੁਕਾਬਲੇ 879 ਮਹਿਲਾਵਾਂ ਹਨ, ਜਦੋਂਕਿ ਦਿੱਲੀ 'ਚ ਇਹ ਅੰਕੜਾ ਸਿਰਫ 868 ਹੀ ਹੈ।

5. ਨਿਰਭਯਾ ਗੈਂਗਰੇਪ ਦੀ ਘਟਨਾ ਦੇ ਬਾਅਦ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਕਈ ਵੱਡੇ ਐਲਾਨ ਕੀਤੇ, ਇਨਾਂ 'ਚੋਂ ਹੀ ਇਕ ਸੀ ਨਿਰਭਯਾ ਫੰਡ। ਤਾਜ਼ਾ ਅੰਕੜਿਆਂ ਮੁਤਾਬਿਕ ਸਾਲ 2013 ਤੋਂ ਸ਼ੁਰੂ ਕੀਤੇ ਇਸ ਫੰਡ ਨੂੰ ਹਾਲੇ ਤੱਕ ਹਰ ਸਾਲ 1 ਹਜ਼ਾਰ ਕਰੋੜ ਰੁਪਏ ਦਿੱਤੇ ਗਏ। ਪਿਛਲੇ 3 ਸਾਲਾਂ 'ਚ ਇਸ ਫੰਡ 'ਚ ਸਰਕਾਰ ਨੇ 3 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ, ਜਿਨਾਂ 'ਚੋਂ ਸਿਰਫ 600 ਕਰੋੜ ਰੁਪਏ ਮਤਲਬ 20 ਫੀਸਦੀ ਹੀ ਖਰਚ ਕੀਤੇ ਜਾ ਸਕੇ ਹਨ।

6. ਸਾਲ 2014 ਦੇ ਮੁਕਾਬਲੇ 2015 'ਚ ਰੇਪ ਦੇ ਮਾਮਲਿਆਂ 'ਚ 5.7 ਫੀਸਦੀ ਦੀ ਗਿਰਾਵਟ ਦੇਖੀ ਗਈ। ਹਾਲਾਂਕਿ ਮਹਿਲਾਵਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ 'ਚ 2.5 ਫੀਸਦੀ ਦਾ ਵਾਧਾ ਦੇਖਿਆ ਗਿਆ।

7. ਸਭ ਤੋਂ ਹੈਰਾਨ ਕਰਨ ਵਾਲੀ ਇਹ ਗੱਲ ਸਾਹਮਣੇ ਆਈ ਕੇ 95 ਫੀਸਦੀ ਮਾਮਲਿਆਂ 'ਚ ਜਿਸ 'ਤੇ ਰੇਪ ਦਾ ਦੋਸ਼ ਲੱਗਾ, ਉਹ ਪੀੜਤ ਦੇ ਪਰਿਵਾਰ ਦਾ ਮੈਂਬਰ ਜਾਂ ਕੋਈ ਨੇੜਲਾ ਦੋਸਤ ਸੀ। ਉਤਰ ਭਾਰਤ ਦੇ ਸੂਬੇ ਅਜਿਹੇ ਮਾਮਲਿਆਂ 'ਚ ਸਭ ਤੋਂ ਉਪਰ ਰਹੇ।

8. ਬਲਾਤਕਾਰੀਆਂ 'ਚੋਂ ਇਕ ਅੱਲੜ ਸੀ, ਇਸ ਲਈ ਉਸਦੇ ਖਿਲਾਫ ਸੁਣਵਾਈ ਜੁਵੇਨਾਈਲ ਜਸਟਿਸ ਬੋਰਡ 'ਚ ਕੀਤੀ ਗਈ। ਬੋਰਡ ਨੇ ਉਸਨੂੰ ਤਿੰਨ ਸਾਲ ਲਈ ਸੁਧਾਰ ਘਰ 'ਚ ਭੇਜ ਦਿੱਤਾ ਸੀ। ਹੁਣ ਉਹ ਰਿਹਾ ਹੋ ਚੁੱਕਾ ਹੈ। ਪੀੜਤਾ ਦੀ ਮੌਤ ਦੇ ਪੰਜ ਦਿਨ ਬਾਅਦ ਪੁਲਸ ਨੇ ਪੰਜ ਦੋਸ਼ੀਆਂ ਖਿਲਾਫ ਬਲਾਤਕਾਰ, ਹੱਤਿਆ, ਅਗਵਾ ਤੇ ਸਬੂਤ ਮਿਟਾਉਣ ਦੇ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕੀਤਾ ਸੀ। ਇਕ ਦੋਸ਼ੀ ਰਾਮ ਸਿੰਘ 11 ਮਾਰਚ ਨੂੰ ਤਿਹਾੜ ਜੇਲ 'ਚ ਮਰਿਆ ਹੋਇਆ ਪਾਇਆ ਗਿਆ ਸੀ ਤੇ ਉਸਦੇ ਖਿਲਾਫ ਮਾਮਲਾ ਬੰਦ ਕਰ ਦਿੱਤਾ ਗਿਆ ਸੀ। ਚਾਰ ਦੋਸ਼ੀਆਂ ਅਕਸ਼ੈ ਠਾਕੁਰ, ਵਿਨੈ ਸ਼ਰਮਾ, ਪਵਨ ਗੁਪਤਾ ਤੇ ਇਕ ਹੋਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਦਿੱਲੀ ਗੈਂਗਰੇਪ ਦੀ ਸ਼ਿਕਾਰ ਪੀੜਤਾ ਦੇ ਪਿਤਾ ਨੇ ਕਿਹਾ ਕਿ ਸਾਡੇ ਹੰਝੂ ਹਾਲੇ ਤੱਕ ਵੀ ਸੁੱਕੇ ਨਹੀਂ ਹਨ। ਹਰ ਦਿਨ ਲੰਘਣ ਦੇ ਬਾਅਦ ਉਸਦੀਆਂ ਯਾਦਾਂ ਹੋਰ ਡੂੰਘੀਆਂ ਹੋ ਜਾਂਦੀਆਂ ਹਨ। ਘਰ 'ਚ ਕੋਈ ਨਾ ਕੋਈ ਤਾਂ ਹਰ ਰੋਜ਼ ਰੋਂਦਾ ਹੀ ਰਹਿੰਦਾ ਹੈ।

ਐਨਸੀਆਰਬੀ ਦੀ ਰਿਪੋਰਟ ਅਨੁਸਾਰ ਸਾਲ 2015 'ਚ ਦੇਸ਼ ਭਰ 'ਚ ਰੇਪ ਦੇ 34 ਹਜ਼ਾਰ, 500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਨਾਂ 'ਚੋਂ 33 ਹਜ਼ਾਰ 098 ਮਾਮਲਿਆਂ 'ਚ ਅਪਰਾਧੀ, ਪੀੜਤਾਂ ਦੇ ਵਾਕਿਫ ਹੀ ਸਨ। ਰੇਪ ਦੇ ਮਾਮਲਿਆਂ 'ਚ ਦਿੱਲੀ ਦੂਜੇ ਸਥਾਨ 'ਤੇ ਹੈ। ਦਿੱਲੀ 'ਚ ਰੇਪ ਦੇ 2 ਹਜ਼ਾਰ 199 ਮਾਮਲੇ ਦਰਜ ਕੀਤੇ ਗਏ। ਅੱਜ ਵੀ ਸਵਾਲ ਇਹੀ ਹੈ ਕਿ ਆਖਿਰ ਕਦੋਂ ਘੱਟ ਹੋਣਗੇ ਮਹਿਲਾਵਾਂ ਖਿਲਾਫ ਅਜਿਹੇ ਮਾਮਲੇ?

Comments

Leave a Reply