Sun,May 16,2021 | 02:45:59am
HEADLINES:

India

ਬਸਪਾ ਨੇ ਚੈਨਪੁਰ ਵਿਧਾਨਸਭਾ ਸੀਟ ਜਿੱਤੀ, ਰਾਮਗੜ੍ਹ ਸੀਟ ਤੋਂ ਸਿਰਫ 189 ਵੋਟਾਂ ਦੇ ਫਰਕ ਨਾਲ ਮਿਲੀ ਹਾਰ

ਬਸਪਾ ਨੇ ਚੈਨਪੁਰ ਵਿਧਾਨਸਭਾ ਸੀਟ ਜਿੱਤੀ, ਰਾਮਗੜ੍ਹ ਸੀਟ ਤੋਂ ਸਿਰਫ 189 ਵੋਟਾਂ ਦੇ ਫਰਕ ਨਾਲ ਮਿਲੀ ਹਾਰ

ਬਹੁਜਨ ਸਮਾਜ ਪਾਰਟੀ (ਬਸਪਾ) ਨੇ 15 ਸਾਲ ਬਾਅਦ ਜਾ ਕੇ ਬਿਹਾਰ ਦੀ ਵਿਧਾਨਸਭਾ 'ਚ ਐਂਟਰੀ ਮਾਰੀ ਹੈ। ਬਿਹਾਰ ਵਿਧਾਨਸਭਾ ਚੋਣਾਂ ਦੇ ਅੱਜ ਆਏ ਨਤੀਜੇ 'ਚ ਚੈਨਪੁਰ ਸੀਟ ਤੋਂ ਬਸਪਾ ਉਮੀਦਵਾਰ ਮੁਹੰਮਦ ਜ਼ਮਾ ਖਾਨ ਨੇ 22 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਬ੍ਰਿਜ ਕਿਸ਼ੋਰ ਬਿੰਦ ਨੂੰ ਹਰਾ ਦਿੱਤਾ ਹੈ। ਬਸਪਾ ਉਮੀਦਵਾਰ ਨੇ 95,245 ਵੋਟਾਂ ਹਾਸਲ ਕੀਤੀਆਂ।
ਇਸ ਤੋਂ ਇਲਾਵਾ ਰਾਮਗੜ੍ਹ ਵਿਧਾਨਸਭਾ ਸੀਟ ਤੋਂ ਬਸਪਾ ਜਿੱਤਦੀ-ਜਿੱਤਦੀ ਹਾਰ ਗਈ।

ਇੱਥੋਂ ਬਸਪਾ ਉਮੀਦਵਾਰ ਅੰਬਿਕਾ ਯਾਦਵ ਵੋਟਾਂ ਦੀ ਗਿਣਤੀ ਦੌਰਾਨ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਸਨ, ਪਰ ਅਖੀਰ 'ਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਉਮੀਦਵਾਰ ਸੁਧਾਕਰ ਸਿੰਘ ਉਨ੍ਹਾਂ ਤੋਂ 189 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਬਸਪਾ ਉਮੀਦਵਾਰ ਨੂੰ 57,894, ਜਦਕਿ ਆਰਜੇਡੀ ਉਮੀਦਵਾਰ ਨੂੰ 58,083 ਵੋਟਾਂ ਮਿਲੀਆਂ। ਇਸ ਤਰ੍ਹਾਂ ਬਸਪਾ ਉਮੀਦਵਾਰ ਅੰਬਿਕਾ ਯਾਦਵ ਸਿਰਫ 189 ਵੋਟਾਂ ਦੇ ਫਰਕ ਨਾਲ ਹਾਰ ਗਏ।

ਜ਼ਿਕਰਯੋਗ ਹੈ ਕਿ ਬਸਪਾ ਨੇ 15 ਸਾਲ ਬਾਅਦ ਜਾ ਕੇ ਬਿਹਾਰ ਦੀ ਕੋਈ ਵਿਧਾਨਸਭਾ ਸੀਟ ਜਿੱਤੀ ਹੈ। ਇਸ ਤੋਂ ਪਹਿਲਾਂ ਸਾਲ 2005 'ਚ ਬਸਪਾ ਨੇ ਬਿਹਾਰ ਵਿਧਾਨਸਭਾ ਚੋਣਾਂ 'ਚ 4 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਪਾਰਟੀ ਨੂੰ ਉਸ ਵੇਲੇ 4.17 ਫੀਸਦੀ ਵੋਟਾਂ ਪਈਆਂ ਸਨ। ਹਾਲਾਂਕਿ ਉਸ ਤੋਂ ਬਾਅਦ ਸਾਲ 2010 ਤੇ 2015 ਦੀਆਂ ਚੋਣਾਂ 'ਚ ਕਿਸੇ ਵੀ ਸੀਟ 'ਤੇ ਜਿੱਤ ਪ੍ਰਾਪਤ ਨਹੀਂ ਹੋਈ ਸੀ।

ਸਾਲ 2015 ਦੀਆਂ ਬਿਹਾਰ ਵਿਧਾਨਸਭਾ ਚੋਣਾਂ 'ਚ ਬਸਪਾ ਨੂੰ 7,88,024 ਵੋਟਾਂ ਪਈਆਂ ਸਨ। ਉਦੋਂ ਚੈਨਪੁਰ ਵਿਧਾਨਸਭਾ ਸੀਟ ਤੋਂ ਬਸਪਾ ਦੇ ਉਮੀਦਵਾਰ ਮੁਹੰਮਦ ਜ਼ਮਾ ਖਾਨ ਸਿਰਫ 671 ਵੋਟਾਂ ਦੇ ਫਰਕ ਨਾਲ ਭਾਜਪਾ ਉਮੀਦਵਾਰ ਬ੍ਰਿਜ ਕਿਸ਼ੋਰ ਬਿੰਦ ਕੋਲੋਂ ਹਾਰੇ ਸਨ। ਬਸਪਾ ਉਮੀਦਵਾਰ ਨੂੰ ਉਸ ਵੇਲੇ 58,242 ਵੋਟਾਂ ਮਿਲੀਆਂ ਸਨ। ਇਸ ਵਾਰ ਇਸ ਸੀਟ 'ਤੇ ਬਸਪਾ ਉਮੀਦਵਾਰ ਮੁਹੰਮਦ ਜ਼ਮਾ ਖਾਨ ਨੇ ਭਾਜਪਾ ਦੇ ਉਸੇ ਉਮੀਦਵਾਰ ਨੂੰ 22 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।

Comments

Leave a Reply