Tue,Aug 03,2021 | 06:57:19am
HEADLINES:

Education

ਵਿਦਿਆਰਥੀਆਂ ਨੂੰ ਨੰਬਰਾਂ ਦੇ ਜਾਲ 'ਚੋਂ ਕੱਢਣ ਮਾਪੇ

ਵਿਦਿਆਰਥੀਆਂ ਨੂੰ ਨੰਬਰਾਂ ਦੇ ਜਾਲ 'ਚੋਂ ਕੱਢਣ ਮਾਪੇ

ਸਟੂਡੈਂਟਸ 'ਚ ਨੰਬਰ ਲੈਣ ਦੀ ਦੌੜ ਜਿਹੀ ਲੱਗੀ ਰਹਿੰਦੀ ਹੈ। ਇਸੇ ਦੌੜ ਦਾ ਹੀ ਨਤੀਜਾ ਹੈ ਕਿ ਪ੍ਰੀਖਿਆਵਾਂ 'ਚ 80-90 ਫੀਸਦੀ ਅੰਕ ਲਿਆਉਣ ਵਾਲੇ ਅਤੇ ਆਈਆਈਟੀ ਵਰਗੇ ਵੱਡੇ ਸੰਸਥਾਨਾਂ 'ਚ ਪੜ੍ਹਨ ਵਾਲੇ ਬੱਚੇ ਵੀ ਉਮੀਦ ਤੋਂ ਘੱਟ ਅੰਕ ਪ੍ਰਾਪਤ ਕਰਨ ਦਾ ਦਰਦ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਕਈ ਵਾਰ ਮੌਤ ਤੱਕ ਨੂੰ ਗਲ ਲਗਾ ਲੈਂਦੇ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਜਾਰੀ ਅੰਕੜੇ ਮੁਤਾਬਕ 2018 ਦੌਰਾਨ ਹਰ 24 ਘੰਟੇ 'ਚ ਔਸਤ 28 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। 2018 ਦੀ ਹੀ ਗੱਲ ਕਰੀਏ ਤਾਂ ਇੱਕ ਸਾਲ 'ਚ 10 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਜਾਨ ਦੇ ਦਿੱਤੀ ਅਤੇ ਇਹ ਸੰਖਿਆ ਪਿਛਲੇ 10 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਰਿਪੋਰਟ ਮੁਤਾਬਕ 1 ਜਨਵਰੀ 2009 ਤੋਂ 31 ਦਸੰਬਰ 2018 ਤੱਕ 81,758 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ।

ਇਨ੍ਹਾਂ 'ਚੋਂ ਪਿਛਲੇ 5 ਸਾਲਾਂ 'ਚ 57 ਫੀਸਦੀ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ 'ਚ ਜ਼ਿਆਦਾਤਰ ਨੇ ਪ੍ਰੀਖਿਆ 'ਚ ਫੇਲ੍ਹ ਹੋਣ ਜਾਂ ਘੱਟ ਨੰਬਰ ਆਉਣ ਕਰਕੇ ਮੌਤ ਨੂੰ ਗਲ ਲਗਾ ਲਿਆ। ਚਾਹੇ ਵੱਡੇ ਕਾਲਜਾਂ 'ਚ ਦਾਖਲੇ ਦੀ ਗੱਲ ਹੋਵੇ ਜਾਂ ਨਿੱਜੀ ਸੰਸਥਾਨਾਂ 'ਚ ਨੌਕਰੀਆਂ ਦੀ, ਚੰਗੇ ਨੰਬਰਾਂ ਦੀ ਮੁੱਖ ਭੂਮਿਕਾ ਹੁੰਦੀ ਹੈ, ਪਰ ਅਜਿਹਾ ਵੀ ਨਹੀਂ ਕਿ ਹਰ ਜਗ੍ਹਾ ਇਹੀ ਨਜ਼ਰੀਆ ਅਪਣਾਇਆ ਜਾਂਦਾ ਹੈ।

ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤ 'ਚ ਯੂਪੀਐੱਸਸੀ ਸਭ ਤੋਂ ਵੱਡੀ ਪ੍ਰੀਖਿਆ ਕਰਾਉਣ ਲਈ ਜਾਣਿਆ ਜਾਂਦਾ ਹੈ, ਜਿਸ 'ਚ ਸ਼ਾਮਲ ਹੋਣ ਲਈ ਕਿਸੇ ਵੀ ਡਵੀਜ਼ਨ 'ਚ ਪਾਸ ਹੋਣਾ ਜ਼ਰੂਰੀ ਸਿੱਖਿਅਕ ਡਿਗਰੀ ਹੈ। ਅਜਿਹੇ 'ਚ ਸਵਾਲ ਹੈ ਕਿ ਮਾਤਾ-ਪਿਤਾ ਜਾਂ ਟੀਚਰਾਂ ਵੱਲੋਂ ਸਿਰਫ ਪ੍ਰਾਪਤ ਅੰਕ ਦੇ ਆਧਾਰ 'ਤੇ ਹੀ ਵਿਦਿਆਰਥੀਆਂ ਬਾਰੇ ਸੋਚ ਬਣਾ ਲੈਣਾ ਕਿੰਨਾ ਸਹੀ ਹੈ। ਕੀ ਉਨ੍ਹਾਂ ਨੂੰ ਨੰਬਰਾਂ ਦੀ ਜਗ੍ਹਾ ਬੱਚਿਆਂ ਦੀ ਰਚਨਾਤਮਕਤਾ ਜਾਂ ਉਨ੍ਹਾਂ ਦੀ ਖੇਤਰ ਵਿਸ਼ੇਸ਼ 'ਚ ਦਿਲਚਸਪੀ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ?

ਮੁਸ਼ਕਿਲ ਇਹ ਹੈ ਕਿ ਅੱਜ ਸਾਡੇ ਸਮਾਜ 'ਚ ਸਾਰੀਆਂ ਚਰਚਾਵਾਂ ਨੰਬਰਾਂ 'ਤੇ ਆ ਕੇ ਹੀ ਖਤਮ ਹੁੰਦੀਆਂ ਹਨ। ਸਾਨੂੰ ਇਸ ਤਰ੍ਹਾਂ ਦੀ ਰਿਵਾਇਤ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇਸ ਗੱਲ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਸਾਡੇ ਬੱਚਿਆਂ 'ਚ ਅਜਿਹੀ ਕਿਹੜੀ ਸਮਝ ਵਿਕਸਿਤ ਹੋ ਰਹੀ ਹੈ, ਜੋ ਕਿ ਉਨ੍ਹਾਂ ਨੂੰ ਫੇਲ੍ਹ ਹੋ ਜਾਣ 'ਤੇ ਖੁਦਕੁਸ਼ੀ ਦੇ ਰਾਹ ਵੱਲ ਪਾਉਂਦੀ ਹੈ।

ਇੱਕ ਪਾਸੇ ਸਕੂਲ ਤੇ ਕਾਲਜ ਬੱਚਿਆਂ ਦੇ ਹੁਨਰ ਨੂੰ ਚਮਕਾਉਣ 'ਚ ਅਸਫਲ ਹੋ ਰਹੇ ਹਨ ਅਤੇ ਦੂਜੇ ਪਾਸੇ ਮਾਪਿਆਂ ਦੀ ਬੱਚਿਆਂ ਤੋਂ ਉਮੀਦਾਂ ਵਧਦੀਆਂ ਜਾ ਰਹੀਆਂ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹਰ ਫੀਲਡ 'ਚ ਟਾਪ ਹੀ ਕਰਨ। ਜ਼ਰੂਰਤ ਇਸ ਗੱਲ ਦੀ ਹੈ ਕਿ ਮਾਪੇ ਉਮੀਦ ਦਾ ਰਿਸ਼ਤਾ ਤੋੜ ਕੇ ਬੱਚਿਆਂ ਨਾਲ ਗੱਲਬਾਤ ਦਾ ਧਾਗਾ ਜੋੜਨ। ਇਸ ਨਾਲ ਨਾ ਸਿਰਫ ਬੱਚਿਆਂ ਤੋਂ ਦਬਾਅ ਹਟੇਗਾ, ਸਗੋਂ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਵੀ ਜਾਗੇਗਾ। ਇਸ ਨਾਲ ਖੁਦਕੁਸ਼ੀ ਵੱਲ ਮੁੜਨ ਦਾ ਖਦਸ਼ਾ ਵੀ ਘੱਟ ਹੋਵੇਗਾ।  

-ਰਿਜ਼ਵਾਨ

Comments

Leave a Reply