Tue,Aug 03,2021 | 07:41:13am
HEADLINES:

Cultural

ਬੱਚਿਆਂ ਨੂੰ ਡਾਕਟਰ-ਇੰਜੀਨੀਅਰ-ਅਫਸਰ ਬਣਾਉਣ ਵੱਲ ਧਿਆਨ, ਪਰ ਸਮਾਜ ਦੀ ਕੋਈ ਚਿੰਤਾ ਨਹੀਂ

ਬੱਚਿਆਂ ਨੂੰ ਡਾਕਟਰ-ਇੰਜੀਨੀਅਰ-ਅਫਸਰ ਬਣਾਉਣ ਵੱਲ ਧਿਆਨ, ਪਰ ਸਮਾਜ ਦੀ ਕੋਈ ਚਿੰਤਾ ਨਹੀਂ

ਪ੍ਰੀਖਿਆਵਾਂ 'ਚ ਜਮ ਕੇ ਨੰਬਰ ਲਿਆ ਰਹੇ ਬੱਚਿਆਂ ਦੇ ਮਾਤਾ-ਪਿਤਾ ਆਪਣਾ 56 ਇੰਚੀ ਸੀਨਾ ਮੁਹੱਲੇ ਤੇ ਫੇਸਬੁੱਕ 'ਤੇ ਦਿਖਾ ਰਹੇ ਹਨ। ਮਾਫ ਕਰੋ, ਇਸ ਨਾਲ ਮੈਨੂੰ ਕੋਈ ਖੁਸ਼ੀ ਜਾਂ ਉਤਸਾਹ ਅਨੁਭਵ ਨਹੀਂ ਹੁੰਦਾ ਹੈ। ਅਜਿਹੇ ਕਈ ਮਾਪੇ ਆਪਣੇ ਬੱਚਿਆਂ ਨੂੰ ਹੈਸੀਅਤ, ਪੈਸੇ ਅਤੇ ਸੁਰੱਖਿਆ ਲਈ ਜਾਰੀ ਚੂਹਾ ਦੌੜ ਦੇ ਕੁਸ਼ਲ ਮੁਕਾਬਲੇਬਾਜ਼ ਬਣਾ ਰਹੇ ਹਨ। ਸਾਫ ਹੈ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਣਾ ਚਾਹੁੰਦੇ ਹਨ, ਪਰ ਇਨ੍ਹਾਂ ਬੱਚਿਆਂ ਦੇ ਸਾਰੇ ਸ਼ੁਭਚਿੰਤਕ ਨਾ ਤਾਂ ਸਮਾਜ ਦੇ ਭਵਿੱਖ ਬਾਰੇ ਕੁਝ ਸੋਚਦੇ ਹਨ ਅਤੇ ਨਾ ਹੀ ਇਹ ਬੱਚੇ।

ਅਪਵਾਦਾਂ ਨੂੰ ਛੱਦ ਦਈਏ ਤਾਂ ਉਹ ਕਦੇ ਇੰਨੇ ਸੰਵੇਦਨਸ਼ੀਲ ਨਹੀਂ ਬਣ ਪਾਉਂਦੇ ਕਿ ਸਮਾਜ ਦੇ ਦੱਬੇ-ਕੁਚਲੇ ਵਰਗਾਂ ਤੇ ਅਣਦੇਖੀ ਦੇ ਸ਼ਿਕਾਰ ਲੋਕਾਂ ਵੱਲ ਉਨ੍ਹਾਂ ਦਾ ਧਿਆਨ ਜਾਵੇ। ਇਨ੍ਹਾਂ ਬੱਚਿਆਂ ਨੂੰ ਬੱਸ ਇੱਕੋ ਇੱਕ ਟੀਚਾ ਦਿੱਤਾ ਜਾਂਦਾ ਹੈ ਕਿ ਉਹ ਡਾਕਟਰ, ਇੰਜੀਨੀਅਰ ਬਣ ਕੇ ਬਹੁਤ ਸਾਰਾ ਪੈਸਾ ਕਮਾਉਣ, ਮੋਟੇ-ਮੋਟੇ ਪੈਕੇਜ ਲੈ ਕੇ ਆਈਟੀ ਸੈਕਟਰ 'ਚ ਜਾਣ ਜਾਂ ਕੁਲੈਕਟਰ-ਐੱਸਪੀ ਬਣ ਕੇ ਆਪਣੇ ਹੱਕ ਦੀ ਆਵਾਜ਼ ਉਠਾਉਂਦੇ ਲੋਕਾਂ 'ਤੇ ਲਾਠੀਆਂ-ਗੋਲੀਆਂ ਦੀ ਬਰਸਾਤ ਕਰਨ।

ਇਹ ਬੱਚੇ ਅਤੇ ਇਨ੍ਹਾਂ ਦੇ ਮਾਤਾ-ਪਿਤਾ ਕਦੇ ਵੀ ਪਿੱਛੇ ਛੁੱਟ ਗਏ ਬੱਚਿਆਂ ਬਾਰੇ ਨਹੀਂ ਸੋਚਦੇ ਅਤੇ ਇਹ ਮੰਨ ਕੇ ਚਲਦੇ ਹਨ ਕਿ ਜੋ ਹੋਣਹਾਰ ਤੇ ਮੇਹਨਤੀ ਸਨ, ਉਹ ਅੱਗੇ ਨਿੱਕਲ ਗਏ ਅਤੇ ਅਯੋਗ ਤੇ ਆਲਸੀ ਪਿੱਛੇ ਰਹਿ ਗਏ। ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਤੱਕ ਨਹੀਂ ਆਉਂਦੀ ਕਿ ਹਰ ਬੱਚੇ 'ਚ ਕੋਈ ਨਾ ਕੋਈ ਖਾਸ ਯੋਗਤਾ ਹੁੰਦੀ ਹੈ, ਜੋ ਉਨ੍ਹਾਂ ਦੀ ਪਰਿਵਾਰਕ ਸਥਿਤੀ ਅਤੇ ਇਸ ਸਿੱਖਿਆ ਵਿਵਸਥਾ ਕਰਕੇ ਉਭਰ ਕੇ ਸਾਹਮਣੇ ਆ ਹੀ ਨਹੀਂ ਪਾਉਂਦੀ।

ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਵੜਦੀ ਹੀ ਨਹੀਂ ਕਿ ਇਸ ਸਿੱਖਿਆ ਵਿਵਸਥਾ ਦਾ ਢਾਂਚਾ ਬੁਣਿਆ ਹੀ ਇਸ ਤਰ੍ਹਾਂ ਗਿਆ ਹੈ ਕਿ ਉਤਪਾਦਨ, ਵਪਾਰ ਤੇ ਰਾਜਕਾਜ ਦੇ ਪੂਰੇ ਤੰਤਰ ਨੂੰ ਚਲਾਉਣ ਲਈ ਜਿੰਨੇ ਨੌਕਰਸ਼ਾਹ, ਵਿਗਿਆਨਕ, ਟੀਚਰ, ਡਾਕਟਰ, ਇੰਜੀਨੀਅਰ, ਵਕੀਲ, ਜੱਜ, ਸੈਨਾ ਅਧਿਕਾਰੀ ਆਦਿ ਚਾਹੀਦੇ ਹਨ, ਉਨਿਆਂ ਨੂੰ ਚੁਣ ਲੈਣ ਤੋਂ ਬਾਅਦ ਬਾਕੀ ਆਬਾਦੀ ਨੂੰ ਬੋਧਿਕ ਤੇ ਸਰੀਰਕ ਗੁਲਾਮੀ ਕਰਨ ਵਾਲੀ ਭੀੜ 'ਚ ਧੱਕ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਬੈਠਾ ਦਿੱਤੀ ਜਾਂਦੀ ਹੈ ਕਿ ਉਹ ਇਸੇ ਦੇ ਲਾਇਕ ਸਨ। ਸਿੱਖਿਆ ਇਸੇ ਮਾਮਲੇ 'ਚ 'ਆਇਡੀਓਲਾਜੀਕਲ ਸਟੇਟ-ਆਪਰੇਟਸ' ਹੈ, ਜਿਸਦੇ ਰਾਹੀਂ ਸ਼ਾਸਕ ਵਰਗ ਆਪਣੀ ਹੇਜ਼ੇਮਨੀ ਸਥਾਪਿਤ ਕਰਦਾ ਹੈ।

ਚੰਗੀ ਸਿੱਖਿਆ ਤੇ ਚੰਗੀ ਨੌਕਰੀ ਦੀ ਚੂਹਾ ਦੌੜ 'ਚ 90-95 ਫੀਸਦੀ ਉਹੀ ਅੱਗੇ ਨਿੱਕਲ ਪਾਉਂਦੇ ਹਨ, ਜੋ ਸਮਾਜ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਉਪਭੋਗਤਾ ਸਮਾਜ ਦੇ ਅੰਦਰੋਂ, ਮਤਲਬ ਖਾਂਦੇ-ਪੀਂਦੇ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ। ਅਜਿਹਾ ਪ੍ਰਬੰਧ ਕੀਤਾ ਹੀ ਇਸ ਲਈ ਗਿਆ ਹੈ ਕਿ ਸਥਾਪਿਤ ਸਮਾਜਿਕ ਵਿਵਸਥਾ 'ਚ ਜ਼ਿਆਦਾ ਉਥਲ-ਪੁਥਲ ਨਾ ਹੋਵੇ।

ਇਸਦੇ ਜੋ ਅਪਵਾਦ ਹੁੰਦੇ ਹਨ, ਉਨ੍ਹਾਂ ਦੇ ਉਦਾਹਰਨ ਦੇ-ਦੇ ਕੇ ਚੰਗੇ ਨੰਬਰ ਪਾਉਣ ਵਾਲੇ ਅਤੇ ਉੱਚ ਅਹੁਦਿਆਂ 'ਤੇ ਪਹੁੰਚਣ ਵਾਲੇ ਲੋਕ ਇਹ ਤਰਕ ਦਿੰਦੇ ਹਨ ਕਿ 'ਫਲਾਨੇ ਨੂੰ ਦੇਖੋ, ਆਪਣੀ ਮੇਹਨਤ ਤੇ ਹੁਨਰ ਨਾਲ ਕਿੱਥੇ ਪਹੁੰਚ ਗਿਆ', ਮਤਲਬ ਜੋ ਨਹੀਂ ਪਹੁੰਚ ਸਕੇ, ਉਹ ਮੂਰਖ ਤੇ ਨਿਕੰਮੇ ਹਨ! ਇਹ 'ਸਰਵਾਈਵਲ ਆਫ ਦ ਫਿਟੈਸਟ' ਦਾ ਬੇਰਹਿਮ ਤਰਕ ਹੈ, ਜਿੱਥੇ ਸਾਰੀ ਯੋਗਤਾ ਹੈਸੀਅਤ ਅਤੇ ਆਰਥਿਕ ਤਾਕਤ ਨਾਲ ਤੈਅ ਹੁੰਦੀ ਹੈ।

ਮੁਕਾਬਲੇਬਾਜ਼ੀ ਪੂੰਜੀਵਾਦ ਦੀ ਮੁੱਢਲੀ ਚਾਲਕ ਸ਼ਕਤੀ ਹੁੰਦੀ ਹੈ। ਇਸ ਲਈ ਪੂੰਜੀਵਾਦੀ ਸਮਾਜ ਦੇ ਹਰ ਨਾਗਰਿਕ ਦੇ ਦਿਲ-ਦਿਮਾਗ 'ਚ ਇਹ ਤਰਕ ਬੈਠਾਉਣਾ ਹੁੰਦਾ ਹੈ ਕਿ 'ਤੁਸੀਂ ਮੁਕਾਬਲੇਬਾਜ਼ੀ 'ਚ ਪਿੱਛੇ ਰਹਿ ਗਏ ਹੋ ਤਾਂ ਤੁਸੀਂ ਇਸੇ ਲਾਇਕ ਹੋ ਅਤੇ ਹੁਣ ਆਪਣੀ ਇਸ ਸਥਿਤੀ ਨੂੰ ਸਿਰ ਝੁਕਾ ਕੇ ਸਵੀਕਾਰ ਕਰੋ।' ਸਾਰੀ ਯੋਗਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਤੁਸੀਂ ਇਸ ਬੇਰਹਿਮ ਵਿਵਸਥਾ ਦੇ ਨਟ-ਬੋਲਟ ਬਣਨ ਲਈ ਕਿੰਨੇ ਅਨੁਕੂਲ ਹੋ?

ਮੈਂ ਸੈਂਕੜੇ ਕਰੀਅਰਵਾਦੀ ਵਿਦਿਆਰਥੀਆਂ ਨੂੰ ਸਿਵਲ ਸੇਵਾ ਦੀ, ਵਿਦੇਸ਼ ਜਾਣ ਦੀ ਜਾਂ ਅਜਿਹੀ ਹੀ ਕਿਸੇ ਚੀਜ਼ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਦੇਖਿਆ ਹੈ। ਅਪਵਾਦਾਂ ਨੂੰ ਛੱਡ ਦਈਏ ਤਾਂ ਇਨ੍ਹਾਂ ਦੀ ਵੱਡੀ ਗਿਣਤੀ ਦੀ ਸਥਿਤੀ ਰਾਜਨੀਤਕ-ਸਮਾਜਿਕ ਗਿਆਨ ਦੇ ਮਾਮਲੇ 'ਚ ਖਰਾਬ ਤਾਂ ਹੁੰਦੀ ਹੀ ਹੈ, ਇਹ ਆਮ ਤੌਰ 'ਤੇ ਬਿਮਾਰੀ ਦੀ ਹੱਦ ਤੱਕ ਸਵਾਰਥੀ ਤੇ ਵਿਅਕਤੀਵਾਦੀ ਵੀ ਹੁੰਦੇ ਹਨ।

ਤੁਹਾਨੂੰ ਕਦੇ ਪੀਲੇ ਬਿਮਾਰ ਚੇਹਰਿਆਂ ਵਾਲੇ ਇਨ੍ਹਾਂ ਲੋਕਾਂ ਦੇ ਅੰਦਰ ਝਾਤ ਮਾਰਨ ਦਾ ਮੌਕਾ ਮਿਲੇ ਤਾਂ ਤੁਸੀਂ ਪਾਓਗੇ ਕਿ ਇਹ ਆਤਮਿਕ ਤੌਰ 'ਤੇ ਦੀਵਾਲੀਆ ਤੇ ਨੈਤਿਕ ਤੌਰ 'ਤੇ ਬਹੁਤ ਡਿਗੇ ਹੋਏ ਲੋਕ ਹੁੰਦੇ ਹਨ। ਵਿਵਸਥਾ ਜਿੰਨੀ ਜ਼ਿਆਦਾ ਬਿਮਾਰ, ਸੰਕਟ ਵਾਲੀ ਤੇ ਅੱਤਿਆਚਾਰੀ ਹੁੰਦੀ ਜਾਂਦੀ ਹੈ, ਉਸਨੂੰ ਅਜਿਹੇ ਲੋਕਾਂ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਅਤੇ ਉਦੋਂ ਅਜਿਹੇ ਲੋਕ ਭਾਰੀ ਗਿਣਤੀ 'ਚ ਬਜ਼ਾਰ 'ਚ ਉਪਲਬਧ ਵੀ ਹੋ ਜਾਂਦੇ ਹਨ।  

-ਕਵਿਤਾ ਕ੍ਰਿਸ਼ਣਪੱਲਵੀ
(ਦਿੱਤੇ ਵਿਚਾਰ ਲੇਖਿਕਾ ਦੇ ਨਿੱਜੀ ਹਨ)

Comments

Leave a Reply