Tue,Aug 03,2021 | 06:31:46am
HEADLINES:

Cultural

ਤੁਹਾਡੇ ਦਲਿਤ ਹੋਣ ਨਾਲ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ, ਉਨ੍ਹਾਂ ਦਾ ਡਰ ਤਾਂ ਤੁਹਾਡਾ ਅੰਬੇਡਕਰਵਾਦੀ ਹੋਣਾ ਹੈ

ਤੁਹਾਡੇ ਦਲਿਤ ਹੋਣ ਨਾਲ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ, ਉਨ੍ਹਾਂ ਦਾ ਡਰ ਤਾਂ ਤੁਹਾਡਾ ਅੰਬੇਡਕਰਵਾਦੀ ਹੋਣਾ ਹੈ

ਤੁਹਾਡੇ ਦਲਿਤ ਹੋਣ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਨ੍ਹਾਂ ਦਾ ਡਰ ਤਾਂ ਤੁਹਾਡਾ ਅੰਬੇਡਕਰਵਾਦੀ ਹੋਣਾ ਹੈ। ਦੱਖਣ ਦੇ ਮਸ਼ਹੂਰ ਫਿਲਮੀ ਕਲਾਕਾਰ ਦੀ ਫੋਟੋ ਹੇਠਾਂ ਲਿਖਿਆ ਉਪਰੋਕਤ ਕਥਨ ਤੁਸੀਂ ਸੋਸ਼ਲ ਮੀਡੀਆ 'ਤੇ ਆਮ ਵੇਖਿਆ ਹੋਵੇਗਾ। ਇਹ ਕਥਨ ਸੱਚ ਸਾਬਿਤ ਹੋਇਆ, ਜਦੋਂ ਪਿਛਲੇ ਦਿਨੀਂ ਮੈਂ ਆਪਣੇ ਸਾਥੀਆਂ ਨੂੰ ਦੀਨਾਨਗਰ ਨੇੜੇ ਕਸਬਾ ਤਾਰਾਗੜ੍ਹ ਮਿਲਣ ਗਿਆ ਤਾਂ ਉਨ੍ਹਾਂ ਦੱਸਿਆ ਕਿ ਇੱਥੋਂ ਦੇ ਮੈਰਿਜ ਪੈਲਸ ਦੇ ਰਾਜਪੂਤ ਮਾਲਕ ਨੇ ਪੈਲਸ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੋਗਰਾਮ ਲਈ ਕਿਰਾਏ 'ਤੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿੱਥੇ ਉਹ ਪਹਿਲਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਸਮਾਗਮ ਅਤੇ ਪ੍ਰਬੁੱਧ ਭਾਰਤ ਦੇ ਵਿਦਿਆਰਥੀ ਮੁਕਾਬਲੇ ਪਿਛਲੇ ਕਈ ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ।

ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਪ੍ਰੋਗਰਾਮ ਕਰਨ 'ਚ ਕੋਈ ਇਤਰਾਜ਼ ਨਹੀਂ। ਮਤਲਬ ਕਿ ਉਨ੍ਹਾਂ ਨੂੰ ਸਾਡੇ ਚਮਾਰ, ਮਹਾਸ਼ੇ, ਜੁਲਾਹੇ, ਵਾਲਮੀਕੀ ਆਦਿ ਵੱਜੋਂ ਇਕੱਠੇ ਹੋਣ 'ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਅਜਿਹਾ ਕਰਦੇ ਹੋਏ ਅਸੀਂ ਬ੍ਰਾਹਮਣਵਾਦੀ ਲੀਹਾਂ ਨੂੰ ਹੀ ਪੱਕਾ ਕਰਦੇ ਹਾਂ। ਇਤਰਾਜ਼ ਹੈ ਅੰਬੇਡਕਰ ਸਾਹਿਬ ਦੇ ਨਾਂ 'ਤੇ ਇਕੱਠੇ ਹੋਣ 'ਤੇ, ਇਤਰਾਜ਼ ਹੈ ਸਾਡੇ ਅੰਬੇਡਕਰਵਾਦੀ ਹੋਣ 'ਤੇ। ਕਿਉਂ? ਇਹੀ ਸਾਡੀ ਸੋਚ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਬਾਬਾ ਸਾਹਿਬ ਡਾ. ਅੰਬੇਡਕਰ ਤੋਂ ਵਿਰੋਧੀ ਇੰਨੇ ਡਰੇ ਹੋਏ ਹਨ ਕਿ ਉਹ ਅੰਬੇਡਕਰ ਦੇ ਬੁੱਤਾਂ ਨੂੰ ਤੋੜਨ 'ਤੇ ਉਤਾਰੂ ਹੋਏ ਪਏ ਹਨ। ਕਾਂਗਰਸ ਨੇ ਪੂਰੇ 30 ਸਾਲ ਉਸ ਮਹਾਮਾਨਵ 'ਤੇ ਮਿੱਟੀ ਪਾਈ ਰੱਖੀ, ਜਿਨ੍ਹਾਂ ਨੂੰ ਜਿੰਦਾ ਸ਼ਹੀਦ ਸਾਹਿਬ ਕਾਂਸ਼ੀਰਾਮ ਨੇ 1978 'ਚ ਬਾਮਸੇਫ ਬਣਾ ਕੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਉਹੀ ਮਿੱਟੀ ਕਾਂਗਰਸ ਦੀਆਂ ਅੱਖਾਂ 'ਚ ਪਾ ਕੇ ਇਸ ਤਰ੍ਹਾਂ ਅੰਨਿਆ ਕਰ ਦਿੱਤਾ ਕਿ ਉਨ੍ਹਾਂ ਨੂੰ ਯੂਪੀ ਵਰਗੇ ਵੱਡੇ ਪ੍ਰਦੇਸ਼ 'ਚ ਆਪਣੀ ਹੋਂਦ ਲੱਭਣੀ ਮੁਸ਼ਕਿਲ ਹੋ ਰਹੀ ਹੈ।

ਭਾਰਤ ਦੇ ਮੂਲ ਨਿਵਾਸੀਆਂ ਦੀ ਅੰਧਕਾਰਮਈ ਜ਼ਿੰਦਗੀ 'ਚ ਅੰਬੇਡਕਰੀ ਰੌਸ਼ਨੀ ਦੀਆਂ ਕਿਰਨਾਂ ਆਉਣ ਤੋਂ ਪਹਿਲਾਂ ਮੂਲ ਨਿਵਾਸੀਆਂ ਦੇ ਇੱਕ ਅੰਗ ਨੂੰ 'ਹਰੀਜਨ' ਦੇ ਨਾਂ ਨਾਲ ਤ੍ਰਿਸਕਾਰਿਆ ਜਾਂਦਾ ਸੀ, ਪਰ ਸਾਹਿਬ ਕਾਂਸ਼ੀਰਾਮ ਦੇ ਅਣਥਕ ਯਤਨਾਂ ਸਦਕਾ ਸਥਾਪਿਤ ਕੀਤੀ ਬਾਮਸੇਫ ਦੀਆਂ ਖੋਜਾਂ ਸਦਕਾ ਜਦੋਂ 'ਹਰੀਜਨ' ਲਫ਼ਜ਼ ਦਾ ਇਤਿਹਾਸ ਲੋਕਾਂ ਸਾਹਮਣੇ ਆਇਆ ਤਾਂ ਸਰਕਾਰ ਨੂੰ ਇਸ ਲਫ਼ਜ਼ 'ਤੇ ਪਾਬੰਦੀ ਲਗਾਉਣੀ ਪਈ। ਫਿਰ ਸਾਡੇ ਲੋਕਾਂ ਲਈ ਨਵਾਂ ਲਫ਼ਜ਼ ਦਲਿਤ ਹੋਂਦ 'ਚ ਆਇਆ। ਪਿਛਲੇ 4 ਦਹਾਕਿਆਂ ਤੋਂ ਪ੍ਰਚਲਿਤ ਇਹ ਲਫ਼ਜ਼ ਆਪਣੇ 'ਚ ਇਤਿਹਾਸਕ ਸੱਚਾਈ ਦੇ ਨਾਲ-ਨਾਲ ਹੀਨ ਭਾਵਨਾ ਨੂੰ ਸਮੋਈ ਬੈਠਾ ਹੈ। ਦ-ਲ-ਤ ਭਾਵ ਦੱਬੇ-ਕੁਚਲੇ।

ਦੁਰਕਾਰੇ, ਲਤਾੜੇ ਅਤੇ ਤ੍ਰਿਸਕਾਰੇ, ਜਿੱਥੇ ਸ਼ੂਦਰ ਸਮਾਜ ਦੀ ਸਮਾਜਿਕ ਸੱਚਾਈ ਨੂੰ ਬਿਆਨ ਕਰਦਾ ਹੈ, ਉੱਥੇ ਨੌਜਵਾਨ ਪੀੜ੍ਹੀ ਸ਼ਾਇਦ ਇਸਨੂੰ ਕਬੂਲ ਕਰਨ ਲਈ ਹਿਚਕਿਚਾਹਟ ਮਹਿਸੂਸ ਕਰਦੀ ਹੈ। ਇਸ ਲਈ ਸਾਨੂੰ ਸਾਹਿਬ ਕਾਂਸ਼ੀਰਾਮ ਦੀ ਯੂਨੀਵਰਸਿਟੀ 'ਬਾਮਸੇਫ' 'ਚ ਘੜਿਆ ਲਫਜ਼ ਮੂਲ ਨਿਵਾਸੀ ਪੂਰੇ 85 ਫੀਸਦੀ ਸਮਾਜ ਲਈ ਵਰਤੋਂ 'ਚ ਲਿਆਉਣਾ ਚਾਹੀਦਾ ਹੈ।

9 ਅਗਸਤ ਹਰ ਸਾਲ ਸੰਸਾਰ ਪੱਧਰ 'ਤੇ ਮੂਲ ਨਿਵਾਸੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ, ਪਰ ਸਾਡਾ ਸਮਾਜ ਸੁੱਤਾ ਪਿਆ ਹੈ, ਕਿਤੇ ਕੋਈ ਹਲਚਲ ਨਜ਼ਰ ਨਹੀਂ ਆਈ, ਸਿਵਾਏ ਸੋਸ਼ਲ ਮੀਡੀਏ ਦੇ। ਲਫ਼ਜਾਂ ਦੀ ਧਾਰ ਤਲਵਾਰ ਤੋਂ ਵੀ ਜ਼ਿਆਦਾ ਮਾਰ ਕਰਦੀ ਹੈ। ਇਸ ਦੀ ਵਰਤੋਂ ਨਾਲ ਕੋਈ ਦਿਲ 'ਚ ਵੀ ਉੱਤਰ  ਸਕਦਾ ਹੈ। ਇਸ ਲਈ ਲਫ਼ਜ਼ਾਂ ਦੀ ਚੋਣ ਬਹੁਤ ਜ਼ਰੂਰੀ ਹੈ। ਇਸ ਕਰਕੇ 85 ਫੀਸਦੀ ਸਮਾਜ ਲਈ ਮੂਲ ਨਿਵਾਸੀ ਲਫ਼ਜ਼ ਵਰਤਣਾ ਸਮੇਂ ਦੀ ਲੋੜ ਹੈ। ਅੰਬੇਡਕਰੀ ਹੋਣ ਦਾ ਮਤਲਬ ਕੀ ਹੈ ਅਤੇ ਇਸ ਤੋਂ ਵਿਰੋਧੀ ਡਰਦੇ ਕਿਉਂ ਹਨ?

ਅੰਬੇਡਕਰੀ ਹੋਣ ਦਾ ਮਤਲਬ ਸਿਰਫ ਜੈ ਭੀਮ ਬੋਲਣਾ ਜਾਂ ਬਾਬਾ ਸਾਹਿਬ ਦੀ ਫੋਟੋ ਘਰ 'ਚ ਲਗਾ ਲੈਣਾ ਹੀ ਨਹੀਂ ਹੈ। ਅੰਬੇਡਕਰ ਨਾਂ ਹੈ ਮੁਕਤੀ ਦਾ। ਬ੍ਰਾਹਮਣਵਾਦ ਦੇ ਫੈਲਾਏ ਜਾਲ ਤੋਂ ਮੁਕਤੀ। ਅੰਬੇਡਕਰ ਨਾਂ ਹੈ ਸੰਘਰਸ਼ ਦਾ। ਅੰਬੇਡਕਰੀ ਹੋਣ ਦਾ ਮਤਲਬ ਹੈ ਗੈਰਮਾਨਵੀ ਅਤੇ ਗੈਰ ਵਿਗਿਆਨਕ ਵਿਵਸਥਾ ਨੂੰ ਬਦਲਣ ਲਈ ਲਗਾਤਾਰ ਸੰਘਰਸ਼ਸ਼ੀਲ ਰਹਿਣਾ।

ਅੰਬੇਡਕਰ ਨਾਂ ਹੈ ਕੁਰਬਾਨੀ ਦਾ। ਜਿਵੇਂ ਉਨ੍ਹਾਂ ਆਪਣੇ ਪਰਿਵਾਰ ਅਤੇ ਸੁੱਖ ਸਹੂਲਤਾਂ ਦੀ ਪਰਵਾਹ ਨਾ ਕਰਦੇ ਹੋਏ ਪੂਰਾ ਜੀਵਨ ਸਮਾਜ ਲਈ ਕੁਰਬਾਨ ਕਰ ਦਿੱਤਾ, ਉਵੇਂ ਹੀ ਅੰਬੇਡਕਰੀ ਹੋਣ ਦਾ ਮਤਲਬ ਹੈ ਆਪਣੇ ਆਪ 'ਚ ਕੁਰਬਾਨੀ ਦਾ ਜਜ਼ਬਾ ਪੈਦਾ ਕਰਕੇ ਸਮਾਜ ਲਈ ਕੁਰਬਾਨੀ ਕਰਨ ਲਈ ਤਤਪਰ ਰਹਿਣਾ। ਉਹ ਕੌਮ ਇਤਿਹਾਸ ਨਹੀਂ ਸਿਰਜ ਸਕਦੀ, ਜਿਸ 'ਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ।

ਜੇ ਅੱਜ ਮੂਲ ਨਿਵਾਸੀ ਕੌਮ ਦੀ ਹਾਲਤ 'ਚ ਕੁਝ ਸੁਧਾਰ ਆਇਆ ਹੈ ਤਾਂ ਇਸ ਪਿੱਛੇ ਫੂਲੇ, ਸ਼ਾਹੂ, ਅੰਬੇਡਕਰ, ਕਾਂਸ਼ੀਰਾਮ ਦੇ ਨਾਲ-ਨਾਲ ਸਾਡੇ ਧਾਰਮਿਕ ਅਤੇ ਸਮਾਜ ਸੁਧਾਰਕ ਮਹਾਪੁਰਖਾਂ ਦੀ ਕੁਰਬਾਨੀ ਦਾ ਯੋਗਦਾਨ ਹੈ। ਇਸ ਲਈ ਜੇਕਰ ਅਸੀਂ ਆਪਣੇ ਸਮਾਜ 'ਚ ਤਨ, ਮਨ ਤੇ ਧਨ ਦੀ ਕੁਰਬਾਨੀ ਦਾ ਜਜ਼ਬਾ ਪੈਦਾ ਕਰ ਲਈਏ ਤਾਂ ਅਸੀਂ ਕੁਝ ਸਾਲਾਂ 'ਚ ਹੀ ਸਮਾਜ ਦਾ ਕਾਇਆ ਕਲਪ ਕਰ ਸਕਦੇ ਹਾਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਦਰਸ਼ਾਏ ਮਾਰਗ 'ਤੇ ਚੱਲ ਕੇ। ਸਭ ਤੋਂ ਪਹਿਲਾਂ ਕਿਹੜੀ ਕੁਰਬਾਨੀ ਦੀ ਲੋੜ ਹੈ?

ਅੱਜ ਅਸੀਂ ਜਾਨ ਦੀ ਨਹੀਂ, ਸਿਰਫ ਜਾਤ ਦੀ ਹੀ ਕੁਰਬਾਨੀ ਦੇ ਦਈਏ ਤਾਂ ਅਸੀਂ 6743 ਟੁਕੜਿਆਂ 'ਚ ਵੰਡੇ ਸਮਾਜ ਤੋਂ ਇੱਕ ਮਜ਼ਬੂਤ ਸਮਾਜ ਬਣਾ ਸਕਦੇ ਹਾਂ। ਮਹਾਮਾਨਵ ਬੁੱਧ ਤੋਂ ਕਾਂਸ਼ੀਰਾਮ ਤੱਕ ਅਨੇਕਾਂ ਮਹਾਪੁਰਖਾਂ ਨੇ ਜਾਤਪਾਤ, ਗੈਰਮਾਨਵੀ ਵਿਵਸਥਾ ਖਿਲਾਫ ਸਾਰਾ ਜੀਵਨ ਸੰਘਰਸ਼ ਕੀਤਾ, ਪਰ ਅਸੀਂ ਜੜ ਬੁੱਧ ਲੋਕ ਅੱਜ ਵੀ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ। ਜੇ ਅੱਜ ਵੀ ਅਸੀਂ ਉਨ੍ਹਾਂ ਦੀ ਗੱਲ 'ਤੇ ਅਮਲ ਨਾ ਕੀਤਾ ਤਾਂ ਰਾਮ ਰਾਜ ਦੇ ਪਰਦੇ ਹੇਠ ਮਨੂੰਸਮ੍ਰਿਤੀ ਦਾ ਰਾਜ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਢਿੰਡੋਰਾ ਪਿੱਟਦੇ ਰਹੋ ਆਪਣੇ 85 ਫੀਸਦੀ ਹੋਣ ਦਾ।

ਜੇ ਮੂਲ ਨਿਵਾਸੀ ਸਮਾਜ ਬਾਬਾ ਸਾਹਿਬ ਅੰਬੇਡਕਰ ਦੇ ਰਸਤੇ 'ਤੇ ਚੱਲ ਕੇ ਬੁੱਧ ਦੀ ਸ਼ਰਨ 'ਚ ਚਲਾ ਜਾਵੇ ਤਾਂ ਅਸੀਂ ਗੁਲਾਮੀ ਦੀਆਂ ਬੇੜੀਆਂ 'ਚੋਂ ਨਿੱਕਲ ਸਕਦੇ ਹਾਂ। ਬਾਬਾ ਸਾਹਿਬ ਦਾ ਬੁੱਧਮਈ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਅਤੇ ਸਾਹਿਬ ਕਾਂਸ਼ੀਰਾਮ ਜੀ ਦੁਆਰਾ ਚਲਾਏ ਪ੍ਰੋਗਰਾਮ ਜਾਤ ਤੋੜੋ ਸਮਾਜ ਜੋੜੋ ਨੂੰ ਅਮਲੀ ਰੂਪ ਦੇਣ ਲਈ ਸਮਾਂ ਮੰਗ ਕਰ ਰਿਹਾ ਹੈ ਕਿ ਅਗਲੇ ਵਰ੍ਹੇ ਹੋ ਰਹੀ ਜਨਗਣਨਾ 'ਚ ਬਾਬਾ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲ ਕੇ ਬੁੱਧ ਦੀ ਸ਼ਰਨ 'ਚ ਜਾਈਏ, ਆਪਣਾ ਧਰਮ ਬੁੱਧ ਲਿਖਾਈਏ, ਇੱਕ ਸਮਾਜ ਬਣ ਜਾਈਏ, ਗੁਲਾਮੀ ਛੱਡ ਆਜ਼ਾਦੀ ਵੱਲ ਜਾਈਏ, ਗੈਰਬਰਾਬਰੀ ਤੇ ਊਚ-ਨੀਚ ਵਾਲੇ ਧਰਮ 'ਚੋਂ ਨਿੱਕਲ ਕੇ ਬਰਾਬਰੀ ਵਾਲੇ ਜਾਤਪਾਤ ਰਹਿਤ ਧਰਮ 'ਚ ਜਾਈਏ, ਆਪਣੀ ਹੋਣੀ ਦੇ ਆਪ ਮਾਲਕ ਬਣ ਜਾਈਏ, ਆਪਣਾ ਰਾਜ ਲਿਆਈਏ।

ਇਹ ਮੇਰੀ ਨਿੱਜੀ ਰਾਏ ਹੈ, ਜੋ ਬਾਬਾ ਸਾਹਿਬ ਦੀ ਬਦੌਲਤ ਮਿਲੀ ਤੁਛ ਬੁੱਧੀ ਅਨੁਸਾਰ ਮੈਂ ਕਹਿ ਰਿਹਾ ਹਾਂ। ਇਸ ਨੁਕਤੇ ਦੇ ਵਿਰੋਧ 'ਚ ਕਿਸੇ ਕੋਲ ਕਈ ਦਲੀਲਾਂ ਹੋ ਸਕਦੀਆਂ ਹਨ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਸੰਕਟ ਕਾਲੀਨ ਸਮੇਂ, ਜਦੋਂ ਤੁਹਾਡੇ ਵਿਰੋਧੀ ਬਾਬਾ ਸਾਹਿਬ ਦਾ ਸੰਵਿਧਾਨ ਖਤਮ ਕਰਕੇ ਮਨੂੰਸਮ੍ਰਿਤੀ ਦਾ ਰਾਜ ਠੋਸਣ ਵੱਲ ਦਿਨੋਂ ਦਿਨ ਵੱਧ ਰਹੇ ਹਨ ਤਾਂ ਸਾਨੂੰ ਅਜਿਹੇ ਮਸਲੇ 'ਤੇ ਪੁਨਰ ਵਿਚਾਰ ਕਰਕੇ ਵਿਵੇਕਪੂਰਨ ਫੈਸਲਾ ਲੈਣਾ ਚਾਹੀਦਾ ਹੈ। ਫੈਸਲਾ ਤੁਹਾਡੇ ਹੱਥ ਹੈ, ਗੁਲਾਮੀ ਨੂੰ ਚੁਨਣਾ ਹੈ ਜਾਂ ਆਜ਼ਾਦੀ ਵੱਲ ਵਧਣਾ ਹੈ।

-ਨੰਦ ਲਾਲ ਕਲਿਆਣਪੁਰੀ,
ਧਾਰੀਵਾਲ (ਗੁਰਦਾਸਪੁਰ)

Comments

Leave a Reply