Tue,Aug 03,2021 | 06:50:38am
HEADLINES:

Cultural

38 ਸਾਲ ਹਿੰਦੀ ਸਿਨੇਮਾ 'ਚੋਂ ਗਾਇਬ ਰਹੇ ਅੰਬੇਡਕਰ, ਬਸਪਾ ਦੀ ਸਥਾਪਨਾ ਤੋਂ ਬਾਅਦ ਮਿਲੀ ਫਿਲਮਾਂ 'ਚ ਜਗ੍ਹਾ

38 ਸਾਲ ਹਿੰਦੀ ਸਿਨੇਮਾ 'ਚੋਂ ਗਾਇਬ ਰਹੇ ਅੰਬੇਡਕਰ, ਬਸਪਾ ਦੀ ਸਥਾਪਨਾ ਤੋਂ ਬਾਅਦ ਮਿਲੀ ਫਿਲਮਾਂ 'ਚ ਜਗ੍ਹਾ

ਤਮਿਲ ਨਿਰਦੇਸ਼ਕ ਪੀਏ ਰਣਜੀਤ ਨੇ ਇੱਕ ਵਾਰ ਕਿਹਾ ਸੀ, ''ਪਿਛੋਕੜ ਹੀ ਸਭ ਕੁਝ ਹੁੰਦਾ ਹੈ। ਉਹ ਉੱਥੇ ਰਹਿ ਰਹੇ ਲੋਕਾਂ ਦੀ ਕਹਾਣੀ ਦੱਸਦਾ ਹੈ। ਹਰ ਪਿਛੋਕੜ ਪਿੱਛੇ ਇੱਕ ਕਹਾਣੀ ਹੁੰਦੀ ਹੈ ਅਤੇ ਮੇਰਾ ਮੰਨਣਾ ਹੈ ਕਿ ਉਸਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।'' ਸਾਲਾਂ ਤੱਕ ਬਾਲੀਵੁੱਡ ਦੇ ਜਾਤੀਵਾਦੀ ਫਿਲਮਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਲ ਕਿਸੇ ਅਛੂਤ ਵਾਂਗ ਵਿਵਹਾਰ ਕਰਦੇ ਰਹੇ। ਮੁੱਢਲੇ ਸੀਨ ਦੀ ਗੱਲ ਤਾਂ ਛੱਡ ਦਿਓ, ਲੰਮੇ ਸਮੇਂ ਤੱਕ ਉਨ੍ਹਾਂ ਨੂੰ ਸੀਨ ਦੀ ਬੈਕਗ੍ਰਾਊਂਡ ਤੋਂ ਵੀ ਮਿਟਾ ਕੇ ਰੱਖਿਆ ਗਿਆ।

ਉਦਾਹਰਨ ਵੱਜੋਂ 1982 ਦੀ ਹਾਲੀਵੁੱਡ ਕਲਾਸਿਕ ਗਾਂਧੀ ਨੂੰ ਹੀ ਲੈ ਲਓ। ਇਸ 'ਚ ਅੰਬੇਡਕਰ ਦਾ ਡਾ. ਕਿਰਦਾਰ ਕਿਤੇ ਨਹੀਂ ਸੀ, ਸਗੋਂ ਸਾਢੇ 3 ਘੰਟੇ ਦੀ ਲੰਮੀ ਫਿਲਮ ਦੌਰਾਨ ਉਨ੍ਹਾਂ ਦਾ ਕੋਈ ਜ਼ਿਕਰ ਵੀ ਨਹੀਂ ਹੋਇਆ। ਇਹ ਬਹੁਤ ਹੈਰਾਨੀ ਦੀ ਗੱਲ ਸੀ। ਹੁਣ ਤੁਸੀਂ ਭਾਰਤ ਦੇ ਇਤਿਹਾਸ 'ਚ ਅੰਬੇਡਕਰ ਦੀ ਹੈਸੀਅਤ ਦੇਖੋ-ਭਾਰਤ ਦੇ ਸੰਵਿਧਾਨ ਨਿਰਮਾਤਾ, ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸ਼ੋਸ਼ਿਤ ਬਹੁਜਨ ਸਮਾਜ ਦੇ ਮਸੀਹਾ ਤੇ ਨਾਰੀ ਦੇ ਮੁਕਤੀਦਾਤਾ।

ਕਿਸੇ ਵੀ ਇਤਿਹਾਸਕ ਹਸਤੀ ਦੀ ਡਾਕਿਊਮੈਂਟਰੀ 'ਚ ਉਸਨੂੰ ਦਿਖਾਏ ਜਾਣ ਦੇ ਨਾਲ, ਉਸਦੇ ਮੁੱਖ ਵਿਰੋਧੀਆਂ ਨੂੰ ਵੀ ਦਿਖਾਇਆ ਜਾਂਦਾ ਹੈ। ਆਪਣੇ ਸਮਾਜਿਕ-ਰਾਜਨੀਤਕ ਤੇ ਧਾਰਮਿਕ ਰੁਖ਼ ਨੂੰ ਲੈ ਕੇ ਡਾ. ਅੰਬੇਡਕਰ ਹਮੇਸ਼ਾ ਗਾਂਧੀ ਦੇ ਵਿਰੋਧੀ ਦੇ ਤੌਰ 'ਤੇ ਜਾਣੇ ਜਾਂਦੇ ਸਨ। ਦੱਬੇ-ਕੁਚਲੇ ਵਰਗਾਂ ਨੂੰ ਅਧਿਕਾਰ ਲੈ ਕੇ ਦੇਣ ਦੇ ਸੰਘਰਸ਼ ਤਹਿਤ ਹੀ ਅੰਬੇਡਕਰ ਨੇ ਅਛੂਤਾਂ ਨੂੰ ਵੱਖਰੇ ਚੋਣ ਖੇਤਰ ਦਾ ਹੱਕ ਲੈ ਕੇ ਦਿੱਤਾ ਸੀ। ਹਾਲਾਂਕਿ ਗਾਂਧੀ ਇਸਦੇ ਵਿਰੋਧ 'ਚ ਸਨ ਤੇ ਉਨ੍ਹਾਂ ਦੇ ਮਰਣ ਵਰਤ 'ਤੇ ਬੈਠਣ ਕਰਕੇ ਅਛੂਤਾਂ ਤੋਂ ਇਹ ਹੱਕ ਖੋਹ ਹੋ ਗਿਆ।

ਇਸ ਤਰ੍ਹਾਂ ਨਾਲ ਡਾਇਰੈਕਟਰ ਰਿਚਰਡ ਐਟਨਬ੍ਰੋ ਦੀ ਗਾਂਧੀ ਹਾਲਾਂਕਿ ਹਾਲੀਵੁੱਡ 'ਚ ਬਣੀ ਸੀ, ਪਰ ਉਹ ਬਿਲਕੁੱਲ ਸਹੀ ਚਿਤਰਣ ਬਣ ਗਈ ਕਿ ਭਾਰਤ ਦੇ ਸ਼ਾਸਕ ਵਰਗ ਨੇ 90 ਦੇ ਦਹਾਕੇ ਤੱਕ ਅਸਲ ਜੀਵਨ 'ਚ ਅੰਬੇਡਕਰ ਦੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਸੀ। ਆਜ਼ਾਦੀ ਦੇ 40 ਸਾਲ ਬਾਅਦ ਤੱਕ ਸੰਸਦ ਦੇ ਕੇਂਦਰੀ ਹਾਲ 'ਚ ਉਨ੍ਹਾਂ ਦੀ ਤਸਵੀਰ ਨਹੀਂ ਸੀ, ਇਸਦੇ ਬਾਵਜੂਦ ਕਿ ਉਹ ਭਾਰਤ ਦੇ ਸੰਵਿਧਾਨ ਨਿਰਮਾਤਾ ਸਨ।

ਆਜ਼ਾਦੀ ਤੋਂ ਬਾਅਦ ਅੰਬੇਡਕਰ ਨੂੰ 38 ਸਾਲ ਲੱਗ ਗਏ ਭਾਰਤੀ ਫਿਲਮਾਂ 'ਚ ਨਜ਼ਰ ਆਉਣ 'ਚ। ਸਕੂਲਾਂ ਤੇ ਕਾਲਜਾਂ ਦੀਆਂ ਕਿਤਾਬਾਂ 'ਚ ਵੀ ਉਨ੍ਹਾਂ ਦਾ ਜਾਂ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਦਾ ਮੁਸ਼ਕਿਲ ਨਾਲ ਹੀ ਜ਼ਿਕਰ ਹੁੰਦਾ ਸੀ। ਬਹੁਤ ਲੰਮੇ ਸਮੇਂ ਤੱਕ ਉਹ ਟੀਵੀ, ਰੇਡੀਓ ਜਾਂ ਕਿਸੇ ਵੀ ਆਡੀਓ-ਵਿਜ਼ੂਅਲ ਸਮੱਗਰੀ ਤੋਂ ਗਾਇਬ ਰਹੇ।

ਭਾਰਤ ਦੀਆਂ ਅਖੌਤੀ ਉੱਚ ਜਾਤੀਆਂ ਨੇ, ਜੋ ਸ਼ਾਸਕ ਵਰਗ ਸਨ, ਆਧੁਨਿਕ ਭਾਰਤ ਦੇ ਨਿਰਮਾਤਾ ਦੇ ਤੌਰ 'ਤੇ ਅੰਬੇਡਕਰ ਦੇ ਯੋਗਦਾਨ ਵੱਲੋਂ ਅੱਖਾਂ ਬੰਦ ਕਰ ਲਈਆਂ ਸਨ। ਕੁਦਰਤੀ ਤੌਰ 'ਤੇ ਹਿੰਦੀ ਸਿਨੇਮਾ 'ਚ ਇਹੀ ਝਲਕਦਾ ਸੀ। ਸਵਰਣ ਨਿਰਮਾਤਾ-ਨਿਰਦੇਸ਼ਕਾਂ ਦੀਆਂ ਬਣਾਈਆਂ ਫਿਲਮਾਂ ਦੀ ਬੈਕਗ੍ਰਾਊਂਡ 'ਚ ਉੱਚ ਜਾਤੀ ਜਾਂ ਸਵਰਣ ਪਿਛੋਕੜ ਦੇ ਰਾਜਨੇਤਾਵਾਂ ਜਿਵੇਂ ਮੋਹਨ ਦਾਸ ਕਰਮਚੰਦ ਗਾਂਧੀ, ਲੋਕਮਾਨਯ ਤਿਲਕ, ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਸੁਭਾਸ਼ ਚੰਦਰ ਬੋਸ, ਇੱਥੇ ਤੱਕ ਕਿ ਸਵਾਮੀ ਵਿਵੇਕਾਨੰਦ ਦੀਆਂ ਤਸਵੀਰਾਂ ਮੁੱਖ ਤੌਰ 'ਤੇ ਦਿਖਾਈਆਂ ਜਾਂਦੀਆਂ ਸਨ। ਜੇਕਰ ਬਾਲੀਵੁੱਡ ਨੇ ਦਲਿਤਾਂ ਦੀਆਂ ਕਹਾਣੀਆਂ ਕਿਤੇ ਦਿਖਾਈਆਂ ਵੀ, ਜੋ ਕਿ ਉਂਜ ਹੀ ਬਹੁਤ ਘੱਟ ਸਨ ਤਾਂ ਅੰਬੇਡਕਰ ਉਨ੍ਹਾਂ 'ਚੋਂ ਗਾਇਬ ਹੁੰਦੇ ਸਨ।

ਇਸਦਾ ਉਦਾਹਰਨ ਹੈ ਬਿਮਲ ਰਾਏ ਦੀ ਫਿਲਮ ਸੁਜਾਤਾ (1959), ਜਿਸ 'ਚ ਬ੍ਰਾਹਮਣ ਨਾਇਕ ਅਧੀਰ ਚੌਧਰੀ (ਸੁਨੀਲ ਦੱਤ) ਨੂੰ ਇੱਕ ਅਛੂਤ ਸੁਜਾਤਾ (ਨੂਤਨ) ਨਾਲ ਪਿਆਰ ਹੋ ਜਾਂਦਾ ਹੈ। ਅਧੀਰ ਇੰਨੀ ਖੁੱਲੀ ਸੋਚ ਦਾ ਹੈ ਕਿ ਆਪਣੇ ਘਰ 'ਚ ਰਵਿੰਦਰ ਨਾਥ ਟੈਗੋਰ, ਗਾਂਧੀ ਤੇ ਵਿਵੇਕਾਨੰਦ ਦੀਆਂ ਤਸਵੀਰਾਂ ਰੱਖਦਾ ਹੈ, ਪਰ ਅੰਬੇਡਕਰ ਦੀ ਨਹੀਂ।

ਤੁਸੀਂ ਦਲੀਲ ਦੇ ਸਕਦੇ ਹੋ ਕਿ 60 ਦੇ ਦਹਾਕੇ 'ਚ ਇੱਕ ਬ੍ਰਾਹਮਣ ਨੂੰ ਬੇਸ਼ੱਕ ਹੀ ਉਹ ਪ੍ਰਗਤੀਸ਼ੀਲ ਹੋਵੇ, ਆਪਣੇ ਘਰ 'ਚ ਅੰਬੇਡਕਰ ਦੀ ਫੋਟੋ ਕਿਉਂ ਰੱਖਣੀ ਚਾਹੀਦੀ ਹੈ, ਇਹ ਸਹੀ ਵੀ ਹੋ ਸਕਦਾ ਹੈ, ਪਰ ਫਿਰ ਤਪਨ ਸਿਨਹਾ ਦੀ ਫਿਲਮ ਜ਼ਿੰਦਗੀ (1972) ਲੈ ਲਓ, ਜਿਸ 'ਚ ਸੁਨੀਲ ਦੱਤ ਇੱਕ ਡਾਕਟਰ ਦਾ ਰੋਲ ਕਰਦੇ ਹਨ, ਜਿਨ੍ਹਾਂ ਦਾ ਸਬੰਧ ਇੱਕ 'ਅਛੂਤ' ਪਰਿਵਾਰ ਨਾਲ ਹੈ।

ਫਿਲਮ 'ਚ ਇੱਕ ਨਹੀਂ, ਸਗੋਂ ਦੋ ਅੰਤਰ ਜਾਤੀ ਪ੍ਰੇਮ ਕਹਾਣੀਆਂ ਦਿਖਾਈਆਂ ਜਾਂਦੀਆਂ ਹਨ, ਪਰ ਇੱਥੇ ਵੀ ਅੰਬੇਡਕਰ ਬੈਕਗ੍ਰਾਉਂਡ 'ਚ ਕਿਤੇ ਨਜ਼ਰ ਨਹੀਂ ਆਉਂਦੇ। ਹਿੰਦੀ ਸਿਨੇਮਾ 'ਚ ਉਨ੍ਹਾਂ ਦੀ ਮੌਜ਼ੂਦਗੀ ਨਾ ਸਿਰਫ ਮੁੱਖ ਕਿਰਦਾਰਾਂ ਦੇ ਘਰਾਂ ਤੋਂ ਗਾਇਬ ਸੀ, ਸਗੋਂ ਅਦਾਲਤਾਂ, ਪੁਲਸ ਥਾਣਿਆਂ ਤੇ ਸਰਕਾਰੀ ਦਫਤਰਾਂ 'ਚ ਵੀ ਨਹੀਂ ਸੀ, ਪਰ ਲੀਡਰ ਦੇ ਜੀਵਨ 'ਤੇ ਬਣੀ ਨਿਰਦੇਸ਼ਕ ਜੱਬਾਰ ਪਟੇਲ ਦੀ ਲੋਕਪ੍ਰਿਅ ਬਾਇਓਪਿਕ ਨੇ ਹੌਲੀ-ਹੌਲੀ ਇਸਨੂੰ ਬਦਲਣ ਦੀ ਕੋਸ਼ਿਸ਼ ਕੀਤੀ।

ਆਪਣੀ ਅੰਗ੍ਰੇਜ਼ੀ-ਹਿੰਦੀ ਫਿਲਮ ਡਾ. ਬਾਬਾ ਸਾਹਿਬ ਅੰਬੇਡਕਰ (2000) 'ਚ ਉਨ੍ਹਾਂ ਨੇ ਅੰਬੇਡਕਰ ਦੇ ਜੀਵਨ, ਉਨ੍ਹਾਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਰਾਜਨੀਤਕ ਤੇ ਪ੍ਰੋਫੈਸ਼ਨਲ ਸਫਰ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਅੰਬੇਡਕਰ ਦੇ ਗਾਂਧੀ ਦੇ ਨਾਲ ਹੋਏ ਟਕਰਾਅ ਨੂੰ ਸ਼ੋਅ ਕੇਸ ਕੀਤਾ ਅਤੇ ਦੋਨਾਂ ਦੇ ਇੱਕ-ਦੂਜੇ ਦੇ ਉਲਟ ਰਾਜਨੀਤਕ ਵਿਚਾਰਾਂ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕੀਤਾ।

ਫਿਲਮ ਸਫਲ ਰਹੀ, ਹਾਲਾਂਕਿ ਉਸਦੀ ਸਕ੍ਰੀਨਿੰਗਸ ਦੀ ਗਿਣਤੀ ਘੱਟ ਰਹੀ ਅਤੇ ਨਿਰਮਾਤਾਵਾਂ ਨੇ ਉਸਨੂੰ ਕਈ ਭਾਸ਼ਾਵਾਂ 'ਚ ਦਿਖਾਉਣ 'ਚ ਦਿਲਚਸਪੀ ਨਹੀਂ ਦਿਖਾਈ। ਤਮਿਲਨਾਡੂ 'ਚ ਫਿਲਮ ਦੇ ਪੂਰਾ ਹੋ ਜਾਣ ਦੇ ਕਰੀਬ 12 ਸਾਲ ਬਾਅਦ ਵੀ ਇਸਨੂੰ ਆਮ ਲੋਕਾਂ ਲਈ ਰਿਲੀਜ਼ ਨਹੀਂ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਅਧਿਕਾਰੀ ਲੋਕ ਇਸਨੂੰ ਵੱਡੀ ਗਿਣਤੀ 'ਚ ਦਰਸ਼ਕਾਂ ਤੱਕ ਨਹੀਂ ਲੈ ਜਾਣਾ ਚਾਹੁੰਦੇ ਸਨ।

ਮਰਾਠੀ ਫਿਲਮ ਇੰਡਸਟਰੀ ਨਾਲ ਸਬੰਧ ਰੱਖਣ ਵਾਲੇ ਪਟੇਲ ਸ਼ਾਇਦ ਪਹਿਲੇ ਨਿਰਦੇਸ਼ਕ ਸਨ, ਜਿਨ੍ਹਾਂ ਨੇ ਆਪਣੀ ਫਿਲਮ ਦੀ ਬੈਕਗ੍ਰਾਊਂਡ 'ਚ ਅੰਬੇਡਕਰ ਦੀਆਂ ਤਸਵੀਰਾਂ ਇਸਤੇਮਾਲ ਕੀਤੀਆਂ, ਜਿਸਦੀ ਸ਼ੁਰੂਆਤ 1979 'ਚ ਉਨ੍ਹਾਂ ਦੀ ਕਲਾਸਿਕ ਰਾਜਨੀਤਕ ਡ੍ਰਾਮਾ ਫਿਲਮ ਸਿੰਘਾਸਨ ਤੋਂ ਹੋਈ। ਅਭਿਨੇਤਰੀ ਸਮਿਤਾ ਪਾਟਿਲ ਦੀ ਮਰਾਠੀ ਫਿਲਮ ਉਂਬਰਥਾ (1982) 'ਚ, ਪਾਟਿਲ ਦੇ ਮਹਿਲਾ ਆਸ਼ਰਮ ਦੇ ਦਫਤਰ ਦੀ ਕੰਧ 'ਤੇ ਅੰਬੇਡਕਰ ਦੀ ਇੱਕ ਵੱਡੀ ਤਸਵੀਰ ਦੇਖੀ ਜਾ ਸਕਦੀ ਸੀ। ਅੰਤਰ ਜਾਤੀ ਪ੍ਰੇਮ ਕਹਾਣੀ 'ਤੇ ਅਧਾਰਿਤ ਪਟੇਲ ਦੀ ਐਵਾਰਡ ਜੇਤੂ ਫਿਲਮ ਮੁਕਤਾ (1994) 'ਚ ਅੰਬੇਡਕਰ ਇੱਕ ਵਾਰ ਫਿਰ ਬੈਕਗ੍ਰਾਊਂਡ 'ਚ ਨਜ਼ਰ ਆਏ।

ਕੁਝ ਕੁ ਮਰਾਠੀ ਫਿਲਮਾਂ ਨੂੰ ਛੱਡ ਕੇ 1985 ਤੱਕ ਹਿੰਦੀ ਸਿਨੇਮਾ ਨੂੰ ਨਹੀਂ ਲੱਗਿਆ ਕਿ ਅੰਬੇਡਕਰ ਫਿਲਮਾਂ ਦੀ ਬੈਕਗ੍ਰਾਊਂਡ ਦੇ ਲਾਇਕ ਸਨ। ਇਹ ਉਹ ਸਮਾਂ ਸੀ, ਜਦੋਂ ਸਾਹਿਬ ਕਾਂਸ਼ੀਰਾਮ ਦੀ ਅਗਵਾਈ 'ਚ ਬਹੁਜਨ ਸਮਾਜ ਪਾਰਟੀ (ਬਸਪਾ) ਇੱਕ ਮਜ਼ਬੂਤ ਰਾਜਨੀਤਕ ਤਾਕਤ ਬਣ ਕੇ ਉੱਭਰੀ। ਬਹੁਜਨ ਮੂਵਮੈਂਟ ਦੀ ਇਹ ਨਵੀਂ ਲਹਿਰ ਅੰਬੇਡਕਰ ਦੇ ਵਿਚਾਰਾਂ ਦੇ ਰੂਪ 'ਚ ਪ੍ਰਗਟ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੇ ਬੁੱਤ ਸ਼ਹਿਰਾਂ ਤੇ ਪਿੰਡਾਂ ਦੇ ਕੋਨੇ-ਕੋਨੇ 'ਤੇ ਸਥਾਪਿਤ ਹੋਣ ਲੱਗੇ।

ਹਾਲਾਂਕਿ ਬਸਪਾ 1995 ਤੱਕ ਰਵਾਇਤੀ ਤੌਰ 'ਤੇ ਸੱਤਾ 'ਚ ਨਹੀਂ ਆਈ ਸੀ। ਸਾਹਿਬ ਕਾਂਸ਼ੀਰਾਮ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (ਡੀਐੱਸ4) ਅਤੇ ਬੈਕਵਰਡ ਐਂਡ ਮਾਈਨੋਰਿਟੀ ਇੰਪਲਾਇਜ਼ ਫੈੱਡਰੇਸ਼ਨ (ਬਾਮਸੇਫ) ਦਾ ਗਠਨ ਕੀਤਾ ਸੀ, ਜੋ ਕਿ ਐੱਸਸੀ, ਐੱਸਟੀ, ਓਬੀਸੀ ਤੇ ਮਾਈਨੋਰਿਟੀ ਕਰਮਚਾਰੀਆਂ ਦੀ ਐਸੋਸੀਏਸ਼ਨ ਸੀ। ਇਹ ਸਭ ਸਰਕਾਰੀ ਬਿਲਡਿੰਗਾਂ ਦੇ ਅੰਦਰ ਆਪਣੇ ਦਫਤਰਾਂ ਦੀਆਂ ਕੰਧਾਂ 'ਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਲਗਾ ਕੇ ਰੱਖਦੇ ਸਨ।

ਜਿਵੇਂ-ਜਿਵੇਂ ਬਸਪਾ ਦੀ ਲਹਿਰ ਵਧੀ, ਹਿੰਦੀ ਸਿਨੇਮਾ 'ਚ ਹੌਲੀ-ਹੌਲੀ ਅੰਬੇਡਕਰ ਦੀ ਗੂੰਜ ਨਜ਼ਰ ਆਉਣ ਲੱਗੀ। ਮੁੱਖ ਧਾਰਾ ਦੀ ਕਿਸੇ ਵੱਡੀ ਫਿਲਮ 'ਚ ਇਸਦਾ ਪਹਿਲਾ ਸਬੂਤ 1985 'ਚ ਆਈ ਰਾਜੇਸ਼ ਖੰਨਾ ਤੇ ਸਮਿਤਾ ਪਾਟਿਲ ਦੀ ਫਿਲਮ 'ਆਖਰ ਕਿਉਂ?' ਸੀ। (1984 'ਚ ਬਸਪਾ ਦੀ ਸਥਾਪਨਾ ਹੋਣ ਤੋਂ ਬਾਅਦ ਇਹ ਫਿਲਮ ਆਈ)

ਇਸ ਫਿਲਮ 'ਚ ਪਾਟਿਲ ਦਾ ਕਿਰਤਾਰ ਪ੍ਰਿਆ ਸਰਕਾਰ ਨੇ ਨਿਭਾਇਆ, ਜੋ ਕਿ ਦੂਰਦਰਸ਼ਨ ਨੈੱਟਵਰਕ 'ਚ ਕੰਮ ਕਰਦੀ ਹੈ, ਜਿੱਥੇ ਉਸਦੇ ਕੈਬਿਨ 'ਚ ਆਫਿਸ ਦੀ ਕੁਰਸੀ ਦੇ ਉੱਪਰ ਕੰਧ 'ਤੇ ਡਾ. ਅੰਬੇਡਕਰ ਦੀ ਤਸਵੀਰ ਲੱਗੀ ਹੈ। ਮੈਨੂੰ ਸ਼ੱਕ ਹੈ ਕਿ ਡਾਇਰੈਕਟਰ ਜੇ. ਓਮ ਪ੍ਰਕਾਸ਼, ਜੋ ਜਨਮ ਤੋਂ ਇੱਕ ਪੰਜਾਬੀ ਸਨ, ਪੰਜਾਬ 'ਚ ਪੈਦਾ ਹੋਏ ਬਹੁਜਨ ਲੀਡਰ ਸਾਹਿਬ ਕਾਂਸ਼ੀਰਾਮ ਅਤੇ ਉਨ੍ਹਾਂ ਦੇ ਕੰਮ ਬਾਰੇ ਕੁਝ ਜਾਣਕਾਰੀ ਰੱਖਦੇ ਹੋਣਗੇ।

1989 'ਚ ਰਾਜੀਵ ਗਾਂਧੀ ਦੀ ਸਰਕਾਰ ਡਿਗਣ ਤੋਂ ਬਾਅਦ ਬਸਪਾ ਦੇ ਸਮਰਥਨ ਨਾਲ ਬਣੇ ਅਗਲੇ ਪ੍ਰਧਾਨ ਮੰਤਰੀ ਵੀਪੀ ਸਿੰਘ ਨੇ ਅੰਬੇਡਕਰ ਦੇ ਬ੍ਰਾਂਡ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਅਤੇ ਆਖਿਰਕਾਰ ਸੰਸਦ ਦੇ ਕੇਂਦਰੀ ਹਾਲ 'ਚ ਉਨ੍ਹਾਂ ਦੀ ਤਸਵੀਰ ਲਗਾਈ ਗਈ। 1991 'ਚ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਿੱਤਾ ਗਿਆ। ਇਸ ਤੋਂ ਕੁਝ ਸਮੇਂ ਬਾਅਦ 1992-93 'ਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਦੂਰਦਰਸ਼ਨ ਨੇ ਡਾ. ਅੰਬੇਡਕਰ ਦੇ ਜੀਵਨ 'ਤੇ ਹਿੰਦੀ 'ਚ ਇੱਕ ਬਾਇਓਪਿਕ ਸੀਰੀਅਲ ਰਿਲੀਜ਼ ਕੀਤਾ, ਜਿਸਦਾ ਸਿਰਲੇਖ ਸੀ 'ਸਪੈਸ਼ਲ ਫੀਚਰ ਆਨ ਡਾ. ਬੀ.ਆਰ. ਅੰਬੇਡਕਰ'।

ਡਾ. ਅੰਬੇਡਕਰ ਨੂੰ ਮੁੱਖ ਧਾਰਾ 'ਚ ਲਿਆਉਣ ਦੀ ਪ੍ਰਕਿਰਿਆ ਮੰਦੀ ਰਹੀ, ਪਰ ਅੱਜ ਹਿੰਦੀ ਫਿਲਮਾਂ 'ਚ ਉਨ੍ਹਾਂ ਦੀ ਇਮੇਜ ਪਹਿਲਾਂ ਤੋਂ ਜ਼ਿਆਦਾ ਨਜ਼ਰ ਆਉਂਦੀ ਹੈ। 2017 ਲਈ ਭਾਰਤ ਦੀ ਆਸਕਰ ਐਂਟਰੀ, ਰਾਜਕੁਮਾਰ ਰਾਓ ਦੀ ਨਿਊਟਨ 'ਚ ਨਾਇਕ ਦੇ ਘਰ ਦੀਆਂ ਕੰਧਾਂ 'ਤੇ ਡਾ. ਅੰਬੇਡਕਰ ਮੁੱਖ ਤੌਰ 'ਤੇ ਨਜ਼ਰ ਆਉਂਦੇ ਹਨ। ਇਸ 'ਚ ਮੁੱਖ ਕਿਰਦਾਰ ਨਿਊਟਨ ਨੂੰ ਲੁਕਵੇਂ ਤੌਰ 'ਤੇ ਇੱਕ ਦਲਿਤ ਵਿਅਕਤੀ ਦਿਖਾਇਆ ਗਿਆ ਹੈ। 2017 'ਚ ਅਕਸ਼ੇ ਕੁਮਾਰ ਦੀ ਜੋਲੀ ਐੱਲਐੱਲਬੀ 2 ਦੇ ਬਹੁਤ ਸਾਰੇ ਸੀਨ 'ਚ ਜੱਜ ਦੇ ਕਮਰੇ 'ਚ ਉਸਦੇ ਟੇਬਲ ਦੇ ਠੀਕ ਪਿੱਛੇ ਗਾਂਧੀ ਦੇ ਨਾਲ ਡਾ. ਅੰਬੇਡਕਰ ਦੀ ਤਸਵੀਰ ਵੀ ਦੇਖੀ ਜਾ ਸਕਦੀ ਹੈ।

ਚਾਹੇ ਉਹ ਨਿਊਟਨ (2017) ਹੋਵੇ, ਜੋਲੀ ਐੱਲਐੱਲਬੀ 2 (2017) ਹੋਵੇ, ਮੁੱਕੇਬਾਜ਼ (2017) ਹੋਵੇ, ਆਰਟੀਕਲ 15 (2019) ਹੋਵੇ, ਨੇਟਫਲਿਕਸ ਸੀਰੀਜ਼ ਸੀਕ੍ਰੇਡ ਗੇਮਸ (2018) ਹੋਵੇ ਜਾਂ ਉਸਦੀ ਤਾਜ਼ਾ ਫਿਲਮ ਰਾਤ ਅਕੇਲੀ ਹੈ (2020) ਹੋਵੇ, ਅਸੀਂ ਦੇਖਦੇ ਹਾਂ ਕਿ ਡਾ. ਅੰਬੇਡਕਰ ਦੀ ਤਸਵੀਰ ਹਿੰਦੀ ਫਿਲਮਾਂ 'ਚ ਹੁਣ ਲਗਾਤਾਰ ਦਿਖਾਈ ਦੇਣ ਲੱਗੀ ਹੈ। ਇਸੇ ਤਰ੍ਹਾਂ ਡਾ. ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਕਈ ਸੀਰੀਅਲ ਵੀ ਆਏ ਹਨ।

ਇਸੇ ਵਿਚਕਾਰ ਮਰਾਠੀ ਫਿਲਮ ਨਿਰਦੇਸ਼ਕ ਨਾਗਰਾਜ ਮੰਜੂਲੇ ਨੇ ਜੱਬਾਰ ਪਟੇਲ ਦੀ ਵਿਰਾਸਤ ਨੂੰ ਆਪਣੀ ਸਮਾਜਿਕ ਤੌਰ 'ਤੇ ਸੰਵੇਦਨਸ਼ੀਲ ਫਿਲਮਾਂ ਰਾਹੀਂ ਕਾਮਯਾਬੀ ਦੇ ਨਾਲ ਅੱਗੇ ਵਧਾਇਆ ਹੈ, ਜਿਨ੍ਹਾਂ 'ਚ ਮੌਜ਼ੂਦਾ ਸਮੇਂ 'ਚ ਜਾਤੀ ਡਾਇਨਾਮਿਕਸ ਨੂੰ ਲੱਭਣ ਦੀ ਕੋਸ਼ਿਸ਼ ਹੈ, ਜਿਵੇਂ ਕਿ ਐਵਾਰਡ ਜੇਤੂ ਫ੍ਰੈਂਡੀ (2013) ਅਤੇ ਸੈਰਾਟ (2016)।

ਫ੍ਰੈਂਡੀ ਦਾ ਉਹ ਸੀਨ ਭਾਰਤੀ ਸਿਨੇਮਾ ਦੇ ਸਭ ਤੋਂ ਝਿੰਝੋੜਨ ਵਾਲੇ ਸੀਨ 'ਚੋਂ ਇੱਕ ਹੈ, ਜਿਸ 'ਚ ਦਲਿਤ ਕਿਰਦਾਰ ਜਬਯਾ ਨੂੰ ਆਪਣੇ ਸਕੂਲ ਦੇ ਸਾਹਮਣੇ ਪਏ ਇੱਕ ਮਰੇ ਹੋਏ ਸੂਰ ਨੂੰ ਚੁੱਕ ਕੇ ਲੈ ਜਾਣਾ ਪੈਂਦਾ ਹੈ ਅਤੇ ਉਹ ਬੈਕਗ੍ਰਾਊਂਡ 'ਚ ਕੰਧ 'ਤੇ ਬਣੇ ਡਾਇਨਾਮਿਕਸ ਦੇ ਚਿੱਤਰ ਦੇ ਅੱਗੇ ਤੋਂ ਲੰਘਦਾ ਹੈ।

ਤਮਿਲ ਨਿਰਦੇਸ਼ਕ ਪੀਏ ਰਣਜੀਤ ਵੀ ਬਹੁਤ ਸਾਰੇ ਢੰਗ ਨਾਲ ਕੰਧਾਂ ਨੂੰ ਕੈਨਵਾਸ ਵਾਂਗ ਇਸਤੇਮਾਲ ਕਰਦੇ ਹਨ। ਆਪਣੀ ਪਹਿਲੀ ਮੂਵੀ ਅੱਟਾਕੱਥੀ (2012) 'ਚ ਰਣਜੀਤ ਡਾ. ਅੰਬੇਡਕਰ ਦੇ ਬੁੱਤ ਅਤੇ ਸਕੂਲ ਦੀਆਂ ਕੰਧਾਂ 'ਤੇ ਫ੍ਰੇਮ 'ਚ ਲੱਗੀ ਡਾ. ਅੰਬੇਡਕਰ ਦੀ ਤਸਵੀਰ, ਦੋਨਾਂ ਨੂੰ ਦਿਖਾਉਂਦੇ ਹਨ। ਕਬਾਲੀ (2016) ਅਤੇ ਕਾਲਾ (2018) 'ਚ ਜੋ ਹਿੰਦੀ 'ਚ ਵੀ ਡੱਬ ਹੋਈ, ਰਣਜੀਤ ਇੱਕ ਕਦਮ ਹੋਰ ਅੱਗੇ ਵਧਦੇ ਹਨ ਅਤੇ ਅੰਬੇਡਕਰ ਤੇ ਗਾਂਧੀ ਦੀ ਤੁਲਨਾ ਕਰਦੇ ਹਨ ਅਤੇ ਇੱਕ ਡਾਇਲਾਗ 'ਚ ਦਲਿਤ ਬਹੁਜਨ ਦਾ ਨਾਅਰਾ 'ਜੈ ਭੀਮ' ਵੀ ਲਗਾਉਂਦੇ ਹਨ, ਜਦੋਂ ਇੱਕ ਪੁਲਸ ਅਫਸਰ ਇੱਕ ਪ੍ਰਦਰਸ਼ਨ 'ਚ ਸ਼ਾਮਲ ਹੋ ਜਾਂਦਾ ਹੈ ਅਤੇ ਖੁਦ ਨੂੰ ਇੱਕ ਦਲਿਤ ਦਿਖਾਉਂਦਾ ਹੈ। ਕਾਲਾ 'ਚ ਕਿਸੇ ਭਾਰਤੀ ਫਿਲਮ 'ਚ ਪਹਿਲੀ ਵਾਰ ਇੱਕ ਬੁੱਧ ਵਿਹਾਰ ਨੂੰ ਦਿਖਾਇਆ ਗਿਆ।

ਡਾ. ਅੰਬੇਡਕਰ ਹੁਣ ਸਿਰਫ ਇੱਕ ਦਲਿਤ ਆਈਕਾਨ ਨਹੀਂ ਹਨ। ਉਹ ਬਹੁਜਨ ਦਾਅਵੇ, ਮਹਿਲਾ ਸ਼ਕਤੀਕਰਨ, ਵਿਦਿਆਰਥੀ ਅੰਦੋਲਨ ਅਤੇ ਉਸ ਤੋਂ ਵੀ ਮਹੱਤਵਪੂਰਨ ਮਨੁੱਖੀ ਅਧਿਕਾਰਾਂ ਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਪ੍ਰਤੀਕ ਹਨ। ਇਸਦਾ ਉਦਾਹਰਨ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਖਿਲਾਫ ਦੇਸ਼ ਪੱਧਰੀ ਪ੍ਰਦਰਸ਼ਨਾਂ 'ਚ ਦੇਖਣ ਨੂੰ ਮਿਲਿਆ, ਜਦੋਂ ਅੰਬੇਡਕਰ ਦੇ ਪੋਸਟਰ, ਫੋਟੋਗ੍ਰਾਫ ਅਤੇ ਲੇਖ ਵੱਡੇ ਪੱਧਰ 'ਤੇ ਸਾਂਝੇ ਕੀਤੇ ਗਏ।

ਉਨ੍ਹਾਂ ਦੀਆਂ ਤਸਵੀਰਾਂ ਨੂੰ ਨਾ ਸਿਰਫ ਨਵੀਂ ਦਿੱਲੀ ਦੇ ਸ਼ਾਹੀਨ ਬਾਗ 'ਚ, ਸਗੋਂ ਦੇਸ਼ ਭਰ ਦੇ ਪ੍ਰਦਰਸ਼ਨਾਂ 'ਚ ਮੁੱਖ ਜਗ੍ਹਾ ਮਿਲੀ। ਅੰਬੇਡਕਰ ਨੂੰ ਸਾਫ ਤੌਰ 'ਤੇ ਮੁੱਖ ਧਾਰਾ 'ਚ ਲਿਆਂਦਾ ਜਾ ਰਿਹਾ ਹੈ, ਉਸ ਦੇਸ਼ 'ਚ ਜਿਸਨੇ ਬਹੁਤ ਸਮੇਂ ਤੱਕ ਰੀਲ ਤੇ ਰੀਅਲ ਲਾਈਫ ਦੋਨਾਂ 'ਚ ਉਨ੍ਹਾਂ ਦੀ ਅਣਦੇਖੀ ਕੀਤੀ। ਅਜੇ ਸਾਡੇ ਸਾਹਮਣੇ ਇੱਕ ਲੰਮੀ ਲੜਾਈ ਹੈ, ਜਿਸ ਤੋਂ ਬਾਅਦ ਹੀ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਔਸਤ ਫਿਲਮ ਨਿਰਮਾਤਾਵਾਂ ਦੇ ਪਲਾਟਸ ਤੇ ਕਹਾਣੀਆਂ 'ਚ ਉਤਰਦਾ ਦੇਖ ਸਕਾਂਗੇ।

ਅਜੇ ਹੋਰ ਬਦਲਾਅ ਦੀ ਜ਼ਰੂਰਤ
ਅੱਜ ਉਨ੍ਹਾਂ ਫਿਲਮਾਂ 'ਚ ਵੀ, ਜਿਨ੍ਹਾਂ ਦੇ ਡਾਇਰੈਕਟਰ ਦਲਿਤ ਨਹੀਂ ਹਨ ਜਾਂ ਜੋ ਜਾਤੀ ਦੀ ਪਹਿਚਾਣ ਜਾਂ ਭੇਦਭਾਵ ਬਾਰੇ ਨਹੀਂ ਹਨ, ਬੈਕਗ੍ਰਾਊਂਡ ਦੇ ਹਿੱਸੇ ਦੇ ਤੌਰ 'ਤੇ ਅਸੀਂ ਬਾਬਾ ਸਾਹਿਬ ਅੰਬੇਡਕਰ ਦੀਆਂ ਤਸਵੀਰਾਂ ਦੇਖ ਸਕਦੇ ਹਾਂ-ਚਾਹੇ ਉਹ ਘਰਾਂ ਦੀਆਂ ਕੰਧਾਂ ਹੋਣ, ਪੁਲਸ ਥਾਣੇ ਹੋਣ ਜਾਂ ਅਦਾਲਤ ਹੋਵੇ। ਇਹ ਸਭ ਰਾਸ਼ਟਰ ਨਿਰਮਾਣ 'ਚ ਡਾ. ਅੰਬੇਡਕਰ ਦੀ ਭੂਮਿਕਾ ਦੀ ਵੱਧ ਤੋਂ ਵੱਧ ਸਵੀਕਾਰਤਾ ਦਾ ਸੰਕੇਤ ਹੈ।

ਵਿਜ਼ੂਅਲ ਅਤੇ ਪਾਪੂਲਰ ਕਲਚਰ 'ਚ ਡਾ. ਅੰਬੇਡਕਰ ਦਾ ਕੱਦ ਬੇਸ਼ੱਕ ਬਸਪਾ ਦੀ ਸਥਾਪਨਾ ਤੋਂ ਬਾਅਦ ਵਧਿਆ ਹੋਵੇ, ਪਰ ਹੁਣ ਇਹ ਇੱਕ ਅਲੱਗ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਕੋਈ ਵੀ ਸਿਆਸੀ ਪਾਰਟੀ ਡਾ. ਅੰਬੇਡਕਰ ਦੀ ਅਣਦੇਖੀ ਨਹੀਂ ਕਰ ਸਕਦੀ, ਖਾਸ ਤੌਰ 'ਤੇ ਇਸ ਲਈ ਕਿ ਓਬੀਸੀ ਤੇ ਮੁਸਲਮਾਨ ਵੀ ਡਾ. ਅੰਬੇਡਕਰ ਨੂੰ ਮੰਨਣ ਲੱਗੇ ਹਨ।
-ਰਵੀ ਰਤਨ

Comments

Leave a Reply