Sun,Jan 17,2021 | 03:35:55am
HEADLINES:

ਸਾਰਿਆਂ ਨੂੰ ਤਰੱਕੀ ਦੇ ਬਰਾਬਰ ਮੌਕੇ ਮਿਲਣ

ਆਮਦਨ ਦੀ ਅਸਮਾਨ ਵੰਡ ਖਪਤ 'ਚ ਕਮੀ ਪੈਦਾ ਕਰਦੀ ਹੈ, ਜਿਸ ਨਾਲ ਪ੍ਰਭਾਵਸ਼ਾਲੀ ਮੰਗ ਘਟ ਜਾਂਦੀ ਹੈ। ਨਤੀਜੇ ਵਜੋਂ ਉਤਪਾਦਨ ਘਟਾਉਣ ਦੀ ਰੂਚੀ ਪੈਦਾ ਹੁੰਦੀ ਹੈ ਅਤੇ ਰੁਜ਼ਗਾਰ ਘੱਟ ਹੋ ਜਾਂਦਾ ਹੈ। ਇਸ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਮਦਨ 'ਚ ਸਮਾਨਤਾ ਸਿਰਫ ਸਮਾਜਿਕ ਨਜ਼ਰੀਏ ਤੋਂ ਹੀ ਜ਼ਰੂਰੀ ਨਹੀਂ, ਸਗੋਂ ਆਰਥਿਕ ਸਥਿਤੀ ਨੂੰ ਮਜ਼ਬੂਤ ਰੱਖਣ ਪੱਖੋਂ ਵੀ ਲਾਭਦਾਇਕ ਹੈ।

ਦੂਜੇ ਪਾਸੇ ਪੂੰਜੀਵਾਦੀ ਵਰਤਾਰਾ ਅਸਮਾਨਤਾ ਵੱਲ ਰੁਝਾਨ ਰੱਖਦਾ ਹੈ। ਇਸ ਨਾਲ ਕਿਰਤੀਆਂ ਲਈ ਮਜ਼ਦੂਰੀ ਦੀ ਰਾਸ਼ੀ ਘਟਦੀ ਜਾਂਦੀ ਹੈ ਅਤੇ ਉਦਯੋਗਪਤੀਆਂ ਦਾ ਮੁਨਾਫਾ ਵਧਦਾ ਜਾਂਦਾ ਹੈ। ਅਰਥ ਸ਼ਾਸ਼ਤਰੀਆਂ ਮੁਤਾਬਕ। ਇਸ ਸਥਿਤੀ 'ਚ ਹਮੇਸ਼ਾ ਹੀ ਬੇਰੁਜ਼ਗਾਰੀ ਦੀ ਹਾਲਤ ਮੌਜ਼ੂਦ ਰਹਿੰਦੀ ਹੈ। ਇਸ ਲਈ ਆਰਥਿਕਤਾ ਨੂੰ ਮੰਡੀ ਦੀਆਂ ਹਾਲਤਾਂ ਦੇ ਰਹਿਮ 'ਤੇ ਨਹੀਂ ਛੱਡਿਆ ਜਾ ਸਕਦਾ।

ਅੱਜ ਦੇ ਸੰਸਾਰ-ਵਿਆਪੀ ਸੰਕਟ ਦਾ ਵੱਡਾ ਕਾਰਨ ਇਹੀ ਹੈ। ਇਸ ਵੇਲੇ ਮਜਦੂਰ ਵਰਗ ਦੀ ਖਪਤ ਸ਼ਕਤੀ ਘਟ ਗਈ ਹੈ, ਕਿਉਂਕਿ ਉਸਦੀ ਆਮਦਨ ਘੱਟ ਗਈ ਹੈ। ਸਥਿਰ ਪੂੰਜੀ ਵਧ ਗਈ ਹੈ। ਸਰਕਾਰਾਂ ਵੱਲੋਂ ਰੁਜ਼ਗਾਰ ਵਧਾਉਣ ਲਈ ਯੋਜਨਬੱਧ ਲਗਾਤਾਰ ਯਤਨ ਕੀਤੇ ਜਾਣਾ ਜ਼ਰੂਰੀ ਹੈ। ਇਸ ਸਮੇਂ ਦੇਸ਼ 'ਚ ਭੁੱਖਮਰੀ ਦੇ ਭਿਆਨਕ ਹਾਲਾਤ ਹਨ। ਗਲੋਬਲ ਹੰਗਰ ਇੰਡੈਕਸ 'ਚ 117 ਦੇਸ਼ਾਂ ਦੀ ਸੂਚੀ 'ਚ ਭਾਰਤ ਦਾ 102ਵਾਂ ਸਥਾਨ ਹੈ।

ਐੱਨਸੀਆਰਬੀ ਅਨੁਸਾਰ ਸਾਲ 2019 'ਚ 32,563 ਦਿਹਾੜੀਦਾਰ ਮਜ਼ਦੂਰ ਹਾਲਾਤ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਗਏ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਆਰਥਿਕ ਅਸਮਾਨਤਾ ਦੂਰ ਕਰਨ ਅਤੇ ਸਾਰਿਆਂ ਨੂੰ ਵਿਕਾਸ ਦੇ ਬਰਾਬਰ ਮੌਕੇ ਦੇਣ ਲਈ ਗੰਭੀਰ ਕਦਮ ਚੁੱਕੇ ਜਾਣ ਦੀ ਲੋੜ ਹੈ। ਨਵੇਂ ਦੌਰ 'ਚ ਸਰਕਾਰੀ ਨੀਤੀਆਂ ਹੁਣ ਪਹਿਲਾਂ ਨਾਲੋਂ ਵੀ ਵੱਧ ਸੋਚ-ਸਮਝ ਕੇ ਬਣਾਉਣੀਆਂ ਪੈਣਗੀਆਂ ਤਾਂ ਹੀ ਲੋਕਾਂ ਨਾਲ ਸਹੀ ਸਮਾਜਿਕ ਤੇ ਆਰਥਿਕ ਨਿਆਂ ਹੋ ਸਕਦਾ ਹੈ।

Comments

Leave a Reply


Latest News