25th
October
ਦੁਨੀਆ 'ਚ 2.90 ਕਰੋੜ ਮਹਿਲਾਵਾਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ
ਇੱਕ ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਦੁਨੀਆ 'ਚ ਘੱਟ ਤੋਂ ਘੱਟ 2 ਕਰੋੜ 90 ਲੱਖ ਮਹਿਲਾਵਾਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ। ਇਹ ਜਬਰਦਸਤੀ ਕਿਰਤ, ਜਬਰਦਸਤੀ ਵਿਆਹ, ਬੰਧੂਆ ਮਜ਼ਦੂਰੀ ਤੇ ਘਰੇਲੂ ਗੁਲਾਮੀ ਆਦਿ ਦੇ ਰੂਪ 'ਚ ਮੌਜ਼ੂਦ ਹੈ। ਗੁਲਾਮੀ ਖਿਲਾਫ ਕੰਮ ਕਰਨ ਵਾਲੇ ਸੰਗਠਨ 'ਵਾਕ ਫ੍ਰੀ' ਦੀ ਸਹਾਇਕ ਸੰਸਥਾਪਕ ਗ੍ਰੇਸ ਫ੍ਰੋਰੇਸ ਨੇ 9 ਅਕਤੂਬਰ ਨੂੰ ਕਿਹਾ ਕਿ ਇਸਦਾ ਮਤਲਬ ਹੈ ਕਿ 130 ਮਹਿਲਾਵਾਂ ਤੇ ਲੜਕੀਆਂ 'ਚੋਂ ਇੱਕ ਆਧੁਨਿਕ ਗੁਲਾਮੀ ਦੀ ਸ਼ਿਕਾਰ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੈੱਸ ਸੰਮੇਲਨ 'ਚ ਕਿਹਾ, ''ਸੱਚ ਇਹ ਹੈ ਕਿ ਜਿੰਨੇ ਲੋਕ ਗੁਲਾਮੀ 'ਚ ਅੱਜ ਦੇ ਸਮੇਂ 'ਚ ਜੀਅ ਰਹੇ ਹਨ, ਉਨੇ ਮਨੁੱਖੀ ਇਤਿਹਾਸ 'ਚ ਕਦੇ ਨਹੀਂ ਰਹੇ।'' ਗਲੋਬਲ ਨਿਊਜ਼ ਮੁਤਾਬਕ ਫ੍ਰੋਰੇਸ ਨੇ ਕਿਹਾ ਕਿ ਆਧੁਨਿਕ ਗੁਲਾਮੀ ਦੀ ਪ੍ਰੀਭਾਸ਼ਾ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਨੇ ਦੁਨੀਆ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਆਧੁਨਿਕ ਗੁਲਾਮੀ ਦੀ ਇਸ ਪ੍ਰਥਾ 'ਚ ਹੋਰ ਜ਼ਿਆਦਾ ਧੱਕ ਦਿੱਤਾ ਗਿਆ ਹੈ। ਫ੍ਰੋਰੇਸ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਕੱਪੜੇ, ਕਾਫੀ ਆਦਿ ਵਰਗੀਆਂ ਚੀਜ਼ਾਂ, ਜੋ ਕਿ ਅਸੀਂ ਹਰ ਦਿਨ ਖਰੀਦਦੇ ਅਤੇ ਉਪਯੋਗ ਕਰਦੇ ਹਾਂ, ਦੀ ਸਪਲਾਈ ਲੜੀ 'ਚ ਮਹਿਲਾਵਾਂ ਤੇ ਲੜਕੀਆਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।''
ਉਨ੍ਹਾਂ ਕਿਹਾ ਕਿ ਵਾਕ ਫ੍ਰੀ ਤੇ ਸੰਯੁਕਤ ਰਾਸ਼ਟਰ ਦਾ ਐਵਰੀ ਵੀਮਨ ਐਵਰੀ ਚਾਈਲਡ ਪ੍ਰੋਗਰਾਮ ਆਧੁਨਿਕ ਗੁਲਾਮੀ ਨੂੰ ਸਮਾਪਤ ਕਰਨ ਲਈ ਇੱਕ ਸੰਸਾਰਕ ਮੁਹਿੰਮ ਸ਼ੁਰੂ ਕਰ ਰਿਹਾ ਹੈ। ਇਹ ਮੁਹਿੰਮ ਬਹੁਰਾਸ਼ਟਰੀ ਕੰਪਨੀਆਂ ਤੋਂ ਜਵਾਬਦੇਹੀ ਦੀ ਵੀ ਮੰਗ ਕਰਦਾ ਹੈ।