21st
October
ਸਿੱਖਿਆ ਤੋਂ ਵਾਂਝੇ ਹੁੰਦੇ ਐੱਸਸੀ-ਬੀਸੀ ਸਟੂਡੈਂਟਸ
ਅਨੁਸੂਚਿਤ ਜਾਤੀ (ਐੱਸਸੀ), ਪੱਛੜੇ ਵਰਗ (ਓਬੀਸੀ) ਤੇ ਧਾਰਮਿਕ ਘੱਟ ਗਿਣਤੀ ਨਾਲ ਸਬੰਧਤ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣ ਕਰਕੇ ਉੱਚ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪ੍ਰਬੰਧਕਾਂ ਨੇ ਬਿਨਾਂ ਫੀਸ ਦਾਖਲਾ ਨਾ ਦੇਣ ਦਾ ਐਲਾਨ ਕਰਕੇ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ।
ਇਨ੍ਹਾਂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਕਾਲਰਸ਼ਿਪ ਸਕੀਮ ਦੀ ਬਕਾਇਆ ਰਕਮ ਉਨ੍ਹਾਂ ਨੂੰ ਜਾਰੀ ਨਹੀਂ ਕਰਦੀ, ਉਹ ਐੱਸਸੀ-ਓਬੀਸੀ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਨਾ ਤਾਂ ਦਾਖਲਾ ਦੇਣਗੇ ਅਤੇ ਨਾ ਹੀ ਪਾਸ ਹੋ ਚੁੱਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਡਿਗਰੀਆਂ-ਸਰਟੀਫਿਕੇਟ ਦਿੱਤੇ ਜਾਣਗੇ। ਪੰਜਾਬ 'ਚ ਇਸ ਸਮੇਂ ਹਜ਼ਾਰਾਂ ਐੱਸਸੀ ਵਿਦਿਆਰਥੀ ਅਜਿਹੇ ਹਨ, ਜਿਹੜੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ, ਪਰ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਵੱਲੋਂ ਸਕਾਲਰਸ਼ਿਪ ਸਕੀਮ ਤਹਿਤ ਫੰਡ ਨਾ ਮਿਲਣ ਦੀ ਗੱਲ ਕਹਿ ਕੇ ਉਨ੍ਹਾਂ ਦੇ ਸਰਟੀਫਿਕੇਟ-ਡਿਗਰੀਆਂ ਨਹੀਂ ਦਿੱਤੇ ਜਾ ਰਹੇ।
ਅਜਿਹੇ 'ਚ ਇਹ ਵਿਦਿਆਰਥੀ ਪੜ੍ਹ-ਲਿਖ ਕੇ ਯੋਗਤਾ ਪ੍ਰਾਪਤ ਕਰਨ ਦੇ ਬਾਵਜੂਦ ਅੱਗੇ ਨੌਕਰੀਆਂ ਲਈ ਅਪਲਾਈ ਨਹੀਂ ਕਰ ਪਾ ਰਹੇ ਹਨ। ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਬੈਠਣ ਲਈ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ। ਅਜਿਹੇ ਹਾਲਾਤ 'ਚ ਹਜ਼ਾਰਾਂ ਵਿਦਿਆਰਥੀ ਆਪਣੀ ਪੜ੍ਹਾਈ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਇੱਕ ਰਿਪੋਰਟ ਮੁਤਾਬਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਨਾ ਮਿਲਣ ਕਰਕੇ ਸੂਬੇ 'ਚ ਐੱਸਸੀ ਵਿਦਿਆਰਥੀਆਂ ਦੀ ਗਿਣਤੀ 3 ਲੱਖ ਤੋਂ ਘੱਟ ਹੋ ਕੇ 2.50 ਲੱਖ ਰਹਿ ਗਈ ਹੈ। ਜਿਸ ਸੂਬੇ 'ਚ ਸਰਕਾਰ ਵੱਲੋਂ 'ਪੜ੍ਹੋ ਪੰਜਾਬ' ਵਰਗੇ ਨਾਅਰੇ ਦਿੱਤੇ ਜਾਂਦੇ ਹੋਣ, ਉੱਥੇ ਪੜ੍ਹਾਈ ਤੋਂ ਵਾਂਝੇ ਹੁੰਦੇ ਐੱਸਸੀ ਵਿਦਿਆਰਥੀ ਵਿਵਸਥਾ 'ਤੇ ਸਵਾਲ ਖੜੇ ਕਰਦੇ ਦਿਖਾਈ ਦੇ ਰਹੇ ਹਨ।