Sun,Jul 05,2020 | 05:46:21am
HEADLINES:

ਵਿਕਾਸ ਦਰ 'ਤੇ ਪਵੇਗਾ ਮਾੜਾ ਅਸਰ, ਵਧਣਗੇ ਗਰੀਬ

ਕੋਰੋਨਾ ਸੰਕਟ ਦੌਰਾਨ ਭਾਰਤ ਦੀ ਅਰਥ ਵਿਵਸਥਾ 1979 ਤੋਂ ਬਾਅਦ ਦੇ ਸਭ ਤੋਂ ਮਾੜੇ ਦੌਰ 'ਚੋਂ ਲੰਘਣ ਵਾਲੀ ਹੈ। ਇਹ ਅਨੁਮਾਨ ਵਿਸ਼ਵ ਬੈਂਕ ਦਾ ਹੈ। ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ ਚਾਲੂ ਵਿੱਤ ਵਰ੍ਹੇ 'ਚ ਭਾਰਤ ਦੀ ਆਰਥਿਕ ਵਿਕਾਸ ਦਰ 'ਚ 3.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ, ਜੋ ਕਿ 1979 ਤੋਂ ਬਾਅਦ ਦੀ ਸਭ ਤੋਂ ਖਰਾਬ ਸਥਿਤੀ ਹੋਵੇਗੀ।

ਵਿਸ਼ਵ ਬੈਂਕ ਨੇ 8 ਜੂਨ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੌਜ਼ੂਦਾ ਹਾਲਾਤ 'ਚ ਦੁਨੀਆ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਮੰਦੀ ਦੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਹੀ ਹੈ ਅਤੇ ਪ੍ਰਤੀ ਵਿਅਕਤੀ ਆਮਦਣੀ 'ਚ ਗਿਰਾਵਟ ਕਰਕੇ ਕਰੋੜਾਂ ਲੋਕ ਗਰੀਬੀ ਦਾ ਸ਼ਿਕਾਰ ਬਣ ਰਹੇ ਹਨ। ਭਾਰਤ ਬਾਰੇ ਆਪਣੇ ਅਨੁਮਾਨ 'ਚ ਵਿਸ਼ਵ ਬੈਂਕ ਨੇ ਕਿਹਾ, ''ਇੱਥੇ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਕਾਬੂ ਕਰਨ ਲਈ ਚੁੱਕੇ ਗਏ ਸਖਤ ਕਦਮਾਂ ਨਾਲ ਆਰਥਿਕ ਗਤੀਵਿਧੀ ਪ੍ਰਭਾਵਿਤ ਰਹੇਗੀ।''

ਵਿਸ਼ਵ ਬੈਂਕ ਗਲੋਬਲ ਇਕੋਨਾਮਿਕ ਪ੍ਰਾਸਪੈਕਟਸ ਰਿਪੋਰਟ 'ਚ ਬੀਤੇ ਵਿੱਤ ਵਰ੍ਹੇ 'ਚ ਭਾਰਤ ਦੀ ਜੀਡੀਪੀ 'ਚ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਕੇ 4.2 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਚਾਲੂ ਵਿੱਤ ਵਰ੍ਹੇ, ਮਤਲਬ 2020-21 'ਚ ਜੀਡੀਪੀ ਵਾਧਾ ਦਰ 'ਚ 3.2 ਫੀਸਦੀ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ। ਭਾਰਤ ਦੀ ਜੀਡੀਪੀ ਵਾਧਾ ਦਰ 'ਚ ਗਿਰਾਵਟ ਦਾ ਮੁੱਖ ਕਾਰਨ ਕੋਰੋਨਾ ਮਹਾਮਾਰੀ ਹੈ।

ਵਿਸ਼ਵ ਬੈਂਕ ਨੇ ਕਿਹਾ ਕਿ 1979 'ਚ ਭਾਰਤ ਦੀ ਨਕਾਰਾਤਮਕ ਆਰਥਿਕ ਵਿਕਾਸ ਦਰ ਜ਼ੀਰੋ ਤੋਂ 5.24 ਫੀਸਦੀ ਹੇਠਾਂ ਰਹੀ ਸੀ। ਸੰਸਾਰਕ ਅਰਥ ਵਿਵਸਥਾ ਦੀ ਵਿਕਾਸ ਦਰ 'ਚ ਇਸ ਸਾਲ 5.2 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ, ਕਿਉਂਕਿ ਜ਼ਿਆਦਾਤਰ ਅਰਥ ਵਿਵਸਥਾ 'ਚ ਪ੍ਰਤੀ ਵਿਅਕਤੀ ਆਮਦਣੀ ਘੱਟ ਹੋ ਕੇ 1870 ਤੋਂ ਬਾਅਦ ਦੇ ਹੇਠਲੇ ਪੱਧਰ 'ਤੇ ਆ ਗਈ ਹੈ।

ਰਿਪੋਰਟ 'ਚ ਇਹ ਗੱਲ ਵੀ ਕਹੀ ਗਈ ਹੈ ਕਿ ਇਸ ਸਾਲ ਪ੍ਰਤੀ ਵਿਅਕਤੀ ਆਮਦਣੀ 'ਚ 3.6 ਫੀਸਦੀ ਦੀ ਗਿਰਾਵਟ ਨਾਲ ਕਰੋੜਾਂ ਲੋਕ ਅਤਿ ਗਰੀਬੀ ਦੇ ਸ਼ਿਕਾਰ ਹੋ ਜਾਣਗੇ। ਵਰਲਡ ਬੈਂਕ ਗਰੁੱਪ ਵਾਈਸ ਪ੍ਰੈਸੀਡੈਂਟ ਸੇਅਲਾ ਪਜ਼ਰਬਸਿਓਗਲੂ ਨੇ ਕਿਹਾ, ''ਇਹ ਕਾਫੀ ਗੰਭੀਰ ਆਊਟਲੁਕ ਹੈ, ਕਿਉਂਕਿ ਸੰਕਟ ਦਾ ਅਸਰ ਲੰਮੇ ਸਮੇਂ ਤੱਕ ਰਹਿਣ ਵਾਲਾ ਹੈ ਅਤੇ ਦੁਨੀਆ ਭਰ ਲਈ ਚੁਣੌਤੀਆਂ ਖੜੀਆਂ ਹੋ ਗਈਆਂ ਹਨ।''

Comments

Leave a Reply


Latest News