Sun,Jul 05,2020 | 05:21:09am
HEADLINES:

ਖਾੜੀ ਦੇਸ਼ਾਂ 'ਚ ਰਹਿ ਰਹੇ 1 ਕਰੋੜ ਭਾਰਤੀਆਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ

ਖਾੜੀ ਦੇਸ਼ਾਂ 'ਚ ਰਹਿ ਰਹੇ ਕਰੀਬ 1 ਕਰੋੜ ਭਾਰਤੀਆਂ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਇਸੇ ਕਰਕੇ ਮਜ਼ਬੂਰੀ 'ਚ ਉਹ ਆਪਣੇ ਦੇਸ਼ ਵਾਪਸ ਆਉਣਾ ਚਾਹੁੰਦੇ ਹਨ। ਇੱਕ ਰਿਪੋਰਟ ਮੁਤਾਬਕ ਯੂਏਈ 'ਚ ਡੇਢ ਲੱਖ ਤੋਂ ਜ਼ਿਆਦਾ ਭਾਰਤੀਆਂ ਨੇ ਆਪਣੇ ਘਰ ਵਾਪਸ ਆਉਣ ਲਈ ਰਜਿਸਟ੍ਰੇਸ਼ਨ ਕਰਾਇਆ ਹੈ। ਇਨ੍ਹਾਂ ਡੇਢ ਲੱਖ ਲੋਕਾਂ 'ਚੋਂ ਇੱਕ ਚੌਥਾਈ ਅਜਿਹੇ ਹਨ, ਜੋ ਰੁਜ਼ਗਾਰ ਖੋਹ ਹੋਣ ਕਾਰਨ ਭਾਰਤ ਮੁੜਨਾ ਚਾਹੁੰਦੇ ਹਨ।

ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਖਾੜੀ ਦੇਸ਼ਾਂ 'ਚ ਇੰਨੀ ਵੱਡੀ ਗਿਣਤੀ 'ਚ ਰਹਿਣ ਵਾਲੇ ਭਾਰਤੀਆਂ ਦੀਆਂ ਮੁਸ਼ਕਿਲਾਂ ਸਿਰਫ ਕੋਰੋਨਾ ਵਾਇਰਸ ਨਾਲ ਨਹੀਂ ਜੁੜੀਆਂ ਹਨ। ਉੱਥੇ ਉਨ੍ਹਾਂ ਦਾ ਰੁਜ਼ਗਾਰ ਮੁੱਖ ਤੌਰ 'ਤੇ ਤੇਲ ਬਜ਼ਾਰ 'ਚੋਂ ਪੈਦਾ ਹੁੰਦਾ ਹੈ, ਜੋ ਕਿ ਸਾਲ ਦੀ ਸ਼ੁਰੂਆਤ ਤੋਂ ਹੀ ਘੱਟ ਹੋ ਰਿਹਾ ਹੈ। ਭਾਰਤੀ ਮਜ਼ਦੂਰਾਂ ਦੀ ਇੱਕ ਵੱਡੀ ਗਿਣਤੀ ਕੰਸਟ੍ਰਕਸ਼ਨ ਖੇਤਰ 'ਚ ਕੰਮ ਕਰਦੀ ਹੈ, ਜੋ ਕਿ ਬਿਲਕੁਲ ਠੱਪ ਪਿਆ ਹੈ।

ਇਨ੍ਹਾਂ ਖਾੜੀ ਦੇਸ਼ਾਂ 'ਚ ਪੰਜਾਬ ਨਾਲ ਸਬੰਧਤ ਲੋਕ ਵੱਡੀ ਗਿਣਤੀ 'ਚ ਗਏ ਹੋਏ ਹਨ, ਜਿਨ੍ਹਾਂ 'ਤੇ ਵੱਡੀ ਮਾਰ ਪਈ ਹੈ। ਇਨ੍ਹਾਂ 'ਚੋਂ ਵੱਡੀ ਗਿਣਤੀ 'ਚ ਲੋਕ ਦਲਿਤ, ਪੱਛੜੇ ਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹਨ, ਜੋ ਕਿ ਆਪਣੇ ਦੇਸ਼ 'ਚ ਰੁਜ਼ਗਾਰ ਨਾ ਮਿਲਣ ਕਰਕੇ ਕਰਜ਼ਾ ਚੁੱਕ ਕੇ ਇਨ੍ਹਾਂ ਦੇਸ਼ਾਂ 'ਚ ਪਹੁੰਚੇ ਸਨ।

ਖਾੜੀ ਦੇਸ਼ਾਂ 'ਚੋਂ ਮਿਲਣ ਵਾਲੇ ਰੁਜ਼ਗਾਰ ਕਰਕੇ ਹੀ ਇਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਰਾਹਤ ਮਿਲੀ ਸੀ, ਪਰ ਮੌਜ਼ੂਦਾ ਹਾਲਾਤ ਨੇ ਇਨ੍ਹਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਖਾੜੀ ਦੇਸ਼ਾਂ 'ਚ ਰੁਜ਼ਗਾਰ ਖੋਹ ਹੋਣ ਦੀ ਪਰੇਸ਼ਾਨੀ ਤਾਂ ਇਨ੍ਹਾਂ ਲੋਕਾਂ ਅੱਗੇ ਹੈ ਹੀ, ਨਾਲ ਹੀ ਇਨ੍ਹਾਂ ਨੂੰ ਇਹ ਚਿੰਤਾ ਵੀ ਡਰਾ ਰਹੀ ਹੈ ਕਿ ਉਹ ਆਪਣੇ ਘਰ ਆ ਕੇ ਕਿਹੜਾ ਕੰਮ ਕਰਨਗੇ। ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਨ੍ਹਾਂ ਲੋਕਾਂ ਦੀ ਖਾੜੀ ਦੇਸ਼ਾਂ ਤੋਂ ਸੁਰੱਖਿਅਤ ਵਾਪਸੀ ਦੇ ਨਾਲ-ਨਾਲ ਇਨ੍ਹਾਂ ਦੇ ਰੁਜ਼ਗਾਰ ਦਾ ਵੀ ਪੱਕਾ ਪ੍ਰਬੰਧ ਕਰਨਾ ਚਾਹੀਦਾ ਹੈ।

Comments

Leave a Reply


Latest News