Sun,Jan 26,2020 | 08:18:03am
HEADLINES:

ਧਰਮ-ਜਾਤ ਦੇ ਨਾਂ 'ਤੇ ਕਤਲ

ਦੇਸ਼ ਵਿੱਚ ਜਿਸ ਤਰ੍ਹਾਂ ਨਾਲ ਭੀੜ ਦੇ 'ਨਿਆਂ' ਦੀ ਸੰਸਕ੍ਰਿਤੀ ਚੱਲ ਪਈ ਹੈ ਅਤੇ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਹ ਭਾਰਤੀ ਰਾਸ਼ਟਰ ਲਈ ਸ਼ਰਮਨਾਕ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਗ੍ਰਾਫ ਜਿਸ ਤੇਜ਼ੀ ਨਾਲ ਵਧ ਰਿਹਾ ਹੈ, ਉਸ ਤੋਂ ਸਾਫ ਹੈ ਕਿ ਦੇਸ਼ ਵਿੱਚ ਕਾਨੂੰਨ ਵਿਵਸਥਾ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ।

ਧਰਮ-ਜਾਤ ਦੇ ਨਾਂ 'ਤੇ ਭੀੜ ਵੱਲੋਂ ਖੂਨੀ ਖੇਡ ਖੇਡੀ ਜਾ ਰਹੀ ਹੈ, ਜਦਕਿ ਸਰਕਾਰਾਂ ਚੁੱਪ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਕਾਨੂੰਨ ਵਿਵਸਥਾ ਬਣਾਏ ਰੱਖਣ ਦਾ ਦਾਅਵਾ ਕਰਨ ਵਾਲੀਆਂ ਸਰਕਾਰਾਂ ਲਈ ਕਲੰਕ ਹਨ। ਕੁਝ ਦਿਨ ਪਹਿਲਾਂ ਬਿਹਾਰ ਦੇ ਛਪਰਾ ਤੇ ਵੈਸ਼ਾਲੀ ਜ਼ਿਲ੍ਹੇ ਵਿੱਚ ਭੀੜ ਨੇ ਜਿਸ ਤਰ੍ਹਾਂ 4 ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਉਸ ਤੋਂ ਸਾਫ ਹੈ ਕਿ ਪੁਲਸ-ਪ੍ਰਸ਼ਾਸਨ ਤੇ ਸਰਕਾਰਾਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਨਾਕਾਮ ਸਾਬਿਤ ਹੋ ਰਹੀਆਂ ਹਨ।

ਇਸ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਛੋਟੀ ਜਿਹੀ ਘਟਨਾ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਨੂੰ ਭੀੜ ਨੇ ਮਾਰ ਦਿੱਤਾ ਸੀ। ਅਲਵਰ ਵਿੱਚ ਹੀ ਪਿਛਲੇ ਸਾਲ ਪਹਿਲੂ ਖਾਨ ਨਾਂ ਦੇ ਇੱਕ ਵਿਅਕਤੀ ਦੀ ਭੀੜ ਨੇ ਗਊ ਤਸਕਰੀ ਦਾ ਦੋਸ਼ ਲਗਾ ਕੇ ਹੱਤਿਆ ਕਰ ਦਿੱਤੀ ਸੀ। ਪਿਛਲੇ 3 ਸਾਲਾਂ ਵਿੱਚ ਕਥਿਤ ਗਊ ਰੱਖਿਅਕਾਂ ਨੇ ਗਊ ਰੱਖਿਆ ਦੇ ਨਾਂ 'ਤੇ ਕਈ ਲੋਕਾਂ ਦੀ ਜਾਨ ਲੈ ਲਈ।

ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਵਰਗੇ ਸੂਬਿਆਂ ਵਿੱਚ ਇਹ ਘਟਨਾਵਾਂ ਜ਼ਿਆਦਾ ਹੋਈਆਂ। ਸਾਲ 2010 ਤੋਂ ਹੁਣ ਤੱਕ ਗਾਂ ਦੇ ਨਾਂ 'ਤੇ ਭੀੜ ਵੱਲੋਂ ਹਮਲੇ ਦੀਆਂ 87 ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 34 ਲੋਕ ਮਾਰੇ ਗਏ। ਜ਼ਿਆਦਾਤਰ ਘਟਨਾਵਾਂ ਸਾਲ 2014 ਤੋਂ ਬਾਅਦ ਹੋਈਆਂ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਜਿਹਾ ਕਰਨ ਵਾਲਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਜਾਂ ਫਿਰ ਉਨ੍ਹਾਂ ਨੂੰ ਰਾਜਨੀਤਕ ਸ਼ਹਿ ਪ੍ਰਾਪਤ ਹੈ?

Comments

Leave a Reply


Latest News