Tue,Sep 17,2019 | 04:56:25am
HEADLINES:

ਪਸ਼ੂਆਂ ਹੱਥੋਂ ਮੌਤਾਂ ਦਾ ਜ਼ਿੰਮੇਵਾਰ ਕੌਣ?

ਲਾਵਾਰਿਸ ਪਸ਼ੂ ਅੱਜ ਪੰਜਾਬ ਹੀ ਨਹੀਂ, ਸਗੋਂ ਦੇਸ਼ ਲਈ ਵੀ ਇੱਕ ਵੱਡੀ ਸਮੱਸਿਆ ਬਣ ਚੁੱਕੇ ਹਨ। ਸੜਕਾਂ 'ਤੇ ਡੇਰਾ ਲਾ ਕੇ ਬੈਠਣ ਵਾਲੇ ਗਾਂ-ਸਾਨ੍ਹ ਵਰਗੇ ਪਸ਼ੂ ਨਾ ਸਿਰਫ ਟ੍ਰੈਫਿਕ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਰੋਜ਼ਾਨਾਂ ਇਨ੍ਹਾਂ ਕਾਰਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ 'ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇੱਥੇ ਤੱਕ ਕਿ ਸੜਕਾਂ ਤੋਂ ਲੰਘਣ ਵਾਲੇ ਲੋਕਾਂ 'ਤੇ ਇਹ ਹਮਲੇ ਵੀ ਕਰ ਰਹੇ ਹਨ।

ਇਸ ਸਬੰਧ ਵਿੱਚ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਗਊ ਰੱਖਿਅਕਾਂ ਵੱਲੋਂ ਗਾਂ ਦੇ ਨਾਂ 'ਤੇ ਕੀਤੀ ਜਾਣ ਵਾਲੀ ਹਿੰਸਾ ਦੇ ਡਰੋਂ ਵੀ ਲੋਕ ਗਾਂਵਾਂ ਪਾਲਣ ਤੋਂ ਭੱਜਣ ਲੱਗੇ ਹਨ। ਨਤੀਜੇ ਵੱਜੋਂ ਉਹ ਉਨ੍ਹਾਂ ਨੂੰ ਲਾਵਾਰਿਸ ਹਾਲਤ ਵਿੱਚ ਛੱਡ ਰਹੇ ਹਨ। 2012 ਦੀ ਇੱਕ ਗਣਨਾ ਮੁਤਾਬਕ, ਸਾਡੇ ਦੇਸ਼ ਵਿੱਚ ਕਰੀਬ 52 ਲੱਖ ਲਾਵਾਰਿਸ ਪਸ਼ੂ ਹਨ, ਜਿਨ੍ਹਾਂ ਦੀ ਸੰਖਿਆ ਇਸ ਸਮੇਂ ਵਧਣ ਦਾ ਅਨੁਮਾਨ ਹੈ।

ਦੂਜੇ ਪਾਸੇ ਗਊਸ਼ਾਲਾਵਾਂ ਦੀ ਗਿਣਤੀ ਇਨ੍ਹਾਂ ਪਸ਼ੂਆਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਹੈ। ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਸਰਕਾਰਾਂ ਗੰਭੀਰ ਨਜ਼ਰ ਨਹੀਂ ਆਉਂਦੀਆਂ। ਪੰਜਾਬ ਵਰਗੇ ਸੂਬੇ ਵਿੱਚ, ਜਿੱਥੇ ਬਿਜਲੀ ਬਿੱਲਾਂ 'ਤੇ ਗਊ ਸੈੱਸ ਲਗਾ ਕੇ ਲੋਕਾਂ ਤੋਂ ਗਾਂਵਾਂ ਦੇ ਕਲਿਆਣ ਦੇ ਨਾਂ 'ਤੇ ਪੈਸਾ ਵਸੂਲਿਆ ਜਾਂਦਾ ਹੈ, ਇੱਥੇ ਵੀ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਭੇਜਣ ਜਾਂ ਇਨ੍ਹਾਂ ਨੂੰ ਰੱਖਣ ਲਈ ਕੋਈ ਪੱਕਾ ਪ੍ਰਬੰਧ ਕਰਨ ਵੱਲ ਗੰਭੀਰ ਕਦਮ ਚੁੱਕੇ ਨਹੀਂ ਜਾ ਰਹੇ।

ਲਾਵਾਰਿਸ ਪਸ਼ੂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਰਹੇ ਹਨ। ਨਾਲ ਹੀ ਸੜਕਾਂ 'ਤੇ ਰੋਜ਼ਾਨਾ ਕਿਸੇ ਨਾ ਕਿਸੇ ਦੀ ਜਾਨ ਜਾਣ ਦਾ ਕਾਰਨ ਬਣ ਰਹੇ ਹਨ। ਅਜਿਹੇ ਸਮੇਂ ਵਿੱਚ ਜਦੋਂ ਨੇਤਾਵਾਂ ਵੱਲੋਂ ਦੇਸ਼ ਨੂੰ 'ਵਿਸ਼ਵ ਗੁਰੂ' ਜਾਂ ਕੈਲੀਫੋਰਨੀਆ ਵਰਗਾ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਤਾਂ ਸੜਕਾਂ 'ਤੇ ਲਾਵਾਰਿਸ ਹਾਲਤ ਵਿੱਚ ਖੜੇ ਪਸ਼ੂਆਂ ਨੂੰ ਦੇਖ ਕੇ ਉਨ੍ਹਾਂ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਉਂਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਦਾ ਗੰਭੀਰਤਾ ਨਾਲ ਹੱਲ ਕੱਢਣ।

Comments

Leave a Reply


Latest News