Sat,Mar 23,2019 | 02:52:26am
HEADLINES:

ਗਰੀਬ ਹੋਰ ਗਰੀਬ ਹੋਏ, ਅਮੀਰਾਂ ਦੀ ਜਾਇਦਾਦ 5 ਫੀਸਦੀ ਵਧੀ

ਭਾਰਤ ਵਿੱਚ 1991 ਤੋਂ ਬਾਅਦ ਸ਼ੁਰੂ ਹੋਏ ਉਦਾਰੀਕਰਨ ਤੋਂ ਬਾਅਦ ਪਿਛਲੇ ਤਿੰਨ ਦਹਾਕਿਆਂ ਵਿੱਚ ਗੈਰਬਰਾਬਰੀ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਹਾਲਤ ਇਹ ਹੈ ਕਿ ਅਰਬਪਤੀਆਂ ਦੀ ਕੁੱਲ ਜਾਇਦਾਦ ਦੇਸ਼ ਦੀ ਜੀਡੀਪੀ ਦੀ 15 ਫੀਸਦੀ ਦੇ ਬਰਾਬਰ ਹੋ ਗਈ ਹੈ। ਇੱਕ ਅਨੁਮਾਨ ਮੁਤਾਬਕ 2017 ਵਿੱਚ ਦੇਸ਼ ਦੀ ਜੀਡੀਪੀ 24.40 ਖਰਬ ਡਾਲਰ (1584.70 ਖਰਬ ਰੁਪਏ) ਦੀ ਸੀ।
 
ਇਸਦਾ 15 ਫੀਸਦੀ ਹਿੱਸਾ, ਮਤਲਬ 237.60 ਖਰਬ ਰੁਪਏ ਅਮੀਰਾਂ ਦੇ ਖਾਤੇ ਵਿੱਚ ਚਲਾ ਗਿਆ। ਆਕਸਫੈਮ ਇੰਡੀਆ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਸਰਕਾਰਾਂ ਦੀ ਅਸੰਤੁਲਿਤ ਨੀਤੀਆਂ ਨੂੰ ਇਸਦਾ ਜ਼ਿੰਮੇਵਾਰ ਦੱਸਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਅਮੀਰ ਕ੍ਰੋਨੀ ਕੈਪੀਟਲਿਜ਼ਮ (ਮਿਲੀਭੁਗਤ ਨਾਲ ਭ੍ਰਿਸ਼ਟਾਚਾਰ) ਅਤੇ ਵਿਰਾਸਤ ਵਿੱਚ ਮਿਲੀ ਜਾਇਦਾਦ ਦੇ ਦਮ 'ਤੇ ਬੇਸ਼ੁਮਾਰ ਦੌਲਤ ਇਕੱਠੀ ਕਰ ਰਹੇ ਹਨ, ਜਦਕਿ ਹੇਠਲੇ ਪੱਧਰ 'ਤੇ ਮੌਜੂਦ ਲੋਕ ਹੋਰ ਹੇਠਾਂ ਆ ਰਹੇ ਹਨ।
 
ਆਕਸਫੈਮ ਇੰਡੀਆ ਦੀ ਸੀਈਓ ਨਿਸ਼ਾ ਨੇ ਕਿਹਾ, ''ਇਹ ਗੈਰਬਰਾਬਰੀ 1991 ਵਿੱਚ ਸ਼ੁਰੂ ਕੀਤੇ ਗਏ ਵੱਡੇ ਪੱਧਰ ਦੇ ਉਦਾਰੀਕਰਨ ਅਤੇ ਉਸ ਤੋਂ ਬਾਅਦ ਐਲਾਨੇ ਸੁਧਾਰ ਪੈਕੇਜਾਂ ਅਤੇ ਉਨ੍ਹਾਂ ਦੇ ਬਾਅਦ ਅਪਣਾਈਆਂ ਗਈਆਂ ਨੀਤੀਆਂ ਦਾ ਨਤੀਜਾ ਹੈ।''
 
ਨਵੇਂ ਅਨੁਮਾਨ ਮੁਤਾਬਕ, ਦੇਸ਼ ਦੇ ਕੁੱਲ ਅਰਬਪਤੀਆਂ ਦੀ ਜਾਇਦਾਦ ਜੀਡੀਪੀ ਦੇ 15 ਫੀਸਦੀ ਦੇ ਬਰਾਬਰ ਹੋ ਗਈ ਹੈ, ਜਦਕਿ ਪੰਜ ਸਾਲ ਪਹਿਲਾਂ ਇਹ 10 ਫੀਸਦੀ ਸੀ। ਮਤਲਬ, ਪਿਛਲੇ ਪੰਜ ਸਾਲ ਵਿੱਚ ਇਨ੍ਹਾਂ ਦੀ ਦੌਲਤ ਪੰਜ ਫੀਸਦੀ ਵਧ ਗਈ। 2017 ਵਿੱਚ 101 ਅਰਬਪਤੀ ਸਨ।
 
ਭਾਰਤੀ ਗੈਰਬਰਾਬਰੀ ਰਿਪੋਰਟ 2018 ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਸ਼ਵ ਦੀ ਸਭ ਤੋਂ ਗੈਰਬਰਾਬਰ ਦੇਸ਼ਾਂ ਵਿੱਚੋਂ ਇੱਕ ਹੈ। ਇਹ ਸਥਿਤੀ ਹਰੇਕ ਪੈਮਾਨੇ ਕਮਾਈ, ਖਰਚ ਤੇ ਜਾਇਦਾਦ ਦੇ ਮਾਮਲੇ ਵਿੱਚ ਹੈ। ਦਾਵੋਸ ਵਿੱਚ ਵਰਲਡ ਇਕੋਨਾਮਿਕ ਫੋਰਮ ਤੋਂ ਪਹਿਲਾਂ ਅੰਤਰ ਰਾਸ਼ਟਰੀ ਅਧਿਕਾਰਵਾਦੀ ਗਰੁੱਪ ਆਕਸਫੈਮ ਨੇ ਦੱਸਿਆ ਸੀ ਕਿ ਭਾਰਤ ਦੇ ਇੱਕ ਫੀਸਦੀ ਅਮੀਰਾਂ ਨੇ ਪਿਛਲੇ ਸਾਲ ਕੁੱਲ ਪੈਦਾ ਹੋਈ ਸੰਪੰਤੀ ਦੇ 73 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ।
 
ਉਸਨੇ ਸਰਵੇ ਦੇ ਆਧਾਰ 'ਤੇ ਇਹ ਵੀ ਕਿਹਾ ਸੀ ਕਿ ਦੇਸ਼ ਦੇ 1 ਫੀਸਦੀ ਅਮੀਰਾਂ ਦੀ ਜਾਇਦਾਦ 2017 ਵਿੱਚ ਵਧ ਕੇ 20.9 ਖਰਬ ਰੁਪਏ ਹੋ ਗਈ। ਦੂਜੇ ਪਾਸੇ ਦੇਸ਼ ਦੇ 67 ਕਰੋੜ ਗਰੀਬਾਂ ਦੀ ਜਾਇਦਾਦ ਵਿੱਚ ਸਿਰਫ 1 ਫੀਸਦੀ ਦਾ ਵਾਧਾ ਹੋਇਆ।

 

Comments

Leave a Reply


Latest News