Sat,May 25,2019 | 01:24:26pm
HEADLINES:

editorial

'ਇੱਕ ਦਿਨ ਭੁੱਖਾ ਰਹਿ ਕੇ ਵੀ ਦੇਸ਼ 'ਤੇ ਅਧਿਕਾਰ ਹਾਸਲ ਕਰ ਸਕਦਾ ਹੈ ਬਹੁਜਨ ਸਮਾਜ'

'ਇੱਕ ਦਿਨ ਭੁੱਖਾ ਰਹਿ ਕੇ ਵੀ ਦੇਸ਼ 'ਤੇ ਅਧਿਕਾਰ ਹਾਸਲ ਕਰ ਸਕਦਾ ਹੈ ਬਹੁਜਨ ਸਮਾਜ'

ਭਾਰਤੀ ਸਮਾਜਿਕ ਵਿਵਸਥਾ ਵਿੱਚ ਸ਼ੂਦਰਾਂ ਨੂੰ ਵੀ ਮਨੁੱਖੀ ਸਨਮਾਨ ਨਾਲ ਜਿਊਣ ਦਾ ਹੱਕ ਹੈ, ਸਭ ਤੋਂ ਪਹਿਲਾਂ ਜਯੋਤੀ ਰਾਓ ਫੂਲੇ ਨੇ ਇਸ ਅਧਿਕਾਰ 'ਤੇ ਦਾਅਵਾ ਪੇਸ਼ ਕੀਤਾ। ਉਨ੍ਹਾਂ ਤੋਂ ਬਾਅਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸ਼ੂਦਰਾਂ ਲਈ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਬਰਾਬਰੀ ਦਾ ਸੰਵਿਧਾਨਕ ਅਧਿਕਾਰ ਯਕੀਨੀ ਬਣਾਇਆ, ਪਰ ਸ਼ੂਦਰ ਇਸ ਦੇਸ਼ 'ਤੇ ਰਾਜ ਕਰ ਸਕਦੇ ਹਨ, ਇਸਦਾ ਅਹਿਸਾਸ ਸਾਹਿਬ ਕਾਂਸ਼ੀਰਾਮ ਨੇ ਕਰਾਇਆ।

ਇਹ ਉਨ੍ਹਾਂ ਦੇ ਹੀ ਅੰਦੋਲਨ ਦਾ ਨਤੀਜਾ ਹੋਇਆ ਕਿ ਬਹੁਜਨ ਸਮਾਜ ਦੇ ਨੁਮਾਇੰਦੇ ਸ਼ਾਸਕ ਬਣ ਸਕੇ। ਹਾਲਾਂਕਿ ਇਹ ਸਾਰਾ ਇੰਨਾ ਸੋਖਾ ਨਹੀਂ ਸੀ। ਇਸਦੇ ਲਈ ਸਾਹਿਬ ਕਾਂਸ਼ੀਰਾਮ ਨੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ। 1989 ਉਹ ਸਾਲ ਸੀ, ਜਿਸਨੇ ਭਾਰਤੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਦੋਨਾਂ ਨੂੰ ਬਦਲ ਦਿੱਤਾ। ਮੰਡਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੋਈਆਂ ਅਤੇ ਫਿਰ ਦੇਸ਼ ਵਿੱਚ ਦਲਿਤ ਬਹੁਜਨਾਂ ਵਿਚਕਾਰ ਏਕਾ ਵੀ ਨਵੇਂ ਰੂਪ ਵਿੱਚ ਸਾਹਮਣੇ ਆਇਆ।

ਸਾਹਿਬ ਕਾਂਸ਼ੀਰਾਮ ਖੁਦ ਵੀ ਬਹੁਜਨ ਸਮਾਜ ਪਾਰਟੀ ਨੂੰ ਸਥਾਪਿਤ ਕਰਨ ਲਈ ਦਿਨ-ਰਾਤ ਇੱਕ ਕਰ ਚੁੱਕੇ ਸਨ। ਆਪਣੇ ਭਾਸ਼ਣਾਂ ਵਿੱਚ ਉਹ ਬਹੁਜਨ ਸਮਾਜ ਦੇ ਸਾਹਮਣੇ ਮੌਜੂਦ ਚੁਣੌਤੀਆਂ ਨੂੰ ਪੇਸ਼ ਕਰਦੇ ਸਨ ਅਤੇ ਉਸਦਾ ਹੱਲ ਵੀ ਦੱਸਦੇ ਸਨ। ਉਦਹਾਰਨ ਵੱਜੋਂ ਇੱਕ ਭਾਸ਼ਣ ਵਿੱਚ ਸਾਹਿਬ ਕਾਂਸ਼ੀਰਾਮ ਨੇ ਕਿਹਾ ਕਿ ਜੇਕਰ ਬਹੁਜਨ ਸਮਾਜ ਇੱਕ ਦਿਨ ਭੁੱਖਾ ਰਹਿ ਜਾਵੇ, ਉਸ ਨਾਲ ਵੀ ਦੇਸ਼ 'ਤੇ ਅਧਿਕਾਰ ਹਾਸਲ ਕੀਤਾ ਜਾ ਸਕਦਾ ਹੈ। 

ਉਨ੍ਹਾਂ ਮੁਤਾਬਕ, ਬਹੁਜਨ ਸਮਾਜ ਦੇ 65 ਕਰੋੜ ਲੋਕ ਇੱਕ ਦਿਨ ਇੱਕ ਸਮੇਂ ਵਿੱਚ ਪੌਣੇ 2 ਰੁਪਏ ਦੇ ਮੁੱਲ ਦਾ ਭੋਜਨ ਖਾਂਦੇ ਹਨ, ਮਤਲਬ ਇੱਕ ਸਮੇਂ ਵਿੱਚ 200 ਕਰੋੜ ਰੁਪਏ ਦਾ ਭੋਜਨ ਖਾਂਦੇ ਹਨ। ਪੂਰੇ ਦੇਸ਼ ਵਿੱਚ 542 ਸੀਟਾਂ ਹਨ। ਇੱਕ ਸੀਟ ਲਈ ਸਾਨੂੰ 5 ਲੱਖ ਰੁਪਏ ਦੀ ਜ਼ਰੂਰਤ ਹੈ ਅਤੇ ਇਸ ਤਰ੍ਹਾਂ ਸਾਰੀਆਂ ਸੀਟਾਂ 'ਤੇ ਚੋਣਾਂ ਲੜਨ ਲਈ ਕੁੱਲ 27 ਕਰੋੜ ਰੁਪਏ ਦੀ ਜ਼ਰੂਰਤ ਹੈ। ਸਾਹਿਬ ਕਾਂਸ਼ੀਰਾਮ ਬਹੁਜਨਾਂ ਨੂੰ ਉਨ੍ਹਾਂ ਦੀ ਏਕਤਾ ਦੀ ਤਾਕਤ ਤੋਂ ਜਾਣੂ ਕਰਾਉਣਾ ਚਾਹੁੰਦੇ ਸਨ, ਜਿਸ ਵਿੱਚ ਉਹ ਸਫਲ ਵੀ ਹੋਏ। ਇਸਨੂੰ ਮੌਜੂਦਾ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਹੈ।

ਸਾਹਿਬ ਕਾਂਸ਼ੀਰਾਮ ਸਮਾਜਿਕ ਨਿਆਂ ਦੇ ਹਮਾਇਤੀ ਤਾਂ ਸਨ ਹੀ, ਨਾਲ ਹੀ ਉਹ ਇਸਦੇ ਦੂਜੇ ਪੱਖ ਨੂੰ ਵੀ ਉਨਾ ਹੀ ਮਹੱਤਵ ਦਿੰਦੇ ਸਨ। ਉਨ੍ਹਾਂ ਨੇ ਆਰਥਿਕ ਨਿਆਂ ਲਈ ਆਰਥਿਕ ਮੁਕਤੀ ਅੰਦੋਲਨ ਚਲਾਇਆ। ਇਸਦੇ ਤਹਿਤ ਦੋ ਮੁਹਿੰਮਾਂ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਤੇ ਭਾਰਤੀ ਸ਼ਰਣਾਰਥੀ ਅੰਦੋਲਨ ਸ਼ੁਰੂ ਕੀਤੇ ਗਏ। ਸਾਹਿਬ ਕਾਂਸ਼ੀਰਾਮ 5 ਤਰ੍ਹਾਂ ਦੇ ਕਿਸਾਨਾਂ ਦੀ ਗੱਲ ਕਹਿੰਦੇ ਸਨ।

ਇਨ੍ਹਾਂ ਵਿੱਚ ਪਹਿਲਾ ਬਿਨਾਂ ਜ਼ਮੀਨ ਦੇ ਕਿਸਾਨ, ਦੂਜਾ ਇੱਕ ਜਾਂ ਦੋ ਏਕੜ ਜ਼ਮੀਨ ਵਾਲੇ ਕਿਸਾਨ, ਤੀਜੇ 5 ਜਾਂ 10 ਏਕੜ ਜ਼ਮੀਨ ਵਾਲੇ ਕਿਸਾਨ, ਚੌਥੇ ਉਹ ਜੋ ਕਿ 50 ਜਾਂ 100 ਏਕੜ ਜ਼ਮੀਨ ਵਾਲੇ ਕਿਸਾਨ ਜੋ ਖੁਦ ਜਾਂ ਦੂਜਿਆਂ ਤੋਂ ਖੇਤੀ ਕਰਵਾਉਂਦੇ ਹਨ ਅਤੇ ਪੰਜਵੇਂ ਉਹ ਜਿਨ੍ਹਾਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ, ਪਰ ਉਹ ਖੁਦ ਖੇਤੀ ਨਹੀਂ ਕਰਦੇ ਹਨ। ਸਾਹਿਬ ਕਾਂਸ਼ੀਰਾਮ ਭੂਮੀ ਨੂੰ ਉਤਪਾਦਨ ਦਾ ਸੰਸਾਧਨ ਮੰਨਦੇ ਸਨ ਅਤੇ ਇਸ 'ਤੇ ਬਹੁਜਨਾਂ ਦਾ ਅਧਿਕਾਰ ਯਕੀਨੀ ਬਣਾਉਣਾ ਚਾਹੁੰਦੇ ਸਨ।

ਵਾਮਪੰਥੀਆਂ ਦੇ ਭੂਮੀ ਸੁਧਾਰ ਦੀ ਰਾਜਨੀਤੀ ਤੋਂ ਅਲੱਗ ਬਹੁਜਨਾਂ ਲਈ ਰੁਜ਼ਗਾਰ ਦੇ ਸਰੋਤ ਦੀ ਸਹੀ ਵੰਡ ਹੋਵੇ, ਇਸਦੇ ਲਈ ਵੱਡੀ ਮੁਹਿੰਮ ਚਲਾਈ। ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਲੇ ਮਜ਼ਦੂਰਾਂ ਨੂੰ ਸ਼ਰਣਾਰਥੀ ਮੰਨਦੇ ਸਨ। 1989 ਵਿੱਚ ਜਦੋਂ ਜਨਤਾ ਦਲ ਦੀ ਸਰਕਾਰ ਰਾਜ ਕਰ ਰਹੀ ਸੀ ਅਤੇ ਦਿੱਲੀ ਵਿੱਚ ਗਰੀਬਾਂ ਦੀਆਂ ਝੁੱਗੀਆਂ ਉਜਾੜੀਆਂ ਜਾ ਰਹੀਆਂ ਸਨ, ਉਦੋਂ ਸਾਹਿਬ ਕਾਂਸ਼ੀਰਾਮ ਨੇ ਭਾਰਤੀ ਸ਼ਰਣਾਰਥੀ ਅੰਦੋਲਨ ਚਲਾਇਆ।

1989 ਦਾ ਸਾਲ ਭਾਰਤੀ ਰਾਜਨੀਤੀ ਲਈ ਮਹੱਤਵਪੂਰਨ ਸਾਬਿਤ ਤਾਂ ਹੋਇਆ ਹੀ, ਬਹੁਜਨ ਸਮਾਜ ਪਾਰਟੀ ਲਈ ਵੀ ਉਨਾ ਹੀ ਖਾਸ ਰਿਹਾ। ਅਸਲ ਵਿੱਚ ਇਹ ਇੱਕ ਚੋਣ ਵਰ੍ਹਾ ਸੀ। ਲੋਕਸਭਾ ਅਤੇ ਵਿਧਾਨਸਭਾ ਚੋਣਾਂ ਹੋਈਆਂ। ਬਸਪਾ ਨੂੰ 13 ਸੀਟਾਂ ਵਿਧਾਨਸਭਾ ਵਿੱਚ ਮਿਲੀਆਂ, ਜਦਕਿ ਉਸਦੇ 3 ਸਾਂਸਦ ਚੁਣੇ ਗਏ।

ਬਸਪਾ ਕਾਰਨ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉੱਤਰ ਪ੍ਰਦੇਸ਼ ਵਿੱਚ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਿੱਚ ਜਨਤਾ ਦਲ ਦੀ ਸਰਕਾਰ ਬਣੀ। ਇਨ੍ਹਾਂ ਚੋਣਾਂ ਵਿੱਚ ਕਾਂਸ਼ੀਰਾਮ ਅਮੇਠੀ ਸੀਟ ਤੋਂ ਰਾਜੀਵ ਗਾਂਧੀ ਖਿਲਾਫ ਅਤੇ ਪੂਰਵੀ ਦਿੱਲੀ ਤੋਂ ਕੇਐੱਲ ਭਗਤ ਖਿਲਾਫ ਚੋਣਾਂ ਲੜੀਆਂ। ਉਨ੍ਹਾਂ ਨੂੰ ਦੋਵੇਂ ਜਗ੍ਹਾ ਤੋਂ ਹਾਰ ਮਿਲੀ। ਇਸਦੇ ਬਾਵਜੂਦ ਉਨ੍ਹਾਂ ਦੀ ਰਾਜਨੀਤਕ ਮੁਹਿੰਮ ਜਾਰੀ ਰਹੀ। ਬਾਅਦ ਵਿੱਚ ਬਹੁਜਨ ਸਮਾਜ ਪਾਰਟੀ ਦਾ ਰਾਜਨੀਤਕ ਗ੍ਰਾਫ ਵਧਿਆ ਅਤੇ ਖੁਦ ਸਾਹਿਬ ਕਾਂਸ਼ੀਰਾਮ ਵੀ ਸਾਂਸਦ ਚੁਣੇ ਗਏ। 
-ਨਵਲ ਕਿਸ਼ੋਰ ਕੁਮਾਰ

Comments

Leave a Reply