Sat,Jun 23,2018 | 07:09:12pm
HEADLINES:

editorial

ਕਿਸਾਨੀ ਸੰਕਟ : 22 ਸਾਲਾਂ 'ਚ 3.25 ਲੱਖ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ

ਕਿਸਾਨੀ ਸੰਕਟ : 22 ਸਾਲਾਂ 'ਚ 3.25 ਲੱਖ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ

ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਦੱਸ ਪਾਉਣਾ ਅਸੰਭਵ ਹੈ। ਰੋਜ਼ਾਨਾ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਖਬਰਾਂ ਆ ਰਹੀਆਂ ਹਨ। ਇਸ ਸਬੰਧ ਵਿਚ 'ਇੰਡੀਆ ਸਪੈਂਡ' ਦੀ ਇਕ ਰਿਪੋਰਟ ਮੁਤਾਬਕ, ਪਿਛਲੇ ਕੁਝ ਦਿਨਾਂ ਵਿਚ ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਉੱਤਰ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ, ਰਾਜਸਥਾਨ, ਪੰਜਾਬ ਤੇ ਉੱਤਰਾਖੰਡ 'ਚ ਦਰਜਨਾਂ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ। ਵਿਰੋਧੀ ਧਿਰ ਦੀਆਂ ਪਾਰਟੀਆਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ 'ਚ ਜੂਨ ਮਹੀਨੇ 'ਚ 40 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ। 

ਮੱਧ ਪ੍ਰਦੇਸ਼ ਵਿਚ ਕਰਜ਼ੇ ਵਿਚ ਡੁੱਬੇ ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਈ ਸੂਬਿਆਂ ਦੇ ਕਿਸਾਨਾਂ ਨੇ 1 ਜੂਨ ਤੋਂ 10 ਜੂਨ ਤੱਕ ਅੰਦੋਲਨ ਕੀਤਾ ਸੀ। ਇਸ ਦੌਰਾਨ 6 ਜੂਨ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਗੋਲੀਬਾਰੀ ਵਿਚ 6 ਕਿਸਾਨਾਂ ਦੀ ਮੌਤ ਦੀ ਘਟਨਾ ਤੋਂ ਬਾਅਦ 15 ਦਿਨਾਂ ਦੇ ਅੰਦਰ 26 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਸੀ।

ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਹਰ ਮਾਮਲੇ ਵਿਚ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਕਰਜ਼ੇ ਕਰਕੇ ਜਾਨ ਦਿੱਤੀ, ਜਦਕਿ ਕਰੀਬ ਹਰ ਮਾਮਲੇ ਵਿਚ ਪ੍ਰਸ਼ਾਸਨ ਦਾ ਦਾਅਵਾ ਇਸ ਤੋਂ ਅਲੱਗ ਹੈ। ਪ੍ਰਸ਼ਾਸਨ ਲਗਾਤਾਰ ਇਹ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਕਿਸਾਨ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਹੇ ਹਨ।

ਪਿਛਲੇ 16 ਸਾਲਾਂ ਵਿਚ ਮੱਧ ਪ੍ਰਦੇਸ਼ ਵਿਚ 21 ਹਜ਼ਾਰ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦਾ ਕਹਿਣਾ ਹੈ ਕਿ ਇਨ੍ਹਾਂ ਖੁਦਕੁਸ਼ੀਆਂ ਦਾ ਕਾਰਨ ਫਸਲਾਂ ਬਰਬਾਦ ਹੋਣਾ, ਫਸਲਾਂ ਦਾ ਯੋਗ ਮੁੱਲ ਨਾ ਮਿਲਣਾ, ਕਰਜ਼ਾ ਨਾ ਉਤਾਰ ਪਾਉਣਾ, ਕਰਜ਼ਾ ਚੁਕਾਉਣ ਲਈ ਬੈਂਕਾਂ ਅਤੇ ਸੂਦਖੋਰਾਂ ਦਾ ਦਬਾਅ ਹੋਣਾ ਅਤੇ ਖੇਤੀਬਾੜੀ ਨਾਲ ਜੁੜੇ ਕਾਰਨ ਹਨ।

ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿਚ ਪਿਛਲੇ 2 ਹਫਤੇ ਵਿਚ 42 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਔਰੰਗਾਬਾਦ ਡਿਵੀਜਨਲ ਕਮਿਸ਼ਨਰੇਟ, ਜੋ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਰਿਕਾਰਡ ਰੱਖਦਾ ਹੈ, ਦੇ ਹਵਾਲੇ ਤੋਂ 'ਇੰਡੀਅਨ ਐਕਸਪ੍ਰੈਸ' ਨੇ ਲਿਖਿਆ ਹੈ, ''ਇਸ ਸਾਲ ਜਨਵਰੀ ਤੋਂ 26 ਜੂਨ ਤੱਕ 445 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਕ ਜੂਨ ਤੋਂ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਘੋਸ਼ਣਾ ਕੀਤੀ ਸੀ। ਇਸਦੇ ਬਾਵਜੂਦ ਮਹਾਰਾਸ਼ਟਰ ਦੇ 8 ਜ਼ਿਲ੍ਹਿਆਂ ਵਿਚ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇੱਥੇ ਪਿਛਲੇ ਦੋ ਹਫਤੇ ਵਿਚ 42 ਕਿਸਾਨਾਂ ਨੇ ਜਾਨ ਦੇ ਦਿੱਤੀ। ਇਸਦਾ ਕਾਰਨ ਖੇਤੀਬਾੜੀ ਤੇ ਕਰਜ਼ੇ ਨਾਲ ਜੁੜਿਆ ਹੈ।'' ਇਸ ਮਹੀਨੇ 19 ਜੂਨ ਤੋਂ 25 ਜੂਨ ਵਿਚਕਾਰ 19 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਦਕਿ 12 ਜੂਨ ਤੋਂ 18 ਜੂਨ ਵਿਚਕਾਰ 23 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ।

ਛੱਤੀਸਗੜ ਦੇ ਸਰਗੁਜਾ ਵਿਚ 27 ਜੂਨ ਨੂੰ ਇਕ ਕਿਸਾਨ ਫੂਲੇਸ਼ਵਰ ਪੈਕਰਾ ਨੇ ਖੁਦਕੁਸ਼ੀ ਕਰ ਲਈ। 'ਟਾਈਮਸ ਆਫ ਇੰਡੀਆ' ਮੁਤਾਬਕ, ਇਸਦੇ ਨਾਲ ਹੀ ਸੂਬੇ ਵਿਚ 15 ਦਿਨਾਂ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ 11 ਹੋ ਗਈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸੂਬੇ ਵਿਚ ਪਿਛਲੇ 10 ਦਿਨਾਂ ਵਿਚ 12 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਧਮਤਰੀ, ਰਾਜਨੰਦਗਾਂਵ, ਸਰਗੁਜਾ, ਦੁਰਗ, ਮਹਾਸਮੁਦ, ਕਾਂਕੇਰ ਅਤੇ ਕਵਰਧਾ ਜ਼ਿਲ੍ਹਿਆਂ ਵਿਚ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।

ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਪੰਜਾਬ ਸਰਕਾਰ ਦੀ ਘੋਸ਼ਣਾ ਤੋਂ ਬਾਅਦ ਤੋਂ ਹੁਣ ਤੱਕ ਪੰਜਾਬ ਵਿਚ ਇਕ ਦਰਜਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। 19 ਜੂਨ ਨੂੰ ਸਰਕਾਰ ਨੇ ਇਹ ਘੋਸ਼ਣਾ ਕੀਤੀ ਸੀ। 'ਇੰਡੀਅਨ ਐਕਸਪ੍ਰੈਸ' ਅਖਬਾਰ ਦੀ ਰਿਪੋਰਟ ਮੁਤਾਬਕ, 19 ਜੂਨ ਤੋਂ 27 ਜੂਨ ਵਿਚਕਾਰ 8 ਦਿਨਾਂ ਦੇ ਅੰਦਰ ਇਕ ਦਰਜਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਜਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਉਨ੍ਹਾਂ ਸਾਰਿਆਂ 'ਤੇ 3 ਤੋਂ 5 ਲੱਖ ਰੁਪਏ ਦਾ ਕਰਜ਼ਾ ਸੀ। ਇਹ ਅੰਕੜਾ ਕਿਸਾਨ ਸੰਗਠਨ ਨੇ ਇਕੱਠਾ ਕੀਤਾ ਹੈ। ਪੰਜਾਬ 'ਚ ਜੂਨ ਦੇ ਪਹਿਲੇ ਹਫਤੇ ਵਿਚ 10 ਕਿਸਾਨਾਂ ਵਲੋਂ ਖੁਦਕੁਸ਼ੀ ਕਰਨ ਦੀਆਂ ਖਬਰਾਂ ਆਈਆਂ ਸਨ, ਜੋ ਕਿ ਜੁਲਾਈ ਮਹੀਨੇ 'ਚ ਵੀ ਜਾਰੀ ਹਨ।

ਰਾਜਸਥਾਨ ਦੇ ਹਾੜੌਤੀ ਖੇਤਰ ਵਿਚ ਜੂਨ ਵਿਚ ਹੀ 5 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। 'ਰਾਜਸਥਾਨ ਪਤ੍ਰਿਕਾ' ਦੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਹਾੜੌਤੀ ਦੇ ਕਿਸਾਨਾਂ ਲਈ ਜੂਨ 2017 ਮੌਤ ਬਣ ਕੇ ਆਇਆ। ਇੱਥੇ 5 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਇਨ੍ਹਾਂ ਖੁਦਕੁਸ਼ੀਆਂ ਦਾ ਕਾਰਨ ਫਸਲਾਂ ਦੀਆਂ ਡਿਗਦੀਆਂ ਕੀਮਤਾਂ ਹਨ। ਮੌਜੂਦਾ ਕੀਮਤ ਵਿਚ ਫਸਲ ਦੀ ਬਿਜਾਈ ਦਾ ਖਰਚਾ ਵੀ ਨਹੀਂ ਨਿਕਲ ਰਿਹਾ, ਜਿਸ ਤੋਂ ਪਰੇਸ਼ਾਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।

ਤੇਲੰਗਾਨਾ ਸੂਬਾ ਬਣਨ ਤੋਂ ਬਾਅਦ ਤੋਂ ਹੁਣ ਤੱਕ ਉੱਥੇ 3000 ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। 'ਇੰਡੀਆ ਟੂਡੇ' ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਲੱਗ ਸੂਬਾ ਬਣਨ ਤੋਂ ਬਾਅਦ ਤੋਂ ਤੇਲੰਗਾਨਾ ਵਿਚ ਹੁਣ ਤੱਕ 3,026 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਇਕ ਐਨਜੀਓ ਦੇ ਹਵਾਲੇ ਤੋਂ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2014 ਵਿਚ 792, 2015 'ਚ 1147 ਤੇ 2016 'ਚ 784 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਸ ਸਾਲ ਜਨਵਰੀ ਤੋਂ ਜੂਨ ਤੱਕ 294 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਤੇਲੰਗਾਨਾ ਦੇ ਖੰਮਮ ਤੇ ਭਦ੍ਰਾਦ੍ਰੀ ਕੋਡਾਗੁਡਮ ਜ਼ਿਲ੍ਹਿਆਂ ਵਿਚ ਹੀ ਪਿਛਲੇ 3 ਮਹੀਨਿਆਂ 'ਚ 22 ਕਿਸਾਨਾਂ ਨੇ ਜਾਨ ਦੇ ਦਿੱਤੀ ਹੈ।

ਕਿਸਾਨ ਖੁਦਕੁਸ਼ੀਆਂ ਦੇ ਭਿਆਨਕ ਅੰਕੜੇ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੇ ਸ਼ਾਸਨ ਵਿਚ 2014-15 ਦੌਰਾਨ ਕਿਸਾਨਾਂ ਦੇ ਖੁਦਕੁਸ਼ੀ ਕਰਨ ਦੀ ਦਰ 42 ਫੀਸਦੀ ਵਧ ਗਈ ਹੈ। ਐਨਸੀਆਰਬੀ ਮੁਤਾਬਕ, ਪਿਛਲੇ 22 ਸਾਲਾਂ ਵਿਚ ਦੇਸ਼ਭਰ ਵਿਚ ਕਰੀਬ 3.25 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।

ਭਾਰਤ ਦੇ ਕਈ ਸੂਬਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਕਰਜ਼ੇ, ਫਸਲ ਦੀ ਲਾਗਤ ਵਧਣ, ਯੋਗ ਮੁੱਲ ਨਾ ਮਿਲਣ, ਫਸਲ ਵਿਚ ਘਾਟਾ ਹੋਣ, ਫਸਲ ਬਰਬਾਦ ਹੋਣ ਕਰਕੇ ਖੁਦਕੁਸ਼ੀ ਕਰ ਲੈਂਦੇ ਹਨ। ਐਨਸੀਆਰਬੀ ਮੁਤਾਬਕ, 2015 ਵਿਚ ਖੇਤੀਬਾੜੀ ਨਾਲ ਜੁੜੇ 12,602 ਕਿਸਾਨਾਂ ਨੇ ਖੁਦਕੁਸ਼ੀ ਕੀਤੀ। 2014 'ਚ ਇਹ ਅੰਕੜਾ 12,360 ਸੀ। ਇਸ ਤੋਂ ਪਹਿਲਾਂ 2013 ਵਿਚ 11,772, 2012 'ਚ 13,754, 2011 'ਚ 14 ਹਜ਼ਾਰ, 2010 'ਚ 15 ਹਜ਼ਾਰ ਤੋਂ ਜ਼ਿਆਦਾ, 2009 'ਚ 17 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੇ ਖੇਤਾਬਾੜੀ ਸੰਕਟ, ਕਰਜ਼ੇ, ਫਸਲ ਖਰਾਬ ਹੋਣ ਵਰਗੇ ਕਾਰਨਾਂ ਕਰਕੇ ਖੁਦਕੁਸ਼ੀ ਕਰ ਲਈ। 2016 ਦਾ ਅੰਕੜਾ ਅਜੇ ਜਾਰੀ ਨਹੀਂ ਹੋਇਆ ਹੈ, ਪਰ ਜਿਸ ਤਰ੍ਹਾਂ ਨਾਲ ਸੂਬਿਆਂ ਤੋਂ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਆਈਆਂ, ਉਸ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ 2016 ਤੇ 2017 ਦੇ ਹਾਲਾਤ ਹੋਰ ਭਿਆਨਕ ਹਨ।

ਪਿਛਲੇ ਕਈ ਸਾਲਾਂ 'ਚ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਿਰਫ ਮਹਾਰਾਸ਼ਟਰ ਵਿਚ 1995 ਤੋਂ ਹੁਣ ਤੱਕ 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਮਹਾਰਾਸ਼ਟਰ ਤੋਂ ਬਾਅਦ ਤੇਲੰਗਾਨਾ ਦੂਜੇ ਅਤੇ ਕਰਨਾਟਕ ਤੀਜੇ ਨੰਬਰ 'ਤੇ ਹੈ। ਦੇਸ਼ ਵਿਚ ਜਿੰਨੇ ਕਿਸਾਨ ਖੁਦਕੁਸ਼ੀਆਂ ਕਰਦੇ ਹਨ, ਉਨ੍ਹਾਂ ਵਿਚੋਂ 94 ਫੀਸਦੀ ਸਿਰਫ 6 ਸੂਬਿਆਂ ਵਿਚੋਂ ਹਨ। ਇਹ ਸੂਬੇ ਹਨ ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼ ਤੇ ਛੱਤੀਸਗੜ। ਦੇਸ਼ ਭਰ ਵਿਚ ਇਹ ਖੁਦਕੁਸ਼ੀਆਂ ਪ੍ਰਸ਼ਾਸਨ ਤੇ ਕਿਸਾਨਾਂ ਨੂੰ ਲੈ ਕੇ ਸਰਕਾਰਾਂ 'ਤੇ ਸਵਾਲ ਖੜੇ ਕਰਦੀਆਂ ਹਨ। ਕੀ ਭਾਰਤ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਕਿਸਾਨ ਹੋਣਾ ਮੌਤ ਦੀ ਗਾਰੰਟੀ ਹੈ?

ਕਿਸਾਨਾਂ ਦੀਆਂ ਸਮੱਸਿਆਂ ਦਾ ਮੁੱਖ ਕਾਰਨ
ਕਰੀਬ 70 ਫੀਸਦੀ ਭਾਰਤੀ ਲੋਕ ਖੇਤੀਬਾੜੀ 'ਤੇ ਨਿਰਭਰ ਹਨ। ਇਨ੍ਹਾਂ ਵਿਚੋਂ 9 ਕਰੋੜ ਪਰਿਵਾਰ ਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜੇ ਹਨ। ਇਹ ਆਬਾਦੀ ਆਪਣੇ ਜ਼ਰੂਰੀ ਖਰਚ ਤੋਂ ਘੱਟ ਕਮਾਈ ਕਰਕੇ ਕਰਜ਼ਾ ਲੈਣ ਲਈ ਮਜਬੂਰ ਹੁੰਦੀ ਹੈ। ਅਖੀਰ 'ਚ ਕਰਜ਼ੇ ਦਾ ਬੋਝ ਉਨ੍ਹਾਂ ਦੀ ਜਾਨ ਲੈ ਲੈਂਦਾ ਹੈ। 'ਇੰਡੀਆ ਸਪੈਂਡ' ਦੇ ਅੰਕੜਿਆਂ ਦੇ ਹਵਾਲੇ ਤੋਂ 'ਹਿੰਦੂਸਤਾਨ ਟਾਈਮਸ' ਅਖਬਾਰ ਵਿਚ ਛਪੀ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਕਰੀਬ 70 ਫੀਸਦੀ ਭਾਰਤੀਆਂ ਦੇ 90 ਮਿਲੀਅਨ, ਮਤਲਬ 9 ਕਰੋੜ ਪਰਿਵਾਰ ਹਰ ਮਹੀਨੇ ਆਪਣੀ ਕਮਾਈ ਤੋਂ ਜ਼ਿਆਦਾ ਖਰਚ ਕਰਦੇ ਹਨ।

ਇਸ ਕਾਰਨ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਦੇਸ਼ਭਰ ਵਿਚ ਅੱਧੇ ਤੋਂ ਜ਼ਿਆਦਾ ਕਿਸਾਨਾਂ ਦੀ ਖੁਦਕੁਸ਼ੀ ਦਾ ਕਾਰਨ ਕਰਜ਼ਾ ਹੀ ਹੈ। ਨੈਸ਼ਨਲ ਸੈਂਪਲ ਸਰਵੇ ਦਾ ਡਾਟਾ ਕਹਿੰਦਾ ਹੈ ਕਿ 6 ਕਰੋੜ ਤੋਂ ਜ਼ਿਆਦਾ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਕੋਲ ਇਕ ਏਕੜ ਜਾਂ ਉਸ ਤੰ ਘੱਟ ਖੇਤੀ ਦੀ ਜ਼ਮੀਨ ਹੈ। ਉਨ੍ਹਾਂ ਦਾ ਜਿੰਨਾ ਖਰਚਾ ਹੈ, ਉਸ ਤੋਂ ਘੱਟ ਕਮਾ ਪਾਉਂਦੇ ਹਨ। ਮਤਲਬ ਵਧਦੀ ਮਹਿੰਗਾਈ, ਖੇਤੀ ਵਿਚ ਵਧਦੀ ਲਾਗਤ, ਘੱਟ ਕਮਾਈ, ਖੇਤੀਬਾੜੀ ਪੈਦਾਵਾਰ ਦਾ ਯੋਗ ਮੁੱਲ ਨਾ ਮਿਲਣ ਅਤੇ ਇਸਦੇ ਨਤੀਜੇ 'ਚ ਕਰਜ਼ਾ ਵਧਣ ਨਾਲ ਪੂਰੇ ਦੇਸ਼ ਦੇ ਕਿਸਾਨ ਮੁਸੀਬਤ ਵਿਚ ਹਨ। ਕਰਜ਼ਾ ਚੁਕਾਉਣ ਨੂੰ ਲੈ ਕੇ ਬੈਂਕ ਅਤੇ ਸੂਦਖੋਰ ਇੰਨਾ ਦਬਾਅ ਪਾਉਂਦੇ ਹਨ ਕਿ ਕਿਸਾਨ ਪੈਸਾ ਨਾ ਦੇ ਸਕਣ ਦੀ ਹਾਲਤ ਵਿਚ ਖੁਦਕੁਸ਼ੀ ਕਰ ਲੈਂਦੇ ਹਨ।

Comments

Leave a Reply