Tue,Aug 14,2018 | 07:30:01pm
HEADLINES:

editorial

ਕੇਂਦਰੀ ਕੈਬਨਿਟ ਦੀ ਸਲਾਹ 'ਤੇ ਕੰਮ ਕਰਨ ਵਾਲਾ ਰਾਸ਼ਟਰਪਤੀ ਦਲਿਤਾਂ ਲਈ ਕੁਝ ਨਹੀਂ ਕਰ ਸਕਦਾ

ਕੇਂਦਰੀ ਕੈਬਨਿਟ ਦੀ ਸਲਾਹ 'ਤੇ ਕੰਮ ਕਰਨ ਵਾਲਾ ਰਾਸ਼ਟਰਪਤੀ ਦਲਿਤਾਂ ਲਈ ਕੁਝ ਨਹੀਂ ਕਰ ਸਕਦਾ

ਭਾਰਤੀ ਲੋਕਤੰਤਰ ਦੀ ਇਹ ਅਜੀਬ ਖੇਡ ਹੈ ਕਿ ਐੱਨਡੀਏ ਤੇ ਯੂਪੀਏ ਦੋਵਾਂ ਨੇ ਹੀ ਦਲਿਤ ਸਮਾਜ ਦੇ ਵਿਅਕਤੀ ਨੂੰ ਆਪਣਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਐੱਨਡੀਏ ਨੇ ਭਾਜਪਾ ਦੇ ਸੀਨੀਅਰ ਨੇਤਾ/ਵਰਕਰ, ਦੋ ਵਾਰ ਦੇ ਰਾਜ ਸਭਾ ਮੈਂਬਰ ਤੇ ਮੌਜੂਦਾ ਗਵਰਨਰ ਰਾਮਨਾਥ ਕੋਵਿੰਦ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ।

ਦੂਸਰੇ ਪਾਸੇ ਯੂਪੀਏ ਨੇ ਕਾਂਗਰਸ ਦੀ ਚਾਰ ਵਾਰ ਦੀ ਲੋਕ ਸਭਾ ਸੰਸਦ ਮੈਂਬਰ ਅਤੇ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਸੀ। ਯਾਦ ਰਹੇ ਕੇ ਮੀਰਾ ਕੁਮਾਰ ਬਾਬੂ ਜਗਜੀਵਨ ਰਾਮ ਦੀ ਪੁੱਤਰੀ ਹੈ, ਉਹੀ ਬਾਬੂ ਜਗਜੀਵਨ ਰਾਮ ਜਿਨ੍ਹਾਂ ਨੇ ਸੰਨ 1977 'ਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ।

ਮੌਜੂਦਾ ਸਮੇਂ 'ਚ ਦੋ ਵੱਡੇ ਗੱਠਜੋੜ ਆਖਿਰ ਕਿਸੇ ਦਲਿਤ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਕਿਉਂ ਬਣਾ ਰਹੇ ਸਨ। ਇਹ ਸਮਝਣਾ ਬਹੁਤ ਮੁਸ਼ਕਲ ਹੈ। ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਯੂਪੀਏ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਬਸਪਾ ਦੀ ਪ੍ਰਧਾਨ ਤੇ ਮੌਜੂਦਾ ਬਹੁਜਨ ਸਮਾਜ ਦੀ ਮੁੱਖ ਨੇਤਾ ਕੁਮਾਰੀ ਮਾਇਆਵਤੀ ਦਾ ਵੀ ਸਮਰਥਨ ਮਿਲ ਰਿਹਾ ਸੀ। 

ਭਾਜਪਾ ਨੇ ਦਲਿਤ ਸਮਾਜ ਦੇ ਵਿਅਕਤੀ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਕਿਉਂ ਬਣਾਇਆ ਸੀ। ਇਹ ਸਮਝਣਾ ਜ਼ਿਆਦਾ ਮੁਸ਼ਕਲ ਨਹੀਂ ਲੱਗਦਾ। ਅਸੀਂ ਸਾਰੇ ਜਾਣਦੇ ਹਾਂ ਕਿ ਭਾਜਪਾ ਭਰਪੂਰ ਯਤਨ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਨਾਲ 2019 ਤੱਕ ਦਲਿਤਾਂ ਨੂੰ ਵੱਡੀ ਗਿਣਤੀ 'ਚ ਆਪਣੇ ਵੱਲ ਕਰ ਲਿਆ ਜਾਵੇ, ਖਾਸ ਕਰ ਉਤਰ ਪ੍ਰਦੇਸ਼ 'ਚ। ਉਸਦੇ ਲੱਖ ਚਾਹੁਣ ਤੇ ਦਿਖਾਵਾ ਕਰਨ ਦੇ ਬਾਵਜੂਦ ਵੀ ਦਲਿਤ ਸਮਾਜ ਉਸ ਨਾਲ ਜੁੜ ਨਹੀਂ ਰਿਹਾ। ਦੂਜਾ ਇਕ ਦਲਿਤ ਨੂੰ ਰਾਸ਼ਟਰਪਤੀ ਬਣਾ ਕੇ ਭਾਜਪਾ ਵਿਰੋਧੀਆਂ ਦਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਕੋਈ ਉਸਨੂੰ ਦਲਿਤ ਵਿਰੋਧੀ ਨਾ ਕਹੇ।

ਤੀਜੇ ਪਾਸੇ ਭਾਜਪਾ ਉਨ੍ਹਾਂ ਦਲਿਤਾਂ ਦਾ ਵੀ ਮੂੰਹ ਬੰਦ ਕਰਨਾ ਚਾਹੁੰਦੀ ਹੈ ਜੋ ਮੌਜੂਦਾ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰਾਂ 'ਚ ਪ੍ਰ੍ਰਭਾਵੀ ਭਾਗੀਦਾਰ  ਮੰਗ ਰਹੇ ਹਨ। ਅੱਜ ਦਾ ਦਲਿਤ ਚਾਹੁੰਦਾ ਹੈ ਕਿ ਉਹ ਵੀ ਮੁੱਖ ਮੰਤਰੀ, ਗ੍ਰਹਿ ਮੰਤਰੀ, ਕੇਂਦਰ 'ਚ ਰੇਲਵੇ, ਵਿੱਤ, ਉਦਯੋਗ ਆਦਿ ਵਿਭਾਗਾਂ ਦਾ ਮੰਤਰੀ ਬਣੇ ਤਾਂ ਕਿ ਦੇਸ਼ ਦਾ ਨੀਤੀ ਨਿਰਧਾਰਨ ਕਰ ਸਕੇ। 

ਭਾਜਪਾ ਵਲੋਂ ਇਕ ਦਲਿਤ ਨੂੰ ਆਪਣੇ ਵਲੋਂ ਰਾਸ਼ਟਰਪਤੀ ਬਣਾਉਣ ਦੀ ਸਭ ਤੋਂ ਵੱਡੀ ਵਜ੍ਹਾ ਜਾਣਕਾਰ ਦੱਸਦੇ ਹਨ, ਉਹ ਹੈ ਮੌਜੂਦਾ ਸਮੇਂ 'ਚ ਦਲਿਤਾਂ 'ਚ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰਾਂ ਪ੍ਰਤੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰਨਾ। ਇਹ ਗੁੱਸਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਦਿਖਾਈ ਦਿੰਦਾ ਹੈ ਤੇ ਨਾਲ ਹੀ ਸੜਕਾਂ 'ਤੇ ਵੀ। ਇਸ ਦੌਰਾਨ ਭਾਜਪਾ ਦੀਆਂ ਸਰਕਾਰਾਂ ਤੇ ਦਲ ਨੇ ਦਲਿਤਾਂ 'ਤੇ ਅੱਤਿਆਚਾਰ ਹੀ ਨਹੀਂ ਕੀਤਾ, ਸਗੋਂ ਬੇਇੱਜ਼ਤ ਵੀ ਕੀਤਾ।

ਜਦੋਂ ਬਸਪਾ ਪ੍ਰਧਾਨ ਮਾਇਆਵਤੀ ਨੇ ਸੰਸਦ 'ਚ ਤੇ ਊਨਾ ਦੇ ਦਲਿਤਾਂ ਨੇ ਸੜਕਾਂ 'ਤੇ ਹੰਗਾਮਾ ਕੀਤਾ ਤਾਂ ਜਾ ਕੇ ਸਰਕਾਰ ਜਾਗੀ। ਪਰ ਅੱਜ ਵੀ ਉਨ੍ਹਾਂ ਦਲਿਤਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸਦੇ ਬਾਅਦ ਭਾਜਪਾ ਦੇ ਲੀਡਰਾਂ ਦੀ ਦਲਿਤਾਂ ਦੇ ਪ੍ਰਤੀ ਨਫਰਤ ਉਦੋਂ ਸਾਹਮਣੇ ਆਈ ਜਦੋਂ ਉਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਬਸਪਾ ਦੀ ਸੀਨੀਅਰ ਲੀਡਰ ਮਾਇਆਵਤੀ 'ਤੇ ਹੀ ਅਪਸ਼ਬਦਾਂ ਨਾਲ ਹਮਲਾ ਕਰ ਦਿੱਤਾ।

ਜਦੋਂ ਇਕ ਵਾਰ ਫਿਰ ਦਲਿਤਾਂ ਨੇ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ ਕੀਤਾ ਤਾਂ ਭਾਜਪਾ ਨੇ ਸਿਰਫ ਦਿਖਾਵੇ ਲਈ ਉਸ ਨੇਤਾ ਨੂੰ ਪਾਰਟੀ ਤੋਂ ਕੱੱਢ ਦਿਤਾ, ਪਰ ਦੂਸਰੇ ਹੀ ਪਲ ਉਸਦੀ ਪਤਨੀ ਨੂੰ ਪਾਰਟੀ 'ਚ ਅਹੁਦਾ ਦੇ ਕੇ ਤੇ ਉਤਰ ਪ੍ਰਦੇਸ਼ 'ਚ ਵਿਧਾਨ ਸਭਾ 'ਚ ਟਿਕਟ ਤੇ ਮੰਤਰੀ ਅਹੁਦਾ ਦੇ ਕੇ ਦਲਿਤਾਂ ਨੂੰ ਬੇਇੱਜ਼ਤ ਕੀਤਾ।

ਉਧਰ ਭਾਜਪਾ ਦੇ ਪ੍ਰਧਾਨ ਨੇ ਕੁਝ ਦਲਿਤਾਂ ਨਾਲ ਰੋਟੀ ਖਾ ਕੇ ਦਲਿਤਾਂ ਨੂੰ ਕੈਮਰੇ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਤੁਸੀਂ ਕਿੰਨੇ ਨੀਵੇਂ ਹੋ ਫਿਰ ਵੀ ਅਸੀਂ ਤੁਹਾਡੇ ਨਾਲ ਰੋਟੀ ਖਾ ਰਹੇ ਹਾਂ। ਉਧਰ ਭਾਜਪਾ ਦੇ ਇਕ ਸੀਨੀਅਰ ਕੈਬਨਿਟ ਮੰਤਰੀ ਨੇ ਦਲਿਤਾਂ ਦੀ ਤੁਲਨਾ ਕੁੱਤੇ ਨਾਲ ਕਰ ਦਿੱਤੀ, ਪਰ  ਉਸ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਸਮਾਜਿਕ ਤੇ ਸਿਆਸੀ ਸੰਦਰਭ 'ਚ ਰਾਮਨਾਥ ਕੋਵਿੰਦ ਨੂੰ ਉਮੀਦਵਾਰ ਬਣਾ ਕੇ ਭਾਜਪਾ ਇਹ ਦੱਸਣਾ ਚਾਹੁੰਦੀ ਹੈ ਕਿ ਦੇਖੋ ਅਸੀਂ ਦਲਿਤਾਂ ਦਾ ਕਿੰਨਾ ਖਿਆਲ ਰੱਖ ਰਹੇ ਹਾਂ।

ਅਸੀਂ ਉਨ੍ਹਾਂ ਨੂੰ ਰਾਸ਼ਟਰਪਤੀ ਤੱਕ ਬਣਾਇਆ ਹੈ। ਪਰ ਸ਼ਾਇਦ ਭਾਜਪਾ ਇਹ ਭੁੱਲ ਰਹੀ ਹੈ ਕਿ ਅੱਜ ਦਾ ਦਲਿਤ ਸਮਾਜ ਉਸਦੀਆਂ ਚਾਲਾਂ ਨੂੰ ਭਲੀ ਭਾਂਤ ਸਮਝ ਰਿਹਾ ਹੈ। ਅੱਜ ਦਾ ਦਲਿਤ ਇਹ ਜਾਣਦਾ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਬਹੁਤ ਵੱਡਾ ਹੈ, ਪਰ ਉਹ ਦਲਿਤਾਂ ਲਈ ਕੁਝ ਨਹੀਂ ਕਰ ਸਕਦਾ। ਉਸਨੂੰ ਤਾਂ ਕੈਬਨਿਟ ਦੀ ਸਲਾਹ 'ਤੇ ਹੀ ਕੰਮ ਕਰਨਾ ਹੁੰਦਾ ਹੈ ਤੇ ਉਹ ਇਹ ਵੀ ਜਾਣਦਾ ਹੈ ਕਿ ਕੈਬਨਿਟ 'ਚ ਦਲਿਤਾਂ ਦੀ ਭਾਗੀਦਾਰੀ ਨਾਂਹ ਦੇ ਬਰਾਬਰ ਹੈ। ਦਲਿਤਾਂ ਦੇ ਪੱਖ 'ਚ ਫੈਸਲੇ ਕਿਵੇਂ ਲਏ ਜਾਣਗੇ, ਦਲਿਤ ਰਾਸ਼ਟਰਪਤੀ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
-ਪ੍ਰੋ. ਵਿਵੇਕ ਕੁਮਾਰ (ਸਮਾਜ ਸ਼ਾਸਤਰੀ)।

Comments

Leave a Reply