Fri,Jul 20,2018 | 02:22:41am
HEADLINES:

editorial

ਸਹਿਕਾਰੀ ਖੇਤੀ ਨੂੰ ਸ਼ੋਸ਼ਿਤਾਂ ਦੇ ਆਰਥਿਕ ਹਿੱਤ 'ਚ ਮੰਨਦੇ ਸਨ ਅੰਬੇਡਕਰ

ਸਹਿਕਾਰੀ ਖੇਤੀ ਨੂੰ ਸ਼ੋਸ਼ਿਤਾਂ ਦੇ ਆਰਥਿਕ ਹਿੱਤ 'ਚ ਮੰਨਦੇ ਸਨ ਅੰਬੇਡਕਰ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਵਜੋਂ ਸਤਿਕਾਰਿਆ ਜਾਂਦਾ ਹੈ, ਇਕ ਮੌਲਿਕ ਆਰਥਿਕ ਚਿੰਤਕ ਵੀ ਸਨ। ਉਨ੍ਹਾਂ ਦੀ ਆਰਥਿਕ ਸੋਚ ਦੀ ਮੌਲਿਕਤਾ ਨੂੰ ਇਸ ਲਈ ਵੀ ਉਦਾਰਵਾਦੀ ਕਰਾਰ ਦਿੱਤਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਨੇ ਮਾਰਕਸਵਾਦ, ਨਵ-ਸ਼ਾਸਤਰੀ ਆਰਥਿਕ ਸੋਚ, ਬਾਜ਼ਾਰਮੁਖੀ ਅਰਥਵਿਵਸਥਾ ਜਾਂ ਸਰਕਾਰ ਦੁਆਰਾ ਨਿਯੰਤ੍ਰਿਤ ਕਿਸੇ ਵੀ ਅਰਥਵਿਵਸਥਾ ਦਾ ਅਨੁਸਰਨ ਨਹੀਂ ਕੀਤਾ।

ਹਾਲਾਂਕਿ ਉਨ੍ਹਾਂ ਦਾ ਇਹ ਉਦਾਰਵਾਦ ਵਿਭਿੰਨ ਆਰਥਿਕ ਮੁੱਦਿਆਂ ਬਾਰੇ ਉਨ੍ਹਾਂ ਦੇ ਆਪਣੇ ਵਿਚਾਰਾਂ ਵਿਚ ਏਕਤਾ ਅਤੇ ਸਮਰੂਪਤਾ 'ਤੇ ਆਧਾਰਿਤ ਹੈ। ਇਸ ਏਕਤਾ ਤੇ ਸਮਰੂਪਤਾ ਦਾ ਕਾਰਨ ਉਨ੍ਹਾਂ ਦੀ ਭਾਰਤੀ ਸਮਾਜ ਦੇ ਸ਼ੋਸ਼ਿਤ ਵਰਗ ਪ੍ਰਤੀ ਚਿੰਤਾ ਸੀ। ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਹੋਣ ਕਾਰਨ ਉਨ੍ਹਾਂ ਦੀ ਤੁਲਨਾ ਕਾਰਲ ਮਾਰਕਸ ਨਾਲ ਕਰਨਾ ਬਿਲਕੁਲ ਸਹੀ ਹੈ, ਜੋ ਕਿ ਪੂੰਜੀਵਾਦ ਦੇ ਕਠੋਰ ਵਿਸ਼ਲੇਸ਼ਣ ਨੂੰ ਲੈ ਕੇ ਬੇਰਹਿਮ ਸਨ।

ਕਿਰਤੀ ਵਰਗ ਪ੍ਰਤੀ ਮਾਰਕਸ ਅਤੇ ਸ਼ੋਸ਼ਿਤ ਵਰਗ ਪ੍ਰਤੀ ਅੰਬੇਡਕਰ, ਦੋਵਾਂ ਹੀ ਮਾਮਲਿਆਂ ਵਿਚ ਆਰਥਿਕ ਸਥਿਤੀਆਂ ਦੇ ਵਿਸ਼ਲੇਸ਼ਣ ਦੌਰਾਨ ਕਿਸੇ ਤਰ੍ਹਾਂ ਦੀ ਦਲਗਤ ਸੋਚ ਦੇ ਉਦੇਸ਼ ਨਾਲ ਸਮਝੌਤਾ ਨਹੀਂ ਕੀਤਾ ਗਿਆ। ਇਸ ਦੇ ਉਲਟ ਦੋਵਾਂ ਨੇ ਹੀ ਕਿਰਤੀ ਵਰਗ (ਕਾਰਲ ਮਾਰਕਸ) ਅਤੇ ਸ਼ੋਸ਼ਿਤਾਂ (ਅੰਬੇਡਕਰ ਦੇ ਮਾਮਲੇ ਵਿਚ) ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਸ਼ਰਤ ਦੇ ਰੂਪ ਵਿਚ ਆਰਥਿਕ ਸਥਿਤੀਆਂ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ।

ਭਾਰਤ ਦੇ ਸੰਦਰਭ, ਵਿਸ਼ੇਸ਼ ਕਰਕੇ ਅਤੇ ਦੱਖਣੀ ਏਸ਼ੀਆ ਦੇ ਸੰਦਰਭ 'ਚ ਆਮ ਕਰਕੇ ਵਰਗ ਤੇ ਜਾਤੀ ਦੀਆਂ ਸਮਾਜਿਕ ਸ਼੍ਰੇਣੀਆਂ ਆਪਣੇ ਪ੍ਰਭੂਸੱਤਾ ਦਰਜੇ ਦੇ ਬਾਵਜੂਦ ਆਪਸ ਵਿਚ ਰਲਗੱਡ ਹਨ। ਅੰਬੇਡਕਰ ਨੇ ਜਿਨ੍ਹਾਂ ਤਿੰਨ ਮੁੱਦਿਆਂ ਉਪਰ ਆਪਣੀ ਬੌਧਿਕ ਊਰਜਾ ਨੂੰ ਕੇਂਦਰਿਤ ਕੀਤਾ, ਉਹ ਸਨ, ਅਰਥਵਿਵਸਥਾ ਵਿਚ ਪੈਸਿਆਂ ਦਾ ਲੈਣ-ਦੇਣ, ਵਿਆਪਕ ਖੇਤੀ ਰਣਨੀਤੀ ਦੇ ਹਿੱਸੇ ਦੇ ਰੂਪ ਵਿਚ ਕੌਣ ਕਿੰਨੀ ਜ਼ਮੀਨ ਉਪਰ ਕਾਬਜ਼ ਅਤੇ ਸਰਵਜਨਕ ਵਿੱਤ, ਖਾਸ ਕਰਕੇ ਸੰਘੀ ਵਿੱਤ ਵਿਵਸਥਾ ਦਾ ਤਰੀਕਾ। 

ਪੈਸਿਆਂ ਬਾਰੇ ਆਪਣੇ ਲੇਖਨ ਵਿਚ ਉਨ੍ਹਾਂ 1930 ਦੇ ਦਹਾਕੇ 'ਚ ਪੈਸਿਆਂ ਦੀ ਪੂਰਤੀ ਨੂੰ ਸੋਨੇ ਦੇ ਭੰਡਾਰ ਨਾਲੋਂ ਅਲੱਗ ਕਰਨ ਨਾਲ ਕੇਅਨੇਸ਼ੀਅਨ ਦ੍ਰਿਸ਼ਟੀਕੋਣ ਨੂੰ ਸਿੱਧੀ ਚੁਣੌਤੀ ਦਿੱਤੀ। ਕੇਅਨਸ ਦਾ ਤਰਕ ਸੀ ਕਿ ਇੰਗਲੈਂਡ ਵਰਗੀਆਂ ਵਿਕਸਿਤ ਪੂੰਜੀਵਾਦੀ ਅਰਥਵਿਵਸਥਾਵਾਂ ਵਿਚ ਮੁਦਰਾ ਲੈਣ-ਦੇਣ ਤੰਤਰ ਦੇ ਵਿਕਾਸ ਦੇ ਚਲਦਿਆਂ, ਇਸ ਨੂੰ ਸੋਨੇ ਦੇ ਭੰਡਾਰ ਦੇ ਨਾਲ ਜੋੜ ਕੇ ਪੈਸਿਆਂ ਦੀ ਪੂਰਤੀ ਨੂੰ ਸੀਮਤ ਕਰਨ ਦੀ ਕੋਈ ਲੋੜ ਨਹੀਂ।

ਅੰਬੇਡਕਰ ਨੇ ਇਸ ਸੋਚ ਦਾ ਵਿਰੋਧ ਸੋਨੇ ਪ੍ਰਤੀ ਕਿਸੇ ਪ੍ਰਕਾਰ ਦੇ ਵਿਸ਼ੇਸ਼ ਲਗਾਵ, ਭਾਵ ਆਕਰਸ਼ਣ ਕਰਕੇ ਨਹੀਂ ਕੀਤਾ, ਸਗੋਂ ਇਸ ਵਜ੍ਹਾ ਕਰਕੇ ਕੀਤਾ ਕਿ ਪੈਸਿਆਂ ਦੀ ਪੂਰਤੀ ਨੂੰ ਸੋਨੇ ਦੇ ਭੰਡਾਰ ਨਾਲੋਂ ਅਲੱਗ ਕਰਨ ਦੀ ਵਜ੍ਹਾ ਨਾਲ ਪੈਸਿਆਂ ਦੀ ਅਤਿਅੰਤ ਪੂਰਤੀ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ, ਜਿਨ੍ਹਾਂ ਦੇ ਨਤੀਜੇ ਵਜੋਂ ਦੇਸ਼ ਅੰਦਰ ਆਰਥਿਕ ਅਸਥਿਰਤਾ ਅਤੇ ਸਿੱਕੇ ਦੇ ਪਸਾਰ ਨੂੰ ਹੁਲਾਰਾ ਮਿਲ ਸਕਦਾ ਹੈ। 

ਗਰੀਬ ਵਰਗ ਨੂੰ ਧਿਆਨ 'ਚ ਰੱਖਦੇ ਹੋਏ ਅੰਬੇਡਕਰ ਦੀ ਸੋਚ ਸੀ ਕਿ ਸਿੱਕੇ ਦੇ ਪਸਾਰ ਅਤੇ ਵਿੱਤੀ ਆਰਥਿਕਤਾ ਦਾ ਗਰੀਬ ਵਰਗ ਉਪਰ ਮਾੜਾ ਅਸਰ ਪਏਗਾ, ਜਦੋਂਕਿ ਨਿਵੇਸ਼ ਦੇ ਬਦਲਵੇਂ ਤਰੀਕਿਆਂ ਦੇ ਚਲਦਿਆਂ ਅਮੀਰ ਵਰਗ, ਅਸਲ ਨਾਲੋਂ ਵੱਧ ਲਾਭ ਕਮਾ ਸਕਦਾ ਹੈ। 2007-08 ਦੇ ਬਾਅਦ ਅਨਿਯਮਤ ਵਿੱਤੀ ਬਾਜ਼ਾਰਾਂ ਕਾਰਨ ਪੂੰਜੀਵਾਦੀ ਵਿਵਸਥਾ 'ਚ ਵਿਆਪਕ ਆਰਥਿਕ ਸੰਕਟ ਤੇ ਆਮਦਨ ਤੇ ਸੰਪਤੀ 'ਚ ਅਸਮਾਨਤਾ ਅੰਬੇਡਕਰ ਦੀਆਂ ਭਵਿੱਖਬਾਣੀਆਂ ਦੀ ਪੁਸ਼ਟੀ ਕਰਦੀਆਂ ਹਨ।

ਉਨਾਂ ਲਈ ਪੈਸਿਆਂ ਦੀ ਪੂਰਤੀ ਤੇ ਸੋਨੇ ਦੇ ਭੰਡਾਰ ਦੇ ਤਕਨੀਕੀ ਸਵਾਲ ਦਾ ਮੁਲਾਂਕਣ ਭਾਰਤੀ ਸਮਾਜ ਦੇ ਸਭ ਤੋਂ ਗਰੀਬ ਵਰਗ ਸ਼ੋਸ਼ਿਤਾਂ ਦੇ ਕਲਿਆਣ ਦੇ ਮੁੱਦੇ ਉਪਰ ਵਿਸ਼ੇਸ਼ ਰੁਖ਼ ਦੇ ਪ੍ਰਭਾਵ ਦੇ ਨਜ਼ਰੀਏ ਨਾਲ ਕੀਤਾ ਜਾਣਾ ਜ਼ਰੂਰੀ ਹੈ। ਡਾ. ਅੰਬੇਡਕਰ ਨੇ ਭਾਰਤ ਦੀ ਪੇਂਡੂ ਅਰਥਵਿਵਸਥਾ ਦੀਆਂ ਪ੍ਰਸਥਿਤੀਆਂ ਦੇ ਮੁਲਾਂਕਣ ਲਈ ਵੀ ਇਸ ਤਰੀਕੇ ਨੂੰ ਅਪਣਾਇਆ। ਉਨ੍ਹਾਂ ਦਾ ਤਰਕ ਸੀ ਕਿ ਭਾਰਤ ਵਿਚ ਜ਼ਮੀਨ ਦੀ ਵੰਡ ਕਾਰਨ, ਜ਼ਮੀਨ ਦਾ ਔਸਤ ਆਕਾਰ ਐਨਾ ਘਟ ਗਿਆ ਹੈ ਕਿ ਆਰਥਿਕ ਰੂਪ ਵਿਚ ਇਸ ਦਾ ਸੰਚਾਲਨ ਬੇਮਾਇਨਾ ਹੋ ਕੇ ਰਹਿ ਗਿਆ ਹੈ। ਇਸ ਕਾਰਨ ਉਨ੍ਹਾਂ ਨੇ ਖੇਤੀ ਯੋਗ ਜ਼ਮੀਨ ਦਾ ਔਸਤ ਆਕਾਰ ਵਧਾਉਣ ਦੇ ਉਦੇਸ਼ ਨਾਲ ਜ਼ਮੀਨ ਦੇ ਏਕੀਕਰਨ ਦੀ ਵਕਾਲਤ ਕੀਤੀ। 

ਪਹਿਲੀ ਨਜ਼ਰ ਨਾਲ ਵੇਖਿਆਂ ਇਹ ਸੋਚ ਛੋਟੇ ਜ਼ਿਮੀਂਦਾਰਾਂ ਦੇ ਹਿੱਤਾਂ ਦੇ ਖ਼ਿਲਾਫ਼ ਪ੍ਰਤੀਤ ਹੋ ਸਕਦੀ ਹੈ, ਪਰੰਤੂ ਆਰਥਿਕ ਦ੍ਰਿਸ਼ਟੀ ਤੋਂ ਅੰਬੇਡਕਰ ਨੇ ਗਰੀਬ ਕਿਸਾਨਾਂ ਤੇ ਭੂਮੀਹੀਣ ਕਿਰਤੀਆਂ ਦੇ ਹਿੱਤਾਂ ਵਾਲੇ ਅਰਥਹੀਣ ਭੂਮੀ ਆਕਾਰ ਦੇ ਬਚਾਅ ਦੀ ਗੱਲ ਕਰਨਾ ਉਚਿਤ ਨਹੀਂ ਸਮਝਿਆ। ਇਸ ਕਾਰਨ ਉਨ੍ਹਾਂ ਨੇ ਸਹਿਕਾਰੀ ਖੇਤੀ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਜਿਸ ਤੋਂ ਅਰਥ ਵਿਵਸਥਾ ਦਾ ਵੱਡੇ ਪੱਧਰ ਉਪਰ ਲਾਭ ਉਠਾਉਣ ਲਈ ਛੋਟੀਆਂ ਭੂਮੀ ਇਕਾਈਆਂ ਦਾ ਵੱਡੀਆਂ ਭੂਮੀ ਇਕਾਈਆਂ 'ਚ ਰਲੇਵਾਂ ਯਕੀਨੀ ਬਣ ਸਕੇ।

ਉਨ੍ਹਾਂ ਦੀ ਸੋਚ ਸੀ ਕਿ ਸਹਿਕਾਰੀ ਖੇਤੀ ਨਾ ਕੇਵਲ ਛੋਟੇ ਜ਼ਿਮੀਂਦਾਰਾਂ, ਸਗੋਂ ਭੂਮੀਹੀਣ ਕਿਰਤੀਆਂ, ਜਿਨ੍ਹਾਂ ਵਿਚ ਜ਼ਿਆਦਾਤਰ ਸ਼ੋਸ਼ਿਤ ਹਨ, ਦੇ ਲਈ ਲੋੜੀਂਦੀ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਖੇਤੀ ਦੇ ਵਿਕਲਪਿਕ ਤਰੀਕਿਆਂ ਤੇ ਸਹਿਕਾਰੀ ਖੇਤੀ ਨੂੰ ਸਭ ਤੋਂ ਲੋੜੀਂਦੀ ਪ੍ਰਣਾਲੀ ਦੱਸਣ ਪਿੱਛੋਂ ਉਨ੍ਹਾਂ ਦਾ ਅੰਤਿਮ ਉਦੇਸ਼ ਸ਼ੋਸ਼ਿਤਾਂ ਦੇ ਆਰਥਿਕ ਹਿੱਤਾਂ ਦੀ ਰੱਖਿਆ ਕਰਨੀ ਸੀ।

ਜਾਤੀ ਤੇ ਭੇਦਭਾਵ ਦੇ ਅਨੇਕ ਰੂਪਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਨੀਤੀ ਸਬੰਧੀ ਸਾਰੇ ਬਦਲਾਂ ਦਾ ਮੁਲਾਂਕਣ ਕਰਨ ਵਾਸਤੇ ਸ਼ੋਸ਼ਿਤਾਂ ਦੀ ਚਿੰਤਾ ਦੇ ਅੰਬੇਡਕਰ ਦੇ ਤਰੀਕੇ ਨੂੰ ਕੇਂਦਰੀ ਨਿਰਧਾਰਤ ਮਾਪਦੰਡ ਬਣਾਉਣਾ ਸਿੱਖਣਾ ਹੋਵੇਗਾ। ਜਲਵਾਯੂ ਪਰਿਵਰਤਨ ਦੇ ਦੌਰ ਵਿਚ ਆਰਥਿਕ ਗਤੀਵਿਧੀਆਂ ਦੇ ਸਥਾਈ ਤੇ ਸਮਤਾਵਾਦੀ ਤਰੀਕਿਆਂ ਅਤੇ ਸ਼ੋਸ਼ਿਤਾਂ ਦੇ ਨਵ ਯਥਾਰਥਵਾਦ ਵਿਚਾਲੇ ਜ਼ਰੂਰੀ ਇਕਰੂਪਤਾ ਲਈ ਅੰਬੇਡਕਰ ਦੇ ਵਿਚਾਰਾਂ ਦਾ ਵਿਕਾਸ ਜ਼ਰੂਰੀ ਹੈ।

ਵਿਕੇਂਦਰੀਕਰਨ ਅਮੀਰਾਂ ਨੂੰ ਲਾਭ ਦੇਵੇਗਾ
ਬਹੁ-ਪਰਤੀ ਸ਼ਾਸਨ ਮਾਡਲ 'ਚ ਅੰਤਰ-ਸਰਕਾਰੀ ਸਬੰਧਾਂਂ ਦਾ ਮੁਲਾਂਕਣ ਕਰਨ ਲਈ ਅੰਬੇਡਕਰ ਨੇ ਵੀ ਸ਼ੋਸ਼ਿਤਾਂ ਦੇ ਜੀਵਨ 'ਤੇ ਕੇਂਦਰੀਕਰਨ ਬਨਾਮ ਵਿਕੇਂਦਰੀਕਰਨ ਦੇ ਪ੍ਰਭਾਵ ਨੂੰ ਜਾਂਚਿਆ। ਇਕ ਦ੍ਰਿਸ਼ਟੀਕੋਣ ਤੋਂ ਉਹ ਕੇਂਦਰੀਕਰਨ ਦੇ ਹਮਾਇਤੀ ਨਜ਼ਰ ਆਉਂਦੇ ਹਨ ਅਤੇ ਦੂਸਰੇ ਦ੍ਰਿਸ਼ਟੀਕੋਣ ਤੋਂ ਉਹ ਜ਼ਿਆਦਾ ਕੇਂਦਰੀਕਰਨ ਨੂੰ ਇਕ ਖ਼ਤਰਾ ਮੰਨਦੇ ਹਨ। ਕੇਂਦਰੀਕਰਨ ਦੇ ਪੱਖ ਵਿਚ ਉਨ੍ਹਾਂ ਦਾ ਤਰਕ ਸੀ ਕਿ ਵਿਕੇਂਦਰੀਕਰਨ ਸ਼ੋਸ਼ਿਤਾਂ ਦੇ ਮੁਕਾਬਲੇ, ਉੱਚ ਜਾਤੀ ਦੇ ਸਥਾਨਕ ਅਮੀਰਾਂ ਨੂੰ ਹੋਰ ਤਾਕਤਵਰ ਬਣਾਏਗਾ।

ਉਨ੍ਹਾਂ ਮੁਤਾਬਕ ਲੋਕਤੰਤਰ ਦਾ ਕਮਜ਼ੋਰ ਹੋਣਾ ਸ਼ੋਸ਼ਿਤਾਂ ਲਈ ਠੀਕ ਨਹੀਂ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੰਬੇਡਕਰ ਨੇ ਜਵਾਹਰ ਲਾਲ ਨਹਿਰੂ ਦੇ ਉਸ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਅਨੁਸਾਰ ਸੰਸਦ ਵਿਚ ਸਾਧਾਰਨ ਬਹੁਮਤ ਨਾਲ ਸੰਵਿਧਾਨ ਵਿਚ ਸੋਧ ਕੀਤੀ ਜਾ ਸਕਦੀ ਸੀ। ਉਨ੍ਹਾਂ ਨੂੰ ਇਹ ਪ੍ਰਸਤਾਵ ਜ਼ਿਆਦਾ ਕੇਂਦਰੀਕਰਨ ਦਾ ਰਸਤਾ ਸਾਫ ਕਰਨ ਵਾਲਾ ਲੱਗਿਆ ਸੀ। ਉਹ ਸੋਧ ਵਾਸਤੇ ਸੰਸਦ ਦਾ ਦੋ ਤਿਹਾਈ ਬਹੁਮਤ ਹੋਣਾ ਸ਼ਾਮਲ ਕਰਾਉਣ 'ਚ ਸਫਲ ਰਹੇ।

ਗਰੀਬਾਂ 'ਤੇ ਪੈਸਾ ਖਰਚ ਕਰਨਾ ਜ਼ਰੂਰੀ
ਡਾ. ਅੰਬੇਡਕਰ ਨੇ ਵਿਸ਼ਲੇਸ਼ਣ ਲਈ ਜਿਸ ਤੀਜੇ ਮੁੱਦੇ ਨੂੰ ਚੁਣਿਆ, ਉਹ ਸੀ ਸਰਕਾਰ ਦੇ ਮਾਲੀਏ ਤੇ ਖ਼ਰਚਿਆਂ ਦੇ ਵਿਭਿੰਨ ਪੜਾਵਾਂ ਨਾਲ ਸਬੰਧਿਤ ਵਿੱਤ ਦਾ ਪ੍ਰਸ਼ਨ। ਉਨ੍ਹਾਂ ਦੀ ਸੋਚ ਦਾ ਮੂਲ ਆਧਾਰ ਇਹ ਸੀ ਕਿ ਸ਼ਾਸਨ ਦੇ ਹਰੇਕ ਪੱਧਰ 'ਤੇ ਖ਼ਰਚ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਮਾਲੀਏ ਦੇ ਜਾਇਜ਼ ਸਰੋਤ ਹੋਣੇ ਚਾਹੀਦੇ ਹਨ। ਅੰਬੇਡਕਰ ਦਾ ਇਹ ਵੀ ਤਰਕ ਸੀ ਕਿ ਮਾਲੀਏ ਦੇ ਗਿਣਾਤਮਿਕ ਨਾਪ ਦੇ ਨਾਲ-ਨਾਲ ਇਸ ਦੇ ਗੁਣਾਤਮਿਕ ਨਾਪ ਤਰੀਕਿਆਂ ਦੀ ਜਾਂਚ ਵੀ ਜ਼ਰੂਰੀ ਹੈ।

ਕੋਈ ਸਰਕਾਰ ਭਰਵਾਂ ਮਾਲੀਆ ਜੁਟਾਉਣ ਵਿਚ ਤਾਂ ਸਫਲ ਹੋ ਸਕਦੀ ਹੈ, ਪਰੰਤੂ ਮੰਤਰੀਆਂ ਤੇ ਅਧਿਕਾਰੀਆਂ ਦੇ ਸ਼ਾਹੀ ਗ਼ੈਰ-ਉਤਪਾਦਿਕ ਖ਼ਰਚਿਆਂ ਦੇ ਕਾਰਨ ਇਸ ਨੂੰ ਗਵਾ ਵੀ ਸਕਦੀ ਹੈ। ਇਸ ਦੇ ਮੁਕਾਬਲੇ ਜੇ ਸਿਹਤ-ਸਿੱਖਿਆ ਵਰਗੇ ਚੰਗੇ ਕੰਮਾਂ ਉਪਰ ਖ਼ਰਚਿਆਂ ਵਿਚ ਥੋੜ੍ਹਾ ਜਿਹਾ ਵਾਧਾ ਵੀ ਕੀਤਾ ਜਾਂਦਾ ਹੈ ਤਾਂ ਇਸ ਨਾਲ ਜੀਵਨ ਪੱਧਰ 'ਚ ਜ਼ਿਆਦਾ ਸੁਧਾਰ ਲਿਆਂਦਾ ਜਾ ਸਕਦਾ ਹੈ। ਸ਼ੋਸ਼ਿਤਾਂ ਤੇ ਸਮਾਜ ਦੇ ਹੋਰ ਗਰੀਬ ਵਰਗਾਂ ਲਈ ਇਸ ਤਰ੍ਹਾਂ ਦੇ ਜਨਹਿਤ ਉਪਰ ਪੈਸਾ ਖ਼ਰਚ ਕਰਨਾ ਜ਼ਰੂਰੀ ਹੈ।
-ਧੰਨਵਾਦ ਸਹਿਤ ਪ੍ਰੀਤਮ ਸਿੰਘ
(ਲੇਖਕ ਆਕਸਫੋਰਡ ਬਰੁੱਕਸ ਯੂਨੀਵਰਸਿਟੀ, ਯੂਕੇ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ)

Comments

Leave a Reply