Sat,May 30,2020 | 12:58:10am
HEADLINES:

editorial

ਆਦੀਵਾਸੀ ਖੇਤਰਾਂ 'ਚ ਸਿਹਤ ਸੁਵਿਧਾਵਾਂ ਬਦਹਾਲ

ਆਦੀਵਾਸੀ ਖੇਤਰਾਂ 'ਚ ਸਿਹਤ ਸੁਵਿਧਾਵਾਂ ਬਦਹਾਲ

ਵਿਕਾਸ ਨੂੰ ਬੁਨਿਆਦੀ ਸੁਵਿਧਾਵਾਂ ਦੀ ਸਥਿਤੀ ਰਾਹੀਂ ਹੀ ਮਾਪਿਆ ਜਾ ਸਕਦਾ ਹੈ। ਇਸ ਲਈ ਜਦੋਂ ਅਸੀਂ ਆਦੀਵਾਸੀ ਖੇਤਰਾਂ ਦੀ ਸਥਿਤੀ ਨੂੰ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਇਨ੍ਹਾਂ ਖੇਤਰਾਂ 'ਚ ਸਿੱਖਿਆ, ਰੁਜ਼ਗਾਰ, ਬਿਜਲੀ, ਪਾਣੀ ਦੀਆਂ ਸੁਵਿਧਾਵਾਂ ਦੇ ਨਾਲ ਸਿਹਤ ਦੀ ਸੁਵਿਧਾ ਵੀ ਬਦਹਾਲ ਹੈ। ਆਦੀਵਾਸੀ ਖੇਤਰਾਂ 'ਚ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਪੈਮਾਨਿਆਂ ਮੁਤਾਬਕ 3 ਹਜ਼ਾਰ ਲੋਕਾਂ 'ਤੇ ਇੱਕ ਸਬ ਸੈਂਟਰ, 20 ਹਜ਼ਾਰ ਲੋਕਾਂ 'ਤੇ ਇੱਕ ਪ੍ਰਾਈਮਰੀ ਸੈਂਟਰ ਤੇ 80 ਹਜ਼ਾਰ ਲੋਕਾਂ 'ਤੇ ਇੱਕ ਕਮਿਊਨਿਟੀ ਹੈਲਥ ਸੈਂਟਰ ਦੀ ਵਿਵਸਥਾ ਹੋਣੀ ਚਾਹੀਦੀ ਹੈ।
 
ਭਾਰਤ ਦੇ ਸੰਵਿਧਾਨ ਤਹਿਤ ਆਦੀਵਾਸੀਆਂ ਨੂੰ ਅਨੁਸੂਚਿਤ ਜਨਜਾਤੀ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਹੈ। 2011 ਦੀ ਜਨਗਣਨਾ ਤਹਿਤ ਪੇਂਡੂ ਆਦੀਵਾਸੀਆਂ ਦੀ ਆਬਾਦੀ 94 ਮਿਲੀਅਨ ਸੀ। ਹਾਲ ਹੀ 'ਚ ਸਿਹਤ ਮੰਤਰਾਲੇ ਤਹਿਤ ਪੇਂਡੂ ਆਦੀਵਾਸੀਆਂ ਦੀ ਆਬਾਦੀ 97 ਮਿਲੀਅਨ ਹੈ।
 
ਇੰਡੀਅਨ ਪਬਲਿਕ ਹੈਲਥ ਸਟੈਂਡਰਡ ਦੇ ਪੈਮਾਨੇ ਦੇ ਆਧਾਰ 'ਤੇ ਕੁੱਲ ਪੇਂਡੂ ਆਦੀਵਾਸੀਆਂ 'ਤੇ 32,433 ਸਬ ਸੈਂਟਰ ਹੋਣੇ ਚਾਹੀਦੇ ਹਨ, ਜਿਸ 'ਚ ਕਰੀਬ 7054 (22 ਫੀਸਦੀ) ਸਬ ਸੈਂਟਰ ਦੀ ਕਮੀ ਹੈ। ਇਸੇ ਤਰ੍ਹਾਂ ਕੁੱਲ ਪੇਂਡੂ ਆਦੀਵਾਸੀਆਂ ਦੀ ਆਬਾਦੀ 'ਤੇ 4853 ਪ੍ਰਾਈਮਰੀ ਹੈਲਥ ਸੈਂਟਰ ਦੀ ਜ਼ਰੂਰਤ ਹੈ, ਜਿਨ੍ਹਾਂ 'ਚ ਕਰੀਬ 1204 (25 ਫੀਸਦੀ) ਪ੍ਰਾਈਮਰੀ ਹੈਲਥ ਸੈਂਟਰ ਦੀ ਕਮੀ ਹੈ। ਕੁੱਲ ਪੇਂਡੂ ਆਦੀਵਾਸੀਆਂ ਦੀ ਆਬਾਦੀ 'ਤੇ 1202 ਕਮਿਊਨਿਟੀ ਹੈਲਥ ਸੈਂਟਰ ਹੋਣੇ ਚਾਹੀਦੇ ਹਨ, ਜਿਨ੍ਹਾਂ 'ਚ 326 (27 ਫੀਸਦੀ) ਕਮਿਊਨਿਟੀ ਹੈਲਥ ਸੈਂਟਰ ਦੀ ਕਮੀ ਹੈ।
 
ਆਦੀਵਾਸੀ ਖੇਤਰਾਂ 'ਚ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ 'ਚ ਸਿਹਤ ਸੁਵਿਧਾਵਾਂ ਦੀ ਮਾੜੀ ਹਾਲਤ ਬਣੀ ਹੋਈ ਹੈ। ਇਨ੍ਹਾਂ ਇਲਾਕਿਆਂ ਦੇ ਸਬ ਸੈਂਟਰ, ਪ੍ਰਾਈਮਰੀ ਹੈਲਥ ਸੈਂਟਰ ਤੇ ਕਮਿਊਨਿਟੀ ਹੈਲਥ ਸੈਂਟਰ 'ਚ ਸਿਹਤ ਕਰਮਚਾਰੀਆਂ ਦੀ ਸੰਖਿਆ ਘੱਟ ਹੈ। ਕੁੱਲ 70 ਹਜ਼ਾਰ ਸਿਹਤ ਕਰਮਚਾਰੀ ਹੋਣੇ ਚਾਹੀਦੇ ਹਨ, ਜਿਸ 'ਚ 22 ਹਜ਼ਾਰ (32 ਫੀਸਦੀ) ਸਿਹਤ ਕਰਮਚਾਰੀਆਂ ਦੀ ਕਮੀ ਹੈ।
 
ਕੁੱਲ ਡਾਕਟਰਾਂ ਦੀ ਗਿਣਤੀ 4211 ਹੋਣੀ ਚਾਹੀਦੀ ਹੈ, ਜਿਸ 'ਚ 442 (10 ਫੀਸਦੀ) ਦੀ ਕਮੀ ਹੈ। ਕੁੱਲ 5233 ਫਾਰਮਾਸਿਸਟ ਹੋਣੇ ਚਾਹੀਦੇ ਹਨ, ਜਿਸ 'ਚ 1104 (21 ਫੀਸਦੀ) ਦੀ ਕਮੀ ਹੈ। ਕੁੱਲ 5233 ਲੈਬ ਟੈਕਨੀਸ਼ੀਅਨ ਹੋਣੇ ਚਾਹੀਦੇ ਹਨ, ਜਿਸ 'ਚ 2088 (40 ਫੀਸਦੀ) ਦੀ ਕਮੀ ਹੈ। ਕੁੱਲ 4088 ਸਪੈਸ਼ਲਿਸਟ ਹੋਣੇ ਚਾਹੀਦੇ ਹਨ, ਜਿਸ 'ਚ 3560 (87 ਫੀਸਦੀ)  ਸਿਹਤ ਕਰਮਚਾਰੀਆਂ ਦੀ ਕਮੀ ਹੈ। ਇਸੇ ਤਰ੍ਹਾਂ ਕਈ ਹੋਰ ਸਿਹਤ ਕਰਮਚਾਰੀਆਂ ਦੀ ਭਾਰੀ ਕਮੀ ਹੈ।
 
ਜਨ ਸਿਹਤ ਅੰਦੋਲਨ ਦੇ ਵਰਕਰ ਡਾ. ਸੁੰਦਰ ਰਮਨ ਕਹਿੰਦੇ ਹਨ ਕਿ ਡਾਕਟਰ ਬਣਨ 'ਚ ਬਹੁਤ ਜ਼ਿਆਦਾ ਪੈਸਾ ਲਗਦਾ ਹੈ। ਡਾਕਟਰ ਬਣਨ ਤੋਂ ਬਾਅਦ ਲੋਕਾਂ ਦਾ ਧਿਆਨ ਪੈਸਾ ਕਮਾਉਣ ਵੱਲ ਜਾਂਦਾ ਹੈ ਅਤੇ ਆਦੀਵਾਸੀ ਇਲਾਕਿਆਂ 'ਚ ਪੈਸੇ ਦੀ ਕਮਾਈ ਦੇ ਸਾਧਨ ਨਹੀਂ ਹੁੰਦੇ। ਇਸ ਲਈ ਜ਼ਿਆਦਾਤਰ ਆਦੀਵਾਸੀ ਇਲਾਕਿਆਂ 'ਚ ਡਾਕਟਰਾਂ ਦੀਆਂ ਪੋਸਟਾਂ ਖਾਲੀ ਰਹਿੰਦੀਆਂ ਹਨ।
 
ਦੂਜਾ ਕਾਰਨ, ਸ਼ਹਿਰੀ ਲੋਕਾਂ ਦਾ ਆਦੀਵਾਸੀ ਇਲਾਕੇ ਤੇ ਲੋਕਾਂ ਪ੍ਰਤੀ ਲਗਾਅ ਨਹੀਂ ਹੁੰਦਾ, ਜਿਸ ਕਾਰਨ ਜ਼ਿਆਦਾਤਰ ਡਾਕਟਰ ਇਨ੍ਹਾਂ ਇਲਾਕਿਆਂ 'ਚ ਜਾਣ ਤੋਂ ਬਚਦੇ ਹਨ। ਇਸ ਲਈ ਵੀ ਇਨ੍ਹਾਂ ਖੇਤਰਾਂ 'ਚ ਡਾਕਟਰਾਂ ਦੀਆਂ ਪੋਸਟਾਂ ਖਾਲੀ ਹੁੰਦੀਆਂ ਹਨ। ਇਸ ਸਮੱਸਿਆ ਤੋਂ ਬਾਹਰ ਆਉਣ ਤੇ ਸਿਹਤ ਸੁਵਿਧਾਵਾਂ ਨੂੰ ਬੇਹਤਰ ਬਣਾਉਣ ਲਈ ਆਦੀਵਾਸੀਆਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਰੂਰਤ ਹੈ, ਨਾਲ ਹੀ ਸਿੱਖਿਆ ਅਤੇ ਡਾਕਟਰਾਂ ਦੀਆਂ ਪੋਸਟਾਂ 'ਤੇ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਸਰਕਾਰ ਨੂੰ ਸਿਹਤ ਦੇ ਖੇਤਰ 'ਚ ਖਰਚ ਵਧਾਉਣ ਦੀ ਜ਼ਰੂਰਤ ਹੈ ਅਤੇ ਜ਼ਿਆਦਾ ਹੈਲਥ ਸੈਂਟਰ ਬਣਾਉਣ ਦੀ ਜ਼ਰੂਰਤ ਹੈ, ਜਿਸ ਨਾਲ ਸਾਰਿਆਂ ਨੂੰ ਸਿਹਤ ਸੁਵਿਧਾਵਾਂ ਮਿਲ ਸਕਣ।  
-ਪੁਲਕਿਤ ਕੁਮਾਰ

Comments

Leave a Reply