Thu,Jan 21,2021 | 12:40:18pm
HEADLINES:

editorial

ਮਹਿਲਾ ਸ਼ਕਤੀਕਰਨ ਦੇ ਅਸਲ ਨਾਇਕ ਬਾਬਾ ਸਾਹਿਬ ਅੰਬੇਡਕਰ

ਮਹਿਲਾ ਸ਼ਕਤੀਕਰਨ ਦੇ ਅਸਲ ਨਾਇਕ ਬਾਬਾ ਸਾਹਿਬ ਅੰਬੇਡਕਰ

ਭਾਰਤ 'ਚ ਮਹਿਲਾ ਸ਼ਕਤੀਕਰਨ ਦੇ ਅਸਲ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹਨ। 5 ਫਰਵਰੀ 1951 ਨੂੰ ਡਾ. ਅੰਬੇਡਕਰ ਨੇ ਸੰਸਦ 'ਚ ਹਿੰਦੂ ਕੋਡ ਬਿੱਲ ਪੇਸ਼ ਕੀਤਾ। ਇਸਦਾ ਮਕਸਦ ਹਿੰਦੂ ਮਹਿਲਾਵਾਂ ਨੂੰ ਸਮਾਜਿਕ ਸ਼ੋਸ਼ਣ ਤੋਂ ਆਜ਼ਾਦ ਕਰਾਉਣਾ ਤੇ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿਵਾਉਣਾ ਸੀ। ਮਹਿਲਾ ਸ਼ਕਤੀਕਰਨ ਦੀ ਦਿਸ਼ਾ 'ਚ ਇਸ ਇਤਿਹਾਸਕ ਕਦਮ ਤੋਂ ਸ਼ਾਇਦ ਬਹੁਤ ਘੱਟ ਲੜਕੀਆਂ ਜਾਣੂ ਹੋਣਗੀਆਂ। ਇਸੇ ਬਿੱਲ 'ਚ ਮਹਿਲਾ ਸ਼ਕਤੀਕਰਨ ਦੀ ਅਸਲ ਵਿਆਖਿਆ ਹੈ।

ਸਾਡਾ ਸਮਾਜ ਸਦੀਆਂ ਤੋਂ ਮਨੂੰਵਾਦੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਰਿਹਾ ਹੈ। ਮਨੂੰਸਮ੍ਰਿਤੀ ਸਮੇਂ ਤੋਂ ਨਾਰੀਆਂ ਦੇ ਅਪਮਾਨ ਅਤੇ ਉਨ੍ਹਾਂ ਨਾਲ ਅਨਿਆਂ ਹੁੰਦਾ ਰਿਹਾ ਹੈ। ਮਨੂੰਸਮ੍ਰਿਤੀ 'ਚ ਕਿਹਾ ਗਿਆ ਹੈ-ਰਾਤ ਤੇ ਦਿਨ, ਕਦੇ ਵੀ ਔਰਤ ਨੂੰ ਆਜ਼ਾਦ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨੂੰ ਲਿੰਗ ਅਧਾਰਿਤ ਸਬੰਧਾਂ ਰਾਹੀਂ ਆਪਣੇ ਵੱਸ 'ਚ ਰੱਖਣਾ ਚਾਹੀਦਾ ਹੈ। ਬਚਪਨ 'ਚ ਪਿਤਾ, ਜਵਾਨੀ 'ਚ ਪਤੀ ਤੇ ਬੁਢਾਪੇ 'ਚ ਪੁੱਤਰ ਉਸਦੀ ਰੱਖਿਆ ਕਰਨ।

ਔਰਤ ਆਜ਼ਾਦ ਹੋਣ ਦੇ ਯੋਗ ਨਹੀਂ ਹੈ (ਚੈਪਟਰ 9, 2-3)। ਮਨੂੰਸਮ੍ਰਿਤੀ 'ਚ ਔਰਤਾਂ ਨੂੰ ਮੂਰਖ ਤੇ ਕਪਟੀ ਸੁਭਾਅ ਦਾ ਮੰਨਿਆ ਗਿਆ ਹੈ ਅਤੇ ਸ਼ੂਦਰਾਂ ਵਾਂਗ ਉਨ੍ਹਾਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਗਿਆ। ਮਨੂੰ ਨੇ ਕਿਹਾ ਕਿ ਪਤਨੀ ਤੇ ਦਾਸ ਨੂੰ ਜਾਇਦਾਦ ਰੱਖਣ ਦਾ ਅਧਿਕਾਰ ਨਹੀਂ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਰਾਹੀਂ ਮਹਿਲਾਵਾਂ ਨੂੰ ਉਹ ਅਧਿਕਾਰ ਦਿੱਤੇ, ਜੋ ਕਿ ਮਨੂੰਸਮ੍ਰਿਤੀ ਨੇ ਨਕਾਰੇ ਸਨ।

ਉਨ੍ਹਾਂ ਨੇ ਰਾਜਨੀਤੀ ਤੇ ਸੰਵਿਧਾਨ ਰਾਹੀਂ ਭਾਰਤੀ ਸਮਾਜ 'ਚ ਮਹਿਲਾ-ਪੁਰਸ਼ ਵਿਚਕਾਰ ਗੈਰਬਰਾਬਰੀ ਦੇ ਪਾੜੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਧਰਮ ਨਿਰਪੱਖ ਸੰਵਿਧਾਨ 'ਚ ਉਨ੍ਹਾਂ ਨੇ ਸਮਾਜਿਕ ਨਿਆਂ ਦੀ ਕਲਪਨਾ ਕੀਤੀ ਹੈ। ਹਿੰਦੂ ਕੋਡ ਬਿੱਲ ਰਾਹੀਂ ਉਨ੍ਹਾਂ ਨੇ ਸੰਵਿਧਾਨਕ ਪੱਧਰ ਤੋਂ ਮਹਿਲਾ ਹਿੱਤਾਂ ਦੀ ਰੱਖਿਆ ਦੀ ਕੋਸ਼ਿਸ਼ ਕੀਤੀ। ਇਸ ਬਿੱਲ ਦੇ ਮੁੱਖ ਬਿੰਦੂ ਇਹ ਸਨ:
-ਹਿੰਦੂਆਂ 'ਚ ਕਈ ਵਿਆਹ ਦੀ ਪ੍ਰਥਾ ਨੂੰ ਸਮਾਪਤ ਕਰਕੇ ਸਿਰਫ ਇੱਕ ਵਿਆਹ ਦੀ ਵਿਵਸਥਾ, ਜੋ ਕਿ ਕਾਨੂੰਨ ਮੁਤਾਬਕ ਹੋਵੇ।
-ਮਹਿਲਾਵਾਂ ਨੂੰ ਜਾਇਦਾਦ 'ਚ ਅਧਿਕਾਰ ਦੇਣਾ ਅਤੇ ਗੋਦ ਲੈਣ ਦਾ ਅਧਿਕਾਰ ਦੇਣਾ।
-ਪੁਰਸ਼ਾਂ ਦੇ ਬਰਾਬਰ ਔਰਤਾਂ ਨੂੰ ਵੀ ਤਲਾਕ ਦਾ ਅਧਿਕਾਰ ਦੇਣਾ, ਹਿੰਦੂ ਸਮਾਜ 'ਚ ਪਹਿਲਾਂ ਪੁਰਸ਼ ਹੀ ਤਲਾਕ ਦੇ ਸਕਦੇ ਸਨ।

ਬਾਬਾ ਸਾਹਿਬ ਅੰਬੇਡਕਰ ਦਾ ਮੰਨਣਾ ਸੀ ਕਿ ਸਹੀ ਅਰਥਾਂ 'ਚ ਲੋਕਤੰਤਰ ਉਦੋਂ ਆਵੇਗਾ, ਜਦੋਂ ਮਹਿਲਾਵਾਂ ਨੂੰ ਪਿਤਾ ਦੀ ਜਾਇਦਾਦ 'ਚ ਬਰਾਬਰੀ ਦਾ ਹਿੱਸਾ ਮਿਲੇਗਾ। ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਮਿਲਣਗੇ। ਮਹਿਲਾਵਾਂ ਦੀ ਤਰੱਕੀ ਉਦੋਂ ਹੀ ਹੋਵੇਗੀ, ਜਦੋਂ ਉਨ੍ਹਾਂ ਨੂੰ ਪਰਿਵਾਰ-ਸਮਾਜ 'ਚ ਬਰਾਬਰੀ ਦਾ ਦਰਜਾ ਮਿਲੇਗਾ।

ਸਿੱਖਿਆ ਤੇ ਆਰਥਿਕ ਤਰੱਕੀ ਉਨ੍ਹਾਂ ਦੀ ਇਸ ਕੰਮ 'ਚ ਮਦਦ ਕਰੇਗੀ। ਬਾਬਾ ਸਾਹਿਬ ਵੱਲੋਂ ਹਿੰਦੂ ਕੋਡ ਬਿੱਲ ਸੰਸਦ 'ਚ ਪੇਸ਼ ਕੀਤਾ ਗਿਆ, ਪਰ ਉੱਚ ਜਾਤੀ ਦੇ ਕਈ ਨੇਤਾਵਾਂ ਵੱਲੋਂ ਵਿਰੋਧ ਕੀਤੇ ਜਾਣ ਕਰਕੇ ਇਹ ਪਾਸ ਨਹੀਂ ਹੋ ਸਕਿਆ, ਜਿਸਦੇ ਵਿਰੋਧ 'ਚ ਬਾਬਾ ਸਾਹਿਬ ਨੇ 27 ਸਤੰਬਰ 1951 ਨੂੰ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਬਾਬਾ ਸਾਹਿਬ ਦੇ ਅਸਤੀਫੇ ਤੋਂ ਬਾਅਦ ਦੇਸ਼ ਭਰ 'ਚ ਹਿੰਦੂ ਕੋਡ ਬਿੱਲ ਦੇ ਪੱਖ 'ਚ ਵੱਡੀ ਪ੍ਰਤੀਕਿਰਿਆ ਹੋਈ, ਖਾਸ ਤੌਰ 'ਤੇ ਮਹਿਲਾ ਸੰਗਠਨਾਂ ਵੱਲੋਂ। ਵਿਦੇਸ਼ਾਂ 'ਚ ਵੀ ਇਸਦੀ ਪ੍ਰਤੀਕਿਰਿਆ ਹੋਈ। ਕੁਝ ਸਾਲਾਂ ਬਾਅਦ 1955-56 ਹਿੰਦੂ ਕੋਡ ਬਿੱਲ ਦੇ ਜ਼ਿਆਦਾਤਰ ਹਿੱਸਿਆਂ ਨੂੰ ਸੰਸਦ 'ਚ ਪਾਸ ਕੀਤਾ ਗਿਆ, ਜਿਸਦਾ ਸਿਹਰਾ ਬਾਬਾ ਸਾਹਿਬ ਸਿਰ ਹੀ ਬੱਝਦਾ ਹੈ। ਇਹ ਬਾਬਾ ਸਾਹਿਬ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਭਾਰਤੀ ਸਮਾਜ 'ਚ ਮਹਿਲਾਵਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਾਪਤ ਹੋਏ।
-ਨੀਤੂ ਸ਼ਾਹੀ

Comments

Leave a Reply