Mon,Dec 18,2017 | 08:07:16pm
HEADLINES:

editorial

'ਵਿਕਾਸ ਮਾਡਲ' ਵਿੱਚ ਹਾਸ਼ੀਏ 'ਤੇ ਦਲਿਤ

'ਵਿਕਾਸ ਮਾਡਲ' ਵਿੱਚ ਹਾਸ਼ੀਏ 'ਤੇ ਦਲਿਤ

ਹਾਲ ਹੀ 'ਚ ਗੁਜਰਾਤ ਦੇ ਬੇਚਰ ਪਿੰਡ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਜਿਸ ਸੂਬੇ ਨੂੰ ਦੇਸ਼ ਵਿੱਚ 'ਵਿਕਾਸ ਮਾਡਲ' ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ, ਉਸਦੇ ਸਮਾਜਿਕ ਹਾਲਾਤ ਕਿੰਨੇ ਖਰਾਬ ਹਨ। ਬੇਚਰ ਪਿੰਡ 'ਚ ਜਾਤੀ ਭੇਦਭਾਵ ਕਰਕੇ ਦਲਿਤ ਖੂਹ ਤੋਂ ਪਾਣੀ ਨਹੀਂ ਭਰ ਸਕਦੇ। ਜਾਤੀਵਾਦ ਦੀ ਇਹ ਕੋਈ ਇਕੱਲੀ ਕਹਾਣੀ ਨਹੀਂ ਹੈ।
 
ਪਿਛਲੇ ਸਾਲ ਇਸ ਸੂਬੇ ਦੇ ਊਨਾ ਖੇਤਰ 'ਚ ਚਾਰ ਦਲਿਤਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਦੀ ਘਟਨਾ ਦੱਸਦੀ ਹੈ ਕਿ ਇੱਥੇ ਦੇ ਦਲਿਤ ਕਿੰਨੇ ਮਾੜੇ ਹਾਲਾਤ ਵਿੱਚ ਜਿਊਣ ਲਈ ਮਜ਼ਬੂਰ ਹਨ। 'ਜਨਸੱਤਾ' ਦੀ ਇੱਕ ਰਿਪੋਰਟ ਮੁਤਾਬਕ, ਇਸ ਸਾਲ ਅਗਸਤ ਮਹੀਨੇ ਤੱਕ ਗੁਜਰਾਤ 'ਚ ਦਲਿਤਾਂ ਖਿਲਾਫ ਅੱਤਿਆਚਾਰਾਂ ਦੀਆਂ 1085 ਘਟਨਾਵਾਂ ਪੁਲਸ ਰਿਕਾਰਡ 'ਚ ਦਰਜ ਹੋ ਚੁੱਕੀਆਂ ਹਨ।
 
ਇਸੇ ਸਾਲ ਜਨਵਰੀ ਤੋਂ ਲੈ ਕੇ ਅਗਸਤ ਤੱਕ 47 ਦਲਿਤਾਂ ਦੇ ਕਤਲ ਹੋ ਚੁੱਕੇ ਹਨ। ਪਿਛਲੇ ਸਾਲ ਊਨਾ ਕਾਂਡ ਤੋਂ ਬਾਅਦ ਦਲਿਤਾਂ ਵਲੋਂ ਅੰਦੋਲਨ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਖਿਲਾਫ ਅੱਤਿਆਚਾਰ ਤੇ ਜਾਤੀ ਭੇਦਭਾਵ ਦੀਆਂ ਘਟਨਾਵਾਂ ਜਾਰੀ ਹਨ। ਇੱਥੇ ਤੱਕ ਕਿ ਮੁੱਛ ਰੱਖਣ ਜਾਂ ਫਿਰ ਗਰਬਾ ਨਾਚ ਦੇਖਣ 'ਤੇ ਵੀ ਦਲਿਤਾਂ 'ਤੇ ਹਮਲੇ ਹੋ ਰਹੇ ਹਨ। ਇਸ ਸੂਬੇ ਵਿੱਚ ਲੰਮੇ ਸਮੇਂ ਤੱਕ ਕਾਂਗਰਸ ਦੀ ਸਰਕਾਰ ਰਹੀ ਤੇ ਪਿਛਲੇ ਕਰੀਬ 22 ਸਾਲਾਂ ਤੋਂ ਇੱਥੇ ਭਾਜਪਾ ਦੀ ਸਰਕਾਰ ਬਣਦੀ ਆ ਰਹੀ ਹੈ।
 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਸੂਬੇ ਨਾਲ ਸਬੰਧਤ ਰਹੇ ਹਨ। ਨੇਤਾਵਾਂ ਵਲੋਂ ਇਸ ਸੂਬੇ ਨੂੰ 'ਵਿਕਾਸ ਮਾਡਲ' ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ, ਪਰ ਜ਼ਮੀਨੀ ਪੱਧਰ 'ਤੇ ਇੱਥੇ ਦੇ ਦਲਿਤਾਂ ਦੇ 'ਵਿਕਾਸ' ਦੇ ਹਾਲਾਤ ਨਜ਼ਰ ਨਹੀਂ ਆਉਂਦੇ। ਕਰੀਬ 7 ਫੀਸਦੀ ਆਬਾਦੀ ਵਾਲੇ ਦਲਿਤ ਗੁਜਰਾਤ 'ਚ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖੋਂ ਹਾਸ਼ੀਏ 'ਤੇ ਨਜ਼ਰ ਆਉਂਦੇ ਹਨ। ਇਨ੍ਹਾਂ ਦੀਆਂ ਵੋਟਾਂ ਲੈ ਕੇ ਸੱਤਾ ਦਾ ਸੁਆਦ ਲੈਣ ਵਾਲੀਆਂ ਰਾਜਨੀਤਕ ਪਾਰਟੀਆਂ ਨੇ ਇਨ੍ਹਾਂ ਨੂੰ ਸਨਮਾਨਜਨਕ ਜ਼ਿੰਦਗੀ ਤੇ ਬਰਾਬਰੀ ਦੇ ਹੱਕ ਦਿਵਾਉਣ ਲਈ ਗੰਭੀਰਤਾ ਨਾਲ ਕਦਮ ਨਹੀਂ ਚੁੱਕੇ।

 

Comments

Leave a Reply