Tue,Feb 25,2020 | 02:15:40pm
HEADLINES:

editorial

ਉੱਤਰ ਭਾਰਤ 'ਚ ਬਣ ਰਹੀ ਸਮਾਜਿਕ ਏਕਤਾ ਪੂਰਾ ਕਰੇਗੀ ਸਾਹਿਬ ਕਾਂਸ਼ੀਰਾਮ ਦਾ ਸੁਪਨਾ 

ਉੱਤਰ ਭਾਰਤ 'ਚ ਬਣ ਰਹੀ ਸਮਾਜਿਕ ਏਕਤਾ ਪੂਰਾ ਕਰੇਗੀ ਸਾਹਿਬ ਕਾਂਸ਼ੀਰਾਮ ਦਾ ਸੁਪਨਾ 

ਸਿਆਸਤ ਆਮ ਤੌਰ 'ਤੇ ਤੋੜਦੀ ਹੈ। ਵੰਡ ਕਰਦੀ ਹੈ, ਪਰ ਇਸ ਵਾਰ ਉੱਤਰ ਭਾਰਤ ਖਾਸ ਕਰ ਬਿਹਾਰ ਤੇ ਯੁਪੀ 'ਚ ਸਮਾਜ ਦੇ ਵਾਂਝੇ ਸਮੂਹਾਂ ਨੇ ਜੋ ਏਕਤਾ ਬਣਾਈ ਹੈ, ਉਸਦੇ ਦੂਰਗਾਮੀ ਸਿੱਟੇ ਹੋ ਸਕਦੇ ਹਨ।

ਉੱਤਰ ਭਾਰਤ ਦੀ ਸਿਆਸਤ 'ਚ ਵੱਡੇ ਬਦਲਾਅ ਹੋ ਰਹੇ ਹਨ, ਜੋ ਆਮ ਤੌਰ 'ਤੇ ਸਮਾਜ ਸ਼ਾਸਤਰੀਆਂ ਦੀ ਨਜ਼ਰ 'ਚੋਂ ਅਜੇ ਓਹਲੇ ਹਨ। ਇਨ੍ਹਾਂ ਬਦਲਾਵਾਂ ਦਾ ਅਸਰ ਵੱਡਾ ਹੋ ਸਕਦਾ ਹੈ ਤੇ ਇਸਦਾ ਪੂਰੇ ਦੇਸ਼ 'ਤੇ ਅਸਰ ਹੋ ਸਕਦਾ ਹੈ। ਇਸ ਲੇਖ 'ਚ ਇਸ ਬਦਲਾਅ ਦੇ ਕੁਝ ਤੱਥਾਂ ਨੂੰ ਰੇਖਾਂਕਿਤ ਕਰਨ ਦੀ ਕੋਸ਼ਿਸ਼ ਕਰਾਂਗਾ। ਹਾਲਾਂਕਿ ਸੋਧਕਰਤਾ ਇਸ 'ਤੇ ਹੋਰ ਅਧਿਅਨ ਕਰ ਸਕਦੇ ਹਨ।

ਉੱਤਰ ਭਾਰਤ ਦੀ ਸਿਆਸਤ ਦੇ ਇੱਕ ਪ੍ਰਮੁੱਖ ਕੇਂਦਰ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਇਨ੍ਹੀਂ ਦਿਨੀਂ ਜੇਲ੍ਹ 'ਚ ਹਨ। ਉਨ੍ਹਾਂ ਦੇ ਪੁੱਤਰ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਪਾਰਟੀ ਤੇ ਬਿਹਾਰ 'ਚ ਵਿਰੋਧੀ ਧਿਰ ਦੀ ਕਮਾਨ ਸੰਭਾਲ ਲਈ ਹੈ।

ਉਨ੍ਹਾਂ ਨੇ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ, ਮੁਕੇਸ਼ ਸਹਨੀ ਦੀ 'ਵੀਆਈਪੀ' ਪਾਰਟੀ, ਜੀਤਨ ਰਾਮ ਮਾਂਝੀ ਦੀ 'ਹਮ' ਪਾਰਟੀ ਤੇ ਭਾਕਪਾ-ਮਾਲੇ ਦੇ ਨਾਲ ਮਿਲ ਕੇ ਇੱਕ ਵੱਡਾ ਸਮਾਜਿਕ ਗੁਲਦਸਤਾ ਸਜਾਇਆ ਹੈ। ਕਾਂਗਰਸ ਦੇ ਇਲਾਵਾ ਇਹ ਸਾਰੇ ਨੇਤਾ ਤੇ ਦਲ ਬਿਹਾਰ ਦੀਆਂ ਵਾਂਝੀਆਂ ਜਾਤੀਆਂ ਦੀ ਪ੍ਰਤੀਨਿੱਧਤਾ ਕਰਦੇ ਹਨ।

ਮੈਂ ਸਮਾਜਿਕ ਇਨਕਲਾਬ ਦੀ ਆਹਟ ਦੀ ਗੱਲ ਭਾਵੁਕ ਹੋ ਕੇ ਜਾਂ ਦੋ ਪਾਰਟੀਆਂ ਦੇ ਗੱਠਜੋੜ ਦੇ ਅਧਾਰ 'ਤੇ ਨਹੀਂ ਕਰ ਰਿਹਾ ਹਾਂ, ਸਗੋਂ ਅਜਿਹਾ ਕਹਿਣ ਦੇ ਪਿੱਛੇ ਕਈ ਠੋਸ ਤਰਕ ਵੀ ਹਨ। ਪਹਿਲਾ ਤਰਕ ਗੱਠਜੋੜ ਦੀ ਪ੍ਰਕ੍ਰਿਤੀ ਤੇ ਇਤਿਹਾਸ 'ਚ ਛਿਪਿਆ ਹੈ। ਆਖਿਰ ਇਹ ਗੱਠਜੋੜ ਹੋਇਆ ਕਿਉਂ?ਫੌਰੀ ਤੌਰ 'ਤੇ ਤੁਸੀਂ ਇਸਨੂੰ ਮਜਬੂਰੀ ਜਾਂ ਮੌਕਾਪ੍ਰਸਤੀ ਦੀ ਸਿਆਸਤ ਦਾ ਗੱਠਜੋੜ ਕਹਿ ਸਕਦੇ ਹੋ। ਪਰ ਇਹ ਅੱਧਾ ਅਧੂਰਾ ਸੱਚ ਹੈ। ਅਸਲ 'ਚ ਇਹ ਸਿਆਸੀ ਗੱਠਜੋੜ ਘੱਟ ਤੇ ਸਮਾਜਿਕ ਗੱਠਜੋੜ ਜ਼ਿਆਦਾ ਹੈ।

ਸਿਆਸਤਦਾਨਾਂ ਦੇ ਸਮਾਜਿਕ ਇੰਜੀਨੀਅਰਿੰਗ ਤੇ ਮੈਕੇਨਿਕਲ ਤੱਤਾਂ ਤੋਂ ਬਣੇ ਸਿਆਸੀ ਗੱਠਜੋੜ ਤੋਂ ਕਿਤੇ ਜ਼ਿਆਦਾ ਹੈ। ਇਹ ਦਲਿਤ ਬਹੁਜਨ ਸਮਾਜ ਦੇ ਸਾਂਝੇ ਦਰਦ, ਤੜਪ, ਉਮੀਦ, ਸੁਪਨਿਆਂ ਤੇ ਦਿਲਾਂ 'ਚੋਂ ਨਿਕਲਿਆ ਗੱਠਜੋੜ ਹੈ। ਸਵਾਲ ਇਹ ਉਠਦਾ ਹੈ ਕਿ ਇਹ ਸਮਾਜ ਕਿਉਂ ਗੱਠਜੋੜ ਕਰ ਕਰੇ ਹਨ?ਕਿਉਂਕਿ ਪਿਛਲੇ ਪੰਜ ਸਾਲਾਂ 'ਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਦਾ ਸਾਂਝਾ ਦਰਦ ਦਲਿਤ-ਪਿਛੜੇ, ਆਦਿਵਾਸੀ ਤੇ ਘੱਟ ਗਿਣਤੀ ਸਮਾਜ ਨੇ ਵੱਡੇ ਪੱਧਰ 'ਤੇ ਝੱਲਿਆ ਹੈ। ਭਾਵੇਂ ਉਹ ਨੋਟਬੰਦੀ ਹੋਵੇ, ਜੀਐੱਸਟੀ, ਮਹਿੰਗਾਈ ਤੇ ਬੇਰੁਜ਼ਗਾਰੀ ਹੋਵੇ ਜਾਂ ਸਰਕਾਰੀ ਮਸ਼ੀਨਰੀ ਸਕੂਲ, ਹਸਪਤਾਲ, ਪੁਲਿਸ ਦੀ ਡਿਗਦੀ ਸਾਖ ਹੋਵੇ।

ਇੰਨਾ ਹੀ ਨਹੀਂ, ਕਈ ਅਜਿਹੇ ਮੌਕੇ ਆਏ ਜਦੋਂ ਇਨ੍ਹਾਂ ਵਰਗਾਂ ਨੇ ਅੱਗੇ ਹੋ ਕੇ ਸਾਂਝੀ ਲੜਾਈ ਵੀ ਲੜੀ। ਐੱਸਸੀ, ਐੱਸਟੀ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ 'ਚ ਸੋਧ ਦੇ ਖਿਲਾਫ ਲੜਾਈ ਤੇ ਯੂਨੀਵਰਸਿਟੀਆਂ 'ਚ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਲਿਆਂਦੇ ਗਏ ਰਾਖਵਾਂਕਰਨ ਵਿਰੋਧੀ ਵਿਭਾਗਵਾਰ (13 ਪੁਆਇੰਟ) ਰੋਸਟਰ ਦੇ ਖਿਲਾਫ ਲੜਾਈ, ਆਪਣੇ ਸਾਂਝੇਪਣ ਦੇ ਕਾਰਨ ਮਹੱਤਵਪੂਰਨ ਰਹੀ ਹੈ।

ਇਨ੍ਹਾਂ ਦੋ ਮੁੱਦਿਆਂ ਨੇ ਇਸ ਸਮਾਜ ਦੇ ਆਮ ਲੋਕਾਂ ਤੋਂ ਲੈ ਕੇ ਬੁੱਧੀਜੀਵੀਆਂ ਵਿਚਾਲੇ ਇੱਕ ਏਕਾ ਕਾਇਮ ਕੀਤਾ ਹੈ। ਰੋਸਟਰ ਅੰਦੋਲਨ ਦਾ ਹਿੱਸਾ ਹੋਣ ਤੇ ਬੇਹੱਦ ਨੇੜੇ ਤੋਂ ਦੇਖਣ ਦੇ ਨਾਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਦੇਸ਼ ਦੀਆਂ ਯੁਨੀਵਰਸਿਟੀਆਂ ਖਾਸ ਕਰ ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਯੂਨੀਵਰਸਿਟੀ, ਜਾਮੀਆ, ਮਿਲੀਆ, ਇਸਲਾਮੀਆ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਦਲਿਤ ਬਹੁਜਨ ਅਧਿਆਪਕਾਂ, ਵਿਦਿਆਰਥੀਆਂ, ਰਿਸਰਸਰਾਂ ਵਿਚਾਲੇ ਬਣੀ ਇਸ ਏਕਤਾ ਨੇ ਨਾ ਸਿਰਫ ਸਪਾ-ਬਸਪਾ ਦੇ ਸੰਸਦ ਮੈਂਬਰਾਂ ਨੂੰ 13 ਪੁਆਇੰਟ ਰੋਸਟਰ ਵਿਰੋਧ ਦੀ ਤਖਤੀ ਲੈ ਕੇ ਸੰਸਦ 'ਚ ਇੱਕ ਸਾਥ ਖੜ੍ਹਾ ਕੀਤਾ, ਸਗੋਂ ਗੱਠਜੋੜ ਦੇ ਮੌਜੂਦਾ ਸਰੁਪ ਲਈ ਪ੍ਰੇਰਿਤ ਵੀ ਕੀਤਾ।

ਗੱਠਜੋੜ ਦੇ ਇਤਿਹਾਸ ਤੇ ਪ੍ਰਕ੍ਰਿਤੀ ਦੇ ਇਲਾਵਾ ਦੂਜਾ ਤਰਕ ਜੋ ਇਸਨੂੰ ਮਹਿਜ ਸਿਆਸੀ ਗੱਠਜੋੜ ਤੋਂ ਵੱਖ ਕਰਦਾ ਹੈ, ਉਹ ਹੈ ਇਸਦੀ ਕਾਰਜਪ੍ਰਣਾਲੀ। ਜਿਸ ਤਰ੍ਹਾਂ ਨਾਲ ਦੋਵੇਂ ਦਲਾਂ ਦੇ ਚੋਟੀ ਦੇ ਨੇਤਾ, ਵਰਕਰ ਤੇ ਵੋਟਰ ਇੱਕ ਦੂਜੇ ਪ੍ਰਤੀ ਸਨਮਾਨ ਤੇ ਜੁੜਾਅ ਦਿਖਾ ਰਹੇ ਹਨ ਤੇ ਸਾਂਝੀਆਂ ਰੈਲੀਆਂ ਤੇ ਪ੍ਰੋਗਰਾਮ ਕਰ ਰਹੇ ਹਨ, ਇਹ ਆਪਣੇ ਆਪ 'ਚ ਇੱਕ ਅਨੋਖਾ ਪ੍ਰਯੋਗ ਹੈ।

ਇਸ ਨਾਲ ਕਈ ਉਮੀਦਾਂ ਜਗਦੀਆਂ ਹਨ। ਹਾਲ ਹੀ 'ਚ ਮੈਨਪੁਰੀ ਦੀ ਸਾਂਝੀ ਰੈਲੀ 'ਚ ਇੱਕ ਪਾਸੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਪੁਰਾਣੀ ਤਲਖੀ ਨੂੰ ਭੁਲਾ ਕੇ ਮੁਲਾਇਮ ਸਿੰਘ ਯਾਦਵ ਲਈ ਸਮਰਥਨ ਤੇ ਸਨਮਾਨ ਦਿਖਾਇਆ, ਉਥੇ ਹੀ ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਮਾਇਆਵਤੀ ਨੂੰ ਮੁੱਖ ਮਹਿਮਾਨ ਵਜੋਂ ਸਨਮਾਨ ਦਿੱਤਾ।

ਇਸ ਤੋਂ ਵੀ ਕਿਤੇ ਜ਼ਿਆਦਾ ਆਕਰਸ਼ਕ ਹੈ ਆਪਣੇ ਸਮਾਜ ਦੇ ਮੁੱਦਿਆਂ 'ਤੇ ਦੋਵੇਂ ਨੇਤਾਵਾਂ ਦਾ ਇਕੱਠੇ ਹੋ ਕੇ ਬੋਲਣਾ। ਮਾਇਆਵਤੀ ਤੋਂ ਲੈ ਕੇ ਅਖਿਲੇਸ਼ ਯਾਦਵ ਤੱਕ, ਉਧਰ ਬਿਹਾਰ 'ਚ ਤੇਜਸਵੀ ਯਾਦਵ ਸਮਾਜਿਕ ਨਿਆਂ, ਸਮਾਜਿਕ ਭਾਈਚਾਰੇ ਦੇ ਮੁੱਦੇ 'ਤੇ ਧਾਰਦਾਰ ਤੇ ਸਪੱਸ਼ਟਤਾ ਨਾਲ ਬੋਲਦੇ ਦਿਖਾਈ ਦਿੰਦੇ ਹਨ। ਇਹ ਕੋਈ ਸਧਾਰਨ ਗੱਲ ਨਹੀਂ।

ਇਤਿਹਾਸ ਗਵਾਹ ਹੈ ਕਿ ਦੱਖਣ ਤੇ ਮੱਧ ਭਾਰਤ 'ਚ ਹੋਏ ਸਮਾਜਿਕ ਅੰਦੋਲਨਾਂ (ਦਲਿਤ, ਪੈਂਥਰ ਤੇ ਦ੍ਰਾਵਿੜ) ਦੇ ਉਲਟ, ਉੱਤਰ ਭਾਰਤ 'ਚ ਵੱਡਾ ਸਮਾਜਿਕ ਬਦਲਾਅ ਹਮੇਸ਼ਾ ਸੂਬੇ ਤੇ ਸਿਆਸਤ ਦੇ ਸਾਏ 'ਚ ਹੋਇਆ ਹੈ। ਇਸ ਵਾਰ ਜੋ ਏਕਤਾ ਬਣ ਰਹੀ ਹੈ, ਉਸਦਾ ਨਤੀਜਾ ਕੀ ਹੋਵੇਗਾ, ਇਹ ਤਾਂ ਭਵਿੱਖ ਦੇ ਗਰਭ 'ਚ ਹੈ। ਪਰ ਇਹ ਏਕਤਾ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣ 'ਚ ਸਮਰੱਥ ਹੈ।

ਰਾਸ਼ਟਰੀ ਮੀਡੀਆ ਦੀਆਂ ਨਜ਼ਰਾਂ ਤੋਂ ਪਰ੍ਹੇ ਉਮੜ ਰਿਹੈ ਇੱਕ ਜਨ ਸੈਲਾਬ
ਯੂਪੀ 'ਚ ਦਲਿਤਾਂ ਤੇ ਪੱਛੜਿਆਂ ਦੀ ਸਿਆਸਤ ਕਰਨ ਵਾਲੀ ਸਪਾ ਤੇ ਬਸਪਾ ਪੁਰਾਣੇ ਗਿਲੇ-ਸ਼ਿਕਵੇ ਭੁਲਦੇ ਹੋਏ ਸਾਂਝਾ ਗੱਠਜੋੜ ਬਣਾ ਕੇ ਤੇ ਰਾਸ਼ਟਰੀ ਲੋਕ ਦਲ ਨਾਲ ਮਿਲ ਕੇ ਚੋਣÎ ਮੈਦਾਨ 'ਚ ਹੈ। ਮੈਨਪੁਰੀ 'ਚ ਸਾਂਝੀ ਰੈਲੀ 'ਚ ਮਾਇਆਵਤੀ ਨੇ ਮੁਲਾਇਮ ਸਿੰਘ ਯਾਦਵ ਲਈ ਵੋਟ ਮੰਗੇ ਤੇ ਉਨ੍ਹਾਂ ਨੂੰ ਪੱਛੜਿਆਂ ਦਾ ਸਭ ਤੋਂ ਵੱਡਾ ਨੇਤਾ ਕਰਾਰ ਦਿੱਤਾ। ਇਨ੍ਹਾਂ ਦੀਆਂ ਰੈਲੀਆਂ 'ਚ ਅਪਾਰ ਜਨਸਮੂਹ ਉਮੜ ਰਿਹਾ ਹੈ।

ਇਹ ਸਭ ਰਾਸ਼ਟਰੀ ਮੀਡੀਆ ਦੀਆਂ ਨਜ਼ਰਾਂ ਤੋਂ ਬਹੁਤ ਦੂਰ ਹੈ। ਉੱਤਰ ਭਾਰਤ 'ਚ ਖਾਸ ਕਰ ਯੂਪੀ ਤੇ ਕੁਝ ਹੱਦ ਤੱਕ ਬਿਹਾਰ 'ਚ ਹੋ ਰਹੇ ਸਿਆਸੀ ਘਟਨਾਕ੍ਰਮ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ? ਯਕੀਨੀ ਤੌਰ 'ਤੇ ਸਿਆਸੀ ਮਾਹਿਰਾਂ ਨੂੰ ਇਸਨੂੰ ਦੇਖਣ ਤੇ ਸਮਝਣ ਦੇ ਆਪਣੇ ਆਪਣੇ ਤਰਕ ਤੇ ਨਜ਼ਰੀਆ ਹੋਣਗੇ।

ਮੇਰੇ ਲਈ ਇਹ ਘਟਨਾਕ੍ਰਮ ਇੱਕ ਵੱਡੇ ਸਮਾਜਿਕ ਇਨਕਲਾਬ ਦੀ ਆਹਟ ਹੈ। ਇੱਕ ਅਜਿਹਾ ਇਨਕਲਾਬ ਜਿਸਦਾ ਸੁਪਨਾ ਡਾ. ਬਾਬਾ ਸਾਹਿਬ ਅੰਬੇਡਕਰ ਤੇ ਡਾ. ਰਾਮ ਮਨੋਹਰ ਲੋਹੀਆ ਨੇ ਕਦੇ ਸਾਂਝੇ ਰੂਪ 'ਚ ਦੇਖਣ ਦੀ ਕੋਸ਼ਿਸ਼ ਕੀਤੀ ਸੀ। ਅਜਿਹਾ ਇਨਕਲਾਬ ਜਿਸਦੀ ਕੋਸ਼ਿਸ਼ ਸਾਹਿਬ ਕਾਂਸ਼ੀ ਰਾਮ ਸਾਰੀ ਉਮਰ ਕਰਦੇ ਰਹੇ। 
-ਸੁਚਿਤ ਕੁਮਾਰ

Comments

Leave a Reply