Fri,Jul 20,2018 | 02:51:54am
HEADLINES:

editorial

ਦੇਸ਼ ਵਿੱਚ ਚੰਗੇ ਨਹੀਂ ਰੁਜ਼ਗਾਰ ਦੇ ਹਾਲਾਤ

ਦੇਸ਼ ਵਿੱਚ ਚੰਗੇ ਨਹੀਂ ਰੁਜ਼ਗਾਰ ਦੇ ਹਾਲਾਤ

ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਕਮੇਟੀ ਮੈਂਬਰ ਪ੍ਰੋ. ਸੁਰਜੀਤ ਭੱਲਾ ਨੇ ਕਿਹਾ ਹੈ ਕਿ ਸਾਲ 2018 ਵਿੱਚ ਦੇਸ਼ ਵਿੱਚ ਡੇਢ ਕਰੋੜ ਰੁਜ਼ਗਾਰ ਪੈਦਾ ਹੋਇਆ ਹੈ, ਪਰ ਤੱਥ ਕੁਝ ਹੋਰ ਹੀ ਦੱਸਦੇ ਹਨ। ਭੱਲਾ ਨੇ ਇਹ ਅੰਕੜੇ ਸੈਂਟਰ ਫਾਰ ਮਾਨੀਟਰਿੰਗ ਆਫ ਇੰਡੀਅਨ ਇਕੋਨਮੀ (ਸੀਐੱਮਆਈਈ) ਦੀ ਰਿਪੋਰਟ ਦੇ ਆਧਾਰ 'ਤੇ ਦਿੱਤਾ ਸੀ।
 
ਸੀਐੱਮਆਈਈ ਨੇ ਕਿਹਾ ਸੀ ਕਿ ਸਾਲ 25-64 ਦੀ ਉਮਰ 'ਚ ਸਾਲ 2017 ਵਿੱਚ 1.2 ਕਰੋੜ ਰੁਜ਼ਗਾਰ ਪੈਦਾ ਹੋਇਆ ਅਤੇ ਇੰਪਲਾਈਜ਼ ਪ੍ਰਾਵੀਡੈਂਟ ਫੰਡ ਆਰਗਨਾਈਜੇਸ਼ਨ (ਈਪੀਐੱਫਓ) ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ਦੇ ਪਹਿਲੇ 6 ਮਹੀਨਿਆਂ ਵਿੱਚ 30 ਲੱਖ ਰੁਜ਼ਗਾਰ ਪੈਦਾ ਹੋਇਆ ਹੈ।
 
ਦੋਵੇਂ ਅੰਕੜਿਆਂ ਨੂੰ ਜੋੜ ਕੇ ਪ੍ਰੋ. ਭੱਲਾ ਨੇ ਕਿਹਾ ਕਿ 2018 ਵਿੱਚ 1.5 ਕਰੋੜ ਰੁਜ਼ਗਾਰ ਪੈਦਾ ਹੋਇਆ ਹੈ। ਸੀਐੱਮਆਈਈ ਨੇ 3 ਉਮਰ ਵਰਗਾਂ ਵਿੱਚ ਰੁਜ਼ਗਾਰ ਦੀ ਸਥਿਤੀ ਦਾ ਅਲੱਗ-ਅਲੱਗ ਵੇਰਵਾ ਦਿੰਦੇ ਹੋਏ ਕਿਹਾ ਸੀ ਕਿ 15-24 ਸਾਲ ਦੀ ਉਮਰ ਦੇ ਲੋਕਾਂ ਵਿੱਚ 70 ਲੱਖ ਰੁਜ਼ਗਾਰ ਘਟੇ, 25-64 ਦੀ ਉਮਰ ਵਿੱਚ 1.2 ਕਰੋੜ ਰੁਜ਼ਗਾਰ ਪੈਦਾ ਹੋਇਆ ਅਤੇ 65 ਸਾਲ ਤੋਂ ਜ਼ਿਆਦਾ ਉਮਰ ਵਿੱਚ 30 ਲੱਖ ਰੁਜ਼ਗਾਰ ਘਟੇ। ਇਨ੍ਹਾਂ ਤਿੰਨਾਂ ਨੂੰ ਜੋੜ ਲਈਏ ਤਾਂ ਸ਼ੁੱਧ ਰੁਜ਼ਗਾਰ ਪੈਦਾ ਹੋਣ ਦੀ ਗਿਣਤੀ ਸਿਰਫ 20 ਲੱਖ ਹੋਈ।
 
ਲਗਦਾ ਹੈ ਪ੍ਰੋ. ਭੱਲਾ ਨੇ 15-24 ਸਾਲ ਦੀ ਉਮਰ ਤੇ 65 ਸਾਲ ਤੋਂ ਜ਼ਿਆਦਾ ਉਮਰ ਵਿੱਚ ਜਿਹੜਾ ਰੁਜ਼ਗਾਰ ਘਟਿਆ ਹੈ, ਉਸ 'ਤੇ ਧਿਆਨ ਨਹੀਂ ਦਿੱਤਾ ਅਤੇ ਸਿਰਫ 25-64 ਦੀ ਉਮਰ ਵਿੱਚ ਪੈਦਾ ਹੋਏ ਰੁਜ਼ਗਾਰ ਦੇ ਆਧਾਰ 'ਤੇ ਕਹਿ ਦਿੱਤਾ ਕਿ 1.2 ਕਰੋੜ ਰੁਜ਼ਗਾਰ ਪੈਦਾ ਹੋਏ। ਅਸਲ ਵਿੱਚ ਰੁਜ਼ਗਾਰ ਸਿਰਫ 20 ਲੱਖ ਹੀ ਪੈਦਾ ਹੋਏ ਹਨ। ਸੱਚ ਕਹੀਏ ਤਾਂ ਇਹ 20 ਲੱਖ ਰੁਜ਼ਗਾਰ ਪੈਦਾ ਹੋਣਾ ਵੀ ਸ਼ੱਕ ਦੇ ਘੇਰੇ ਵਿੱਚ ਹੈ। 15-24 ਸਾਲ ਦੀ ਉਮਰ ਵਿੱਚ ਰੁਜ਼ਗਾਰ ਦਾ ਘਟਨਾ ਦੱਸਦਾ ਹੈ ਕਿ ਨਵੇਂ ਰੁਜ਼ਗਾਰ ਘੱਟ ਪੈਦਾ ਹੋ ਰਹੇ ਹਨ। 
 
ਮੰਨਿਆ ਜਾ ਸਕਦਾ ਹੈ ਕਿ ਨਵੇਂ ਰੁਜ਼ਗਾਰ ਲਈ ਨੌਜਵਾਨਾਂ ਦੀ ਭਰਤੀ ਜ਼ਿਆਦਾ ਕੀਤੀ ਜਾਵੇਗੀ। ਨੌਜਵਾਨਾਂ ਦੀ ਭਰਤੀ ਘੱਟ ਹੋਣ ਦਾ ਅਰਥ ਇਹੀ ਹੈ ਕਿ ਨਵੇਂ ਰੁਜ਼ਗਾਰ ਦਾ ਆਉਣਾ ਘੱਟ ਹੋਇਆ ਹੈ। ਫਿਰ ਸਵਾਲ ਹੈ ਕਿ 25-64 ਦੇ ਉਮਰ ਵਰਗ ਵਿੱਚ ਜਿਹੜਾ 1.2 ਕਰੋੜ ਰੁਜ਼ਗਾਰ ਪੈਦਾ ਹੋਣ ਬਾਰੇ ਦੱਸਿਆ ਗਿਆ ਹੈ, ਉਸਨੂੰ ਕਿਵੇਂ ਸਮਝਿਆ ਜਾਵੇ?
 
ਅਸਲ ਵਿੱਚ ਇਹ ਨਵਾਂ ਰੁਜ਼ਗਾਰ ਪੈਦਾ ਹੋਣਾ ਨਹੀਂ ਹੈ, ਸਗੋਂ ਪਹਿਲਾਂ ਤੋਂ ਜਿਹੜੇ ਗੈਰ ਸੰਗਠਿਤ ਤੇ ਗੈਰ ਐਲਾਨੇ ਰੁਜ਼ਗਾਰ ਸਨ, ਉਨ੍ਹਾਂ ਦਾ ਸੰਗਠਿਤ ਖੇਤਰ ਵਿੱਚ ਰਲੇਵਾਂ ਕੀਤਾ ਗਿਆ ਹੈ। ਨੋਟਬੰਦੀ ਤੇ ਜੀਐੱਸਟੀ ਕਾਰਨ ਗੈਰ ਸੰਗਠਿਤ ਖੇਤਰ ਦੇ ਰੁਜ਼ਗਾਰ ਸੰਗਠਿਤ ਖੇਤਰ ਵਿੱਚ ਆ ਗਏ, ਇਸ ਲਈ ਬੀਤੇ ਸਮੇਂ ਵਿੱਚ ਗੈਰ ਐਲਾਨੇ ਰੁਜ਼ਗਾਰ ਰਜਿਸਟਰ ਵਿੱਚ ਦਰਜ ਹੋ ਗਏ।
 
ਇਸੇ ਕਾਰਨ 25-64 ਸਾਲ ਦੀ ਕੈਟੇਗਰੀ ਵਿੱਚ ਸੀਐੱਮਆਈਈ ਮੁਤਾਬਕ 1.2 ਕਰੋੜ ਰੁਜ਼ਗਾਰ ਪੈਦਾ ਹੋਏ ਅਤੇ ਪ੍ਰਾਵੀਡੈਂਟ ਫੰਡ ਆਰਗਨਾਈਜੇਸ਼ਨ ਮੁਤਾਬਕ ਬੀਤੇ ਅੱਧੇ ਸਾਲ ਵਿੱਚ 30 ਲੱਖ ਰੁਜ਼ਗਾਰ ਬਣੇ। ਨੋਟਬੰਦੀ ਤੇ ਜੀਐੱਸਟੀ ਤੋਂ ਬਾਅਦ ਅਰਥਵਿਵਸਥਾ ਵਿੱਚ 1 ਕਰੋੜ ਰੁਜ਼ਗਾਰ ਦਾ ਨੁਕਸਾਨ ਹੋਇਆ ਹੈ, ਪਰ ਨਾਲ ਹੀ ਨਾਲ 1.2 ਕਰੋੜ ਮਜ਼ਦੂਰ ਗੈਰ ਸੰਗਠਿਤ ਤੋਂ ਸੰਗਠਿਤ ਖੇਤਰ ਵਿੱਚ ਤਬਦੀਲ ਹੋ ਗਏ ਹਨ। ਇਸ ਤਰ੍ਹਾਂ ਅਰਥ ਵਿਵਸਥਾ ਦਾ ਸੁੰਗੜਨਾ ਤੇ ਸੰਗਠਿਤ ਖੇਤਰ ਦਾ ਵਿਸਤਾਰ ਨਾਲ-ਨਾਲ ਹੋ ਰਿਹਾ ਹੈ।
 
ਇਨ੍ਹਾਂ ਹਾਲਾਤ ਦਾ ਇੱਕ ਹੋਰ ਸਬੂਤ ਇਹ ਹੈ ਕਿ ਸੀਐੱਮਆਈਈ ਮੁਤਾਬਕ ਲੰਬੇ ਸਮੇਂ ਵਿੱਚ ਦੇਸ਼ ਵਿੱਚ ਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਤਨਖਾਹ ਵਿੱਚ ਕਰੀਬ 6 ਫੀਸਦੀ ਦਾ ਵਾਧਾ ਹੁੰਦਾ ਰਿਹਾ ਹੈ, ਪਰ 2014-17 ਵਿੱਚ ਇਹ ਘੱਟ ਹੋ ਕੇ 4 ਫੀਸਦੀ ਹੀ ਰਹਿ ਗਿਆ ਹੈ। ਮਤਲਬ, ਬੀਤੇ ਸਮੇਂ ਵਿੱਚ ਜਿੰਨੇ ਰੁਜ਼ਗਾਰ ਸੰਗਠਿਤ ਖੇਤਰ ਵਿੱਚ ਬਣ ਰਹੇ ਹਨ ਅਤੇ ਜਿਨ੍ਹਾਂ ਨੂੰ ਭਰਨ ਲਈ ਉਦਯੋਗਪਤੀਆਂ ਵੱਲੋਂ ਤਨਖਾਹਾਂ ਵਧਾ ਕੇ ਦਿੱਤੀਆਂ ਜਾ ਰਹੀਆਂ ਹਨ, ਉਹ ਹਾਲਾਤ ਹੁਣ ਬਦਲ ਗਏ ਹਨ।
 
ਹੁਣ ਸੰਗਠਿਤ ਖੇਤਰ ਵਿੱਚ ਵੀ ਨਵੇਂ ਰੁਜ਼ਗਾਰ ਘੱਟ ਬਣ ਰਹੇ ਹਨ ਅਤੇ ਉਦਯੋਗਪਤੀਆਂ ਲਈ ਨਵੇਂ ਮਜ਼ਦੂਰਾਂ ਨੂੰ ਆਪਣੇ ਵੱਲ ਖਿੱਚਣ ਲਈ ਵਧੀ ਹੋਈ ਤਨਖਾਹ ਦੇਣਾ ਜ਼ਰੂਰਤ ਨਹੀਂ ਰਹਿ ਗਈ ਹੈ। ਸੰਗਠਿਤ ਖੇਤਰ ਦੀ ਜਿਹੜੀ ਗੱਡੀ ਪਹਿਲਾਂ 60 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਭੱਜ ਰਹੀ ਸੀ, ਹੁਣ ਉਹ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ। ਦੇਸ਼ ਵਿੱਚ ਰੁਜ਼ਗਾਰ ਦੇ ਹਾਲਾਤ ਚੰਗੇ ਨਹੀਂ ਹਨ।  
-ਭਰਤ

 

Comments

Leave a Reply