Thu,Jul 16,2020 | 10:57:17pm
HEADLINES:

editorial

ਬੇਰੁਜ਼ਗਾਰੀ, ਭੁੱਖਮਰੀ, ਆਰਥਿਕ ਮੰਦਹਾਲੀ ਦੀਆਂ ਸਮੱਸਿਆਵਾਂ 'ਚ ਉਲਝੀ ਸਰਕਾਰ

ਬੇਰੁਜ਼ਗਾਰੀ, ਭੁੱਖਮਰੀ, ਆਰਥਿਕ ਮੰਦਹਾਲੀ ਦੀਆਂ ਸਮੱਸਿਆਵਾਂ 'ਚ ਉਲਝੀ ਸਰਕਾਰ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਬਹੁਤ ਹੀ ਖਰਾਬ ਹੈ ਤੇ ਇਹ ਗੱਲ ਵੀ ਦੁਹਰਾਈ ਹੈ ਕਿ ਨੋਟਬੰਦੀ ਅਤੇ ਜਲਦਬਾਜ਼ੀ 'ਚ ਜੀਐੱਸਟੀ ਲਾਗੂ ਕੀਤੇ ਜਾਣ ਨਾਲ ਅਰਥਵਿਵਸਥਾ 'ਤੇ ਦੋਹਰੀ ਮਾਰ ਪਈ ਹੈ। ਮਨਮੋਹਨ ਸਿੰਘ ਦੇ ਬਿਆਨ ਤੋਂ ਵੀ ਅੱਗੇ ਜਾਂਦਿਆਂ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਰਾਹੁਲ ਬਜਾਜ ਨੇ ਕਿਹਾ ਕਿ ਭਾਵੇਂ ਸਰਕਾਰ ਦੀਆਂ ਕਈ ਅਹਿਮ ਪ੍ਰਾਪਤੀਆਂ ਹਨ, ਪਰ ਇੱਕ ਵੱਡੀ ਭੁੱਲ ਵੀ ਹੋਈ ਹੈ ਅਤੇ ਦੇਸ਼ ਵਿੱਚ ਡਰ ਦਾ ਵਾਤਾਵਰਨ ਬਣਿਆ ਹੋਇਆ ਹੈ, ਜਿਸ ਦੇ ਕਾਰਨ ਲੋਕ ਅਲੋਚਨਾ ਕਰਨ ਤੋਂ ਡਰ ਰਹੇ ਹਨ।

ਪ੍ਰਸਿੱਧ ਹਸਤੀਆਂ ਦੇ ਇਹ ਬਿਆਨ ਭਾਰਤ ਦੇ ਆਰਥਿਕ ਹਾਲਾਤਾਂ ਅਤੇ ਦੇਸ਼ ਵਿਚਲੇ ਮਾਹੌਲ ਦੀ ਮੂੰਹ ਬੋਲਦੀ ਤਸਵੀਰ ਹਨ। ਦੇਸ਼ ਵਿਚਲੇ ਆਟੋਮੋਬਾਇਲ ਸੈਕਟਰ ਵਿੱਚ ਮੰਦੀ ਦਾ ਦੌਰ ਹੈ, ਜਿਸ ਬਾਰੇ ਭਾਜਪਾ ਸਾਂਸਦ ਵਰੇਂਦਰ ਸਿੰਘ ਮਸਤ ਕਹਿੰਦੇ ਹਨ ਕਿ ਜੇਕਰ  ਆਟੋਮੋਬਾਇਲ ਸੈਕਟਰ 'ਚ ਮੰਦਾ ਹੈ ਤਾਂ ਸੜਕਾਂ ਤੇ ਜਾਮ ਕਿਉਂ ਲਗ ਰਹੇ ਹਨ?

ਦੇਸ਼ ਵਿੱਚ ਗੰਢੇ ਮਹਿੰਗੇ ਮਿਲਣ ਬਾਰੇ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਿਆਨ ਦਿਲਚਸਪ ਹੈ, “ਮੈਂ ਇਤਨਾ ਲਹਸਨ, ਪਿਆਜ਼ ਨਹੀਂ ਖਾਤੀ ਹੂੰ ਜੀ। ਮੈਂ ਐਸੇ ਪਰਿਵਾਰ ਸੇ ਆਤੀ ਹੂੰ ਜਹਾਂ ਅਨੀਅਨ, ਪਿਆਜ਼ ਸੇ ਮਤਲਬ ਨਹੀਂ ਰਖਤੇ।'' ਇਨ੍ਹਾਂ ਦਿਲਚਸਪ ਬਿਆਨਾਂ ਨੂੰ ਦੇਸ਼ ਦੀਆਂ ਲੋਕ ਸਭਾ, ਰਾਜ ਸਭਾ ਦੀਆਂ ਬੈਠਕਾਂ ਵਿੱਚ ਵਿਰੋਧੀ ਧਿਰ ਨੇ ਵੀ ਸੁਣਿਆ ਹੈ ਅਤੇ ਦੇਸ਼ ਦੇ ਸੂਝਵਾਨ ਲੋਕਾਂ ਨੇ ਵੀ। ਬਾਵਜੂਦ ਇਸਦੇ ਕਿ ਸੰਸਦ ਵਿੱਚ ਵਿਰੋਧੀ ਧਿਰ ਮਜ਼ਬੂਤ ਨਹੀਂ ਹੈ, ਇਸ ਕਿਸਮ ਦੇ ਬਿਆਨਾਂ ਦੀ ਉਸ ਵੱਲੋਂ ਭਰਪੂਰ ਅਲੋਚਨਾ ਹੋਈ ਹੈ।

ਮੌਜੂਦਾ ਦੌਰ 'ਚ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਲਈ ਕੁਝ ਮਾਮਲੇ ਉਲਝਣ ਵਾਲੇ ਅਤੇ ਪਚੀਦਾ ਹਨ। ਇਸ ਕਰਕੇ ਉਨ੍ਹਾਂ 'ਚ ਵੱਡੀ ਪਰੇਸ਼ਾਨੀ ਹੈ। ਮੋਦੀ ਸਰਕਾਰ ਆਪਮੁਹਾਰੇ ਢੰਗ ਕੰਮ ਕਰਦੀ ਨਜ਼ਰ ਆ ਰਹੀ ਹੈ। ਸਿੱਟੇ ਵਜੋਂ ਸਿਆਸੀ ਅਤੇ ਆਰਥਿਕ ਮੋਰਚੇ 'ਤੇ ਉਸਦੀ ਅਲੋਚਨਾ ਕੀਤੀ ਜਾਣ ਲੱਗੀ ਹੈ। ਦੇਸ਼ ਵਿੱਚ ਅਰਥ ਵਿਵਸਥਾ  ਦੀ ਬਦਹਾਲੀ ਹੈ। ਖੇਤੀ ਸੰਕਟ ਕਾਰਨ ਕਿਸਾਨਾਂ 'ਚ ਡਰ ਫੈਲਿਆ ਹੋਇਆ ਹੈ।

ਕਿਸਾਨਾਂ 'ਤੇ ਭਾਜਪਾ ਦੀ ਪਕੜ ਕਮਜ਼ੋਰ ਹੈ। ਖੇਤੀ ਸੰਕਟ ਅਤੇ ਪੇਂਡੂ ਅਰਥਵਿਵਸਥਾ ਨੂੰ ਮੋਦੀ ਸਰਕਾਰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਮਾਮਲੇ 'ਚ ਮੋਦੀ ਸਰਕਾਰ ਦਾ ਰਵੱਈਆ ਢਿਲ-ਮੁੱਠ ਵਾਲਾ ਹੈ। ਕਿਸਾਨਾਂ ਨੂੰ ਬਿਨ੍ਹਾਂ ਵਿਆਜ ਕਰਜ਼ੇ ਦੇਣ, ਖੇਤੀ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਦੇਣਾ ਕੁਝ ਅਹਿਮ ਮੁੱਦੇ ਹਨ, ਜਿਨ੍ਹਾਂ ਤੋਂ ਮੋਦੀ ਸਰਕਾਰ ਪਾਸਾ ਵੱਟਕੇ ਬੈਠੀ ਹੈ।

ਇਹ ਜਾਣਦਿਆਂ ਹੋਇਆਂ ਵੀ ਕਿ ਪੇਂਡੂ ਖੇਤਰ ਵਿੱਚ ਲੋਕਾਂ ਕੋਲ ਖਰੀਦ ਸ਼ਕਤੀ ਨਹੀਂ ਬਚੀ, ਲੋਕਾਂ ਦੇ ਹੱਥ ਪੈਸਾ ਵੀ ਨਹੀਂ ਹੈ, ਮੋਦੀ ਸਰਕਾਰ ਵਲੋਂ ਇਨ੍ਹਾਂ ਅਹਿਮ ਮੁੱਦਿਆਂ ਨੂੰ ਛੱਡ ਕੇ ਨਾਗਰਿਕਤਾ ਸੋਧ ਬਿੱਲ, ਕਸ਼ਮੀਰ 'ਚੋਂ 370 ਧਾਰਾ ਖਤਮ ਕਰਨ, ਅਯੋਧਿਆ ਮੰਦਰ ਦੀ ਉਸਾਰੀ ਜਿਹੇ ਮੁੱਦੇ ਅੱਗੇ ਕਰਕੇ ਆਪਣਾ ਵੋਟ ਬੈਂਕ ਵਧਾਉਣ ਦਾ ਯਤਨ ਹੋ ਰਿਹਾ ਹੈ, ਜਿਸ ਨੂੰ ਆਮ ਲੋਕ ਮਨੋਂ ਪਸੰਦ ਨਹੀਂ ਕਰ ਰਹੇ।

ਮੋਦੀ ਸਰਕਾਰ ਵਲੋਂ ਸਰਕਾਰੀ ਸੰਸਥਾਵਾਂ, ਜਿਨ੍ਹਾਂ ਵਿੱਚ ਏਅਰ ਇੰਡੀਆ, ਰੇਲਵੇ ਆਦਿ ਪ੍ਰਮੁੱਖ ਹਨ, ਦੇ ਨਿੱਜੀਕਰਨ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ । ਦੇਸ਼ 'ਚ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ, ਉਹ ਬਹੁਤਾ ਸੁਖਾਵਾਂ ਨਹੀਂ ਹੈ। ਧਾਰਮਿਕ ਤੌਰ 'ਤੇ ਅਸਹਿਣਸ਼ੀਲਤਾ, ਆਰਥਿਕ ਪਾੜੇ 'ਚ ਵਾਧਾ, ਅਰਥ ਵਿਵਸਥਾ 'ਚ ਮੰਦਹਾਲੀ, ਖੇਤੀ ਸੰਕਟ, ਬੇਰੁਜ਼ਗਾਰੀ, ਭੁੱਖਮਰੀ ਇਹੋ ਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ 'ਚ ਮੋਦੀ ਸਰਕਾਰ ਉਲਝੀ ਪਈ ਹੈ। ਦੇਸ਼ ਦੀ ਸਰਕਾਰ ਦੀ ਤਾਕਤ, ਮੁੱਠੀ ਭਰ ਲੋਕਾਂ ਹੱਥ ਹੈ, ਜੋ ਇਸਨੂੰ ਡਿਕਟੇਟਰਸ਼ਿਪ ਵੱਲ ਲੈ ਜਾਣ ਵੱਲ ਅਤੇ ਧਰਮ ਨਿਰਪੱਖ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਵੱਲ ਲੈ ਜਾਣ ਲਈ ਕਦਮ ਵਧਾ ਰਹੇ ਹਨ।
-ਗੁਰਮੀਤ ਪਲਾਹੀ, ਲੇਖਕ
(ਸੰਪਰਕ : 98158-02070)

Comments

Leave a Reply