Wed,Apr 01,2020 | 07:44:29am
HEADLINES:

editorial

ਭਾਰਤ 'ਚ ਬੇਰੁਜ਼ਗਾਰੀ ਕਾਰਨ ਬਣਦੇ ਜਾ ਰਹੇ ਭਿਆਨਕ ਹਾਲਾਤ

ਭਾਰਤ 'ਚ ਬੇਰੁਜ਼ਗਾਰੀ ਕਾਰਨ ਬਣਦੇ ਜਾ ਰਹੇ ਭਿਆਨਕ ਹਾਲਾਤ

ਇਰਾਕ 'ਚ ਪਿਛਲੇ ਸਾਲ ਦੇ ਅਖੀਰ 'ਚ ਜੋ ਕੁਝ ਹੋਇਆ, ਉਹ ਭਾਰਤ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਰਾਕ 'ਚ ਬੇਰੁਜ਼ਗਾਰੀ ਨੂੰ ਲੈ ਕੇ ਗੁੱਸੇ 'ਚ ਨੌਜਵਾਨ ਵੱਡੀ ਗਿਣਤੀ 'ਚ ਰਾਜਧਾਨੀ ਬਗਦਾਦ ਤੇ ਦੇਸ਼ ਦੇ ਹੋਰ ਸ਼ਹਿਰਾਂ 'ਚ ਸੜਕਾਂ 'ਤੇ ਆਏ। ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ ਤਾਂ ਉੱਥੇ ਦੀ ਸਰਕਾਰ ਨੇ ਘਬਰਾ ਕੇ ਹਾਲਾਤ ਨਾਲ ਨਜਿੱਠਣ ਲਈ ਸੁਰੱਖਿਆ ਫੋਰਸਾਂ ਰਾਹੀਂ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।

ਨਤੀਜਾ ਇਹ ਹੋਇਆ ਕਿ 60 ਲੋਕ ਮਾਰੇ ਗਏ ਅਤੇ ਸੈਕੜੇ ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਅਕਤੂਬਰ ਦੇ ਸ਼ੁਰੂ 'ਚ ਵੀ ਇਰਾਕ 'ਚ ਬੇਰੁਜ਼ਗਾਰੀ ਖਿਲਾਫ ਪ੍ਰਦਰਸ਼ਨ ਹੋਏ ਸਨ। ਉਦੋਂ ਇਸ ਤੋਂ ਵੀ ਜ਼ਿਆਦਾ ਲੋਕ ਪੁਲਸ ਦੀਆਂ ਗੋਲੀਆਂ ਨਾਲ ਮਾਰੇ ਗਏ ਸਨ ਅਤੇ ਹਜ਼ਾਰਾਂ ਜ਼ਖਮੀ ਹੋਏ ਸਨ।

ਇਰਾਕ ਦੇ ਹਾਲਾਤ ਦੱਸਦੇ ਹਨ ਕਿ ਉੱਥੇ ਦੇ ਨੌਜਵਾਨਾਂ 'ਚ ਆਪਣੀ ਹਾਲਤ ਨੂੰ ਲੈ ਕੇ ਸਰਕਾਰ ਖਿਲਾਫ ਕਿੰਨਾ ਗੁੱਸਾ ਹੈ। ਇਸੇ ਤਰ੍ਹਾਂ ਚਿੱਲੀ 'ਚ ਪਿਛਲੇ ਦਿਨੀਂ ਲੱਖਾਂ ਲੋਕ ਬੇਰੁਜ਼ਗਾਰੀ, ਘੱਟ ਤਨਖਾਹ, ਆਰਥਿਕ ਗੈਰਬਰਾਬਰੀ ਆਦਿ ਮੁੱਦਿਆਂ ਨੂੰ ਲੈ ਕੇ ਸੜਕਾਂ 'ਤੇ ਆਏ। 2 ਕਰੋੜ ਤੋਂ ਵੀ ਘੱਟ ਆਬਾਦੀ ਵਾਲੇ ਇਸ ਦੇਸ਼ 'ਚ 10 ਲੱਖ ਤੋਂ ਜ਼ਿਆਦਾ ਲੋਕਾਂ ਦਾ ਪ੍ਰਦਰਸ਼ਨਾਂ 'ਚ ਸ਼ਾਮਲ ਹੋਣਾ ਇਹੀ ਦੱਸਦਾ ਹੈ ਕਿ ਲੋਕਾਂ 'ਚ ਰੋਸ ਕਿੰਨੇ ਵੱਡੇ ਪੱਧਰ 'ਤੇ ਹੈ।

ਇਸਨੂੰ ਦਬਾਉਣ ਲਈ ਐਮਰਜੈਂਸੀ ਲਗਾਈ ਗਈ, ਪਰ ਇਹ ਉਪਾਅ ਵੀ ਕੰਮ ਨਹੀਂ ਆਇਆ। ਹਾਰ ਮੰਨ ਕੇ ਚਿੱਲੀ ਦੇ ਰਾਸ਼ਟਰਪਤੀ ਸਿਬੇਸਟਿਨ ਪਿਨੇਰਾ ਨੂੰ ਐਮਰਜੈਂਸੀ ਹਟਾਉਣੀ ਪਈ। ਲੋਕਾਂ ਦੇ ਰੋਸ ਕਾਰਨ ਹੀ ਅਰਜਨਟੀਨਾ 'ਚ ਵੀ ਰਾਸ਼ਟਰਪਤੀ ਦੇ ਅਹੁਦੇ ਤੋਂ ਮੌਰੀਸੀਓ ਮੈਕ੍ਰੀ ਦੀ ਵਿਦਾਇਗੀ ਹੋ ਗਈ। ਭਾਰਤ 'ਚ ਵੀ ਕੁਝ ਇਸੇ ਤਰ੍ਹਾਂ ਮਹਾਰਾਸ਼ਟਰ ਤੇ ਹਰਿਆਣਾ ਦੀਆਂ ਚੋਣਾਂ 'ਚ ਭਾਜਪਾ ਦੇ 'ਰਾਸ਼ਟਰਵਾਦ' ਦਾ ਜਾਦੂ ਨਹੀਂ ਚੱਲਿਆ। ਨਤੀਜੇ ਦੱਸਦੇ ਹਨ ਕਿ ਆਰਥਿਕ ਮਾਮਲੇ ਮੁੜ ਤੋਂ ਦੇਸ਼ ਦੀ ਰਾਜਨੀਤੀ 'ਤੇ ਪ੍ਰਭਾਵ ਪਾਉਣ ਲੱਗੇ ਹਨ। ਇਰਾਕ ਵਾਂਗ ਭਾਰਤ 'ਚ ਵੀ ਬੇਰੁਜ਼ਗਾਰੀ ਦੀ ਭਿਆਨਕ ਤਸਵੀਰ ਸਾਹਮਣੇ ਆ ਰਹੀ ਹੈ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ (ਸੀਐੱਮਆਈਈ) ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਦੇਸ਼ 'ਚ ਬੇਰੁਜ਼ਗਾਰੀ ਸਾਢੇ 8 ਫੀਸਦੀ 'ਤੇ ਪਹੁੰਚ ਗਈ ਹੈ। ਸੀਐੱਮਆਈਈ ਦੇ ਇਸ ਸਰਵੇਖਣ 'ਚ ਪੇਂਡੂ ਬੇਰੁਜ਼ਗਾਰੀ 8.3 ਫੀਸਦੀ ਦਰਜ ਕੀਤੀ ਗਈ ਹੈ, ਜਦਕਿ ਸ਼ਹਿਰੀ ਬੇਰੁਜ਼ਗਾਰੀ ਉਸ ਤੋਂ ਥੋੜੀ ਜ਼ਿਆਦਾ 8.9 ਫੀਸਦੀ। ਇਹ ਪੂਰੇ ਦੇਸ਼ ਦੀ ਔਸਤ ਸਥਿਤੀ ਹੈ। ਸੂਬਿਆਂ ਦੇ ਹਿਸਾਬ ਨਾਲ ਇਹ ਤਸਵੀਰ ਅਲੱਗ-ਅਲੱਗ ਹੈ।

ਜੇਕਰ ਸਿਰਫ 22 ਤੋਂ 29 ਸਾਲ ਦੇ ਨੌਜਵਾਨਾਂ ਨੂੰ ਲਈਏ ਤਾਂ ਬੇਰੁਜ਼ਗਾਰੀ ਦਾ ਅੰਕੜਾ 28 ਫੀਸਦੀ 'ਤੇ ਪਹੁੰਚ ਜਾਂਦਾ ਹੈ। ਭਾਰਤ 130 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ। ਜੇਕਰ ਇੱਕ ਚੌਥਾਈ ਤੋਂ ਜ਼ਿਆਦਾ ਨੌਜਵਾਨ ਆਬਾਦੀ ਬੇਰੁਜ਼ਗਾਰ ਹੈ ਤਾਂ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਬਹੁਤ ਵੱਡੀ ਹੋ ਜਾਂਦੀ ਹੈ। ਦੇਸ਼ 'ਚ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਦਸੰਬਰ 2017 ਤੋਂ ਦਸੰਬਰ 2018 ਵਿਚਕਾਰ ਰੁਜ਼ਗਾਰ ਖੋਹ ਹੋਣ ਦੇ ਜੋ ਅੰਕੜੇ ਦਰਜ ਹੋਏ, ਉਨ੍ਹਾਂ 'ਚ ਪੇਂਡੂ ਹਿੱਸਾ ਜ਼ਿਆਦਾ ਹੈ।

ਪੇਂਡੂ ਭਾਰਤ 'ਚ ਦੇਸ਼ ਦੀ ਦੋ ਤਿਹਾਈ ਆਬਾਦੀ ਰਹਿੰਦੀ ਹੈ, ਪਰ ਰੁਜ਼ਗਾਰ ਗਵਾਉਣ ਦੇ ਮਾਮਲੇ 'ਚ ਉਸਦਾ ਹਿੱਸਾ 84 ਫੀਸਦੀ ਹੈ। ਹੁਣ ਮਹਿਲਾ-ਪੁਰਸ਼ ਦੇ ਨਜ਼ਰੀਏ ਤੋਂ ਦੇਖੀਏ ਤਾਂ 2018 'ਚ 88 ਲੱਖ ਮਹਿਲਾਵਾਂ ਤੋਂ ਉਨ੍ਹਾਂ ਦੀ ਕਮਾਈ ਦਾ ਸਾਧਨ ਖੋਹ ਹੋ ਗਿਆ, ਜਦਕਿ ਇਸ ਸਬੰਧੀ ਪੁਰਸ਼ਾਂ ਦੀ ਸੰਖਿਆ 22 ਲੱਖ ਸੀ। ਰੁਜ਼ਗਾਰ ਤੋਂ ਵਾਂਝੀਆਂ ਹੋਣ ਵਾਲੀਆਂ 88 ਲੱਖ ਮਹਿਲਾਵਾਂ 'ਚੋਂ 65 ਲੱਖ ਪੇਂਡੂ ਖੇਤਰ ਦੀਆਂ ਸਨ। ਬੇਰੁਜ਼ਗਾਰੀ ਨਾਲ ਨਜਿੱਠਣ ਦੀ ਪੱਕੀ ਰਣਨੀਤੀ ਤਾਂ ਹੀ ਬਣਾਈ ਜਾ ਸਕਦੀ ਹੈ, ਜਦੋਂ ਕਿਸਾਨਾਂ, ਕਾਰੀਗਰਾਂ, ਮਜ਼ਦੂਰਾਂ ਸਮੇਤ ਗੈਰ ਸੰਗਠਿਤ ਖੇਤਰ ਦੇ ਸਾਰੇ ਲੋਕਾਂ ਦੀ ਆਮਦਣ ਵਧਾਉਣ ਲਈ ਉਪਾਅ ਕੀਤੇ ਜਾਣ।
-ਰਜਿੰਦਰ ਰਾਜਨ

Comments

Leave a Reply