Sun,Jul 05,2020 | 07:10:25am
HEADLINES:

editorial

'ਮੈਂ ਬੀਏ, ਬੀਐੱਡ ਅਧਿਆਪਕ ਬਣਨ ਲਈ ਕੀਤੀ ਸੀ, ਝੋਨਾ ਲਗਾਉਣ ਲਈ ਨਹੀਂ'

'ਮੈਂ ਬੀਏ, ਬੀਐੱਡ ਅਧਿਆਪਕ ਬਣਨ ਲਈ ਕੀਤੀ ਸੀ, ਝੋਨਾ ਲਗਾਉਣ ਲਈ ਨਹੀਂ'

ਪੰਜਾਬ 'ਚ ਇਨ੍ਹਾਂ ਦਿਨੀਂ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ। ਮਜ਼ਦੂਰ ਖੇਤਾਂ 'ਚ ਝੋਨਾ ਲਗਾਉਂਦੇ ਆਮ ਦੇਖੇ ਜਾਂਦੇ ਹਨ, ਪਰ ਇਨ੍ਹਾਂ ਦਿਨੀਂ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਛਿੜ ਰਹੀ ਹੈ, ਉਹ ਹੈ 'ਝੋਨਾ ਲਗਾਉਂਦੇ ਮਾਸਟਰ ਜੀ'। ਬੀਏ, ਐੱਮਏ, ਬੀਐੱਡ, ਟੈੱਟ ਕੁਆਲੀਫਾਈਡ ਨੌਜਵਾਨ ਸਰਕਾਰ ਤੋਂ ਨੌਕਰੀ ਨਾ ਮਿਲਣ 'ਤੇ ਥੱਕ ਹਾਰ ਕੇ ਝੋਨਾ ਲਗਾਉਣ ਲਈ ਮਜ਼ਬੂਰ ਹੋ ਰਹੇ ਹਨ।

ਮਾਨਸਾ ਦੀ ਰਹਿਣ ਵਾਲੀ ਬੇਅੰਤ ਕੌਰ ਕਹਿੰਦੀ ਹੈ ਕਿ ਉਸਨੇ ਬੀਏ, ਬੀਐੱਡ ਕੀਤੀ ਹੋਈ ਹੈ। ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ, ਮਾਪਿਆਂ ਨੇ ਮਜ਼ਦੂਰੀ ਕਰਕੇ ਉਸਨੂੰ ਪੜ੍ਹਾਇਆ। ਪੜ੍ਹ-ਲਿਖ ਕੇ ਵੀ ਉਸਨੂੰ ਨੌਕਰੀ ਨਹੀਂ ਮਿਲੀ, ਜਦਕਿ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।

ਬੇਅੰਤ ਕੌਰ ਕਹਿੰਦੀ ਹੈ ਕਿ ਜਿਸ ਤਰ੍ਹਾਂ ਕੁਆਲੀਫਾਈਡ ਹੋਣ ਦੇ ਬਾਵਜੂਦ ਲੜਕੇ-ਲੜਕੀਆਂ ਬੇਰੁਜ਼ਗਾਰ ਹਨ, ਉਸ ਹਿਸਾਬ ਨਾਲ ਸਰਕਾਰ ਨੂੰ ਟੀਚਰਾਂ ਦੀਆਂ ਘੱਟੋ ਘੱਟ 15 ਹਜ਼ਾਰ ਪੋਸਟਾਂ ਕੱਢਣੀਆਂ ਚਾਹੀਦੀਆਂ ਸਨ, ਪਰ ਸਰਕਾਰ ਨੇ ਸਿਰਫ 2182 ਪੋਸਟਾਂ ਕੱਢ ਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਹੈ। ਬੇਅੰਤ ਕੌਰ ਦੁਖੀ ਹੋ ਕੇ ਕਹਿੰਦੀ ਹੈ ਕਿ ਜੇ ਧੁੱਪ 'ਚ ਝੋਨਾ ਹੀ ਲਗਾਉਣਾ ਸੀ ਤਾਂ ਉਨ੍ਹਾਂ ਦੇ ਪੜ੍ਹਨ ਦਾ ਕੀ ਫਾਇਦਾ ਹੋਇਆ।

ਮਾਨਸਾ ਦੀ ਹੀ ਕਰਮਜੀਤ ਕੌਰ ਦੀ ਵੀ ਇਹੀ ਕਹਾਣੀ ਹੈ। ਗਰੀਬ ਪਰਿਵਾਰ ਨਾਲ ਸਬੰਧਤ ਕਰਮਜੀਤ ਕੌਰ ਕਹਿੰਦੀ ਹੈ ਕਿ ਉਸਨੇ ਬੀਏ, ਬੀਐੱਡ ਕੀਤੀ ਹੋਈ ਹੈ। ਉਹ ਜਦੋਂ 10ਵੀਂ 'ਚ ਸੀ ਤਾਂ ਉਦੋਂ ਉਸਦੇ ਮਾਤਾ ਕੈਂਸਰ ਨਾਲ ਪੀੜਤ ਹੋ ਗਏ। ਘਰ ਦੀ ਸਥਿਤੀ ਹੋਰ ਖਰਾਬ ਹੋਣ ਦੇ ਬਾਵਜੂਦ ਉਸਨੇ ਦਿਹਾੜੀਆਂ ਕਰਕੇ ਕਿਸੇ ਤਰ੍ਹਾਂ ਪੜ੍ਹਾਈ ਪੂਰੀ ਕੀਤੀ। ਉਸਨੂੰ ਉਮੀਦ ਸੀ ਕਿ ਪੜ੍ਹ-ਲਿਖ ਕੇ ਟੀਚਰ ਬਣ ਜਾਵੇਗੀ ਤਾਂ ਘਰ ਦੇ ਹਾਲਾਤ ਸੁਧਰ ਜਾਣਗੇ, ਪਰ ਅਜਿਹਾ ਹੋਇਆ ਨਹੀਂ।

ਕਰਮਜੀਤ ਕੌਰ ਕਹਿੰਦੀ ਹੈ ਕਿ 4 ਸਾਲ ਪਹਿਲਾਂ ਉਸਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਉਸਦੇ ਸਿਰ ਆ ਗਈ ਹੈ। ਟੈੱਟ ਪਾਸ ਹੋਣ ਕਰਕੇ ਉਹ ਟੀਚਰ ਬਣਨ ਦੇ ਯੋਗ ਹੈ, ਫਿਰ ਵੀ ਸਰਕਾਰ ਨੌਕਰੀ ਨਹੀਂ ਦੇ ਰਹੀ ਹੈ। ਉਹ ਰੋਜ਼ਾਨਾ ਉਡੀਕ ਕਰਦੀ ਹੈ ਕਿ ਸ਼ਾਇਦ ਸਰਕਾਰ ਨੌਕਰੀ ਦਾ ਕੋਈ ਐਲਾਨ ਕਰੇਗੀ, ਪਰ ਦਿਨ ਇਸੇ ਤਰ੍ਹਾਂ ਨਿਰਾਸ਼ਾ 'ਚ ਬੀਤ ਜਾਂਦਾ ਹੈ।

ਕਰਮਜੀਤ ਕੌਰ ਕਹਿੰਦੀ ਹੈ, ''ਇੰਨਾ ਪੜ੍ਹ-ਲਿਖ ਕੇ ਵੀ ਮੈਨੂੰ ਝੋਨਾ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰੁਜ਼ਗਾਰ ਦਾ ਕੋਈ ਹੋਰ ਪ੍ਰਬੰਧ ਹੀ ਨਹੀਂ ਹੈ। ਮੈਂ ਬੀਏ, ਬੀਐੱਡ ਅਧਿਆਪਕ ਬਣਨ ਲਈ ਕੀਤੀ ਸੀ, ਝੋਨਾ ਲਗਾਉਣ ਲਈ ਨਹੀਂ।''

ਜ਼ਿਲ੍ਹਾ ਮਾਨਸਾ ਦੀ ਹੀ ਰਹਿਣ ਵਾਲੀ ਰਿੰਪੀ ਕੌਰ ਵੀ ਹਾਲਾਤ ਹੱਥੋਂ ਮਜ਼ਬੂਰ ਦਿਖਾਈ ਦਿੰਦੀ ਹੈ। ਖੇਤ 'ਚ ਝੋਨਾ ਲਗਾ ਰਹੀ ਰਿੰਪੀ ਕੌਰ ਕਹਿੰਦੀ ਹੈ ਕਿ ਉਹ ਬੀਏ, ਬੀਐੱਡ, ਐੱਮਏ ਪੰਜਾਬੀ, ਟੈੱਟ ਕੁਆਲੀਫਾਈਡ ਹੈ। ਰਿੰਪੀ ਮੁਤਾਬਕ ਉਸਦੇ ਘਰ ਬਹੁਤ ਗਰੀਬੀ ਹੈ ਅਤੇ ਉਸਦੇ ਪਿਤਾ ਰਿਕਸ਼ਾ ਚਲਾ ਕੇ ਘਰ ਦਾ ਖਰਚਾ ਚਲਾਉਂਦੇ ਹਨ। ਪਿਤਾ ਨੇ ਮਿਹਨਤ-ਮਜ਼ਦੂਰੀ ਕਰਕੇ ਉਸਨੂੰ ਪੜ੍ਹਾਇਆ ਸੀ, ਇਸ ਉਮੀਦ ਨਾਲ ਕਿ ਪੜ੍ਹ-ਲਿਖ ਕੇ ਬੇਟੀ ਚੰਗੀ ਨੌਕਰੀ ਕਰਕੇ ਉਨ੍ਹਾਂ ਦਾ ਨਾਂ ਰੌਸ਼ਨ ਕਰੇਗੀ।

ਰਿੰਪੀ ਕਹਿੰਦੀ ਹੈ, ''ਮੈਂ ਖੇਤਾਂ 'ਚ ਦਿਹਾੜੀ ਕਰਨ ਲਈ ਪੜ੍ਹਾਈ ਨਹੀਂ ਕੀਤੀ ਸੀ। ਸਰਕਾਰ ਦੀ ਨਾਕਾਮੀ ਕਰਕੇ ਇੰਨੀ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਮੈਨੂੰ ਨੌਕਰੀ ਨਹੀਂ ਮਿਲ ਰਹੀ। ਮੈਨੂੰ ਖੇਤਾਂ 'ਚ ਧੱਕੇ ਖਾਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ।'' ਰਿੰਪੀ ਕਹਿੰਦੀ ਹੈ ਕਿ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਹੀਂ ਕੀਤਾ।

ਇਸੇ ਤਰ੍ਹਾਂ ਦਾ ਦਰਦ ਮਾਨਸਾ ਜ਼ਿਲ੍ਹੇ ਦੇ ਬਖਸ਼ੀਵਾਲਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਵੀ ਹੈ। ਅੰਮ੍ਰਿਤਪਾਲ ਬੀਏ, ਬੀਐੱਡ, ਐੱਮਐੱਡ, ਟੈੱਟ ਕੁਆਲੀਫਾਈਡ ਹਨ। ਇੰਨੀ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਟੀਚਰ ਦੀ ਨੌਕਰੀ ਨਹੀਂ ਮਿਲੀ। ਸਰਕਾਰ ਤੋਂ ਨਿਰਾਸ਼ ਹੋ ਕੇ ਅੰਮ੍ਰਿਤਪਾਲ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ। ਉਹ ਇੱਟਾਂ ਦੇ ਭੱਠੇ 'ਤੇ 2 ਮਹੀਨੇ ਕੰਮ ਕਰਦੇ ਰਹੇ ਹਨ। ਅੱਜਕੱਲ੍ਹ ਉਹ ਆਪਣੇ ਨਾਲ ਲਗਦੇ ਪਿੰਡ ਦੇ ਖੇਤਾਂ 'ਚ ਝੋਨਾ ਲਗਾਉਣ ਜਾਂਦੇ ਹਨ।

ਪਠਾਨਕੋਟ ਦੇ ਨਰਿੰਦਰ ਸਿੰਘ ਦੀ ਸਥਿਤੀ ਵੀ ਇਨ੍ਹਾਂ 'ਪੜ੍ਹੇ-ਲਿਖੇ ਮਜ਼ਦੂਰਾਂ' ਵਾਂਗ ਹੀ ਹੈ। ਨਰਿੰਦਰ ਨੇ ਬੀਏ, ਬੀਐੱਡ ਕੀਤੀ ਹੋਈ ਹੈ। ਉਸਦੇ ਕੋਲ ਮਾਸਟਰ ਡਿਗਰੀ ਹੈ। ਉਸਨੇ ਕਈ ਵਾਰ ਨੌਕਰੀ ਲਈ ਅਪਲਾਈ ਕੀਤਾ, ਪਰ ਨੌਕਰੀ ਨਹੀਂ ਮਿਲੀ। ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਉਹ ਹੁਣ ਝੋਨਾ ਲਗਾਉਣ ਜਾਂਦੇ ਹਨ। ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਕਈ ਵਾਰ ਲੋਕਾਂ ਦੀਆਂ ਟਿੱਚਰਾਂ ਵੀ ਸੁਣਨੀਆਂ ਪੈਂਦੀਆਂ ਹਨ। ਲੋਕ ਟਿੱਚਰਾਂ ਕਰਦੇ ਹਨ ਕਿ ਮਾਸਟਰ ਜੀ ਝੋਨਾ ਲਗਾ ਰਹੇ ਹਨ। ਅਜਿਹੀਆਂ ਟਿੱਚਰਾਂ ਤੋਂ ਬਚਣ ਲਈ ਹੀ ਕਈ ਅਜਿਹੇ ਨੌਜਵਾਨ ਆਪਣੇ ਪਿੰਡ ਤੋਂ ਬਾਹਰ ਦੂਜੇ ਪਿੰਡਾਂ 'ਚ ਮੂੰਹ ਢਕ ਕੇ ਝੋਨਾ ਲਗਾ ਰਹੇ ਹਨ।

ਖੇਤਾਂ 'ਚ ਝੋਨਾ ਲਗਾਉਣ ਵਾਲੇ ਅਜਿਹੇ ਹੀ ਇੱਕ ਨੌਜਵਾਨ ਕਹਿੰਦੇ ਹਨ ਕਿ ਸਿੱਖਿਆ ਆਮਦਣੀ ਦਾ ਸਰੋਤ ਨਹੀਂ, ਸਿਰਫ ਜਾਣਕਾਰੀ ਦਾ ਸਰੋਤ ਬਣ ਕੇ ਰਹਿ ਗਈ ਹੈ। ਬੀਏ, ਬੀਐੱਡ, ਟੈੱਟ ਕੁਆਲੀਫਾਈਡ ਇਹ ਨੌਜਵਾਨ ਨੌਕਰੀ ਨਾ ਮਿਲਣ ਕਰਕੇ ਦਿਹਾੜੀ ਕਰਨ ਲਈ ਮਜਬੂਰ ਹੈ। ਉਹ ਕਹਿੰਦਾ ਹੈ ਕਿ ਸਰਕਾਰੀ ਨੌਕਰੀ ਨਾ ਮਿਲਣ 'ਤੇ ਉਸਨੇ ਪ੍ਰਾਈਵੇਟ ਸਕੂਲ 'ਚ ਟੀਚਰ ਦੀ ਨੌਕਰੀ ਕੀਤੀ, ਪਰ ਉੱਥੇ ਉਸਨੂੰ ਮਹੀਨੇ ਦੇ ਸਿਰਫ 2500 ਰੁਪਏ ਹੀ ਮਿਲਦੇ ਸਨ। ਮੋਟਰਸਾਈਕਲ 'ਤੇ ਸਕੂਲ ਆਉਣ-ਜਾਣ ਕਰਕੇ ਇੰਨੇ ਪੈਸੇ ਤਾਂ ਪੈਟਰੋਲ 'ਤੇ ਹੀ ਖਰਚ ਹੋ ਜਾਂਦੇ ਸਨ।

ਇਸੇ ਕਰਕੇ ਤੰਗ ਹਾਰ ਕੇ ਉਹ ਝੋਨਾ ਲਗਾਉਣ ਲਈ ਮਜ਼ਬੂਰ ਹੋਇਆ। ਇੱਥੇ ਉਹ ਰੋਜ਼ਾਨਾ ਕਰੀਬ 500 ਰੁਪਏ ਦਿਹਾੜੀ ਕਮਾ ਲੈਂਦਾ ਹੈ। ਉਹ ਕਹਿੰਦਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਦੀ ਪੜ੍ਹਾਈ ਦੇ ਹਿਸਾਬ ਨਾਲ ਉਨ੍ਹਾਂ ਨੂੰ ਨੌਕਰੀ ਦੇਵੇ, ਨਹੀਂ ਤਾਂ ਪੜ੍ਹੇ-ਲਿਖੇ ਨੌਜਵਾਨ ਝੋਨਾ ਲਗਾਉਣ ਜੋਗੇ ਹੀ ਰਹਿ ਜਾਣਗੇ।

ਸ੍ਰੀ ਹਰਗੋਬਿੰਦਪੁਰ ਦੇ ਨੇੜਲੇ ਪਿੰਡ ਸਮਰਾਏ ਦੇ ਰਹਿਣ ਵਾਲੇ ਰਵਿੰਦਰ ਸਿੰਘ ਦੀ ਸਥਿਤੀ ਵੀ ਨਿਰਾਸ਼ ਕਰਨ ਵਾਲੀ ਹੈ। ਰਵਿੰਦਰ ਸਿੰਘ ਮੁਤਾਬਕ ਉਸਨੇ ਐੱਮਏ ਇੰਗਲਿਸ਼ 'ਚ ਕੀਤੀ ਹੈ ਤੇ ਉਸਦਾ ਬੀਐੱਡ ਦਾ ਚੌਥਾ ਸੈਮੇਸਟਰ ਚੱਲ ਰਿਹਾ ਹੈ। ਉਹ ਘਰੋਂ ਬਹੁਤ ਜ਼ਿਆਦਾ ਗਰੀਬ ਹੈ। ਮਾਪੇ ਉਸਦੀ ਪੜ੍ਹਾਈ ਦੀ ਫੀਸ ਦੇਣ 'ਚ ਅਸਮਰੱਥ ਹਨ। ਇਸ ਕਾਰਨ ਉਹ ਦਿਹਾੜੀ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਚੁੱਕਦਾ ਹੈ।

ਰਵਿੰਦਰ ਕਹਿੰਦਾ ਹੈ ਕਿ ਉਹ ਬੀਏ ਸਰਕਾਰੀ ਕਾਲਜ ਟਾਂਡਾ, ਐੱਮਏ ਇੰਗਲਿਸ਼ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕਰਨ ਤੋਂ ਬਾਅਦ ਬੀਐੱਡ ਜਲੰਧਰ ਤੋਂ ਕਰ ਰਿਹਾ ਹੈ। ਰਵਿੰਦਰ ਮੁਤਾਬਕ ਪੜ੍ਹਾਈ ਦੌਰਾਨ ਵੀ ਉਸਨੂੰ ਸਰਕਾਰ ਵੱਲੋਂ ਕੋਈ ਸਕਾਲਰਸ਼ਿਪ ਨਹੀਂ ਦਿੱਤੀ ਗਈ ਤੇ ਹੁਣ ਨੌਕਰੀ ਨਹੀਂ ਮਿਲ ਰਹੀ ਹੈ। ਇਸ ਕਰਕੇ ਉਹ ਝੋਨਾ ਲਗਾਉਣ ਲਈ ਮਜ਼ਬੂਰ ਹੈ।

ਰਵਿੰਦਰ ਕਹਿੰਦਾ ਹੈ ਕਿ ''ਇਹ ਸ਼ਰਮ ਦੀ ਗੱਲ ਹੈ ਕਿ ਪੜ੍ਹ-ਲਿਖ ਕੇ ਵੀ ਮੈਂ ਝੋਨਾ ਲਗਾ ਰਿਹਾ ਹਾਂ। ਬੀਐੱਡ ਦੀ ਟ੍ਰੇਨਿੰਗ ਦੌਰਾਨ ਮੇਰੇ ਕੋਲੋਂ ਪੜ੍ਹਨ ਵਾਲੇ ਬੱਚੇ ਮੈਨੂੰ ਕਹਿੰਦੇ ਹਨ ਕਿ ਦੇਖੋ ਸਾਡਾ ਮਾਸਟਰ ਝੋਨਾ ਲਗਾ ਰਿਹਾ ਹਾਂ। ਪਿੰਡ ਦੇ ਲੋਕ ਟਿੱਚਰਾਂ ਕਰਦੇ ਹਨ ਕਿ ਦੇਖੋ ਮਾਸਟਰ ਝੋਨਾ ਲਗਾਉਂਦਾ ਹੈ।''

ਰਵਿੰਦਰ ਦਾ ਕਹਿਣਾ ਹੈ ਕਿ ਜੇ ਝੋਨਾ ਹੀ ਲਗਾਉਣਾ ਹੈ ਤਾਂ ਫਿਰ ਪੜ੍ਹਾਈ ਦਾ ਕੀ ਫਾਇਦਾ ਹੈ। ਸਰਕਾਰ ਕੀ ਕਰ ਰਹੀ ਹੈ? ਰਵਿੰਦਰ ਦੇ ਬੀਐੱਡ ਦੇ ਪੇਪਰ 1 ਜੁਲਾਈ ਤੋਂ ਸ਼ੁਰੂ ਹੋਣਗੇ। ਉਹ ਦਿਨ ਵੇਲੇ ਖੇਤਾਂ 'ਚ ਝੋਨਾ ਲਗਾਉਂਦਾ ਹੈ ਤੇ ਰਾਤ ਦੇ ਸਮੇਂ ਪੇਪਰਾਂ ਦੀ ਤਿਆਰੀ ਲਈ ਪੜ੍ਹਾਈ ਕਰਦਾ ਹੈ।

ਪੰਜਾਬ ਦੇ ਝੋਨਾ ਲਗਾਉਂਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਦੇਖ ਕੇ ਇਹ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਇੱਥੇ ਬੇਰੁਜ਼ਗਾਰੀ ਦੇ ਹਾਲਾਤ ਕਿੰਨੇ ਗੰਭੀਰ ਹੋ ਚੁੱਕੇ ਹਨ। ਪਹਿਲਾਂ ਕਿਤਾਬਾਂ ਨਾਲ ਮੱਥਾ ਮਾਰਨ ਵਾਲੇ ਨੌਜਵਾਨ, ਹੱਥਾਂ 'ਚ ਡਿਗਰੀਆਂ ਲੈ ਕੇ ਸਰਕਾਰਾਂ ਨਾਲ ਮੱਥਾ ਮਾਰ ਰਹੇ ਹਨ, ਰੈਲੀਆਂ-ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਫਿਰ ਵੀ ਨੌਕਰੀ ਨਹੀਂ ਮਿਲੇ ਤਾਂ ਉਨ੍ਹਾਂ ਦਾ ਕੀ ਕਸੂਰ।

Comments

Leave a Reply