Thu,Jan 21,2021 | 01:03:37pm
HEADLINES:

editorial

ਧੀਆਂ ਨੂੰ ਫੁੱਲਾਂ ਵਾਂਗ ਖਿੜਨ ਦਿਓ, ਮਿਆਰੀ ਸਿੱਖਿਆ ਦਿਓ; ਉਹ ਤੁਹਾਡਾ ਮਾਰਗ ਦਰਸ਼ਨ ਕਰਨਗੀਆਂ

ਧੀਆਂ ਨੂੰ ਫੁੱਲਾਂ ਵਾਂਗ ਖਿੜਨ ਦਿਓ, ਮਿਆਰੀ ਸਿੱਖਿਆ ਦਿਓ; ਉਹ ਤੁਹਾਡਾ ਮਾਰਗ ਦਰਸ਼ਨ ਕਰਨਗੀਆਂ

ਕੁਦਰਤ ਦੇ ਕਾਇਦੇ ਕਾਨੂੰਨ ਮੁਤਾਬਕ ਔਰਤ ਅਤੇ ਮਰਦ ਦੇ ਸਰੀਰਕ ਸਬੰਧਾਂ ਕਾਰਨ ਬੱਚੇ ਦਾ ਜਨਮ ਹੁੰਦਾ ਹੈ। ਕੁਦਰਤ ਲੜਕੇ ਅਤੇ ਲੜਕੀ ਦੇ ਲਿੰਗ ਅਨੁਪਾਤ ਨੂੰ ਬਰਾਬਰ ਰੱਖਦੀ ਹੈ। ਕੁਦਰਤ ਔਰਤ ਜਾਂ ਮਰਦ ਵਿੱਚ ਕੋਈ ਫਰਕ ਨਹੀਂ ਕਰਦੀ। ਬਰਾਬਰਤਾ ਦਾ ਅਧਿਕਾਰ ਦੇ ਕੇ ਦੁਨੀਆ ਵਿੱਚ ਭੇਜਦੀ ਹੈ, ਪਰ ਜਦੋਂ ਭਾਰਤ ਵਿੱਚ ਲੜਕੀ ਪੈਦਾ ਹੁੰਦੀ ਹੈ ਤਾਂ ਵਿਤਕਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਭਾਰਤ ਵਰਗਾ ਦੇਸ਼ ਔਰਤਾਂ ਪ੍ਰਤੀ ਵਿਤਕਰਿਆਂ ਲਈ ਪੂਰੀ ਦੁਨੀਆ ਵਿੱਚ ਬਦਨਾਮ ਹੈ।

ਸਾਡੇ ਦੇਸ਼ ਵਿੱਚ ਔਰਤਾਂ ਦਾ ਹਮੇਸ਼ਾ ਸ਼ੋਸ਼ਣ ਹੁੰਦਾ ਰਿਹਾ ਹੈ, ਔਰਤ ਨੂੰ ਹਮੇਸ਼ਾ ਭੋਗ ਵਿਲਾਸ ਦੀ ਵਸਤੂ ਸਮਝਿਆ ਗਿਆ। ਔਰਤਾਂ ਨੂੰ ਮਰਦਾਂ ਅਧੀਨ ਰੱਖਣ ਲਈ ਧਰਮ ਅਤੇ ਧਾਰਮਿਕ ਗ੍ਰੰਥਾਂ ਦਾ ਸਹਾਰਾ ਲਿਆ ਗਿਆ। ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਜਾਤੀ ਭੇਦਭਾਵ ਨੂੰ ਧਾਰਮਿਕ ਮਾਨਤਾ ਮਿਲੀ ਹੋਈ ਹੈ।

ਸਮਾਜਿਕ ਰੀਤੀ-ਰਿਵਾਜ਼ ਵੀ ਹਮੇਸ਼ਾ ਔਰਤਾਂ ਦੇ ਵਿਰੁੱਧ ਰਹੇ ਹਨ। ਭਾਰਤ ਵਿੱਚ ਕਿਸੇ ਸਮੇਂ ਔਰਤਾਂ ਨੂੰ ਵਿਧਵਾ ਹੋਣ ਦੀ ਸਥਿਤੀ ਵਿੱਚ ਵਿਆਹ ਕਰਨ ਦੀ ਮਨਾਹੀ ਸੀ। ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਦੋਂ ਉਸ ਔਰਤ ਨੂੰ ਜਬਰਦਸਤੀ ਉਸਦੇ ਪਤੀ ਦੀ ਚਿਖਾ ਵਿੱਚ ਸਾੜ ਕੇ ਮਾਰ ਦਿੱਤਾ ਜਾਂਦਾ ਸੀ। ਇਸਨੂੰ ਸਤੀ ਪ੍ਰਥਾ ਦਾ ਨਾਂ ਦਿੱਤਾ ਗਿਆ।

ਔਰਤ ਦੀਆਂ ਚੀਕਾਂ ਸੁਣ ਕੇ ਕਿਸੇ ਨੂੰ ਤਰਸ ਨਾ ਆਵੇ, ਇਸਦੇ ਲਈ ਉੱਥੇ ਢੋਲ-ਨਗਾਰੇ ਵਜਾਏ ਜਾਂਦੇ ਸਨ। ਇਸ ਘਿਨਾਉਣੀ ਪ੍ਰਥਾ ਨੂੰ ਧਾਰਮਿਕ ਮਾਨਤਾ ਪ੍ਰਾਪਤ ਸੀ। ਦੱਬੇ-ਕੁਚਲੇ ਵਰਗਾਂ ਦੀਆਂ ਔਰਤਾਂ 'ਤੇ ਬ੍ਰੈਸਟ ਟੈਕਸ ਵਰਗੇ ਨਿਯਮ ਵੀ ਲਾਗੂ ਕੀਤੇ ਗਏ। ਟੈਕਸ ਨਾ ਦੇਣ 'ਤੇ ਉਨ੍ਹਾਂ ਨੂੰ ਛਾਤੀ ਢਕਣ ਦੀ ਮਨਜ਼ੂਰੀ ਨਹੀਂ ਸੀ।

ਔਰਤਾਂ 'ਤੇ ਜ਼ੁਲਮਾਂ ਦੀ ਦਾਸਤਾਨ ਨੂੰ ਸ਼ਬਦਾਂ ਵਿੱਚ ਵਰਣਨ ਕਰਨਾ ਔਖਾ ਹੈ, ਕਿਉਂਕਿ ਦੇਸ਼ ਵਿੱਚ ਵਰਣ ਵਿਵਸਥਾ ਤਹਿਤ ਹਜ਼ਾਰਾਂ ਸਾਲਾਂ ਤੋਂ ਇੱਕ ਖਾਸ ਵਰਗ ਅਤੇ ਔਰਤਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕਾਨੂੰਨਾਂ ਤਹਿਤ ਦਬਾਇਆ, ਸਤਾਇਆ ਅਤੇ ਲਤਾੜਿਆ ਗਿਆ ਹੈ। ਦੱਬੇ-ਕੁਚਲੇ ਵਰਗਾਂ ਦੀਆਂ ਔਰਤਾਂ ਨੂੰ ਦੇਵ ਦਾਸੀਆਂ ਬਣਾ ਕੇ ਉਨ੍ਹਾਂ ਨੂੰ ਭੋਗ ਵਿਲਾਸ ਲਈ ਵਰਤਿਆ ਜਾਂਦਾ ਰਿਹਾ। ਮਜਬੂਰਨ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਜਾਂਦਾ ਰਿਹਾ।

ਔਰਤ ਨੂੰ ਕੋਈ ਵੀ ਅਧਿਕਾਰ ਪ੍ਰਾਪਤ ਨਹੀਂ ਸੀ। ਔਰਤ ਸਿਰਫ ਮਰਦ ਦੇ ਰਹਿਮੋ ਕਰਮ 'ਤੇ ਹੀ ਜ਼ਿੰਦਗੀ ਬਤੀਤ ਕਰ ਸਕਦੀ ਸੀ। ਬਚਪਨ ਵਿੱਚ ਪਿਤਾ, ਜਵਾਨੀ ਵੇਲੇ ਭਰਾ ਜਾਂ ਪਤੀ ਅਤੇ ਬੁਢਾਪੇ ਵਿੱਚ ਪੁੱਤਰਾਂ ਦੇ ਅਧੀਨ ਰਹਿਣ ਦੇ ਧਾਰਮਿਕ ਫਰਮਾਨ ਨੇ ਔਰਤਾਂ ਦੀ ਆਜ਼ਾਦੀ ਖੋਹ ਲਈ ਸੀ।

ਇੱਕ ਚਾਰਦੀਵਾਰੀ ਵਿੱਚ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਔਰਤ ਮਰ-ਮਰ ਕੇ ਜੀਅ ਰਹੀ ਸੀ। ਔਰਤਾਂ ਦਾ ਨਾ ਤਾਂ ਆਪਣਾ ਇਤਿਹਾਸ ਹੈ ਅਤੇ ਨਾ ਹੀ ਵਰਤਮਾਨ। ਔਰਤ, ਮਰਦ ਦੇ ਸਿਰਜੇ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਹਜ਼ਾਰਾਂ ਸਾਲਾਂ ਤੋਂ ਜਿਊਂਦੀ ਰਹੀ।

ਕਹਿੰਦੇ ਨੇ ਕੁਦਰਤ ਬੜੀ ਬਲਵਾਨ ਹੈ, ਰਾਤ ਦੇ ਹਨੇਰੇ ਤੋਂ ਬਾਅਦ ਸੂਰਜ ਦਾ ਨਿਕਲਣਾ ਲਾਜ਼ਮੀ ਹੈ। ਬਿਲਕੁੱਲ ਇਸੇ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਅੱਤਿਆਚਾਰਾਂ ਅਤੇ ਜ਼ੁਲਮਾਂ ਦਾ ਸ਼ਿਕਾਰ ਔਰਤਾਂ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਆਇਆ। ਇਸ ਭੈੜੇ ਵਰਤਾਓ ਅਤੇ ਗੈਰ ਮਾਨਵੀ ਵਿਵਸਥਾ ਦੇ ਵਿਰੁੱਧ ਵੀ ਆਵਾਜ਼ ਉੱਠਣੀ ਸ਼ੁਰੂ ਹੋਈ। ਸਮਾਜ ਦੇ ਚੰਗੇ, ਗੁਣਵਾਨ, ਵਿਵੇਕਵਾਨ, ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਕੁਦਰਤ ਦੀ ਨਜ਼ਰ ਵਿੱਚ ਸਭ ਨੂੰ ਬਰਾਬਰ ਸਮਝਣ ਵਾਲੇ ਮਹਾਨ ਵਿਦਵਾਨਾਂ ਨੇ ਇਸ ਤਸ਼ੱਦਦ ਵਿਰੁੱਧ ਸੰਘਰਸ਼ ਕੀਤਾ ਤਾਂ ਬਰਾਬਰੀ ਵਾਲੇ ਵਿਚਾਰਾਂ ਦਾ ਉਦੈ ਹੋਇਆ।

ਪੰਜਾਬ ਦੀ ਧਰਤੀ 'ਤੇ ਸਭ ਤੋਂ ਵੱਡਾ ਯੋਗਦਾਨ ਗੁਰੂ ਸਾਹਿਬਾਨਾਂ ਦਾ ਰਿਹਾ, ਜਿਨ੍ਹਾਂ ਨੇ ਇਸ ਵਿਤਕਰੇ ਵਿਰੁੱਧ ਇੱਕ ਵੱਡੀ ਬਗਾਵਤ ਕੀਤੀ। ਪੱਥਰ ਦਿਲ ਅਤੇ ਅਣਮਨੁੱਖੀ ਵਿਵਸਥਾ ਖਿਲਾਫ ਆਪਣੇ ਤਰਕਾਂ, ਦਲੀਲਾਂ ਦੁਆਰਾ ਸੰਵਾਦ ਰਚਾਕੇ ਚੱਲ ਰਹੀਆਂ ਘਿਨਾਉਣੀਆਂ ਪਰੰਪਰਾਵਾਂ ਨੂੰ ਠੱਲ ਪਾਉਣ ਦਾ ਯਤਨ ਕੀਤਾ। ਗੁਰੂਆਂ ਦੇ ਨਾਲ-ਨਾਲ ਹੋਰ ਮਹਾਪੁਰਖਾਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਇਆ।

ਅਨੇਕਾਂ ਵਿਦਵਾਨਾਂ, ਕ੍ਰਾਂਤੀਕਾਰੀਆਂ, ਲੇਖਕਾਂ, ਮਾਨਵਕਾਰਾਂ, ਕਹਾਣੀਕਾਰਾਂ, ਕਵੀਆਂ ਦੇ ਨਵੇਂ ਵਿਚਾਰਾਂ ਨਾਲ ਔਰਤ ਦੇ ਹੱਕਾਂ ਲਈ ਆਵਾਜ਼ ਚੁੱਕੀ ਗਈ। ਬਾਬੇ ਨਾਨਕ ਦੀ ਬਾਣੀ 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ' ਨੇ ਔਰਤਾਂ ਦੇ ਅਧਿਕਾਰਾਂ ਦੀ ਹਾਮੀ ਭਰੀ ਅਤੇ ਔਰਤਾਂ ਦਾ ਸਨਮਾਨ ਬਹਾਲ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੇ ਮਹਾਨ ਵਿਦਵਾਨ, ਔਰਤਾਂ ਦੇ ਹੱਕਾਂ ਲਈ ਲੜਨ ਵਾਲੇ ਯੋਧੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਭਾਰਤੀ ਸੰਵਿਧਾਨ ਵਿੱਚ ਸੰਵਿਧਾਨ ਤੋਂ ਪਹਿਲਾਂ ਦੇ ਕਾਨੂੰਨ ਅਤੇ ਪਰੰਪਰਾਵਾਂ ਨੂੰ ਰੱਦ ਕਰਕੇ ਉਨ੍ਹਾਂ ਨੂੰ ਜ਼ੀਰੋ ਬਣਾ ਦਿੱਤਾ ਗਿਆ। ਸੰਵਿਧਾਨ ਮੁਤਾਬਕ ਕਿਸੇ ਨਾਲ ਵੀ ਰੰਗ, ਜਾਤ, ਨਸਲ, ਲਿੰਗ, ਧਰਮ ਦੇ ਅਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।

ਵਿਤਕਰਾ ਕਰਨ ਵਾਲਾ ਕਾਨੂੰਨੀ ਸਜ਼ਾ ਦਾ ਹੱਕਦਾਰ ਹੋਵੇਗਾ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਜੇਕਰ ਇੱਕ ਲੜਕੀ ਪੜ੍ਹਦੀ ਹੈ ਤਾਂ 2 ਪਰਿਵਾਰ ਸਿੱਖਿਅਤ ਹੁੰਦੇ ਹਨ। ਇਸ ਕਰਕੇ ਸਾਨੂੰ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਪੜ੍ਹਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹੇ ਸੰਵਿਧਾਨਕ ਆਦੇਸ਼ਾਂ ਕਰਕੇ ਆਖਿਰਕਾਰ ਅਖੌਤੀ ਧਾਰਮਿਕ ਆਗੂਆਂ ਅਤੇ ਹੋਰਨਾਂ ਲੋਕਾਂ ਦੁਆਰਾ ਔਰਤਾਂ ਵਿਰੁੱਧ ਕੀਤੀਆਂ ਜਾਂਦੀਆਂ ਜਿਆਦਤੀਆਂ ਨੂੰ ਕੁਝ ਠੱਲ ਪੈਣੀ ਸ਼ੁਰੂ ਹੋਈ।

ਇਸ ਕਰਕੇ ਔਰਤਾਂ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਮਿਲੀ। ਚਾਰਦੀਵਾਰੀ ਤੋਂ ਬਾਹਰ ਨਿਕਲਣ ਅਤੇ ਰੁਜ਼ਗਾਰ ਲਈ, ਨੌਕਰੀਆਂ ਲਈ ਸੰਵਿਧਾਨਕ ਖੁੱਲ ਮਿਲਣ ਲੱਗੀ। ਔਰਤਾਂ ਨੇ ਵੀ ਇਨ੍ਹਾਂ ਮੌਕਿਆਂ ਦਾ ਭਰਪੂਰ ਫਾਇਦਾ ਲਿਆ, ਜਿਸ ਦੇ ਨਤੀਜੇ ਵੱਜੋਂ ਔਰਤਾਂ ਸਿੱਖਿਆ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਲੱਗੀਆਂ।

ਸਮਾਜ ਦੀਆਂ ਧੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਲੜਕਿਆਂ ਨੂੰ ਪਛਾੜ ਦਿੱਤਾ। ਇਸ ਵਿੱਚ ਇੱਕ ਹੋਰ ਕ੍ਰਾਂਤੀ ਆਈ ਕਿ ਸਦੀਆਂ ਤੋਂ ਛੇਕੇ ਗਏ, ਹਾਸ਼ੀਏ 'ਤੇ ਸੁੱਟੇ ਗਏ ਦਲਿਤ ਸਮਾਜ ਦੀਆਂ ਧੀਆਂ ਨੇ ਵੀ ਆਪਣੇ ਆਪ ਨੂੰ ਸਾਬਿਤ ਕੀਤਾ, ਸਥਾਪਤ ਕਰ ਰਹੀਆਂ ਹਨ।

ਸਾਲ 1999 ਵਿੱਚ ਪੰਜਾਬ ਦੇ 10ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਨੇ ਉਦੋਂ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਇੱਕ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਲੜਕੀ ਸਵਿਤਾ ਮੱਲ ਪਿੰਡ ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 94 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ 'ਤੇ ਰਹੀ।

ਇਸੇ ਤਰ੍ਹਾਂ ਦੇਸ਼ ਦੀ ਸਭ ਤੋਂ ਵੱਧ ਮੁਕਾਬਲੇ ਵਾਲੀ ਪਬਲਿਕ ਸਰਵਿਸ ਕਮਿਸ਼ਨ, ਜਿੱਥੋਂ ਦੇਸ਼ ਦੀ ਅਫਸਰਸ਼ਾਹੀ, ਕਮਿਸ਼ਨਰ, ਡਿਪਟੀ ਕਮਿਸ਼ਨਰ, ਸਕੱਤਰ, ਪ੍ਰਿੰਸੀਪਲ ਸਕੱਤਰ ਆਦਿ ਬਣਦੇ ਹਨ, ਦੀਆਂ ਦੋਵੇਂ ਪ੍ਰੀਖਿਆਵਾਂ ਵਿੱਚੋਂ ਅਨੁਸੂਚਿਤ ਜਾਤੀ ਵਰਗ ਦੀ ਟੀਨਾ ਡਾਬੀ ਨਾਂ ਦੀ ਲੜਕੀ ਨੇ ਟਾਪ ਕੀਤਾ। ਪਿਛਲੇ ਕਰੀਬ ਇੱਕ ਦਹਾਕੇ ਤੋਂ ਲੜਕੀਆਂ ਨੇ ਮੈਡੀਕਲ, ਖੇਡਾਂ, ਸਾਇੰਸ ਇੰਜੀਨੀਅਰਿੰਗ, ਨਾਨ ਮੈਡੀਕਲ, ਕਾਮਰਸ, ਆਰਟਸ 'ਚ ਬਹੁਤ ਉਪਲਬਧੀਆਂ ਆਪਣੇ ਨਾਂ ਕਰਾਈਆਂ ਹਨ। ਲੜਕੀਆਂ ਸੁਰੱਖਿਆ ਫੋਰਸਾਂ, ਏਅਰੋਸਪੇਸ, ਰਾਜਨੀਤੀ, ਜਿਊਡੀਸ਼ਰੀ ਦੇ ਖੇਤਰ 'ਚ ਨਾਂ ਕਮਾ ਰਹੀਆਂ ਹਨ, ਮਾਊਂਟ ਐਵਰੈਸਟ ਵਰਗੀਆਂ ਚੋਟੀਆਂ ਨੂੰ ਫਤਿਹ ਕਰ ਰਹੀਆਂ ਹਨ।

21ਵੀਂ ਸਦੀ ਦੇ ਭਾਰਤ ਦੀ ਤ੍ਰਾਸਦੀ ਹੈ ਕਿ ਦੇਸ਼ ਵਿੱਚ ਅੱਜ ਵੀ ਕਰੋੜਾਂ ਔਰਤਾਂ ਸਿੱਖਿਆ ਤੋਂ ਵਾਂਝੀਆਂ ਹਨ। ਗਰੀਬੀ-ਬੇਰੁਜ਼ਗਾਰੀ ਵਿੱਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਜਿਊਣਾ ਦੁਬਰ ਹੈ। ਦੁਨੀਆ ਬਦਲ ਰਹੀ ਹੈ, ਪਰ ਉਹ ਸਿਰਫ ਜ਼ਿੰਦਗੀ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਪ੍ਰਤੀ ਸਰਕਾਰਾਂ ਵੀ ਅਵੇਸਲੀਆਂ ਹਨ।

ਜੇਕਰ ਸਰਕਾਰਾਂ ਉਨ੍ਹਾਂ ਹਾਸ਼ੀਏ 'ਤੇ ਸੁੱਟੇ ਹੋਏ ਵਰਗਾਂ ਅਤੇ ਔਰਤਾਂ ਦੇ ਹੱਕਾਂ ਲਈ ਕ੍ਰਾਂਤੀਕਾਰੀ ਕਦਮ ਉਠਾਉਣ ਤਾਂ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਤਰੱਕੀ ਦੀਆਂ ਹੋਰ ਮੰਜ਼ਿਲਾਂ ਛੂਹੇਗਾ। ਸਾਡੇ ਦੇਸ਼ ਵਿੱਚ ਬਹੁਤੀਆਂ ਔਰਤਾਂ ਅਜੇ ਵੀ ਆਪਣੇ ਅਧਿਕਾਰਾਂ ਤੋਂ ਅਣਜਾਣ ਹਨ। ਦੇਸ਼ ਦੇ ਕਈ ਸੂਬਿਆਂ ਵਿੱਚ ਅੱਜ ਵੀ ਔਰਤਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ। ਲੜਕੀਆਂ ਨੂੰ ਜਨਮ ਸਮੇਂ ਹੀ ਜਾਂ ਮਾਂ ਦੇ ਗਰਭ ਵਿੱਚ ਮਾਰ ਦਿੱਤਾ ਜਾਂਦਾ ਹੈ।

ਪੰਜਾਬ ਭਰੂਣ ਹੱਤਿਆ ਦੇ ਮਾਮਲਿਆਂ ਵਿੱਚ ਅੱਗੇ ਰਿਹਾ ਹੈ, ਜੋ ਕਿ ਗੁਰੂਆਂ ਦੀ ਧਰਤੀ ਦੇ ਮੱਥੇ 'ਤੇ ਕਲੰਕ ਹੈ, ਪਰ ਨਵਾਂਸ਼ਹਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਕ੍ਰਿਸ਼ਨ ਕੁਮਾਰ ਦੁਆਰਾ ਭਰੂਣ ਹੱਤਿਆ ਵਿਰੁੱਧ ਮੁਹਿੰਮ ਤੋਂ ਬਾਅਦ ਇਸ ਵਿੱਚ ਬਹੁਤ ਕਮੀ ਆਈ ਹੈ। ਇਹ ਮਾਡਲ ਸਰਕਾਰਾਂ ਵੱਲੋਂ ਅਪਣਾਇਆ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ਵਿੱਚ ਕਈ ਥਾਈਂ ਬਾਲ ਵਿਆਹ ਹੁੰਦੇ ਹਨ। ਹਰਿਆਣੇ ਅਤੇ ਯੂਪੀ ਦੀਆਂ ਖਾਪ ਪੰਚਾਇਤਾਂ ਔਰਤਾਂ ਵਿਰੁੱਧ ਆਏ ਦਿਨ ਫੈਸਲੇ ਸੁਣਾਉਂਦੀਆਂ ਰਹਿੰਦੀਆਂ ਹਨ।

ਦਰਅਸਲ ਇਹ ਲੋਕਾਂ ਦੇ ਦਿਮਾਗ ਵਿੱਚ ਘਰ ਕਰ ਚੁੱਕੀ ਪੁਰਾਤਨ ਭਾਰਤੀ ਸੰਸਕ੍ਰਿਤੀ ਵਿੱਚ ਮਰਦ ਪ੍ਰਧਾਨ ਸਮਾਜ ਦੀ ਬਣਤਰ ਹੈ, ਜਿਸ ਵਿੱਚ ਔਰਤਾਂ ਦੇ ਸਿਰਫ ਫਰਜ਼ ਹਨ, ਅਧਿਕਾਰ ਦੇ ਨਾਂ 'ਤੇ ਸਿਰਫ ਸੋਸ਼ਣ ਹੈ। ਸੰਵਿਧਾਨ ਦੁਆਰਾ ਮਿਲੇ ਅਧਿਕਾਰਾਂ ਦੀ ਵਰਤੋਂ ਵੀ ਕਈ ਵਾਰ ਔਰਤ ਦੀ ਜਗ੍ਹਾ ਮਰਦ ਕਰਦਾ ਹੈ, ਜਿਵੇਂ ਸਰਪੰਚ ਔਰਤ ਹੁੰਦੀ ਹੈ ਤੇ ਕੰਮ ਉਸਦਾ ਪਤੀ ਕਰਦਾ ਹੈ।

ਇਸ ਦਾ ਕਾਰਨ ਇਹ ਹੀ ਹੈ ਕਿ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ। ਸਿੱਖਿਆ ਹਰ ਮਰਦ-ਔਰਤ ਦਾ ਮੁੱਢਲਾ ਅਧਿਕਾਰ ਹੈ। ਇਹ ਅਧਿਕਾਰ ਜਿਸ ਭਾਵਨਾ ਨਾਲ ਦਿੱਤਾ ਗਿਆ, ਜੇਕਰ ਉਸੇ ਭਾਵਨਾ ਨਾਲ ਲਾਗੂ ਕੀਤਾ ਜਾਵੇ ਤਾਂ ਵੱਡੀ ਤਬਦੀਲੀ ਆ ਸਕਦੀ ਹੈ।

ਔਰਤਾਂ ਅਤੇ ਮਰਦਾਂ ਦੀ ਬਰਾਬਰਤਾ ਲਈ ਖੁੱਲ ਕੇ ਸੰਘਰਸ਼ ਕਰਨ ਵਾਲੀਆਂ ਸੰਸਥਾਵਾਂ, ਧਾਰਮਿਕ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਵੀ ਜੇ ਸਹੀ ਇਰਾਦੇ ਨਾਲ ਇੱਕਮਿੱਕ ਹੋ ਕੇ ਕੰਮ ਕਰਨ ਤਾਂ ਹਜ਼ਾਰਾਂ ਸਾਲਾਂ ਦੇ ਇਸ ਪਾੜੇ ਨੂੰ ਖਤਮ ਕਰਕੇ ਬਰਾਬਰਤਾ ਵਾਲੀ ਵਿਵਸਥਾ ਲਾਗੂ ਹੋ ਸਕਦੀ ਹੈ। ਬਰਾਬਰਤਾ ਲਈ ਇਹ ਖਬਰ ਸ਼ਾਇਦ ਸਭ ਤੋਂ ਵੱਡੀ ਹੈ ਕਿ ਕਨੇਡਾ ਦੀ ਕੈਬਨਿਟ ਵਿੱਚ ਔਰਤਾਂ ਨੂੰ ਬਰਾਬਰ ਪ੍ਰਤੀਨਿਧਤਾ ਦੇ ਕੇ ਦੁਨੀਆ ਨੂੰ ਸੰਦੇਸ਼ ਦਿੱਤਾ ਗਿਆ ਹੈ। ਇਹ ਖਬਰ ਭਾਰਤੀ ਸਮਾਜ ਨੂੰ ਆਪਣੀ ਸੋਚ ਬਦਲਣ ਲਈ ਪ੍ਰੇਰਣਾ ਸਵੀ ਦਿੰਦੀ ਹੈ।

ਮਨੁੱਖਤਾ ਨੂੰ ਪਿਆਰ ਕਰਨ ਵਾਲਿਓ, ਧੀਆਂ-ਪੁੱਤਰਾਂ ਨੂੰ ਬਰਾਬਰ ਸਮਝਣ ਵਾਲਿਓ, ਵੱਖ-ਵੱਖ ਸੰਗਠਨਾਂ ਵਿੱਚ ਅਹੁਦੇਦਾਰੀਆਂ ਦੀਆਂ ਪੌੜੀਆਂ ਚੜ੍ਹ ਕੇ ਬੈਠੇ ਭੈਣੋ-ਭਰਾਵੋ, ਆਓ ਔਰਤਾਂ, ਜਿਨ੍ਹਾਂ ਨੇ ਮਨੁੱਖ ਨੂੰ ਸਿਰਜਿਆ ਹੈ, ਜਿਨ੍ਹਾਂ ਦੀ ਬਦੌਲਤ ਇਸ ਦੁਨੀਆ 'ਤੇ ਸਾਹ ਲੈਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੂੰ ਆਪਣੀ ਦੁਨੀਆ ਆਪ ਸਿਰਜਣ ਦੇ ਮੌਕੇ ਦਈਏ। ਸਮਾਜ ਵਿੱਚ ਪੜ੍ਹਨ, ਲਿਖਣ ਅਤੇ ਆਜ਼ਾਦੀ ਭਰੀ ਜ਼ਿੰਦਗੀ ਜਿਊਣ ਦੇ ਮੌਕੇ ਦਈਏ, ਕਿਉਂਕਿ ਔਰਤਾਂ ਬਿਨਾਂ ਸਮਾਜ ਦੀ ਉਤਪੱਤੀ ਸੰਭਵ ਨਹੀਂ।

ਇੱਕ ਵਿਦਵਾਨ ਲੇਖਕ ਡਾ. ਕਪੂਰ ਨੇ ਵਿਆਹ ਦੇ ਸਬੰਧ ਵਿੱਚ ਕਿਹਾ ਕਿ ਵਿਆਹ ਤੁਸੀਂ ਨਹੀਂ ਕਰ ਰਹੇ, ਇਹ ਤੁਹਾਡੇ ਨਾਲ ਵਾਪਰ ਰਿਹਾ ਹੈ। ਤੁਸੀਂ ਸਾਬਤੇ ਕਦਮਾਂ ਨਾਲ ਹੁਣ ਜ਼ਿੰਦਗੀ ਬਾਰੇ ਸੋਚ ਸਕੋਗੇ। ਪਤਨੀ ਦਾ ਸਾਥ ਮਿਲਣ ਕਰਕੇ ਤੁਸੀਂ ਤਾਂ ਚੰਗੇ ਭਾਗਾਂ ਵਾਲੇ ਹੋ ਹੀ, ਤੁਸੀਂ ਸਾਬਿਤ ਕਰਨਾ ਹੈ ਕਿ ਤੁਹਾਡੀ ਪਤਨੀ ਵੀ ਖੁਸ਼ਕਿਸਮਤ ਹੈ, ਜਿਸਨੂੰ ਤੁਸੀਂ ਮਿਲ ਰਹੇ ਹੋ। ਪਤਨੀ ਦਾ ਸਤਿਕਾਰ ਕਰਨ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਵੇਗੀ।

ਇਸੇ ਤਰ੍ਹਾਂ ਮਾਵਾਂ ਬਾਰੇ ਕਿਹਾ ਗਿਆ ਹੈ ਕਿ ਜੇਕਰ ਕੋਈ ਜੀਵ ਕਿਸੇ ਦੂਜੇ ਜੀਵ ਦੇ ਸਾਹ ਵਿੱਚ ਸਾਹ ਲੈ ਸਕਦਾ ਹੈ ਤਾਂ ਉਸਦੀ ਮਿਸਾਲ ਮਾਂ ਹੈ। ਇਸ ਲਈ ਧੀਆਂ ਨੂੰ ਫੁੱਲਾਂ ਵਾਂਗ ਖਿੜਨ ਦਿਓ ਅਤੇ ਮਿਆਰੀ ਸਿੱਖਿਆ ਦਿਓ, ਸਮਾਂ ਆਵੇਗਾ, ਜਦੋਂ ਉਹ ਤੁਹਾਡਾ ਮਾਰਗ ਦਰਸ਼ਨ ਕਰਨਗੀਆਂ। ਔਰਤਾਂ ਅਤੇ ਮਰਦ ਜਿਸ ਦਿਨ ਸੱਚਮੁੱਚ ਬਰਾਬਰਤਾ 'ਤੇ ਆ ਗਏ, ਭਾਰਤ ਇੱਕ ਮਹਾਨ ਦੇਸ਼ ਬਣ ਜਾਵੇਗਾ।
-ਸੰਤੋਖ ਸਿੰਘ ਜੱਸੀ
(ਸੰਪਰਕ : 70876-19800)

Comments

Leave a Reply