Sat,May 25,2019 | 01:14:20pm
HEADLINES:

editorial

ਔਰਤਾਂ ਲਈ ਜ਼ਹਿਰੀਲੀ ਜਗ੍ਹਾ ਸੋਸ਼ਲ ਮੀਡੀਆ

ਔਰਤਾਂ ਲਈ ਜ਼ਹਿਰੀਲੀ ਜਗ੍ਹਾ ਸੋਸ਼ਲ ਮੀਡੀਆ

ਮਹਿਲਾਵਾਂ ਖਿਲਾਫ ਹੋਣ ਵਾਲੀ ਆਨਲਾਈਨ ਹਿੰਸਾ ਤੇ ਅੱਤਿਆਚਾਰ ਇੱਕ ਵੱਡੀ ਸਮੱਸਿਆ ਬਣ ਚੁੱਕੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜੇ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਯੌਨ ਅੱਤਿਆਚਾਰ ਤੇ ਬਲਾਤਕਾਰ ਦੇ ਮਾਮਲਿਆਂ ਵਿੱਚ ਜ਼ਿਆਦਾਤਰ ਦੋਸ਼ੀ ਜਾਣ-ਪਛਾਣ ਵਾਲੇ ਜਾਂ ਰਿਸ਼ਤੇਦਾਰ ਹੀ ਹੁੰਦੇ ਹਨ। ਹੁਣ ਆਨਲਾਈਨ ਐਬਯੂਜ਼ 'ਤੇ ਕੀਤਾ ਗਿਆ ਸਰਵੇ ਵੀ ਦੱਸ ਰਿਹਾ ਹੈ ਕਿ ਮਹਿਲਾਵਾਂ ਨੂੰ ਐਬਯੂਜ਼ ਕਰਨ ਵਾਲੇ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਆਪਣੇ ਨਜ਼ਦੀਕੀ ਹੁੰਦੇ ਹਨ।

ਮਹਿਲਾਵਾਂ ਖਿਲਾਫ ਜਿਸ ਤਰ੍ਹਾਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਿੰਸਾ ਤੇ ਗਾਲ੍ਹਾਂ ਦਾ ਪ੍ਰਯੋਗ ਹੁੰਦਾ ਹੈ, ਉਸੇ ਤਰ੍ਹਾਂ ਆਨਲਾਈਨ ਹਿੰਸਾ ਵੀ ਹੁੰਦੀ ਹੈ। ਨੀਤੀ ਨਿਰਮਾਤਾਵਾਂ ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਸਮੱਸਿਆ ਨੂੰ ਸਮਝਣਾ ਚਾਹੀਦਾ ਹੈ ਅਤੇ ਅਜਿਹੇ ਉਪਾਅ ਕਰਨੇ ਚਾਹੀਦੇ ਹਨ, ਤਾਂਕਿ ਮਹਿਲਾਵਾਂ ਆਨਲਾਈਨ ਕਮਿਊਨਿਕੇਸ਼ਨ ਕਰਦੇ ਹੋਏ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਪੂਰੀ ਦੁਨੀਆ ਦੇ ਨਾਲ ਹੀ ਭਾਰਤ ਵਿੱਚ ਵੀ ਇੰਟਰਨੈੱਟ ਕ੍ਰਾਂਤੀ ਦੇ ਦੌਰ ਵਿੱਚ ਹੈ।

ਇਸ ਸਮੇਂ ਹਰ ਚੌਥਾ ਭਾਰਤੀ ਸੋਸ਼ਲ ਮੀਡੀਆ ਨਾਲ ਜੁੜਿਆ ਹੈ ਅਤੇ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਵਿੱਚ ਮਹਿਲਾਵਾਂ ਦੀ ਕਾਫੀ ਗਿਣਤੀ ਹੈ। ਸੋਸ਼ਲ ਮੀਡੀਆ ਆਪਣੇ ਨਾਲ ਕਈ ਸੁਵਿਧਾਵਾਂ ਤੇ ਚੰਗੀਆਂ ਚੀਜ਼ਾਂ ਦੇ ਨਾਲ ਕੁਝ ਬੁਰਾਈਆਂ ਵੀ ਲੈ ਕੇ ਆਇਆ ਹੈ। ਆਨਲਾਈਨ ਹਿੰਸਾ ਅਤੇ ਐਬਯੂਜ਼ ਉਨ੍ਹਾਂ ਵਿੱਚ ਮੁੱਖ ਹਨ।

ਸਰਵੇ ਦੱਸਦੇ ਹਨ ਕਿ ਆਨਲਾਈਨ ਹਿੰਸਾ ਤੇ ਐਬਯੂਜ਼ ਦੀਆਂ ਜ਼ਿਆਦਾਤਰ ਸ਼ਿਕਾਰ ਮਹਿਲਾਵਾਂ ਹਨ। ਮਿਸਾਲ ਦੇ ਤੌਰ 'ਤੇ 'ਗਾਰਡੀਅਨ ਅਖਬਾਰ' ਨੇ ਪੜਤਾਲ ਕਰਕੇ ਦੱਸਿਆ ਕਿ ਬ੍ਰਿਟੇਨ ਵਿੱਚ ਜਿਨ੍ਹਾਂ 10 ਪੱਤਰਕਾਰਾਂ ਨੂੰ ਸਭ ਤੋਂ ਜ਼ਿਆਦਾ ਆਨਲਾਈਨ ਐਬਯੂਜ਼ ਕੀਤਾ ਗਿਆ, ਉਨ੍ਹਾਂ ਵਿੱਚ 8 ਮਹਿਲਾਵਾਂ ਤੇ 2 ਕਾਲੇ ਪੁਰਸ਼ ਸਨ। ਭਾਰਤ ਵਿੱਚ ਹੋਣ ਵਾਲਾ ਕੋਈ ਸਰਵੇ ਵੀ ਅਜਿਹੇ ਹੀ ਨਤੀਜੇ ਲੈ ਕੇ ਆਵੇਗਾ। ਭਾਰਤ ਵਿੱਚ ਜਿੱਥੇ ਜ਼ਿਆਦਾਤਰ ਗਾਲ੍ਹਾਂ ਮਹਿਲਾ ਰਿਸ਼ਤੇਦਾਰਾਂ ਜਾਂ ਮਹਿਲਾਵਾਂ ਦੇ ਸਰੀਰ ਨੂੰ ਲੈ ਕੇ ਦਿੱਤੀ ਜਾਂਦੀਆਂ ਹਨ, ਉੱਥੇ ਆਨਲਾਈਨ ਗਾਲ੍ਹਾਂ ਦੇ ਮਾਮਲੇ ਵਿੱਚ ਵੀ ਕੇਂਦਰ ਵਿੱਚ ਮਹਿਲਾਵਾਂ ਤੇ ਉਨ੍ਹਾਂ ਦੇ ਸਰੀਰ ਦਾ ਹੋਣਾ ਹੀ ਸੁਭਾਵਿਕ ਹੈ।

ਸਾਈਬਰ ਗੁੰਡਾਗਰਦੀ ਨਾਲ ਸਮਾਜ ਦੇ ਕਿਸੇ ਵੀ ਵਰਗ ਦੀ ਮਹਿਲਾ ਪ੍ਰਭਾਵਿਤ ਹੋ ਸਕਦੀ ਹੈ। ਕੇਂਦਰੀ ਮੰਤਰੀ ਤੋਂ ਲੈ ਕੇ ਸੋਸ਼ਲਾਈਟ ਤੇ ਟੀਵੀ ਐਂਕਰ ਤੋਂ ਲੈ ਕੇ ਹੀਰੋਈਨ ਅਤੇ ਆਮ ਲੜਕੀ, ਕੋਈ ਵੀ ਸਾਈਬਰ ਬੁਲਿੰਗ ਦਾ ਸ਼ਿਕਾਰ ਬਣ ਸਕਦੀ ਹੈ। ਇਸ ਦੇ ਉਦਾਹਰਨ ਸਾਡੇ ਆਲੇ-ਦੁਆਲੇ ਮੌਜ਼ੂਦ ਹਨ। ਇਨ੍ਹਾਂ ਵਿੱਚੋਂ ਵੀ ਕੁਝ ਖਾਸ ਮਹਿਲਾਵਾਂ ਨੂੰ ਜ਼ਿਆਦਾ ਨਿਸ਼ਾਨੇ 'ਤੇ ਲਿਆ ਜਾਂਦਾ ਹੈ।

ਇੰਟਰਨੈੱਟ ਡੈਮੋਕ੍ਰੇਸੀ ਪ੍ਰਾਜੈਕਟ ਦਾ ਮੰਨਣਾ ਹੈ ਕਿ ਜੇਕਰ ਕੋਈ ਮਹਿਲਾ ਆਪਣੇ ਜਾਂ ਸਮਾਜ ਦੇ ਮੁੱਦੇ 'ਤੇ ਲਿਖਦੀ-ਬੋਲਦੀ ਹੈ ਜਾਂ ਮੁਸਲਮਾਨ ਜਾਂ ਕਿਸੇ ਵਾਂਝੇ ਸਮਾਜ ਤੋਂ ਜਾਂ ਜੇਕਰ ਕੋਈ ਐਲਜੀਬੀਟੀ ਹੈ ਤਾਂ ਉਸਨੂੰ ਇੰਟਰਨੈੱਟ 'ਤੇ ਜ਼ਿਆਦਾ ਗਾਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਰੀਵਾਦੀ ਮਹਿਲਾਵਾਂ ਨੂੰ ਗਾਲ੍ਹਾਂ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ।

ਗਾਲ੍ਹਾਂ ਜਾਂ ਨਿੱਜੀ ਮਾਮਲਿਆਂ 'ਤੇ ਟਿੱਪਣੀਆਂ ਦੀ ਮਹਿਲਾਵਾਂ 'ਤੇ ਪਹਿਲੀ ਪ੍ਰਤੀਕਿਰਿਆ ਆਮ ਤੌਰ 'ਤੇ ਇਹ ਹੁੰਦੀ ਹੈ ਕਿ ਉਹ ਆਪਣਾ ਅਕਾਉਂਟ ਜਾਂ ਤਾਂ ਬੰਦ ਕਰ ਦਿੰਦੀਆਂ ਹਨ ਜਾਂ ਸੋਸ਼ਲ ਮੀਡੀਆ ਤੋਂ ਹੀ ਦੂਰ ਚਲੀਆਂ ਜਾਂਦੀਆਂ ਹਨ। ਇਹ ਇੱਕ ਤਰ੍ਹਾਂ ਦੀ ਗਾਲ੍ਹਾਂ ਕੱਢਣ ਵਾਲਿਆਂ ਦੀ ਜਿੱਤ ਹੈ, ਕਿਉਂਕਿ ਉਹ ਅਸਲ ਵਿੱਚ ਇਹੀ ਚਾਹੁੰਦੇ ਵੀ ਹਨ।

ਘਰੇਲੂ ਹਿੰਸਾ ਦਾ ਹਿੱਸਾ ਹੈ ਆਨਲਾਈਨ ਐਬਯੂਜ਼
ਸਾਈਬਰ ਬੁਲਿੰਗ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਮਹਿਲਾਵਾਂ ਦੀਆਂ ਤਸਵੀਰਾਂ ਨਾਲ ਛੇੜਛਾੜ, ਗਾਲ੍ਹਾਂ, ਧਮਕੀ, ਬਲੈਕਮੇਲਿੰਗ, ਫੇਕ ਪ੍ਰੋਫਾਈਲ ਬਣਾ ਕੇ ਇਤਰਾਜ਼ਯੋਗ ਪੋਸਟਾਂ ਪਾਉਣ ਤੋਂ ਲੈ ਕੇ ਸਪਾਈ ਕੈਮ ਨਾਲ ਉਤਾਰੀਆਂ ਗਈਆਂ ਤਸਵੀਰਾਂ ਤੇ ਵੀਡੀਓ ਨੂੰ ਵਾਇਰਲ ਕਰਨਾ ਅਤੇ ਗੰਦੇ ਮੈਸੇਜ ਤੱਕ ਸ਼ਾਮਲ ਹਨ। ਸਾਈਬਰ ਬੁਲਿੰਗ ਉਂਜ ਤਾਂ ਪੁਰਸ਼ਾਂ ਦੇ ਨਾਲ ਵੀ ਹੋ ਸਕਦੀ ਹੈ, ਪਰ ਮਹਿਲਾਵਾਂ ਦੇ ਨਾਲ ਇਹ ਜ਼ਿਆਦਾ ਹੁੰਦੀ ਹੈ।

ਹਾਲਾਂਕਿ ਆਨਲਾਈਨ ਹਿੰਸਾ ਤੇ ਐਬਯੂਜ਼ ਦਾ ਹਮੇਸ਼ਾ ਕੋਈ ਰਾਜਨੀਤਕ, ਧਾਰਮਿਕ ਜਾਂ ਜਾਤੀ ਪੱਖ ਨਹੀਂ ਹੁੰਦਾ। ਨਾ ਹੀ ਅਜਿਹਾ ਹੈ ਕਿ ਸਿਰਫ ਇਨ੍ਹਾਂ ਵਿਸ਼ਿਆਂ 'ਤੇ ਲਿਖਣ-ਬੋਲਣ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਵੂਮਨ ਐਡ ਦੀ ਚੀਫ ਐਗਜ਼ੀਕਿਊਟਿਵ ਪਾਲੀ ਨੇਤ ਮੁਤਾਬਕ, ਹੈਰਾਸਮੈਂਟ, ਸਾਈਬਰ ਬੁਲਿੰਗ ਅਤੇ ਰੀਅਲ ਲਾਈਫ ਵਿੱਚ ਮਹਿਲਾਵਾਂ ਖਿਲਾਫ ਹਿੰਸਾ ਵਿੱਚ ਇੱਕ ਸਬੰਧ ਹੈ। ਆਨਲਾਈਨ ਹੈਰਾਸਮੈਂਟ ਵੀ ਘਰੇਲੂ ਹਿੰਸਾ ਦੇ ਵੱਡੇ ਦਾਇਰੇ ਦਾ ਹੀ ਇੱਕ ਹਿੱਸਾ ਹੈ ਅਤੇ ਇਸ ਮਹਿਲਾ ਵਿਰੋਧੀ ਨਫਰਤ ਨੂੰ ਚੁਣੌਤੀ ਦੇਣ ਦੀ ਜ਼ਰੂਰਤ ਹੈ।

ਵੂਮਨ ਐਡ ਨੇ ਯੂਕੇ ਵਿੱਚ ਇੱਕ ਸਰਵੇ ਕੀਤਾ, ਜਿਸ ਵਿੱਚ ਪਾਇਆ ਗਿਆ ਕਿ 307 ਘਰੇਲੂ ਹਿੰਸਾ ਪੀੜਤਾਵਾਂ ਰਿਲੇਸ਼ਨਸ਼ਿਪ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੇ ਸਾਬਕਾ ਪਾਰਟਨਰ ਵੱਲੋਂ ਆਨਲਾਈਨ ਹੈਰਾਸ-ਐਬਯੂਜ਼ ਕੀਤੀਆਂ ਗਈਆਂ। 38 ਫੀਸਦੀ ਨੂੰ ਆਨਲਾਈਨ ਸਟਾਕ, ਮਤਲਬ ਪਿੱਛਾ ਕੀਤੀ ਗਿਆ, ਜਦਕਿ 45 ਫੀਸਦੀ ਮਾਮਲਿਆਂ ਵਿੱਚ ਮਹਿਲਾਵਾਂ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਪਾਰਟਨਰਸ ਵੱਲੋਂ ਐਬਯੂਜ਼ ਕੀਤੀਆਂ ਗਈਆਂ।

ਤਿੰਨ ਚੌਥਾਈ ਮਹਿਲਾਵਾਂ ਨੇ ਮੰਨਿਆ ਕਿ ਪੁਲਸ ਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾਵੇ। 12 ਫੀਸਦੀ ਮਹਿਲਾਵਾਂ ਨੇ ਪੁਲਸ ਨੂੰ ਰਿਪੋਰਟ ਕੀਤਾ, ਪਰ ਉਨ੍ਹਾਂ ਦੀ ਕੋਈ ਮਦਦ ਨਹੀਂ ਹੋ ਸਕੀ।

ਇਹ ਅੰਕੜਾ ਬਹੁਤ ਮਹੱਤਵਪੂਰਨ ਹੈ ਕਿ ਮਹਿਲਾਵਾਂ ਦੇ ਐਕਸ ਪਾਰਟਨਰ ਆਨਲਾਈਨ ਐਬਯੂਜ਼ ਅਤੇ ਸਾਈਬਰ ਬੁਲਿੰਗ ਵਿੱਚ ਅੱਗੇ ਹਨ। ਅਸਲ ਵਿੱਚ ਪਾਰਟਨਰਸ ਦੇ ਕੋਲ ਇੱਕ-ਦੂਜੇ ਦੇ ਕਈ ਡਿਜ਼ੀਟਲ ਫੁੱਲਪ੍ਰਿੰਟ ਰਹਿ ਜਾਂਦੇ ਹਨ। ਇਸ ਲਈ ਪੁਰਾਣੇ ਚੈਟ ਦੇ ਸਕ੍ਰੀਨ ਸ਼ਾਟ ਜਾਂ ਕਿਸੇ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਕਰਕੇ ਮਹਿਲਾਵਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ।

ਇਸ ਅਰਥ ਵਿੱਚ ਇਹ ਫੇਸਲੈਸ ਲੋਕਾਂ ਦੀ ਸਾਈਬਰ ਬੁਲਿੰਗ ਤੋਂ ਜ਼ਿਆਦਾ ਖਤਰਨਾਕ ਹੈ। ਫੇਸਲੈਸ ਲੋਕਾਂ ਦੀ ਅਣਦੇਖੀ ਕਰਨਾ ਸੌਖਾ ਹੈ, ਪਰ ਜਾਣ-ਪਛਾਣ ਵਾਲੇ ਲੋਕ ਨਿੱਜੀ ਜਾਣਕਾਰੀਆਂ ਜਨਤੱਕ ਕਰਕੇ ਜ਼ਿਆਦਾ ਨੁਕਸਾਨ ਕਰ ਸਕਦੇ ਹਨ।

ਐਮਨੇਸਟੀ ਇੰਟਰਨੈਸ਼ਨਲ ਨੇ ਮਹਿਲਾਵਾਂ ਦੇ ਹਿਊਮਨ ਰਾਈਟਸ ਤੇ ਖਤਰੇ ਨੂੰ ਇਨਵੈਸਟੀਗੇਟ ਕਰਨ ਲਈ 18 ਤੋਂ 55 ਸਾਲ ਦੀ ਉਮਰ ਦੀਆਂ 504 ਮਹਿਲਾਵਾਂ ਤੋਂ ਆਨਲਾਈਨ ਪੋਲ ਨਾਲ ਸਾਈਬਰ ਐਬਯੂਜ਼ ਬਾਰੇ ਪੁੱਛਿਆ। ਸਰਵੇ ਵਿੱਚ ਪਾਇਆ ਗਿਆ ਕਿ ਹਰ 5 ਵਿੱਚੋਂ 1 ਮਹਿਲਾ ਸੋਸ਼ਲ ਮੀਡੀਆ 'ਤੇ ਐਬਯੂਜ਼ ਤੋਂ ਪ੍ਰਭਾਵਿਤ ਹੈ। ਉੱਥੇ, 18-24 ਸਾਲ ਦੀ ਉਮਰ ਦੀਆਂ ਮਹਿਲਾਵਾਂ ਜ਼ਿਆਦਾ ਐਬਯੂਜ਼ ਦੀਆਂ ਸ਼ਿਕਾਰ ਹੋਈਆਂ।

ਇਸ ਉਮਰ ਵਰਗ ਵਿੱਚ 37 ਫੀਸਦੀ ਮਹਿਲਾਵਾਂ ਨੇ ਕਿਹਾ ਕਿ ਉਹ ਆਨਲਾਈਨ ਐਬਯੂਜ਼ ਅਤੇ ਹੈਰਾਸਮੈਂਟ ਦਾ ਸ਼ਿਕਾਰ ਹੋਈਆਂ ਹਨ। ਇਸ ਸਰਵੇ ਨਾਲ ਵੀ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਾਈਬਰ ਐਬਯੂਜ਼ ਕਰਨ ਵਾਲਿਆਂ ਵਿੱਚ ਜਾਣ-ਪਛਾਣ ਵਾਲੇ ਲੋਕਾਂ ਦੀ ਗਿਣਤੀ 27 ਫੀਸਦੀ ਹੈ।

ਸਾਈਬਰ ਬੁਲਿੰਗ ਕਿਸੇ ਮਹਿਲਾ ਨੂੰ ਨਾ ਸਿਰਫ ਮਾਨਸਿਕ ਤੌਰ 'ਤੇ ਤੋੜ ਸਕਦੀ ਹੈ, ਸਗੋਂ ਉਸਨੂੰ ਸਰੀਰਕ ਅਤੇ ਆਰਥਿਕ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਬਾਰੇ ਕੀਤੇ ਗਏ ਸਰਵੇ ਦਾ ਨਤੀਜਾ ਹੈ ਕਿ ਐਬਯੂਜ਼ ਕਾਰਨ ਮਨੋਵਿਗਿਆਨਕ ਵੇਲ ਬੀਇੰਗ 'ਤੇ ਅਸਰ ਪੈਂਦਾ ਹੈ। ਐਮਨੇਸਟੀ ਦੇ ਸਰਵੇ ਵਿੱਚ ਤਾਂ ਇੱਕ-ਤਿਹਾਈ ਮਹਿਲਾਵਾਂ ਨੇ ਦੱਸਿਆ ਕਿ ਸਾਈਬਰ ਬੁਲਿੰਗ ਕਾਰਨ ਉਹ ਆਪਣੀ ਸੁਰੱਖਿਆ ਨੂੰ ਖਤਰਾ ਮਹਿਸੂਸ ਕਰਦੀਆਂ ਹਨ।

ਅੱਧੀ ਤੋਂ ਜ਼ਿਆਦਾ ਮਹਿਲਾਵਾਂ ਨੇ ਤਣਾਅ, ਡਿਪ੍ਰੈਸ਼ਨ ਤੇ ਅਚਾਨਕ ਡਰ ਜਾਣ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਲਗਭਗ ਦੋ-ਤਿਹਾਈ ਮਹਿਲਾਵਾਂ ਨੇ ਨੀਂਦ ਨਾ ਆਉਣ ਦੀ ਸ਼ਿਕਾਇਤ ਕੀਤੀ। ਸਰਵੇ ਵਿੱਚ ਸ਼ਾਮਲ ਹਰ 5 ਵਿੱਚੋਂ 1 ਮਹਿਲਾ ਨੂੰ ਲਗਦਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਨੌਕਰੀ 'ਤੇ ਮਾੜਾ ਅਸਰ ਪਿਆ ਹੈ।

ਕਾਨੂੰਨ ਮਦਦਗਾਰ ਕਿਊਂ ਨਹੀਂ?
ਸਾਈਬਰ ਕ੍ਰਾਈਮ ਨਵੇਂ ਜ਼ਮਾਨੇ ਦਾ ਅਪਰਾਧ ਹੈ ਅਤੇ ਸਾਡੀ ਪੁਲਸ, ਜਾਂਚ ਏਜੰਸੀਆਂ ਅਤੇ ਨਿਆਂਇਕ ਸੰਸਥਾਵਾਂ ਇਨ੍ਹਾਂ ਨੂੰ ਨਜਿੱਠਣ ਲਈ ਤਿਆਰ ਨਹੀਂ ਹਨ। ਆਈਟੀ ਐਕਟ ਦੀ ਧਾਰਾ 66ਏ ਤਹਿਤ ਸਾਈਬਰ ਬੁਲਿੰਗ ਖਿਲਾਫ ਕਾਰਵਾਈ ਸੰਭਵ ਸੀ, ਪਰ ਇਹ ਧਾਰਾ ਇੰਨੀ ਢਿੱਲੀ ਸੀ ਕਿ ਇਸਦੇ ਦਾਇਰੇ ਵਿੱਚ ਆਉਣ ਨਾਲ ਵਿਚਾਰ ਰੱਖਣ ਦੀ ਆਜ਼ਾਦੀ ਪ੍ਰਭਾਵਿਤ ਹੋ ਰਹੀ ਸੀ। ਇਸ ਲਈ ਇਸ ਧਾਰਾ ਨੂੰ ਹਟਾ ਦਿੱਤਾ ਗਿਆ ਹੈ।

ਅਜੇ ਅਜਿਹੇ ਮਾਮਲੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਨਜਿੱਠੇ ਜਾ ਰਹੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਮਹਿਲਾਵਾਂ ਦੇ ਅਸ਼ਲੀਲ ਚਰਿੱਤਰ ਨੂੰ ਪੇਸ਼ ਕਰਨ ਨਾਲ ਸਬੰਧਤ 1986 ਦੇ ਕਾਨੂੰਨ ਵਿੱਚ ਸੋਧ ਕਰਨ ਲਈ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਸੋਸ਼ਲ ਮੀਡੀਆ ਅਤੇ ਸਬਸਕ੍ਰਿਪਸ਼ਨ ਰਾਹੀਂ ਇੰਟਰਨੈੱਟ 'ਤੇ ਦੇਖੀ ਜਾਣ ਵਾਲੀ ਸਮੱਗਰੀ ਨੂੰ ਵੀ ਸ਼ਾਮਲ ਕੀਤਾ ਜਾਣਾ ਹੈ। ਪ੍ਰਸਤਾਵਿਤ ਕਾਨੂੰਨ ਵਿੱਚ 2 ਲੱਖ ਰੁਪਏ ਜੁਰਮਾਨੇ ਅਤੇ 3 ਸਾਲ ਕੈਦ ਦੀ ਵਿਵਸਥਾ ਹੈ। ਜੇਕਰ ਅਜਿਹਾ ਹੋਇਆ ਤਾਂ ਕਾਨੂੰਨੀ ਏਜੰਸੀਆਂ ਨੂੰ ਮਹਿਲਾਵਾਂ ਖਿਲਾਫ ਹੋਣ ਵਾਲੇ ਆਨਲਾਈਨ ਅੱਤਿਆਚਾਰ ਨੂੰ ਰੋਕਣ ਦਾ ਇੱਕ ਨਵਾਂ ਜ਼ਰੀਆ ਮਿਲ ਜਾਵੇਗਾ।
-ਗੀਤਾ ਯਾਦਵ
(ਲੇਖਿਕਾ ਭਾਰਤੀ ਸੂਚਨਾ ਸੇਵਾ ਵਿੱਚ ਅਧਿਕਾਰੀ ਹਨ)

Comments

Leave a Reply