Fri,Feb 22,2019 | 10:45:29am
HEADLINES:

editorial

ਸ਼ੋਸ਼ਿਤ ਸਮਾਜ ਦੇ ਅੰਦੋਲਨਾਂ ਪਿੱਛੇ ਸੋਸ਼ਲ ਮੀਡੀਆ ਦਾ ਕੁਨੈਕਸ਼ਨ

ਸ਼ੋਸ਼ਿਤ ਸਮਾਜ ਦੇ ਅੰਦੋਲਨਾਂ ਪਿੱਛੇ ਸੋਸ਼ਲ ਮੀਡੀਆ ਦਾ ਕੁਨੈਕਸ਼ਨ

ਭਾਰਤ 'ਚ ਪਿਛਲੇ ਕੁਝ ਸਾਲਾਂ ਤੋਂ ਅਨੁਸੂਚਿਤ ਜਾਤੀ (ਐੱਸਸੀ) ਦੇ ਲੋਕ ਅੱਗੇ ਆ ਕੇ ਅੰਦੋਲਨ ਕਰ ਰਹੇ ਹਨ। ਉਨ੍ਹਾਂ 'ਚ ਗੁੱਸਾ ਕਈ ਕਾਰਨਾਂ ਨਾਲ ਹੈ। ਇਹ ਗੁੱਸਾ ਹੁਣ ਸੜਕਾਂ 'ਤੇ ਨਜ਼ਰ ਆ ਰਿਹਾ ਹੈ ਅਤੇ ਸ਼ਹਿਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਲੱਗਾ ਹੈ। ਮੁੰਬਈ ਦੇ ਲੋਕਾਂ ਨੇ ਹਾਲ ਹੀ 'ਚ ਭੀਮਾ ਕੋਰੇਗਾਓਂ ਘਟਨਾ ਦੌਰਾਨ ਇਸਨੂੰ ਮਹਿਸੂਸ ਕੀਤਾ।
 
ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਪੀਐੱਚਡੀ ਸਕਾਲਰ ਰੋਹਿਤ ਵੇਮੂਲਾ ਦੀ ਖੁਦਕੁਸ਼ੀ, ਜਿਸਨੂੰ ਸੰਸਥਾਨਕ ਹੱਤਿਆ ਵੀ ਕਿਹਾ ਜਾ ਰਿਹਾ ਹੈ, ਦੇ ਬਾਅਦ ਤੋਂ ਪੂਰੇ ਦੇਸ਼ ਵਿੱਚ ਅੰਦੋਲਨ ਖੜਾ ਹੋ ਗਿਆ ਅਤੇ ਲੋਕ ਸੜਕਾਂ 'ਤੇ ਆ ਗਏ। ਨਵੀਂ ਦਲਿਤ ਚੇਤਨਾ ਦੇ ਉਭਾਰ ਦਾ ਇਹ ਪਹਿਲਾ ਮੌਕਾ ਸੀ। ਇਸ ਅੰਦੋਲਨ ਦਾ ਅਸਰ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਦੀ ਮੰਤਰਾਲੇ ਤੋਂ ਵਿਦਾਇਗੀ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ।
 
ਇਸਦੇ ਬਾਅਦ ਤਾਂ ਮੰਨੋ ਦਲਿਤਾਂ ਦੇ ਅੰਦੋਲਨਾਂ ਦਾ ਹੜ੍ਹ ਜਿਹਾ ਆ ਗਿਆ। ਰਾਜਸਥਾਨ ਦੀ ਦਲਿਤ ਵਿਦਿਆਰਥਣ ਡੇਲਟਾ ਮੇਘਵਾਲ ਦੀ ਲਾਸ਼ ਜਦੋਂ ਰਾਜਸਥਾਨ ਦੇ ਬੀਕਾਨੇਰ ਵਿੱਚ ਹਾਸਟਲ ਦੇ ਪਾਣੀ ਵਾਲੇ ਟੈਂਕ ਵਿੱਚ ਮਿਲੀ ਤਾਂ ਅਜਿਹਾ ਹੀ ਇੱਕ ਹੋਰ ਅੰਦੋਲਨ ਖੜਾ ਹੋ ਗਿਆ। ਸਰਕਾਰ ਨੂੰ ਅਖੀਰ ਵਿੱਚ ਸੀਬੀਆਈ ਜਾਂਚ ਦਾ ਆਦੇਸ਼ ਦੇਣਾ ਪਿਆ। ਇਸ ਤੋਂ ਬਾਅਦ ਊਨਾ ਵਿੱਚ ਮਰੀ ਗਾਂ ਦੀ ਖੱਲ ਉਤਾਰ ਰਹੇ ਦਲਿਤਾਂ ਨਾਲ ਕੁੱਟਮਾਰ ਦਾ ਵੀਡੀਓ ਜਦੋਂ ਵਾਇਰਲ ਹੋਇਆ ਤਾਂ ਇਸਦੀ ਪ੍ਰਤੀਕਿਰਿਆ ਵਿੱਚ ਗੁਜਰਾਤ ਅਤੇ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ।
 
ਆਖਰ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਜਾਣਾ ਪਿਆ। ਭੀਮਾ ਕੋਰੇਗਾਓਂ ਘਟਨਾ ਨੂੰ ਲੈ ਕੇ ਵੀ ਦਲਿਤਾਂ ਨੇ ਅੰਦੋਲਨ ਕੀਤਾ। ਇਸ ਤੋਂ ਇਲਾਵਾ ਛੋਟੇ ਅੰਦੋਲਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਕੀ ਇਹ ਸੱਚ ਵਿੱਚ 'ਮਿਲੀਅਨ ਮਿਊਨਿਟੀਜ਼', ਮਤਲਬ ਲੱਖਾਂ ਵਿਦਰੋਹ ਦਾ ਸਮਾਂ ਹੈ? ਸ਼ਾਇਦ ਹਾਂ ਜਾਂ ਸ਼ਾਇਦ ਨਹੀਂ, ਪਰ ਇੰਨਾ ਤੈਅ ਹੈ ਕਿ ਭਾਰਤ ਦੇ ਦਲਿਤਾਂ 'ਚ ਰੋਸ ਹੈ ਅਤੇ ਉਹ ਆਪਣਾ ਰੋਸ ਪ੍ਰਗਟ ਵੀ ਕਰ ਰਹੇ ਹਨ।
 
ਇਨ੍ਹਾਂ ਸਾਰੇ ਅੰਦੋਲਨਾਂ ਵਿੱਚ ਇੱਕ ਗੱਲ ਧਿਆਨ ਦੇਣ ਯੋਗ ਹੈ। ਇਨ੍ਹਾਂ ਵਿੱਚ ਹਰ ਅੰਦੋਲਨ ਅੱਤਿਆਚਾਰ ਦੀ ਕਿਸੇ ਘਟਨਾ ਤੋਂ ਬਾਅਦ ਖੁਦ ਹੀ ਉਭਰਿਆ। ਕਿਸੇ ਦੇ ਪਿੱਛੇ ਕੋਈ ਯੋਜਨਾ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਸੰਗਠਨ ਸੀ, ਜੋ ਇਨ੍ਹਾਂ ਅੰਦੋਲਨਾਂ ਨੂੰ ਸੂਬਾ ਪੱਧਰੀ ਜਾਂ ਰਾਸ਼ਟਰ ਪੱਧਰੀ ਰੂਪ ਦਿੰਦਾ। ਫਿਰ ਅਜਿਹਾ ਕੀ ਹੋਇਆ ਕਿ ਰੋਹਿਤ ਵੇਮੂਲਾ ਦੀ ਲਾਸ਼ ਮਿਲਣ ਦੇ ਅਗਲੇ ਦਿਨ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੜਤਾਲ ਹੋ ਜਾਂਦੀ ਹੈ ਅਤੇ ਸੈਂਕੜੇ ਵਿਦਿਆਰਥੀ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਅੱਗੇ ਪ੍ਰਦਰਸ਼ਨ ਲਈ ਇਕੱਠੇ ਹੋ ਜਾਂਦੇ ਹਨ? ਜਾਂ ਅਜਿਹਾ ਕਿਹੜਾ ਸੂਤਰ ਹੈ, ਜਿਸਦੇ ਆਧਾਰ 'ਤੇ ਇਹ ਸਮਝਿਆ ਜਾ ਸਕੇ ਕਿ ਰਾਜਸਥਾਨ ਵਿੱਚ ਡੇਲਟਾ ਮੇਘਵਾਲ ਦੀ ਲਾਸ਼ ਮਿਲਣ ਦੇ ਅਗਲੇ ਦਿਨ ਬੇਂਗਲੁਰੂ ਦੇ ਟਾਊਨ ਹਾਲ 'ਤੇ ਲੋਕ ਕਿਉਂ ਇਕੱਠੇ ਹੋ ਜਾਂਦੇ ਹਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਕਰਦੇ ਹਨ।
 
ਇਹ ਸਭ ਕੁਝ ਊਨਾ ਕਾਂਡ ਤੋਂ ਬਾਅਦ ਹੋਇਆ ਅਤੇ ਭੀਮਾ ਕੋਰੇਗਾਓਂ ਦੀ ਘਟਨਾ ਤੋਂ ਬਾਅਦ ਵੀ। ਇਨ੍ਹਾਂ ਘਟਨਾਵਾਂ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਦਲਿਤਾਂ ਦੇ ਰੋਸ ਨੂੰ ਪੂਰੇ ਭਾਰਤ 'ਚ ਸਮਰਥਨ ਪ੍ਰਾਪਤ ਕਰਨ ਵਿੱਚ ਹੁਣ ਸਮਾਂ ਨਹੀਂ ਲਗਦਾ। ਕਈ ਵਾਰ ਕੁਝ ਘੰਟਿਆਂ ਵਿੱਚ ਹੋ ਰਿਹਾ ਹੈ।
 
ਸਵਾਲ ਉੱਠਦਾ ਹੈ ਕਿ ਜਦ ਇਨ੍ਹਾਂ ਅੰਦੋਲਨਾਂ ਦੇ ਪਿੱਛੇ ਕੋਈ ਰਾਸ਼ਟਰੀ ਜਾਂ ਸੂਬਾ ਪੱਧਰ ਦਾ ਸੰਗਠਨ ਨਹੀਂ ਹੈ ਤਾਂ ਕਿਸਦੇ ਕਹਿਣ ਜਾਂ ਕਰਨ ਨਾਲ ਇਹ ਅੰਦੋਲਨ ਇਸ ਤਰ੍ਹਾਂ ਦਾ ਵਿਸਤਾਰ ਹਾਸਲ ਕਰ ਰਹੇ ਹਨ? ਦਲਿਤ ਅੱਤਿਆਚਾਰ ਇਸ ਦੇਸ਼ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਦਲਿਤਾਂ ਦੇ ਵੱਡੇ-ਵੱਡੇ ਨਰਸੰਹਾਰ ਇਸ ਦੇਸ਼ ਵਿੱਚ ਹੋਏ ਹਨ। ਦਲਿਤਾਂ ਨੂੰ ਮਾਰ ਕੇ ਸੁੱਟ ਦੇਣ ਜਾਂ ਉਨ੍ਹਾਂ ਦੇ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਹੁਣ ਜਿਹੜੀ ਨਵੀਂ ਚੀਜ਼ ਹੋਈ ਹੈ, ਉਹ ਹੈ ਦਲਿਤਾਂ ਵੱਲੋਂ ਹੋ ਰਹੇ ਜਵਾਬੀ ਅੰਦੋਲਨ। ਇਨ੍ਹਾਂ ਅੰਦੋਲਨਾਂ ਰਾਹੀਂ ਦਲਿਤ ਇਹ ਕਹਿ ਰਹੇ ਹਨ ਕਿ ਸਭ ਕੁਝ ਹੁਣ ਪਹਿਲਾਂ ਵਾਂਗ ਨਹੀਂ ਚੱਲੇਗਾ।
 
ਇਹ ਦਲਿਤਾਂ ਦੇ ਅੰਦਰ ਮਨੁੱਖੀ ਸਨਮਾਨ ਦਾ ਮਾਮਲਾ ਹੈ। ਇਹ ਉਨ੍ਹਾਂ ਦੇ ਨਾਗਰਿਕ ਬਣਨ ਦਾ ਮਾਮਲਾ ਹੈ। ਸਵਾਲ ਇਹ ਹੈ ਕਿ ਅੰਦੋਲਨ ਦੀ ਇਹ ਚੇਤਨਾ ਲੋਕਾਂ ਵਿਚਕਾਰ ਫੈਲ ਕਿਵੇਂ ਰਹੀ ਹੈ? ਖਾਸ ਤੌਰ 'ਤੇ ਉਦੋਂ, ਜਦੋਂ ਮੇਨਸਟ੍ਰੀਮ ਮੀਡੀਆ ਆਮ ਤੌਰ 'ਤੇ ਦਲਿਤਾਂ ਦੀਆਂ ਖਬਰਾਂ ਦੀ ਅਣਦੇਖੀ ਕਰਦਾ ਹੈ ਜਾਂ ਫਿਰ ਉਨ੍ਹਾਂ ਦੇ ਪੱਖ ਤੋਂ ਖਬਰਾਂ ਨਹੀਂ ਦਿੰਦਾ।
 
ਅਸਲ ਵਿੱਚ ਸੂਚਨਾ ਤਕਨਾਲੋਜੀ ਨੇ ਇਨ੍ਹਾਂ ਸਾਰਿਆਂ 'ਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਪਿਛਲੇ 10 ਸਾਲ ਵਿੱਚ ਕਰੀਬ ਹਰ ਪਿੰਡ-ਕਸਬੇ ਤੱਕ ਹਰ ਹੱਥ ਵਿੱਚ ਮੋਬਾਈਲ ਫੋਨ ਪਹੁੰਚ ਗਿਆ ਹੈ। ਮਤਲਬ, ਲੋਕਾਂ ਕੋਲ ਸੂਚਨਾ, ਦੁੱਖ-ਦਰਦ, ਖੁਸ਼ੀ ਆਦਿ ਨੂੰ ਵੰਡਣ ਦਾ ਸਾਧਨ ਆ ਗਿਆ ਹੈ। ਭਾਰਤ ਵਿੱਚ ਮੋਬਾਈਲ ਕੁਨੈਕਸ਼ਨ ਦੀ ਗਿਣਤੀ 100 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। ਮੋਬਾਈਲ ਨੇ ਲੱਖਾਂ ਪਿੰਡਾਂ ਤੇ ਹਜ਼ਾਰਾਂ ਸ਼ਹਿਰਾਂ ਵਿੱਚ ਖਿੱਲਰੇ ਦਲਿਤਾਂ ਦੇ ਦਰਦ ਨੂੰ ਸਾਂਝਾ ਮੰਚ ਦੇ ਦਿੱਤਾ ਹੈ।
 
ਪਿਛਲੇ 10 ਸਾਲ ਅੰਦਰ ਭਾਰਤ ਵਿੱਚ ਸਮਾਰਟਫੋਨ ਦਾ ਟ੍ਰੈਂਡ ਤੇਜ਼ੀ ਨਾਲ ਵਧਿਆ ਹੈ ਅਤੇ ਇਸਦੇ ਨਾਲ ਹੀ ਕਰੋੜਾਂ ਲੋਕ ਫੇਸਬੁੱਕ ਅਤੇ ਵ੍ਹਾਟਸਐਪ ਨਾਲ ਜੁੜ ਗਏ ਹਨ। ਭਾਰਤ ਵਿੱਚ ਇਸ ਸਾਲ ਦੀ ਸ਼ੁਰੂਆਤ ਵਿੱਚ 42.9 ਕਰੋੜ ਇੰਟਰਨੈੱਟ ਕੁਨੈਕਸ਼ਨ ਸਨ। ਇਹ ਗਿਣਤੀ ਵਧ ਰਹੀ ਹੈ। ਇਨ੍ਹਾਂ ਲੋਕਾਂ ਦਾ ਬਹੁਤ ਵੱਡਾ ਹਿੱਸਾ ਸੋਸ਼ਲ ਮੀਡੀਆ ਨਾਲ ਜੁੜਿਆ ਹੈ। ਭਾਰਤ ਵਿੱਚ ਜ਼ਿਆਦਾਤਰ ਲੋਕ ਸਮਾਰਟਫੋਨ 'ਤੇ ਇੰਟਰਨੈੱਟ ਅਕਸੈੱਸ ਕਰਦੇ ਹਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ਵਿੱਚ ਕਰੀਬ 30 ਕਰੋੜ ਸਮਾਰਟਫੋਨ ਹਨ। ਸਾਫ ਹੈ ਕਿ ਇਹ ਗਿਣਤੀ ਵੀ ਵਧਣ ਹੀ ਵਾਲੀ ਹੈ।
 
ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਸੋਸ਼ਲ ਮੀਡੀਆ ਛੋਟੇ ਪੱਧਰ 'ਤੇ ਕਮਿਊਨਿਟੀ ਬਿਲਡਿੰਗ ਅਤੇ ਆਪਸੀ ਗੱਲਾਂ ਸ਼ੇਅਰ ਕਰਨ ਦਾ ਜ਼ਰੀਆ ਹੈ, ਪਰ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਵਿੱਚ ਸੋਸ਼ਲ ਮੀਡੀਆ ਨੇ ਰਾਜਨੀਤਕ ਵਿਚਾਰਾਂ ਅਤੇ ਰਾਜਨੀਤਕ ਸਵਾਲਾਂ ਵਿੱਚ ਦਖਲ ਦਿੱਤਾ ਹੈ।
 
ਦਲਿਤਾਂ ਦੇ ਹਜ਼ਾਰਾਂ ਵ੍ਹਾਟਸਐਪ ਗਰੁੱਪ ਲਗਾਤਾਰ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ। ਇਹ ਜਾਣਕਾਰੀਆਂ ਸਹੀ ਵੀ ਹੋ ਸਕਦੀਆਂ ਹਨ ਅਤੇ ਗਲਤ ਵੀ, ਪਰ ਜਾਣਕਾਰੀਆਂ ਦਾ ਗਲਤ ਹੋਣਾ ਵਰਚੂਅਲ ਮੀਡੀਆ ਦੀ ਸਮੱਸਿਆ ਹੈ ਅਤੇ ਦਲਿਤਾਂ ਦੇ ਗਰੁੱਪ ਦੇ ਨਾਲ ਵੀ ਜੇਕਰ ਇਹ ਸਮੱਸਿਆ ਹੈ ਤਾਂ ਕੋਈ ਅਣਹੋਣੀ ਵਾਲੀ ਗੱਲ ਨਹੀਂ ਹੈ। 
 
ਫੇਸਬੁੱਕ 'ਤੇ ਦਲਿਤਾਂ ਤੇ ਬਹੁਜਨਾਂ ਦੇ ਸੈਂਕੜੇ ਗਰੁੱਪ ਹਨ, ਜਿਨ੍ਹਾਂ ਦੀ ਗਿਣਤੀ ਇੱਕ ਲੱਖ ਤੋਂ ਜ਼ਿਆਦਾ ਹੈ। ਕਈ ਦਲਿਤ ਐਕਟੀਵਿਸਟ ਦੇ ਹਜ਼ਾਰਾਂ ਤੇ ਲੱਖਾਂ ਫਾਲੋਅਰਸ ਹਨ। ਦਲਿਤਾਂ ਦੇ ਸੋਸ਼ਲ ਮੀਡੀਆ ਤੇ ਸਰਗਰਮ ਹੋਣ ਨਾਲ ਉਨ੍ਹਾਂ ਦੇ ਅੰਦਰ ਗਰੁੱਪ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਜਿਹੜਾ ਦੁੱਖ ਪਹਿਲਾਂ ਕਿਸੇ ਇੱਕਲੇ ਦਾ ਦੁੱਖ ਹੁੰਦਾ ਸੀ, ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਤਾਂ ਹਜ਼ਾਰਾਂ ਤੇ ਸ਼ਾਇਦ ਲੱਖਾਂ ਲੋਕਾਂ ਦਾ ਦੁੱਖ ਹੈ।
 
ਉਸੇ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਹ ਜਿਨ੍ਹਾਂ ਸਮਾਜ ਸੁਧਾਰਕਾਂ ਦੀ ਜੈਯੰਤੀ ਦਾ ਜਸ਼ਨ ਇਕੱਲੇ ਮਨਾਉਂਦੇ ਹਨ, ਉਹ ਜਸ਼ਨ ਤਾਂ ਲੱਖਾਂ ਲੋਕ ਮਨਾਉਂਦੇ ਹਨ। ਸਾਂਝਾ ਦੁੱਖ ਅਤੇ ਸਾਂਝਾ ਸੁੱਖ ਅਤੇ ਸਾਂਝੇ ਸੁਪਨਿਆਂ ਨੇ ਉਸ ਵਰਗ ਨੂੰ ਆਪਸ ਵਿੱਚ ਜੋੜ ਦਿੱਤਾ ਹੈ, ਜਿਨ੍ਹਾਂ ਕੋਲ ਪਹਿਲਾਂ ਇਕੱਠੇ ਹੋਣ ਲਈ ਸਾਧਨ ਨਹੀਂ ਸਨ।

ਸੋਸ਼ਲ ਮੀਡੀਆ ਪ੍ਰਯੋਗ ਕਰਨ ਵਾਲੇ ਮਜ਼ਬੂਤ ਹੋਣਗੇ
ਇਹ ਮੰਨਿਆ ਜਾ ਸਕਦਾ ਹੈ ਕਿ ਪਹਿਲੇ ਪੜਾਅ ਵਿੱਚ ਸ਼ਹਿਰੀ, ਇਲੀਟ ਤੇ ਭਾਰਤੀ ਸਮਾਜ ਦੇ ਅੱਗੇ ਵਧੇ ਹੋਏ ਹਿੱਸੇ ਨੇ ਮੋਬਾਈਲ ਫੋਨ ਅਤੇ ਇੰਟਰਨੈੱਟ ਨੂੰ ਅਪਣਾਇਆ। ਹੁਣ ਇਸ ਵਰਗ ਦਾ ਸੂਚਨਾ ਟੈਕਨੋਲਾਜੀ ਨਾਲ ਜੁੜਨਾ ਕਾਫੀ ਹੱਦ ਤੱਕ ਪੂਰਾ ਹੋ ਚੁੱਕਾ ਹੈ। ਆਉਣ ਵਾਲੇ ਸਮੇਂ ਵਿੱਚ ਜੇਕਰ ਇਨਫਾਰਮੇਸ਼ਨ ਟੈਕਨੋਲਾਜੀ ਦਾ ਵਿਸਤਾਰ ਹੁੰਦਾ ਹੈ ਤਾਂ ਇਹ ਵਿਸਤਾਰ ਪਿੰਡਾਂ ਅਤੇ ਕਸਬਿਆਂ ਵਿੱਚ ਅਤੇ ਨਾਲ ਹੀ ਵਾਂਝੇ ਵਰਗਾਂ ਵਿਚਕਾਰ ਹੋਵੇਗਾ।
 
ਬਾਜ਼ਾਰ ਦਾ ਹਿੱਤ ਇਨਫਾਰਮੇਸ਼ਨ ਟੈਕਨੋਲਾਜੀ ਦੇ ਵਿਸਤਾਰ ਵਿੱਚ ਹੈ। ਇਸ ਲਈ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਈ ਹੋਰ ਲੋਕ ਆਉਣ ਵਾਲੇ ਦਿਨਾਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਨਾਲ ਜੁੜਨਗੇ ਅਤੇ ਸੋਸ਼ਲ ਮੀਡੀਆ ਦਾ ਬੇਸ ਤੇਜ਼ੀ ਨਾਲ ਵਧੇਗਾ। ਬਾਜ਼ਾਰ ਅਤੇ ਪਰੰਪਰਾ ਦੀ ਇਸ ਜੰਗ ਵਿੱਚ ਬਾਜ਼ਾਰ ਅੱਗੇ ਰਹੇਗਾ। ਬਾਜ਼ਾਰ ਵਿੱਚ ਉਂਝ ਵੀ ਲਚੀਲਾਪਨ ਹੈ ਅਤੇ ਜ਼ਰੂਰਤ ਪੈਣ 'ਤੇ ਉਹ ਪਰੰਪਰਾ ਨੂੰ ਖਰੀਦ ਲਵੇਗਾ। ਅਜਿਹੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਵਾਲੇ ਵਰਗ ਮਜ਼ਬੂਤ ਹੋਣਗੇ ਅਤੇ ਉਨ੍ਹਾਂ ਦੀ ਚੇਤਨਾ ਨੂੰ ਵੀ ਨਵੀਂ ਤੇ ਮਜ਼ਬੂਤ ਆਵਾਜ਼ ਮਿਲੇਗੀ। ਹਾਲ ਹੀ ਦੀਆਂ ਘਟਨਾਵਾਂ ਵਿੱਚ ਇਸਦੇ ਲੱਛਣ ਦਿਖਾਈ ਦੇ ਰਹੇ ਹਨ।

 

Comments

Leave a Reply