Wed,Oct 16,2019 | 11:03:58am
HEADLINES:

editorial

ਸਤਿਗੁਰੂ ਕਬੀਰ ਜੀ ਨੇ ਅੰਧਵਿਸ਼ਵਾਸ ਖ਼ਿਲਾਫ ਆਵਾਜ਼ ਬੁਲੰਦ ਕਰਕੇ ਸਮਾਜ ਨੂੰ ਦਿੱਤੀ ਸਹੀ ਦਿਸ਼ਾ

ਸਤਿਗੁਰੂ ਕਬੀਰ ਜੀ ਨੇ ਅੰਧਵਿਸ਼ਵਾਸ ਖ਼ਿਲਾਫ ਆਵਾਜ਼ ਬੁਲੰਦ ਕਰਕੇ ਸਮਾਜ ਨੂੰ ਦਿੱਤੀ ਸਹੀ ਦਿਸ਼ਾ

ਸਤਿਗੁਰੂ ਕਬੀਰ ਜੀ ਆਪਣੇ ਸਮੇਂ ਦੇ ਮਹਾਨ ਦਾਰਸ਼ਨਿਕ ਤੇ ਇਨਕਲਾਬੀ ਮਹਾਪੁਰਖ ਹੋਏ। ਉਨ੍ਹਾਂ ਨੇ ਆਪਣੀ ਵਿਚਾਰਧਾਰਾ ਦੇ ਪ੍ਰਭਾਵ ਸਦਕਾ ਭਾਰਤੀ ਸਮਾਜ, ਭਾਰਤ ਦੀ ਦੁਖੀ, ਪੀੜਤ ਤੇ ਜ਼ੁਲਮਾਂ ਦੀ ਸ਼ਿਕਾਰ, ਲਤਾੜੀ ਅਤੇ ਸਤਾਈ ਹੋਈ ਜਨਤਾ ਨੂੰ ਇਕ ਨਵਾਂ ਜੀਵਨ-ਦਰਸ਼ਨ ਤੇ ਜੀਵਨ ਸੁਨੇਹਾ ਦਿੱਤਾ। ਉਨ੍ਹਾਂ ਨੇ ਸਮਾਨਤਾ, ਸੁਤੰਤਰਤਾ ਤੇ ਭਾਈਚਾਰਕ ਏਕਤਾ 'ਤੇ ਜ਼ੋਰ ਦਿੱਤਾ ਅਤੇ ਸ਼ੋਸ਼ਿਤ ਸਮਾਜ ਨੂੰ ਨਵਾਂ ਮਾਰਗ ਦਰਸਾਇਆ।

ਸਤਿਗੁਰੂ ਕਬੀਰ ਜੀ ਨੇ ਅਖੌਤੀ ਧਰਮ ਅਚਾਰੀਆਂ ਅਤੇ ਮੁੱਲਾਂ ਮੌਲਾਣਿਆਂ ਵਲੋਂ ਫੈਲਾਈ ਜਾ ਰਹੀ ਆਪਸੀ ਨਫਰਤ, ਵੈਰ ਵਿਰੋਧ, ਈਰਖਾ, ਧਾਰਮਿਕ ਆਡੰਬਰ ਤੇ ਮਾਨਵ ਵਿਰੋਧੀ ਭ੍ਰਾਂਤੀਆਂ ਵਿਰੁੱਧ ਵਿਦਰੋਹ ਕੀਤਾ। 

ਸਤਿਗੁਰੂ ਕਬੀਰ ਜੀ ਸਮਾਨਤਾ ਆਧਾਰਤ ਭਾਰਤੀ ਸਮਾਜ ਦੀ ਸਿਰਜਣਾ ਲੋਚਦੇ ਸਨ। ਉਹ ਇੱਕ ਨਿਧੜਕ ਯੋਧੇ ਸਨ, ਜਿਨ੍ਹਾਂ ਨੇ ਮਾਨਵੀ ਦਮਨ ਤੇ ਅਪਮਾਨ ਵਿਰੁੱਧ ਰੋਹ ਭਰੀ ਆਵਾਜ ਬੁਲੰਦ ਕੀਤੀ।

ਕਬੀਰ ਜੀ ਨੇ ਭਾਰਤੀ ਸਮਾਜ ਵਿੱਚ ਰੀਤਾਂ-ਰਸਮਾਂ, ਰੂੜ੍ਹੀਆਂ, ਧਾਰਮਿਕ ਵਿਸ਼ਵਾਸਾਂ ਅਤੇ ਪੂਜਾ ਵਿਧੀਆਂ ਸਬੰਧੀ ਬੜੀ ਹੀ ਬੇਬਾਕੀ, ਸਪੱਸ਼ਟਤਾ ਅਤੇ ਤਰਕਸ਼ੀਲਤਾ ਅਧੀਨ ਅਜਿਹੇ ਬਾਗੀ ਸੁਰ ਵਿੱਚ ਆਪਣੇ ਵਿਚਾਰ ਰੱਖੇ ਕਿ ਸਮਕਾਲੀ ਪ੍ਰੋਹਿਤਵਾਦ ਵਲੋਂ ਬੁਣਿਆ ਗਿਆ ਤਾਣਾ ਬਾਣਾ ਲੀਰੋ ਲੀਰ ਹੋ ਗਿਆ। ਕਬੀਰ ਜੀ ਆਪਣੇ ਬਾਹੂਬਲ 'ਤੇ ਜਿਊਣ ਦਾ ਉਪਦੇਸ਼ ਦਿੰਦੇ ਹਨ। ਦੂਸਰੇ ਤੋਂ ਰੱਖੀਆਂ ਉਮੀਦਾਂ ਨੂੰ ਤਿਆਗਣ ਦਾ ਸੰਦੇਸ਼ ਦਿੰਦੇ ਹਨ। 

ਸਤਿਗੁਰੂ ਕਬੀਰ ਜੀ ਨੇ ਪੱਥਰਾਂ ਦੀਆਂ ਮੂਰਤੀਆਂ ਘੜ ਕੇ, ਇਨ੍ਹਾਂ ਵਿੱਚੋਂ ਦੇਵੀ-ਦੇਵਤਿਆਂ ਦੇ ਕਾਲਪਨਿਕ ਰੂਪ ਸਿਰਜ ਕੇ ਉਨ੍ਹਾਂ ਦੀ ਉਪਾਸਨਾ ਕਰਨ, ਦੁਨੀਆਂ ਦਾ ਤਿਆਗ ਕਰਕੇ ਜੰਗਲਾਂ, ਪਹਾੜਾਂ ਵਿੱਚ ਜਾ ਕੇ ਜਪ-ਤਪ ਕਰਨ, ਨਗਨ ਫਿਰਨ, ਆਰਤੀਆਂ ਉਤਾਰਨ ਤੇ ਇਸਤਰੀਆਂ ਵਿੱਚ ਕਈ ਪ੍ਰਕਾਰ ਦੇ ਵਰਤ ਰੱਖਣ ਦਾ ਵੀ ਪੁਰਜ਼ੋਰ ਖੰਡਨ ਕੀਤਾ।

ਸਤਿਗੁਰੂ ਕਬੀਰ ਜੀ ਨੇ ਮਾਨਵ-ਧਰਮ ਸਮਾਜ ਕਾਇਮ ਕਰਨ ਲਈ ਛਲ ਕਪਟ ਤੇ ਪਾਖੰਡਵਾਦ ਦਾ ਵਿਰੋਧ ਕੀਤਾ। ਸਤਿਗੁਰੂ ਜੀ ਨੇ ਸਮਾਨਤਾ ਆਧਾਰਤ ਮਾਨਵਵਾਦੀ ਭਾਰਤੀ ਸਮਾਜ ਦੀ ਸਥਾਪਤੀ ਲਈ ਸਵਾਰਥਵਾਦੀ ਜਾਂ ਪਦਾਰਥਵਾਦੀ ਰੁਚੀ ਅਧੀਨ ਦੂਜਿਆਂ 'ਤੇ ਜ਼ੁਲਮ ਦਾ ਵਿਰੋਧ ਕੀਤਾ।

ਉਨ੍ਹਾਂ ਆਪਣੀ ਬਾਣੀ 'ਚ ਲੋਭ ਮੋਹ ਸਭ ਬੀਸਰਿ ਜਾਹੁ (ਪੰਨਾ 343), ਧਰਮ ਦਇਆ ਕਰ ਬਾੜੀ (ਪੰਨਾ 969), ਅਤੇ ਮਨ ਮੇਰੇ ਭੂਲੇ ਕਪਟੁ ਨ ਕੀਜੈ (ਪੰਨਾ 656) ਦਾ ਉਪਦੇਸ਼ ਦੇ ਕੇ ਸੁਚੱਜਾ ਮਨੁੱਖ ਸਿਰਜਣ ਦੀ ਪ੍ਰੇਰਨਾ ਦਿੱਤੀ।

ਗਰੀਬਾਂ ਲਈ ਸੰਘਰਸ਼ ਕਰਨ ਵਾਲਾ ਹੀ ਅਸਲ ਯੋਧਾ
ਸਤਿਗੁਰੂ ਕਬੀਰ ਜੀ ਦਾ ਸਾਫ ਕਹਿਣਾ ਸੀ ਕਿ ਗਰੀਬਾਂ, ਨਿਤਾਣਿਆਂ, ਨਿਮਾਣਿਆਂ ਲਈ ਸੰਘਰਸ਼ ਤੇ ਯੁੱਧ ਕਰਨ ਵਾਲਾ ਪੁਰਸ਼ ਹੀ ਅਸਲ ਵਿੱਚ ਬਹਾਦਰ ਯੋਧਾ ਹੈ। ਉਨ੍ਹਾਂ ਦਾ ਜੀਵਨ ਤੇ ਉਪਦੇਸ਼ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਤੇ ਸਾਰੇ ਮਨੁੱਖਾਂ ਲਈ ਬਰਾਬਰੀ 'ਤੇ ਅਧਾਰਤ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ।

ਸਤਿਗੁਰੂ ਕਬੀਰ ਜੀ ਇੱਕ ਨਿਧੜਕ ਯੋਧੇ ਸਨ, ਜਿਨ੍ਹਾਂ ਨੇ ਮਾਨਵੀ ਦਮਨ ਤੇ ਅਪਮਾਨ ਵਿਰੁੱਧ ਰੋਹ ਭਰੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੁਆਰਾ ਦਰਸਾਏ ਮਾਰਗ ਉੱਪਰ ਚੱਲ ਕੇ, ਉਨ੍ਹਾਂ ਵਲੋਂ ਨਿਰਧਾਰਤ ਜੀਵਨ ਦਰਸ਼ਨ, ਜੀਵਨ ਮੁੱਲਾਂ ਤੇ ਕਦਰਾਂ-ਕੀਮਤਾਂ ਨੂੰ ਅਮਲ ਵਿੱਚ ਲਿਆ ਕੇ ਹੀ ਅਸੀਂ ਇੱਕ ਵਧੀਆ, ਖੁਸ਼ਹਾਲ ਤੇ ਕਲਿਆਣਕਾਰੀ ਭਾਰਤੀ ਸਮਾਜ ਦੀ ਸਥਾਪਨਾ ਕਰ ਸਕਦੇ ਹਾਂ, ਜੋ ਭਾਰਤੀ ਲੋਕਤੰਤਰ ਦਾ ਸਹੀ ਅਰਥਾਂ ਵਿੱਚ ਇਕ ਪ੍ਰਭਾਵਸ਼ਾਲੀ, ਸਿਧਾਂਤਕ ਤੇ ਸਾਕਾਰ ਰੂਪ ਹੋਵੇਗਾ।

Comments

Leave a Reply