Tue,Dec 01,2020 | 08:45:56am
HEADLINES:

editorial

ਆਪਣੇ ਮੀਡੀਏ ਤੇ ਸੰਗਠਨ ਦੀ ਮਜ਼ਬੂਤੀ 'ਤੇ ਧਿਆਨ ਦੇਵੇ ਬਹੁਜਨ ਸਮਾਜ

ਆਪਣੇ ਮੀਡੀਏ ਤੇ ਸੰਗਠਨ ਦੀ ਮਜ਼ਬੂਤੀ 'ਤੇ ਧਿਆਨ ਦੇਵੇ ਬਹੁਜਨ ਸਮਾਜ

ਆਜ਼ਾਦ ਭਾਰਤ 'ਚ ਸਾਹਿਬ ਕਾਂਸ਼ੀਰਾਮ ਨੇ ਜਿਸ ਰਣਨੀਤਕ ਸਮਝਦਾਰੀ ਅਤੇ ਮੇਹਨਤ ਨਾਲ ਸ਼ੋਸ਼ਿਤ ਬਹੁਜਨ ਸਮਾਜ 'ਚ ਆਤਮ ਸਨਮਾਨ, ਸਵੈਮਾਣ ਦੀ ਭਾਵਨਾ ਪੈਦਾ ਕਰਦੇ ਹੋਏ ਉਨ੍ਹਾਂ ਲਈ ਦੇਸ਼ ਦੀ ਤੀਜੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਖੜੀ ਕੀਤੀ ਅਤੇ ਉਸਨੂੰ ਉੱਤਰ ਪ੍ਰਦੇਸ਼ 'ਚ ਰਾਜਨੀਤਕ ਸੱਤਾ ਲੈ ਕੇ ਦਿੱਤੀ, ਅਜਿਹੀ ਉਦਾਹਰਨ ਦੁਨੀਆ ਭਰ, ਖਾਸ ਤੌਰ 'ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਜ਼ਾਦ ਹੋਣ ਵਾਲੇ ਦੇਸ਼ਾਂ 'ਚ ਘੱਟ ਹੀ ਮਿਲਦੀ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਜ਼ਾਦ ਹੋਏ ਜ਼ਿਆਦਾਤਰ ਦੇਸ਼ 70 ਦੇ ਦਹਾਕੇ ਤੱਕ ਆਉਂਦੇ-ਆਉਂਦੇ ਸਮਾਜਿਕ ਅਰਾਜਕਤਾ ਦਾ ਸ਼ਿਕਾਰ ਹੁੰਦੇ ਚਲੇ ਗਏ, ਕਿਉਂਕਿ ਉੱਥੇ ਦੀ ਵਾਂਝੀ ਜਨਤਾ ਨੇ ਸੈਨਾ, ਧਾਰਮਿਕ ਨੇਤਾਵਾਂ ਜਾਂ ਫਿਰ ਕਮਿਊਨਿਸਟ ਨੇਤਾਵਾਂ ਦੇ ਨਾਲ ਮਿਲ ਕੇ ਲੋਕਤੰਤਰ ਨੂੰ ਉਖਾੜ ਸੁੱਟਿਆ। ਐਮਰਜੈਂਸੀ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤ ਇਸ ਤਰ੍ਹਾਂ ਦੇ ਤਖਤਾ ਪਲਟ ਤੋਂ ਦੂਰ ਰਿਹਾ ਹੈ।

ਭਾਰਤ 'ਚ ਮਾਓਵਾਦੀ ਅੰਦੋਲਨ ਤੇ ਧਾਰਮਿਕ ਕੱਟਰਪੰਥੀ ਦੇ ਬਾਵਜੂਦ ਦਲਿਤਾਂ ਤੇ ਵਾਂਝੇ ਵਰਗਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਬੁਲੇਟ ਦੀ ਜਗ੍ਹਾ ਬੈਲੇਟ ਦਾ ਰਾਹ ਚੁਣਿਆ, ਜੋ ਕਿ ਭਾਰਤ 'ਚ ਲੋਕਤੰਤਰ ਦੀ ਸਫਲਤਾ ਦੇ ਪਿੱਛੇ ਦਾ ਇੱਕ ਵੱਡਾ ਕਾਰਨ ਰਿਹਾ ਹੈ।

ਇਸਦਾ ਸਿਹਰਾ ਮੁੱਖ ਤੌਰ 'ਤੇ ਸਾਹਿਬ ਕਾਂਸ਼ੀਰਾਮ ਸਿਰ ਬੱਝਦਾ ਹੈ, ਜਿਨ੍ਹਾਂ ਨੇ ਦਲਿਤਾਂ ਤੇ ਵਾਂਝੇ ਵਰਗਾਂ ਨੂੰ ਬੁਲੇਟ ਦੀ ਜਗ੍ਹਾ ਬੈਲੇਟ ਦਾ ਰਾਹ ਚੁਣਨ ਨੂੰ ਤਿਆਰ ਕੀਤਾ। ਹਾਲਾਂਕਿ ਉਹ ਕਹਿੰਦੇ ਸਨ ਕਿ ਅਨਿਆਂ ਨਾਲ ਨਜਿੱਠਣ ਲਈ ਦਲਿਤਾਂ ਤੇ ਵਾਂਝੇ ਵਰਗਾਂ ਨੂੰ ਤਿਆਰੀ ਬੁਲੇਟ ਦੀ ਵੀ ਰੱਖਣੀ ਚਾਹੀਦੀ ਹੈ।

ਇਸ ਸਾਲ ਸਾਹਿਬ ਕਾਂਸ਼ੀਰਾਮ ਦੇ ਪਰਿਨਿਰਵਾਣ ਦੇ 14 ਸਾਲ ਹੋ ਗਏ ਹਨ ਅਤੇ ਹਾਲ ਦੇ ਸਾਲਾਂ 'ਚ ਜਿਸ ਢੰਗ ਨਾਲ ਦੇਸ਼ 'ਚ ਦਲਿਤਾਂ, ਮਹਿਲਾਵਾਂ ਤੇ ਧਾਰਮਿਕ ਘੱਟ ਗਿਣਤੀਆਂ 'ਤੇ ਅੱਤਿਆਚਾਰ ਵਧੇ ਹਨ, ਅਜਿਹੇ ਸਮੇਂ 'ਚ ਸਾਹਿਬ ਕਾਂਸ਼ੀਰਾਮ ਵੱਲੋਂ ਦਿੱਤੇ ਗਏ ਮਹੱਤਵਪੂਰਨ ਸਿਧਾਂਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਸਾਹਿਬ ਕਾਂਸ਼ੀਰਾਮ ਦੇ 'ਡਿਪ੍ਰੈੱਸਡ ਇੰਡੀਅੰਸ' ਦੇ ਸੰਪਾਦਕੀ ਲੇਖਾਂ 'ਚ ਸ਼ੋਸ਼ਿਤ ਬਹੁਜਨ ਸਮਾਜ ਲਈ ਮਹੱਤਵਪੂਰਨ ਸੰਦੇਸ਼ ਦਿੱਤੇ ਗਏ ਹਨ।

ਆਪਣੇ ਮੀਡੀਏ ਦੀ ਸਥਾਪਨਾ
ਸ਼ੋਸ਼ਿਤ ਬਹੁਜਨ ਸਮਾਜ ਨੂੰ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਸਾਹਿਬ ਕਾਂਸ਼ੀਰਾਮ ਸਭ ਤੋਂ ਪਹਿਲਾਂ ਜਿਸ ਚੀਜ਼ 'ਤੇ ਜ਼ੋਰ ਦਿੰਦੇ ਹਨ, ਉਹ ਹੈ ਆਪਣੇ ਮੀਡੀਏ ਦੀ ਜ਼ਰੂਰਤ। ਉਨ੍ਹਾਂ ਮੁਤਾਬਕ ਮੁੱਖ ਧਾਰਾ ਦਾ ਮੀਡੀਆ ਦਲਿਤਾਂ, ਮਹਿਲਾਵਾਂ ਅਤੇ ਵਾਂਝੇ ਵਰਗਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਨੂੰ ਸਿਰਫ ਨਾਂ ਦੀ ਹੀ ਜਗ੍ਹਾ ਦਿੰਦਾ ਹੈ। ਇਨ੍ਹਾਂ ਵਰਗਾਂ ਦੇ ਇਲੀਟ ਨੂੰ ਆਪਣੀ ਗੱਲ ਰੱਖਣ ਲਈ ਯੋਗ ਜਗ੍ਹਾ ਨਹੀਂ ਦਿੰਦਾ। ਆਪਣੇ ਪ੍ਰਤੀ ਹੋਣ ਵਾਲੇ ਅਨਿਆਂ ਦੇ ਵਿਰੋਧ 'ਚ ਦਲਿਤਾਂ ਅਤੇ ਵਾਂਝੇ ਵਰਗਾਂ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨੂੰ ਬਲੈਕ ਆਊਟ ਕਰਦਾ ਹੈ, ਮਤਲਬ ਨਹੀਂ ਛਾਪਦਾ ਅਤੇ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਝੂਠੇ ਵਾਅਦਿਆਂ-ਖੋਖਲੇ ਨਾਅਰਿਆਂ ਨੂੰ ਸਾਹਮਣੇ ਨਹੀਂ ਲਿਆਉਂਦਾ।

ਅੱਜ ਦੇ ਦੌਰ 'ਚ ਜੇਕਰ ਸਾਹਿਬ ਕਾਂਸ਼ੀਰਾਮ ਦੇ ਸਮੇਂ ਦੇ ਦਿੱਤੇ ਗਏ ਵਿਚਾਰਾਂ ਨੂੰ ਦੇਖਿਆ ਜਾਵੇ ਤਾਂ ਮੁੱਖ ਧਾਰਾ ਦਾ ਮੀਡੀਆ ਖਾਸ ਤੌਰ 'ਤੇ ਇਲੈਕਟ੍ਰੋਨਿਕ ਮੀਡੀਆ ਉਨ੍ਹਾਂ ਗੱਲਾਂ ਤੋਂ ਹੋਰ ਵੀ ਅੱਗੇ ਨਿੱਕਲ ਚੁੱਕਾ ਹੈ। ਅਜਿਹਾ ਉਹ ਸਰਕਾਰੀ ਦਬਾਅ, ਵਿਗਿਆਪਨ ਦੀ ਬੰਦਿਸ਼, ਆਪਣੀ ਸਮਾਜਿਕ ਬਣਤਰ ਆਦਿ ਕਰਕੇ ਕਰ ਰਿਹਾ ਹੈ। ਅਜਿਹੇ 'ਚ ਜੇਕਰ ਵਾਂਝੇ ਵਰਗਾਂ ਤੇ ਵਿਰੋਧੀ ਧਿਰ ਨੂੰ ਆਪਣੀ ਗੱਲ ਜਨਤਾ ਵਿਚਕਾਰ ਲੈ ਜਾਣੀ ਹੈ ਤਾਂ ਉਨ੍ਹਾਂ ਨੂੰ ਆਪਣਾ ਮੀਡੀਆ ਸਥਾਪਿਤ ਕਰਨਾ ਪਵੇਗਾ। ਸਾਹਿਬ ਕਾਂਸ਼ੀਰਾਮ ਮੁਤਾਬਕ ਆਪਣੀ ਖੁਦ ਦੀ ਸਮਾਚਾਰ ਸੇਵਾ ਸਰਕਾਰੀ ਨੀਤੀਆਂ ਤੇ ਯੋਜਨਾਵਾਂ 'ਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੰਦੀ ਹੈ ਤੇ ਬਾਹਰ ਦੇ ਦੇਸ਼ਾਂ ਨੂੰ ਵੀ ਆਪਣੀ ਸਥਿਤੀ ਬਾਰੇ ਜਾਣੂ ਕਰਾਉਂਦੀ ਹੈ।

ਆਪਣਾ ਆਜ਼ਾਦ ਸੰਗਠਨ
ਸਾਹਿਬ ਕਾਂਸ਼ੀਰਾਮ ਵਾਂਝੇ ਵਰਗਾਂ ਨੂੰ ਆਪਣੀ ਸਮੱਸਿਆ ਦੇ ਹੱਲ ਲਈ ਆਪਣਾ ਸੰਗਠਨ ਖੜਾ ਕਰਨ 'ਤੇ ਜ਼ੋਰ ਦਿੰਦੇ ਹਨ, ਕਿਉਂਕਿ ਸੰਗਠਨ ਆਤਮ ਵਿਸ਼ਵਾਸ ਜਗਾਉਂਦਾ ਹੈ ਅਤੇ ਮੁੱਦਿਆਂ ਨੂੰ ਮੁੱਖ ਧਾਰਾ 'ਚ ਲਿਆਉਂਦਾ ਹੈ। ਆਪਣੀ ਇਸ ਵਿਚਾਰਧਾਰਾ ਕਰਕੇ ਸਾਹਿਬ ਕਾਂਸ਼ੀਰਾਮ ਨੇ ਖੁਦ ਆਪਣੀ ਜ਼ਿੰਦਗੀ 'ਚ ਬਾਮਸੇਫ, ਡੀਐੱਸ4 ਤੇ ਬਸਪਾ ਦਾ ਗਠਨ ਕੀਤਾ ਸੀ। ਉਨ੍ਹਾਂ ਮੁਤਾਬਕ ਸੰਗਠਨ 'ਚ ਗਤੀਸ਼ੀਲਤਾ ਬਣੀ ਰਹਿਣੀ ਚਾਹੀਦੀ ਹੈ, ਅਜਿਹਾ ਕਰਨ ਲਈ ਸਮੇਂ-ਸਮੇਂ 'ਤੇ ਨਵੇਂ ਨੇਤਾਵਾਂ ਨੂੰ ਮਾਰਕ ਕਰਕੇ ਉਨ੍ਹਾਂ ਨੂੰ ਜ਼ਰੂਰੀ ਟ੍ਰੇਨਿੰਗ ਦਿੱਤੀ ਜਾਂਦੀ ਰਹਿਣੀ ਚਾਹੀਦੀ ਹੈ।

ਲੋਕਾਂ ਦੀ ਸੰਸਦ
ਸਾਹਿਬ ਕਾਂਸ਼ੀਰਾਮ ਨੇ ਜਨਤਾ ਦੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਉਣ ਲਈ ਲੋਕ ਸੰਸਦ ਦੀ ਸੋਚ 'ਤੇ ਜ਼ੋਰ ਦਿੱਤਾ ਸੀ ਅਤੇ ਲੋਕ ਸੰਸਦ ਦਾ ਆਯੋਜਨ ਵੀ ਕਰਾਇਆ ਸੀ। ਬੇਸ਼ਕ ਲੋਕ ਸੰਸਦ ਬਿਨਾਂ ਕਿਸੇ ਸ਼ਕਤੀ ਦੀ ਹੁੰਦੀ ਹੈ, ਪਰ ਉਹ ਸ਼ਾਸਕਾਂ ਵੱਲੋਂ ਅਣਦੇਖੇ ਕੀਤੇ ਗਏ ਮੁੱਦਿਆਂ ਨੂੰ ਮੁੱਖ ਧਾਰਾ 'ਚ ਲਿਆਉਂਦੀ ਹੈ। ਲੋਕ ਸੰਸਦ ਉਨ੍ਹਾਂ ਵਰਗਾਂ ਦੀ ਆਵਾਜ਼ ਨੂੰ ਵੀ ਮੁੱਖ ਧਾਰਾ ਦੀ ਆਵਾਜ਼ ਬਣਾਉਣ 'ਚ ਮਦਦ ਕਰਦੀ ਹੈ, ਜਿਨ੍ਹਾਂ ਵਰਗਾਂ ਦੀ ਸੰਸਦ 'ਚ ਯੋਗ ਨੁਮਾਇੰਦਗੀ ਨਹੀਂ ਹੁੰਦੀ।

ਮਤਲਬ ਅੱਜ ਵੀ ਭਾਰਤ ਦੀ ਸੰਸਦ 'ਚ ਮਹਿਲਾਵਾਂ, ਧਾਰਮਿਕ ਘੱਟ ਗਿਣਤੀਆਂ ਦੀ ਨੁਮਾਇੰਦਗੀ ਘੱਟ ਹੈ। ਪਾਰਟੀ ਵ੍ਹਿਪ ਆਦਿ ਕਰਕੇ ਵੀ ਕੁਝ ਸਾਂਸਦ ਚਾਹੁੰਦੇ ਹੋਏ ਵੀ ਮੁੱਦੇ ਚੁੱਕ ਨਹੀਂ ਪਾਉਂਦੇ। ਇਨ੍ਹਾਂ ਕਾਰਨਾਂ ਕਰਕੇ ਵੀ ਲੋਕ ਸੰਸਦ ਦਾ ਕਾਂਸੈਪਟ ਅੱਜ ਦੇ ਹਿਸਾਬ ਨਾਲ ਢੁਕਵਾਂ ਬੈਠਦਾ ਹੈ।

ਅਨਿਆਂ ਤੋਂ ਮੁਕਤ ਵਿਵਸਥਾ ਦੀ ਸਥਾਪਨਾ
ਸਾਹਿਬ ਕਾਂਸ਼ੀਰਾਮ ਦੀ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਅਨਿਆਂ ਮੁਕਤ ਵਿਵਸਥਾ ਦੀ ਸਥਾਪਨਾ ਕਰਨਾ। ਉਹ ਕੁਝ ਜ਼ਿਲ੍ਹਿਆਂ 'ਤੇ ਖਾਸ ਤੌਰ 'ਤੇ ਨਜ਼ਰ ਰੱਖਦੇ ਸਨ। ਉਨ੍ਹਾਂ ਜ਼ਿਲ੍ਹਿਆਂ 'ਚ ਹੋਣ ਵਾਲੇ ਸ਼ੋਸ਼ਣ ਤੇ ਅਨਿਆਂ 'ਤੇ ਉਨ੍ਹਾਂ ਦੇ ਸੰਗਠਨ ਦੇ ਲੋਕ ਖਾਸ ਧਿਆਨ ਰੱਖਦੇ ਸਨ ਅਤੇ ਪੀੜਤ ਲੋਕਾਂ ਨੂੰ ਜ਼ਰੂਰੀ ਮਦਦ ਪਹੁੰਚਾਉਂਦੇ ਸਨ। ਸਾਹਿਬ ਕਾਂਸ਼ੀਰਾਮ ਦੀ ਇਹ ਰਣਨੀਤੀ ਵੀ ਅੱਜ ਦੀ ਤਾਰੀਖ 'ਚ ਕਾਫੀ ਅਸਰਦਾਰ ਹੈ, ਕਿਉਂਕਿ ਦੇਸ਼ ਦੇ ਕੁਝ ਜ਼ਿਲ੍ਹਿਆਂ 'ਚ ਦਲਿਤਾਂ ਤੇ ਮਹਿਲਾਵਾਂ 'ਤੇ ਅੱਤਿਆਚਾਰ ਬਹੁਤ ਜ਼ਿਆਦਾ ਹੈ। ਜਿੱਥੇ ਜ਼ਿਆਦਾ ਅੱਤਿਆਚਾਰ ਹੈ, ਉੱਥੇ ਲਈ ਖਾਸ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ। ਅਨਿਆਂ ਮੁਕਤ ਵਿਵਸਥਾ ਦੀ ਸੋਚ ਇਸੇ ਰਣਨੀਤੀ ਵੱਲ ਇਸ਼ਾਰਾ ਕਰਦੀ ਹੈ।

ਗੈਰਬਰਾਬਰੀ ਨੂੰ ਜੜ੍ਹ ਤੋਂ ਪਹਿਚਾਣਨਾ
ਸਾਹਿਬ ਕਾਂਸ਼ੀਰਾਮ ਦਾ ਮੰਨਣਾ ਸੀ ਕਿ ਭਾਰਤ 'ਚ ਗੈਰਬਰਾਬਰੀ ਦੀ ਜੜ੍ਹ ਨੂੰ ਪਹਿਚਾਣਿਆ ਜਾਣਾ ਅਤਿ ਜ਼ਰੂਰੀ ਹੈ ਅਤੇ ਉਸਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਹ ਬ੍ਰਾਹਮਣਵਾਦ ਨੂੰ ਗੈਰਬਰਾਬਰੀ ਦੀ ਇੱਕ ਜੜ੍ਹ ਮੰਨਦੇ ਸਨ, ਜਿਸ ਨਾਲ ਉਨ੍ਹਾਂ ਦਾ ਮਤਲਬ ਜਨਮ ਦੇ ਆਧਾਰ 'ਤੇ ਸੁਪਰੀਮ ਹੋਣ ਦੀ ਭਾਵਨਾ ਨਾਲ ਸੀ।

ਸਾਹਿਬ ਕਾਂਸ਼ੀਰਾਮ ਦੇ ਹਿਸਾਬ ਨਾਲ ਬ੍ਰਾਹਮਣਵਾਦ ਜਨਮ ਦੇ ਆਧਾਰ 'ਤੇ ਊਚ-ਨੀਚ ਸਿਰਫ ਮਨੁੱਖਾਂ 'ਚ ਹੀ ਨਹੀਂ ਕਰਦਾ, ਸਗੋਂ ਜਾਨਵਰਾਂ ਤੇ ਕੁਦਰਤ 'ਚ ਵੀ ਕਰਦਾ ਹੈ। ਇਸਦੇ ਲਈ ਉਹ ਜਾਨਵਰਾਂ 'ਚ ਗਾਵਾਂ ਦੀ ਉੱਚਤਾ ਤੇ ਨਦੀਆਂ 'ਚ ਗੰਗਾ ਦੀ ਪਵਿੱਤਰਤਾ ਦੀ ਉਦਾਹਰਨ ਦਿੰਦੇ ਹਨ। ਸਾਹਿਬ ਕਾਂਸ਼ੀਰਾਮ ਮੁਤਾਬਕ ਬਰਾਬਰੀ 'ਤੇ ਆਧਾਰਿਤ ਸਮਾਜ ਦੇ ਨਿਰਮਾਣ ਲਈ ਇਸ ਤਰ੍ਹਾਂ ਦੇ ਜਨਮ ਆਧਾਰਿਤ ਉੱਚਤਾ/ਪਵਿੱਤਰਤਾ ਦੀ ਭਾਵਨਾ ਨੂੰ ਖਤਮ ਕਰਨਾ ਹੋਵੇਗਾ।

ਅੱਜ ਦੀ ਤਾਰੀਖ 'ਚ ਦੁਨੀਆ ਭਰ 'ਚ ਜਿਸ ਢੰਗ ਨਾਲ ਗੈਰਬਰਾਬਰੀ ਵਧ ਰਹੀ ਹੈ, ਜਿਸਦੇ ਨਤੀਜੇ ਵੱਜੋਂ ਗਰੀਬੀ, ਕੁਪੋਸ਼ਣ ਆਦਿ ਵਧ ਰਹੇ ਹਨ, ਅਜਿਹੇ 'ਚ ਗੈਰਬਰਾਬਰੀ ਦੀਆਂ ਨਵੀਆਂ ਜੜ੍ਹਾਂ ਨੂੰ ਵੀ ਪਹਿਚਾਣਨਾ ਬਹੁਤ ਜ਼ਰੂਰੀ ਹੋ ਗਿਆ ਹੈ।

'ਸੱਤਾ ਪ੍ਰਾਪਤੀ ਲਈ ਜੋੜ-ਤੋੜ ਕਰਨੀ ਜਾਇਜ਼ ਹੈ'
ਸਾਹਿਬ ਕਾਂਸ਼ੀਰਾਮ ਦਾ ਮੰਨਣਾ ਸੀ ਕਿ ਚੋਣਾਂ ਲੜਨ ਨਾਲ ਪਾਰਟੀ ਦਾ ਆਧਾਰ ਵਧਦਾ ਹੈ। ਇਹੀ ਕਾਰਨ ਹੈ ਕਿ ਉਹ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਨੇ 1981 'ਚ ਇਲਾਹਾਬਾਦ ਤੋਂ ਵੀਪੀ ਸਿੰਘ ਖਿਲਾਫ ਚੋਣ ਲੜੀ। ਉਨ੍ਹਾਂ ਨੇ 1993 'ਚ ਸਮਾਜਵਾਦੀ ਪਾਰਟੀ ਦੇ ਸਹਿਯੋਗ ਨਾਲ ਇਟਾਵਾ ਤੋਂ ਲੋਕਸਭਾ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਸਮਾਜਵਾਦੀ ਪਾਰਟੀ ਨਾਲ ਮਿਲ ਕੇ ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਸਰਕਾਰ ਬਣਾਈ। ਮੁਲਾਇਮ ਸਿੰਘ ਮੁੱਖ ਮੰਤਰੀ ਬਣੇ, ਪਰ 1995 'ਚ ਸਮਰਥਨ ਵਾਪਸ ਲੈ ਲਿਆ।

ਸਰਕਾਰ ਡਿਗਦੇ ਹੀ ਗੈਸਟ ਹਾਊਸ ਕਾਂਡ ਹੋਇਆ, ਜਿਸ 'ਚ ਕੁਮਾਰੀ ਮਾਇਆਵਤੀ 'ਤੇ ਹਮਲਾ ਹੋਇਆ। ਉਦੋਂ ਸਾਹਿਬ ਕਾਂਸ਼ੀਰਾਮ ਨੇ ਭਾਜਪਾ ਦੀ ਮਦਦ ਲਈ ਤੇ ਬਸਪਾ ਦੀ ਸਰਕਾਰ ਬਣਾਈ। ਕੁਮਾਰੀ ਮਾਇਆਵਤੀ ਨੂੰ ਦੇਸ਼ ਦੇ ਅਨੁਸੂਚਿਤ ਜਾਤੀ ਵਰਗ ਦੇ ਪਹਿਲੇ ਮੁੱਖ ਮੰਤਰੀ ਬਣਾ ਕੇ ਸਮਾਜਿਕ ਬਦਲਾਅ ਦਾ ਨਵਾਂ ਇਤਿਹਾਸ ਲਿਖਿਆ।

ਸਾਹਿਬ ਕਾਂਸ਼ੀਰਾਮ ਨੇ ਪਾਰਟੀ ਤੇ ਸ਼ੋਸ਼ਿਤ ਬਹੁਜਨ ਸਮਾਜ ਦੇ ਹਿੱਤਾਂ ਲਈ ਸਮਾਜਵਾਦੀ ਪਾਰਟੀ, ਭਾਜਪਾ ਤੇ ਕਾਂਗਰਸ ਦਾ ਸਾਥ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਰਾਜਨੀਤੀ 'ਚ ਅੱਗੇ ਵਧਣ ਲਈ ਸਭ ਜਾਇਜ਼ ਹੈ। 1995 'ਚ ਸਮਾਜਵਾਦੀ ਪਾਰਟੀ ਨੂੰ ਝਟਕਾ ਦੇ ਕੇ ਭਾਜਪਾ ਦਾ ਸਾਥ ਦਿੱਤਾ ਤੇ ਦੂਜੇ ਪਾਸੇ ਕੇਂਦਰ 'ਚ ਭਾਜਪਾ ਦੇ ਅਟਲ ਬਿਹਾਰੀ ਵਾਜਪੇਈ ਸਰਕਾਰ ਖਿਲਾਫ ਵੋਟਿੰਗ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਬਹੁਜਨ ਸਮਾਜ ਦੀ ਸੇਵਾ ਕਰਨੀ ਹੈ ਤਾਂ ਹਰ ਹਾਲ 'ਚ ਸੱਤਾ ਦੇ ਨੇੜੇ ਰਹਿਣਾ ਹੈ।

-ਅਰਵਿੰਦ ਕੁਮਾਰ

Comments

Leave a Reply