Fri,Feb 22,2019 | 10:47:36am
HEADLINES:

editorial

ਸਮਾਜਿਕ ਲੋਕਤੰਤਰ ਦੀ ਸਥਾਪਨਾ ਤੇ ਦੇਸ਼ ਦੇ ਵਿਕਾਸ ਲਈ ਸੱਤਾ ਆਪਣੇ ਹੱਥ ਵਿੱਚ ਲਵੇ ਬਹੁਜਨ ਸਮਾਜ

ਸਮਾਜਿਕ ਲੋਕਤੰਤਰ ਦੀ ਸਥਾਪਨਾ ਤੇ ਦੇਸ਼ ਦੇ ਵਿਕਾਸ ਲਈ ਸੱਤਾ ਆਪਣੇ ਹੱਥ ਵਿੱਚ ਲਵੇ ਬਹੁਜਨ ਸਮਾਜ

ਭਾਰਤੀ ਰਾਜਨੀਤੀ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। 50 ਸਾਲ ਦੀ ਉਮਰ ਵਾਲਾ ਵਿਅਕਤੀ ਸਾਲ 1984 ਵਿੱਚ ਇੱਕ ਪਾਰਟੀ ਦੀ ਸਥਾਪਨਾ ਕਰਦਾ ਹੈ ਅਤੇ ਦੇਖਦੇ ਹੀ ਦੇਖਦੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼, ਜਿੱਥੇ ਲੋਕਸਭਾ ਦੀਆਂ 85 ਸੀਟਾਂ ਸਨ, ਵਿੱਚ ਇਸ ਪਾਰਟੀ ਦੀ ਮੁੱਖ ਮੰਤਰੀ ਸਹੁੰ ਲੈਂਦੀ ਹੈ। 

ਇਹ ਪਾਰਟੀ ਪਹਿਲਾਂ ਰਾਸ਼ਟਰੀ ਪਾਰਟੀ ਅਤੇ ਫਿਰ ਵੋਟ ਫੀਸਦੀ ਦੇ ਹਿਸਾਬ ਨਾਲ ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਜਾਂਦੀ ਹੈ। ਜਿਸ ਵਿਅਕਤੀ ਨੇ ਇਸ ਪਾਰਟੀ ਦੀ ਸਥਾਪਨਾ ਕੀਤੀ, ਉਹ ਬਹੁਤ ਸਾਧਾਰਨ ਪਰਿਵਾਰ ਨਾਲ ਸਬੰਧਤ ਸੀ। ਉਸ ਸਮਾਜ ਵਿੱਚੋਂ, ਜਿਸਨੂੰ ਪੜ੍ਹਨ-ਲਿਖਣ ਦਾ ਹੱਕ ਨਹੀਂ ਸੀ ਅਤੇ ਜਿਨ੍ਹਾਂ ਨੂੰ ਛੂਹਣ ਦੀ ਸ਼ਾਸਤਰਾਂ ਵਿੱਚ ਮਨਾਹੀ ਸੀ।

ਇਹ ਚਮਤਕਾਰ ਕਿੰਨਾ ਵੱਡਾ ਹੈ, ਇਸਨੂੰ ਸਮਝਣ ਲਈ ਭਾਜਪਾ (ਜਨਸੰਘ) ਅਤੇ ਕਾਂਗਰਸ ਵਰਗੀਆਂ ਮੁਕਾਬਲੇ ਦੀਆਂ ਦੂਜੀਆਂ ਪਾਰਟੀਆਂ ਵੱਲ ਦੇਖੋ, ਜਿਨ੍ਹਾਂ ਦੀ ਲੰਮੀ-ਚੌੜੀ ਵਿਰਾਸਤ ਹੈ ਅਤੇ ਜਿਨ੍ਹਾਂ ਨੂੰ ਸਮਾਜ ਦੇ ਪ੍ਰਭਾਵਸ਼ਾਲੀ ਤੇ ਪੈਸੇ ਵਾਲੇ ਲੋਕਾਂ ਦਾ ਸਮਰਥਨ ਮਿਲਿਆ ਹੈ। ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਚੁੱਕੇ ਇਸ ਵਿਅਕਤੀ ਦੇ ਕੋਲ ਸੰਸਾਧਨਾਂ ਦੇ ਨਾਂ 'ਤੇ ਕੁਝ ਵੀ ਨਹੀਂ ਸੀ। ਨਾ ਕੋਈ ਕਾਰਪੋਰੇਟ ਸਮਰਥਨ, ਨਾ ਕੋਈ ਹੋਰ ਤਾਕਤ, ਨਾ ਮੀਡੀਆ, ਨਾ ਕੋਈ ਮਜ਼ਬੂਤ ਵਿਰਾਸਤ।

ਸਿਰਫ ਵਿਚਾਰਾਂ ਦੀ ਤਾਕਤ, ਸੰਗਠਨ ਸਮਰੱਥਾ ਅਤੇ ਵਿਚਾਰਾਂ ਨੂੰ ਅਸਲ ਵਿੱਚ ਬਦਲਣ ਦੀ ਜਿਦ ਦੇ ਦਮ 'ਤੇ ਇਸ ਵਿਅਕਤੀ ਨੇ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੱਕ ਭਾਰਤੀ ਰਾਜਨੀਤੀ ਨੂੰ ਕਈ ਵਾਰ ਨਿਰਣਾਇਕ ਤੌਰ 'ਤੇ ਪ੍ਰਭਾਵਿਤ ਕੀਤਾ। ਦੁਨੀਆ ਉਨ੍ਹਾਂ ਨੂੰ ਕਾਂਸ਼ੀਰਾਮ ਦੇ ਨਾਂ ਨਾਲ ਜਾਣਦੀ ਹੈ। ਸਮਰਥਕ ਉਨ੍ਹਾਂ ਨੂੰ 'ਮਾਨਯਵਰ' ਤੇ 'ਸਾਹਿਬ' ਨਾਂ ਨਾਲ ਸੱਦਦੇ ਸਨ। ਸਾਹਿਬ ਕਾਂਸ਼ੀਰਾਮ ਨੇ ਜਦੋਂ ਆਪਣੀ ਸਮਾਜਿਕ-ਰਾਜਨੀਤਕ ਯਾਤਰਾ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਵਿੱਤ ਦੇ ਤੌਰ 'ਤੇ ਸਿਰਫ ਵਿਚਾਰ ਸੀ।

ਇਹ ਵਿਚਾਰ ਭਾਰਤ ਨੂੰ ਸਹੀ ਅਰਥਾਂ ਵਿੱਚ ਸਮਾਜਿਕ ਲੋਕਤੰਤਰ ਬਣਾਉਣ ਦਾ ਵਿਚਾਰ ਸੀ, ਜਿਸ ਵਿੱਚ ਜ਼ਿਆਦਾ ਲੋਕਾਂ ਦੀ ਰਾਜਸੱਤਾ ਵਿੱਚ ਜ਼ਿਆਦਾ ਹਿੱਸੇਦਾਰੀ ਦਾ ਸੁਪਨਾ ਸੀ। ਕਾਂਸ਼ੀਰਾਮ ਆਪਣੇ ਭਾਸ਼ਣਾਂ ਵਿੱਚ ਲਗਾਤਾਰ ਕਹਿੰਦੇ ਸਨ ਕਿ ਉਹ ਮੁੱਖ ਤੌਰ 'ਤੇ ਸੰਵਿਧਾਨ ਡ੍ਰਾਫਟਿੰਗ ਕਮੇਟੀ ਦੇ ਚੇਅਰਮੈਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਉਨ੍ਹਾਂ ਦੇ ਨਾਲ ਕ੍ਰਾਂਤੀਕਾਰੀ ਵਿਚਾਰਕ ਜਯੋਤੀ ਰਾਓ ਫੂਲੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਰਹੇ। 

1980 ਵਿੱਚ ਲਖਨਊ ਵਿੱਚ ਇਕ ਸਭਾ ਵਿੱਚ ਉਨ੍ਹਾਂ ਕਿਹਾ ਸੀ ਕਿ ਜੇਕਰ ਇਸ ਦੇਸ਼ ਵਿੱਚ ਫੂਲੇ ਪੈਦਾ ਨਾ ਹੁੰਦੇ ਤਾਂ ਬਾਬਾ ਸਾਹਿਬ ਨੂੰ ਆਪਣਾ ਕੰਮ ਸ਼ੁਰੂ ਕਰਨ ਵਿੱਚ ਬਹੁਤ ਮੁਸ਼ਕਿਲ ਹੁੰਦੀ। ਸਾਹਿਬ ਕਾਂਸ਼ੀਰਾਮ ਨੇ ਬਹੁਜਨ ਵਿਚਾਰ ਵੀ ਫੂਲੇ ਦੀ 'ਸ਼ੂਦਰ ਅਤਿ ਸ਼ੂਦਰ' (ਓਬੀਸੀ ਤੇ ਐੱਸਸੀ) ਦੇ ਕਾਂਸੈਪਟ ਦਾ ਵਿਸਤਾਰ ਕਰਕੇ ਹਾਸਲ ਕੀਤਾ।

ਸਾਹਿਬ ਕਾਂਸ਼ੀਰਾਮ ਦੇ ਬਹੁਜਨ ਦਾ ਅਰਥ ਦੇਸ਼ ਦੀਆਂ ਵਾਂਝੇ ਵਰਗਾਂ ਦੀਆਂ ਜਾਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਹਨ, ਜਿਨ੍ਹਾਂ ਦਾ ਆਬਾਦੀ ਵਿੱਚ 85 ਫੀਸਦੀ ਹਿੱਸਾ ਹੈ। ਕਾਂਸ਼ੀਰਾਮ ਮੰਨਦੇ ਸਨ ਕਿ ਦੇਸ਼ ਦੀ ਇਸ ਵੱਡੀ ਆਬਾਦੀ ਨੂੰ ਰਾਜ ਸੱਤਾ ਆਪਣੇ ਹੱਥ ਵਿੱਚ ਲੈਣੀ ਚਾਹੀਦੀ ਹੈ। ਇਸਨੂੰ ਉਹ ਸਮਾਜਿਕ ਲੋਕਤੰਤਰ ਦੀ ਸਥਾਪਨਾ ਅਤੇ ਦੇਸ਼ ਦੇ ਵਿਕਾਸ ਲਈ ਜ਼ਰੂਰੀ ਮੰਨਦੇ ਸਨ। ਇਸਦੇ ਲਈ ਉਹ ਸਮਾਜਿਕ ਤੌਰ 'ਤੇ ਵਾਂਝੇ ਲੋਕਾਂ ਦੇ ਆਰਥਿਕ ਸਸ਼ਕਤੀਕਰਨ ਦੇ ਹਮਾਇਤੀ ਰਹੇ।

ਇਸ ਵਿਚਾਰ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਸਾਹਿਬ ਕਾਂਸ਼ੀਰਾਮ ਨੇ ਆਪਣਾ ਧਿਆਨ ਸਭ ਤੋਂ ਪਹਿਲਾਂ ਇਨ੍ਹਾਂ ਜਾਤੀਆਂ ਦੇ ਸਰਕਾਰੀ ਕਰਮਚਾਰੀਆਂ 'ਤੇ ਲਗਾਇਆ। ਉਹ ਮੰਨਦੇ ਸਨ ਕਿ ਇਹ ਲੋਕ ਰਾਜਨੀਤਕ ਗਤੀਵਿਧੀਆਂ ਵਿੱਚ ਬੇਸ਼ੱਕ ਹਿੱਸਾ ਨਹੀਂ ਲੈ ਸਕਦੇ, ਪਰ ਬੁੱਧੀਜੀਵੀ ਹੋਣ ਕਾਰਨ ਸਮਾਜ ਨੂੰ ਬੋਧਿਕ ਅਗਵਾਈ ਅਤੇ ਆਰਥਿਕ ਮਜ਼ਬੂਤੀ ਦੇਣ ਵਿੱਚ ਇਹ ਵਰਗ ਸਮਰੱਥ ਹਨ। ਆਜ਼ਾਦੀ ਦੇ ਬਾਅਦ ਤੋਂ ਰਾਖਵਾਂਕਰਨ ਲਾਗੂ ਹੋਣ ਕਾਰਨ ਉਸ ਸਮੇਂ ਤੱਕ ਮੋਟੇ ਅਨੁਮਾਨ ਮੁਤਾਬਕ, ਇਨ੍ਹਾਂ ਜਾਤਾਂ ਦੇ 20 ਲੱਖ ਤੋਂ ਜ਼ਿਆਦਾ ਸਰਕਾਰੀ ਕਰਮਚਾਰੀ ਸਨ।

ਕਾਂਸ਼ੀਰਾਮ ਨੇ 1978 ਵਿੱਚ ਸਰਕਾਰੀ ਕਰਮਚਾਰੀਆਂ ਦੇ ਸੰਗਠਨ ਬਾਮਸੇਫ ਮਤਲਬ ਬੈਕਵਰਡ (ਐੱਸਸੀ-ਐੱਸਟੀ-ਓਬੀਸੀ) ਐਂਡ ਮਾਇਨੋਰਿਟੀ ਕਮਿਊਨਿਟੀਜ਼ ਇੰਪਲਾਈਜ਼ ਫੈਡਰੇਸ਼ਨ ਦਾ ਗਠਨ ਕੀਤਾ ਅਤੇ ਦੇਖਦੇ ਹੀ ਦੇਖਦੇ ਲੱਖਾਂ ਲੋਕ ਇਸ ਨਾਲ ਜੁੜ ਗਏ। ਕਾਂਸ਼ੀਰਾਮ ਨੇ ਕਰਮਚਾਰੀਆਂ ਨੂੰ ਪੇ ਬੈਕ ਟੂ ਸੋਸਾਇਟੀ ਦੀ ਗੱਲ ਸਮਝਾਈ। ਇਸ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਮਿਸ਼ਨਰੀ ਵਰਕਰ ਮਿਲੇ ਅਤੇ ਸੰਗਠਨ ਚਲਾਉਣ ਲਈ ਪੈਸਾ ਵੀ।

ਬਾਮਸੇਫ ਨੇ 1980 ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਤਹਿਤ 9 ਸੂਬਿਆਂ ਦੇ 34 ਸਥਾਨਾਂ 'ਤੇ ਤੁਰਦੇ-ਫਿਰਦੇ ਅੰਬੇਡਕਰ ਮੇਲੇ ਸਫਲਤਾਪੂਰਵਕ ਕਰਕੇ ਇਹ ਸਾਫ ਕਰ ਦਿੱਤਾ ਕਿ ਸਾਹਿਬ ਕਾਂਸ਼ੀਰਾਮ ਜਿਹੜਾ ਸੁਪਨਾ ਦੇਖ ਰਹੇ ਹਨ, ਉਸ ਨੂੰ ਅੱਗੇ ਵਧਾਉਣ ਦਾ ਰਾਹ ਖੁੱਲ ਚੁੱਕਾ ਹੈ। ਇਸ ਤੋਂ ਬਾਅਦ ਪਹਿਲਾਂ ਕਾਂਸ਼ੀਰਾਮ ਨੇ 1981 ਵਿੱਚ ਡੀਐਸ-4, ਮਤਲਬ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਦਾ ਗਠਨ ਕੀਤਾ ਤੇ 1984 ਵਿੱਚ ਬਸਪਾ ਮਤਲਬ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ।

ਕਾਂਸ਼ੀਰਾਮ ਦੀਆਂ ਸਭ ਤੋਂ ਵੱਧ ਰਾਜਨੀਤਕ ਮੁਹਿੰਮਾਂ ਵਿੱਚ ਉਨ੍ਹਾਂ ਦੀ 3000 ਕਿਲੋਮੀਟਰ ਦੀ ਸਾਈਕਲ ਯਾਤਰਾ ਜ਼ਿਕਰਯੋਗ ਹੈ, ਜਿਸ ਦੌਰਾਨ ਉਹ ਹਜ਼ਾਰਾਂ ਲੋਕਾਂ ਨੂੰ ਸਿੱਧੇ ਮਿਲੇ ਅਤੇ ਲੱਖਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ। ਇਸ ਤੋਂ ਬਾਅਦ ਕਾਂਸ਼ੀਰਾਮ ਦੇ 2004 ਵਿੱਚ ਸਿਹਤ ਖਰਾਬ ਹੋਣ ਤੱਕ ਬਸਪਾ ਨੇ ਜੋ ਰਾਜਨੀਤਕ ਸਫਰ ਤੈਅ ਕੀਤਾ, ਉਹ ਇਤਿਹਾਸ ਦਾ ਮਹੱਤਵਪੂਰਨ ਪਾਠ ਹੈ।

ਬਾਬਾ ਸਾਹਿਬ ਅੰਬੇਡਕਰ ਵਾਂਗ ਸਾਹਿਬ ਕਾਂਸ਼ੀਰਾਮ ਵੀ ਬੁੱਧ ਧਰਮ ਸਵੀਕਾਰ ਕਰਨਾ ਚਾਹੁੰਦੇ ਸਨ। ਇਸਦੇ ਲਈ ਉਨ੍ਹਾਂ ਨੇ 2006 ਵਿੱਚ ਅਕਤੂਬਰ ਮਹੀਨੇ ਦੀ ਤਾਰੀਖ ਵੀ ਤੈਅ ਕਰ ਲਈ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਚਲੀ ਗਈ ਅਤੇ 9 ਅਕਤੂਬਰ 2006 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। 

ਸਾਹਿਬ ਕਾਂਸ਼ੀਰਾਮ ਭਾਰਤੀ ਰਾਜਨੀਤੀ ਦੀ ਅਜਿਹੀ ਪਹਿਲੀ ਸ਼ਖਸੀਅਤ ਸਨ, ਜਿਨ੍ਹਾਂ ਨੇ ਸ਼ੋਸ਼ਿਤਾਂ ਨੂੰ ਹੁਕਮਰਾਨ ਬਣਾਉਣ ਦਾ ਨਾ ਸਿਰਫ ਸੁਪਨਾ ਦਿਖਾਇਆ, ਸਗੋਂ ਉਸਨੂੰ ਪੂਰਾ ਕਰਨ ਦਾ ਰਾਹ ਵੀ ਦਿਖਾਇਆ। ਰਾਜਨੀਤਕ ਉਦੇਸ਼ਾਂ ਲਈ ਸਾਧਨ ਦੀ ਪਵਿੱਤਰਤਾ ਦੇ ਹਮਾਇਤੀ ਉਹ ਕਦੇ ਨਹੀਂ ਰਹੇ। ਰਾਜਨੀਤਕ ਸਮਝੌਤਿਆਂ ਦੀ ਸਵਾਰੀ ਕਰਦੇ ਹੋਏ ਆਪਣੀ ਵਿਚਾਰਧਾਰਾ ਦੀ ਰਾਜਨੀਤੀ ਨੂੰ ਲਗਾਤਾਰ ਨਵੀਆਂ ਸਿਖਰਾਂ ਤੱਕ ਲੈ ਜਾਂਦੇ ਰਹੇ। ਉਨ੍ਹਾਂ ਨੇ ਪਵਿੱਤਰਾਵਾਦ ਦੀ ਜਗ੍ਹਾ ਮੌਕਿਆਂ ਨੂੰ ਸਿਧਾਂਤ ਵਿੱਚ ਬਦਲ ਦਿੱਤਾ।

ਆਪਣੀ ਰਾਜਨੀਤੀ ਨੂੰ ਸਫਲਤਾ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਸਾਹਿਬ ਕਾਂਸ਼ੀਰਾਮ ਨੂੰ ਮਿਲੀਆਂ ਸਫਲਤਾਵਾਂ ਨੇ ਉਨ੍ਹਾਂ ਦੇ ਵਿਅਕਤੀਤਵ ਨੂੰ ਉਹ ਚਮਕ ਦਿੱਤੀ, ਜਿਸਦੀ ਕੋਈ ਵੀ ਰਾਜਨੇਤਾ ਸਿਰਫ ਉਮੀਦ ਹੀ ਕਰ ਸਕਦਾ ਹੈ।

ਸਮਾਜ ਲਈ ਸਭ ਕੁਝ ਸਮਰਪਿਤ ਕਰ ਦਿੱਤਾ
ਸਾਹਿਬ ਕਾਂਸ਼ੀਰਾਮ ਨੇ ਆਪਣੀ ਜ਼ਿੰਦਗੀ ਸਮਾਜ ਦੇ ਲੇਖੇ ਲਾ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇੱਕ ਵਿਅਕਤੀ ਲਈ ਕੁਝ ਨਹੀਂ ਕੀਤਾ, ਉਹ ਵਿਅਕਤੀ ਉਹ ਖੁਦ ਸਨ। ਫੂਲੇ-ਸ਼ਾਹੂ-ਅੰਬੇਡਕਰ ਦੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਸੰਕਲਪ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਚਿੱਠੀ ਲਿਖੀ ਸੀ। ਉਨ੍ਹਾਂ ਚਿੱਠੀ ਵਿੱਚ ਲਿਖਿਆ ਸੀ-ਹੁਣ ਮੈਂ ਕਦੇ ਘਰ ਨਹੀਂ ਜਾਵਾਂਗਾ। ਆਪਣੀ ਗੱਲ 'ਤੇ ਉਹ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਡਟੇ ਰਹੇ।

ਉਹ ਕਦੇ ਘਰ ਵਾਪਸ ਨਹੀਂ ਗਏ। ਨਾ ਹੀ ਘਰ ਵਸਾਇਆ ਤੇ ਨਾ ਹੀ ਕੋਈ ਜਾਇਦਾਦ ਬਣਾਈ। ਪਰਿਵਾਰਕ ਮੈਂਬਰਾਂ ਦੀ ਮੌਤ 'ਤੇ ਵੀ ਉਹ ਘਰ ਨਹੀਂ ਗਏ। ਪਰਿਵਾਰ ਦੇ ਲੋਕ ਕਦੇ ਲੈਣ ਆਏ ਤਾਂ ਉਨ੍ਹਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਦੁਨੀਆ ਵਿੱਚ ਅਜਿਹੀ ਸ਼ਖਸੀਅਤ ਕਦੇ-ਕਦਾਈਂ ਦੀ ਜਨਮ ਲੈਂਦੀ ਹੈ, ਜਿਨ੍ਹਾਂ ਨੇ ਆਪਣੇ ਸੰਘਰਸ਼ ਨਾਲ ਵਾਂਝੇ ਵਰਗਾਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ, ਪਰ ਖੁਦ ਲਈ ਸ਼ੁਰੂ ਤੋਂ ਅੰਤ ਤੱਕ ਕੁਝ ਨਹੀਂ ਰੱਖਿਆ। ਸਮਾਜ ਲਈ ਉਨ੍ਹਾਂ ਦੀ ਸਮਰਪਣ ਭਾਵਨਾ ਬੇਮਿਸਾਲ ਹੈ।

Comments

Leave a Reply