Tue,Jun 18,2019 | 07:06:47pm
HEADLINES:

editorial

'ਬਹੁਜਨ ਸਮਾਜ ਅੱਤਿਆਚਾਰਾਂ ਤੋਂ ਮੁਕਤੀ ਤੇ ਅਧਿਕਾਰ ਚਾਹੁੰਦਾ ਹੈ ਤਾਂ ਉਸਨੂੰ ਦੇਸ਼ ਦਾ ਹੁਕਮਰਾਨ ਬਣਨਾ ਹੋਵੇਗਾ'

'ਬਹੁਜਨ ਸਮਾਜ ਅੱਤਿਆਚਾਰਾਂ ਤੋਂ ਮੁਕਤੀ ਤੇ ਅਧਿਕਾਰ ਚਾਹੁੰਦਾ ਹੈ ਤਾਂ ਉਸਨੂੰ ਦੇਸ਼ ਦਾ ਹੁਕਮਰਾਨ ਬਣਨਾ ਹੋਵੇਗਾ'

ਬਹੁਜਨ ਮਹਾਨਾਇਕ ਤੇ ਸਾਹਿਬ ਕਾਂਸ਼ੀਰਾਮ ਆਪਣੇ ਭਾਸ਼ਣਾਂ ਵਿੱਚ ਕਿਹਾ ਕਰਦੇ ਸਨ ਕਿ ਹੁਕਮਰਾਨ ਬਣਨ ਤੋਂ ਸਾਡਾ ਸਮਾਜ ਬਹੁਤ ਘਬਰਾਉਂਦਾ ਹੈ। ਉਹ ਕਹਿੰਦਾ ਹੈ-ਸਾਨੂੰ ਹੁਕਮਰਾਨ ਨਹੀਂ ਬਣਨਾ ਹੈ। ਰੋਂਦਾ ਹੈ, ਚੀਕਦਾ ਹੈ। ਇਹ ਸਮਾਜ ਕਹਿੰਦਾ ਹੈ-ਸਾਡੇ ਨਾਲ ਅੱਿਤਆਚਾਰ ਹੁੰਦਾ ਹੈ, ਸਾਡੀਆਂ ਔਰਤਾਂ ਦਾ ਜਬਰ ਜਨਾਹ ਹੁੰਦਾ ਹੈ। ਇਹ ਸਾਰੀਆਂ ਗੱਲਾਂ ਉਹ ਰੋ-ਰੋ ਕੇ ਦੱਸਦਾ ਹੈ। 

ਸਾਹਿਬ ਮੁਤਾਬਕ, ਇਨ੍ਹਾਂ ਸਾਰੀਆਂ ਮੁਸੀਬਤਾਂ ਦਾ ਹੱਲ ਹੁਕਮਰਾਨ ਬਣ ਕੇ ਹੀ ਹੋ ਸਕਦਾ ਹੈ। ਉਹ ਕਹਿੰਦੇ ਸਨ, ''ਮੈਂ ਮੁੱਠੀ ਭਰ ਪਠਾਨਾਂ ਨੂੰ ਦੇਖਿਆ ਹੈ, ਮੁੱਠੀ ਭਰ ਮੁਗਲਾਂ ਨੂੰ ਦੇਖਿਆ ਹੈ, ਬਹੁਤ ਘੱਟ ਗਿਣਤੀ ਵਾਲੇ ਅੰਗ੍ਰੇਜ਼ਾਂ ਨੂੰ ਦੇਖਿਆ ਹੈ ਅਤੇ ਅੰਗ੍ਰੇਜ਼ਾਂ ਦੇ ਜਾਣ ਤੋਂ ਬਾਅਦ 15 ਫੀਸਦੀ ਉੱਚ ਜਾਤੀ ਦੇ ਲੋਕਾਂ ਨੂੰ ਦੇਖਿਆ ਹੈ। ਇਨ੍ਹਾਂ ਸਾਰਿਆਂ ਹੁਕਮਰਾਨਾਂ ਨੂੰ ਮੈਂ ਦੇਖਿਆ ਹੈ। ਇਨ੍ਹਾਂ 'ਤੇ ਅੱਤਿਆਚਾਰ ਨਹੀਂ ਹੁੰਦਾ। ਇਨ੍ਹਾਂ ਦੀਆਂ ਮਹਿਲਾਵਾਂ ਨਾਲ ਜਬਰ ਜਨਾਹ ਨਹੀਂ ਹੁੰਦਾ, ਕਿਉਂਕਿ ਅਨਿਆਂ-ਅੱਤਿਆਚਾਰ ਹੁਕਮਰਾਨ ਨਾਲ ਨਹੀਂ ਹੁੰਦਾ ਹੈ। ਜੇਕਰ ਸਾਨੂੰ ਅਨਿਆਂ-ਅੱਤਿਆਚਾਰ ਦਾ ਅੰਤ ਕਰਨਾ ਹੈ ਤਾਂ ਉਸਦੇ ਲਈ ਸਾਡਾ ਹੁਕਮਰਾਨ ਬਣਨਾ ਜ਼ਰੂਰੀ ਹੈ।''

ਸੱਤਾ ਦੇ ਪ੍ਰਭਾਵ ਬਾਰੇ ਦੱਸਦੇ ਹੋਏ ਸਾਹਿਬ ਕਾਂਸ਼ੀਰਾਮ ਕਿਹਾ ਕਰਦੇ ਸਨ ਕਿ ''ਜਦੋਂ ਮਾਇਆਵਤੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਅਨਿਆਂ-ਅੱਤਿਆਚਾਰ ਦਾ ਅੰਤ ਕਰਨ ਲਈ ਕਦਮ ਚੁੱਕੇ। ਪਹਿਲੇ ਦੋ ਮਹੀਨਿਆਂ ਵਿੱਚ ਮਾਇਆਵਤੀ ਨੇ 1.45 ਲੱਖ ਗੁੰਡਿਆਂ ਨੂੰ ਗੁੰਡਾ ਐਕਟ ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਦੋ ਮਹੀਨੇ ਅੰਦਰ ਜਿਹੜੇ ਗੁੰਡੇ ਜੇਲ੍ਹ ਤੋਂ ਬਾਹਰ ਬਚ ਗਏ, ਉਹ ਉੱਤਰ ਪ੍ਰਦੇਸ਼ ਛੱਡ ਕੇ ਦੂਜੇ ਸੂਬਿਆਂ ਵਿੱਚ ਭੱਜ ਗਏ। ਬਹੁਤੇ ਗੁੰਡੇ ਤਾਂ ਦੇਸ਼ ਛੱਡ ਕੇ ਵਿਦੇਸ਼ ਨੇਪਾਲ ਭੱਜ ਗਏ। ਜਦੋਂ ਤੱਕ ਮਾਇਆਵਤੀ ਦੀ ਸਰਕਾਰ ਰਹੀ, ਉਨ੍ਹਾਂ ਦੀ ਵਾਪਸ ਆਉਣ ਦੀ ਹਿੰਮਤ ਨਹੀਂ ਪਈ। ਇਸ ਲਈ ਸਾਥੀਓ! ਇੱਕ ਮਹਿਲਾ ਨੇ ਮਹਿਲਾਵਾਂ 'ਤੇ ਹੋ ਰਹੇ ਅਨਿਆਂ ਨੂੰ ਰੋਕਣ ਲਈ ਮਜ਼ਬੂਤੀ ਨਾਲ ਸਰਕਾਰ ਚਲਾਈ।''

ਸਾਹਿਬ ਮੁਤਾਬਕ, ਬਹੁਜਨ ਸਮਾਜ ਨੂੰ ਆਪਣੇ ਨਾਲ ਹੋਣ ਵਾਲੇ ਅੱਤਿਆਚਾਰਾਂ ਦਾ ਅੰਤ ਕਰਨ ਲਈ, ਆਪਣੇ ਅਧਿਕਾਰ ਹਾਸਲ ਕਰਨ ਲਈ, ਆਪਣੇ ਆਪ ਨੂੰ ਅੱਗੇ ਵਧਾਉਣ ਲਈ ਇਸ ਦੇਸ਼ ਦਾ ਹੁਕਮਰਾਨ ਬਣਨਾ ਚਾਹੀਦਾ ਹੈ।

ਸਾਹਿਬ ਕਾਂਸ਼ੀਰਾਮ ਸਮਾਜਿਕ ਵਿਵਸਥਾ 'ਚ ਬਦਲਾਅ ਦਾ ਆਮ ਤੌਰ 'ਤੇ ਜ਼ਿਕਰ ਕਰਦੇ ਰਹਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੀ ਸਰਕਾਰ ਪਰਿਵਰਤਨ ਨਹੀਂ ਲਿਆ ਸਕਦੀ, ਉਸਦਾ ਕੋਈ ਮਤਲਬ ਨਹੀਂ ਹੈ।

ਉਹ ਇਹ ਵੀ ਕਹਿੰਦੇ ਸਨ, ''ਜੋਤੀਬਾ ਫੂਲੇ, ਸ਼ਾਹੂ ਜੀ ਮਹਾਰਾਜ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ ਕਾਰਨ ਸਮਾਜ ਵਿੱਚ ਤਾਕਤ ਆਈ ਹੈ। ਹਾਲਾਂਕਿ ਇਹ ਖਿੱਲਰੀ ਪਈ ਹੈ। ਜੇਕਰ ਇਸਨੂੰ ਇਕੱਠਾ ਕੀਤਾ ਜਾਵੇ ਤਾਂ ਅਸੀਂ ਬਦਲਾਅ ਵੱਲ ਤੇਜ਼ੀ ਨਾਲ ਵਧ ਸਕਦੇ ਹਾਂ। ਸਾਹਿਬ ਕਹਿੰਦੇ ਸਨ, ਦਲਿਤ-ਸ਼ੋਸ਼ਿਤ ਸਮਾਜ ਸਦੀਆਂ ਤੋਂ ਗੁਰਬਤ ਦੀ ਵਿਵਸਥਾ ਹੰਢਾ ਰਿਹਾ ਹੈ।

ਇਹ ਸਾਡੇ ਸਮਾਜ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਹੈ। ਆਬਾਦੀ ਦਾ ਇਹ ਵੱਡਾ ਹਿੱਸਾ, ਜਿਸਦੇ ਰਹਿਣ-ਸਹਿਣ ਦਾ ਪੱਧਰ ਨੀਵਾਂ ਹੈ, ਪੱਛੜਿਆ ਹੋਇਆ ਹੈ। ਇਸ ਕਰਕੇ ਸਾਡਾ ਮੁਲਕ ਪੱਛੜਿਆ ਹੋਇਆ ਹੈ ਅਤੇ ਇਸ ਦਾ ਰਹਿਣ-ਸਹਿਣ ਦਾ ਪੱਧਰ ਵੀ ਬਹੁਤ ਹੇਠਾਂ ਹੈ।

ਆਬਾਦੀ ਦੇ ਇਸ ਵੱਡੇ ਹਿੱਸੇ ਨੂੰ ਜਗਾ ਕੇ, ਉਤੇਜਤ ਕਰਕੇ ਸਮਾਜਿਕ ਕੰਮਾਂ ਵਿੱਚ ਲਗਾਉਣਾ ਅਤਿ ਜ਼ਰੂਰੀ ਹੈ। ਸਮਾਜ ਦੇ ਵੱਡੇ ਹਿੱਸੇ ਨੂੰ ਜਗਾ ਕੇ, ਉਤੇਜਿਤ ਕਰਕੇ ਅਤੇ ਸਮਾਜਿਕ ਕੰਮਾਂ ਵਿਚ ਲਗਾਉਣ ਦੀ ਪ੍ਰਕਿਰਿਆ ਨੂੰ ਸਮਾਜਿਕ ਕਾਰਵਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਸਮਾਜ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਸਾਰੇ ਪੱਖਾਂ ਤੋਂ ਜਾਗਰੂਕ ਕਰਨਾ ਜ਼ਰੂਰੀ ਹੈ। ਜਦੋਂ ਤੱਕ ਉਨ੍ਹਾਂ ਨੂੰ ਜਗਾਇਆ ਨਹੀਂ ਜਾਂਦਾ, ਉਤੇਜਿਤ ਨਹੀਂ ਕੀਤਾ ਜਾਂਦਾ, ਉਸ ਵੇਲੇ ਤੱਕ ਉਹ ਸਮਾਜਿਕ ਕੰਮਾਂ ਵਿੱਚ ਨਹੀਂ ਲੱਗਣਗੇ। ਇਨ੍ਹਾਂ ਲੋਕਾਂ ਨੂੰ ਸਮਾਜਿਕ ਕੰਮਾਂ ਵਿੱਚ ਲਗਾਉਣ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਜ਼ਰੂਰ ਲਿਆਂਦੀ ਜਾਵੇ। 

ਦਲਿਤ-ਸ਼ੋਸ਼ਿਤ ਸਮਾਜ ਦੀਆਂ ਹਰ ਖੇਤਰ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਬੰਧਤ ਲੋਕਾਂ ਨੂੰ ਜਗਾਉਣਾ ਹੋਵੇਗਾ, ਪੜ੍ਹਾਉਣਾ ਹੋਵੇਗਾ ਅਤੇ ਕਾਰਜ 'ਤੇ ਲਗਾਉਣਾ ਹੋਵੇਗਾ। ਇਨ੍ਹਾਂ ਲੋਕਾਂ ਨੂੰ ਕਦੇ-ਕਦੇ ਕੰਮ ਵਿੱਚ ਲਗਾਉਣ ਨਾਲ ਕੁਝ ਵੀ ਹੋਣ ਵਾਲਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਲਗਾਤਾਰ ਅਤੇ ਪਰਿਵਰਤਨ ਕਰਨ ਦੇ ਕੰਮ ਵਿੱਚ ਲਗਾ ਕੇ ਰੱਖਣਾ ਚਾਹੀਦਾ ਹੈ ਤਾਂ ਹੀ ਬਹੁਜਨ ਸਮਾਜ ਅੱਗੇ ਵਧ ਸਕਦਾ ਹੈ ਤੇ ਅੱਤਿਆਚਾਰਾਂ ਤੋਂ ਮੁਕਤ ਹੋ ਸਕਦਾ ਹੈ।  

ਬੇਗੈਰਤ ਲੋਕ
ਸਾਹਿਬ ਕਾਂਸ਼ੀਰਾਮ ਨੇ ਪੰਜਾਬ 'ਚ ਇੱਕ ਰੈਲੀ ਦੌਰਾਨ ਦਿੱਤੇ ਆਪਣੇ ਇੱਕ ਭਾਸ਼ਣ 'ਚ ਕਿਹਾ, ''ਬਹੁਤ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ 'ਤੇ ਪਹੁੰਚਿਆ ਹਾਂ ਕਿ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਵਿੱਚ ਮੈਂ ਪੈਦਾ ਹੋਇਆ, ਉਹ ਬੇਗੈਰਤ ਲੋਕ ਹਨ। ਅੱਜ ਵੀ ਉਹ ਆਪਣੇ ਆਪ ਵਿੱਚ ਗੈਰਤ ਪੈਦਾ ਨਹੀਂ ਕਰ ਸਕੇ। ਉਹ ਨਿਮਾਣੇ ਲੋਕ ਹਨ। ਅੱਜ ਵੀ ਉਹ ਆਪਣੇ ਆਪ ਨੂੰ ਮਾਣ ਸਨਮਾਨ ਨਾਲ ਜਿਊਣ ਵਾਸਤੇ ਮਾਹੌਲ ਪੈਦਾ ਨਹੀਂ ਕਰ ਸਕੇ ਹਨ। ਮਾਣ-ਸਨਮਾਨ ਵਾਲੀ ਵਿਵਸਥਾ ਦਾ ਪ੍ਰਬੰਧ ਉਹੀ ਲੋਕ ਕਰ ਸਕਦੇ ਹਨ, ਜਿਨ੍ਹਾਂ ਵਿੱਚ ਕੁਝ ਅਣਖ ਹੋਵੇ।''

ਮਨੀ-ਮੀਡੀਆ-ਮਾਫੀਆ
ਸਾਹਿਬ ਦੇ ਜੀਵਨ ਸੰਘਰਸ਼ ਦਾ ਮੁੱਖ ਮਕਸਦ ਸਮਾਜਿਕ ਤੇ ਆਰਥਿਕ ਪਰਿਵਰਤਨ ਲਿਆਉਣਾ ਸੀ। ਉਨ੍ਹਾਂ ਦਾ ਟੀਚਾ ਸੀ, ਅਜਿਹਾ ਸਮਾਜ ਬਣਾਉਣਾ, ਜੋ ਬਰਾਬਰੀ, ਆਜ਼ਾਦੀ, ਨਿਆਂ ਤੇ ਭਾਈਚਾਰੇ 'ਤੇ ਆਧਾਰਿਤ ਹੋਵੇ। ਆਪਣੇ ਟੀਚੇ ਦੀ ਪ੍ਰਾਪਤੀ ਲਈ ਉਹ ਸੱਤਾ ਨੂੰ ਇੱਕ ਸਾਧਨ ਮੰਨਦੇ ਸਨ, ਪਰ ਉਨ੍ਹਾਂ ਸਾਹਮਣੇ ਕਈ ਮੁਸ਼ਕਿਲਾਂ ਸਨ। ਆਪਣੇ ਸੰਘਰਸ਼ ਤੇ ਟੀਚੇ ਦੀ ਪ੍ਰਾਪਤੀ ਲਈ ਉਹ ਮਨੀ, ਮਾਫੀਆ ਤੇ ਮੀਡੀਆ ਨੂੰ ਸਭ ਤੋਂ ਵੱਡੀ ਔਕੜ ਮੰਨਦੇ ਸਨ। ਉਨ੍ਹਾਂ ਨੇ ਬਹੁਜਨ ਸਮਾਜ ਨੂੰ ਇਨ੍ਹਾਂ ਤਿੰਨਾਂ ਤੋਂ ਸਾਵਧਾਨ ਰਹਿਣ ਲਈ ਕਿਹਾ।

ਗੱਠਜੋੜ ਸਰਕਾਰਾਂ
ਕਾਂਸ਼ੀਰਾਮ ਜੀ ਇੱਕ ਗੱਲ ਹਮੇਸ਼ਾ ਕਿਹਾ ਕਰਦੇ ਸਨ ਕਿ ਭਾਰਤ ਵਰਗੇ ਵਿਭਿੰਨਤਾਪੂਰਨ ਸਮਾਜ ਵਿੱਚ ਦਿੱਲੀ ਜਾਂ ਸੂਬਿਆਂ ਵਿੱਚ ਗੱਠਜੋੜ ਸਰਕਾਰਾਂ ਦੇਸ਼ ਅਤੇ ਸੂਬਿਆਂ ਲਈ ਫਾਇਦੇਮੰਦ ਹਨ। ਗੱਠਜੋੜ ਜਾਂ ਖਿਚੜੀ ਸਰਕਾਰਾਂ ਦੇਸ਼ ਦੀ ਗਰੀਬ ਜਨਤਾ ਲਈ ਚੰਗੀਆਂ ਸਾਬਿਤ ਹੁੰਦੀਆਂ ਹਨ। ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨੂੰ ਦੇਖੀਏ ਤਾਂ ਅਸੀਂ ਪਾਉਂਦੇ ਹਾਂ ਕਿ ਜਦੋਂ-ਜਦੋਂ ਗੱਠਜੋੜ ਸਰਕਾਰਾਂ ਬਣੀਆਂ ਤਾਂ ਇਸਦਾ ਲਾਭ ਦਲਿਤਾਂ, ਪੱਛੜਿਆਂ ਸਮੇਤ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮਿਲਿਆ ਹੈ। 

ਸਾਧਨਾਂ ਦਾ ਇਸਤੇਮਾਲ
ਸਾਹਿਬ ਮੁਤਾਬਕ, ਸਾਧਨਾਂ ਦੇ ਮਾਮਲੇ 'ਚ ਦੱਬੇ-ਕੁਚਲੇ ਸਮਾਜ ਦੇ ਲੋਕ ਸਵਰਨ ਜਾਤੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਦੱਬੇ-ਕੁਚਲੇ ਸਮਾਜ ਦੇ ਲੋਕਾਂ ਨੂੰ ਆਪਣੀ ਆਜ਼ਾਦੀ ਪ੍ਰਾਪਤ ਕਰਨ ਲਈ ਹੁਕਮਰਾਨ ਜਾਤੀਆਂ ਨਾਲ ਮੁਕਾਬਲਾ ਕਰਨਾ ਪਵੇਗਾ। ਇਸ ਉਦੇਸ਼ ਦੀ ਪੂਰਤੀ ਲਈ ਸਾਧਨਾਂ ਦੀ ਜ਼ਰੂਰਤ ਹੋਵੇਗੀ। ਇਸ ਲਈ ਦੱਬੇ-ਕੁਚਲੇ ਵਰਗਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘੱਟ ਸਾਧਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਦੁਸ਼ਮਣਾਂ ਦੀ ਵਿਵਸਥਾ ਨੂੰ ਬਦਲਣ ਦਾ ਕੰਮ ਕਰਨ। ਇਸ ਤਰ੍ਹਾਂ ਅਸੀਂ ਆਪਣੇ ਵਿਰੋਧੀਆਂ ਨੂੰ ਹਰਾ ਸਕਾਂਗੇ।
(ਲੋਕ ਲੀਡਰ)

Comments

Leave a Reply