Sat,May 30,2020 | 02:28:04am
HEADLINES:

editorial

ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਨੂੰ ਸੱਤਾ ਦਾ ਰਾਹ ਦਿਖਾ ਗਏ ਸਾਹਿਬ ਕਾਂਸ਼ੀਰਾਮ

ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਨੂੰ ਸੱਤਾ ਦਾ ਰਾਹ ਦਿਖਾ ਗਏ ਸਾਹਿਬ ਕਾਂਸ਼ੀਰਾਮ

ਬਹੁਜਨ ਮਹਾਨਾਇਕ ਸਾਹਿਬ ਕਾਂਸ਼ੀਰਾਮ ਨੇ ਸਾਲ 1980 ਅਤੇ 90 ਦੇ ਦਹਾਕੇ 'ਚ ਆਜ਼ਾਦ ਭਾਰਤ ਦੀ ਰਾਜਨੀਤੀ 'ਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਸਮਾਜ ਦੇ ਹਾਸ਼ੀਏ 'ਤੇ ਰਹਿਣ ਵਾਲੇ ਦੱਬੇ-ਕੁਚਲੇ ਲੋਕਾਂ ਦੀ ਰਾਜਨੀਤੀ ਵੀ ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਦੀ ਮਦਦ ਦੇ ਬਿਨਾਂ ਸਫਲ ਹੋ ਸਕਦੀ ਹੈ।

ਸਾਹਿਬ ਕਾਂਸ਼ੀਰਾਮ ਪਾਰਟੀ ਦੇ ਕੈਡਰ ਕੈਂਪਾਂ 'ਚ ਕਿਹਾ ਕਰਦੇ ਸਨ ਕਿ ''ਜਿਨ੍ਹਾਂ ਲੋਕਾਂ ਦੀਆਂ ਗੈਰ ਰਾਜਨੀਤਕ ਜੜ੍ਹਾਂ ਮਜ਼ਬੂਤ ਨਹੀਂ ਹੁੰਦੀਆਂ, ਉਹ ਰਾਜਨੀਤੀ 'ਚ ਸਫਲ ਨਹੀਂ ਹੋ ਸਕਦੇ।'' ਉਨ੍ਹਾਂ ਲਿਖਿਆ ਕਿ ਬ੍ਰਾਹਮਣਵਾਦੀ ਸੰਸਕ੍ਰਿਤੀ ਦੇ ਸ਼ਿਕਾਰ ਸ਼ੂਦਰ ਤੇ ਅਤਿ ਸ਼ੂਦਰ ਸਦੀਆਂ ਤੱਕ ਹਨੇਰੇ 'ਚ ਜਿਊਂਦੇ ਰਹੇ। ਸਾਹਿਬ ਕਾਂਸ਼ੀਰਾਮ ਨੇ ਇਤਿਹਾਸ 'ਚੋਂ ਉਨ੍ਹਾਂ ਬਹੁਜਨ ਮਹਾਪੁਰਖਾਂ ਨੂੰ ਲੱਭ ਲਿਆਂਦਾ, ਜਿਨ੍ਹਾਂ ਨੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਖਿਲਾਫ ਵਿਦਰੋਹ ਕੀਤਾ ਸੀ।

5 ਸਮਾਜ ਸੁਧਾਰਕ, ਜੋ ਕਿ ਬਹੁਜਨ ਸਮਾਜ 'ਚ ਪੈਦਾ ਹੋਏ ਸਨ ਅਤੇ ਜਿਨ੍ਹਾਂ ਨੇ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਨੂੰ ਚੁਣੌਤੀ ਦਿੱਤੀ ਸੀ, ਉਹ ਸਨ ਮਹਾਤਮਾ ਜੋਤੀਬਾ ਰਾਓ ਫੂਲੇ (ਮਹਾਰਾਸ਼ਟਰ), ਨਾਰਾਇਣਾ ਗੁਰੂ (ਕੇਰਲ), ਛੱਤਰਪਤੀ ਸ਼ਾਹੂ ਜੀ ਮਹਾਰਾਜ (ਮਹਾਰਾਸ਼ਟਰ), ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ (ਮਹਾਰਾਸ਼ਟਰ) ਤੇ ਰਾਮਾਸਾਮੀ ਪੈਰੀਅਰ (ਤਮਿਲਨਾਡੂ)।

ਇਸ ਤਰ੍ਹਾਂ ਸਾਹਿਬ ਕਾਂਸ਼ੀਰਾਮ ਨੇ ਬਹੁਜਨਾਂ ਦੇ ਸੰਘਰਸ਼ ਦਾ ਲੜੀਵਾਰ ਇਤਿਹਾਸ ਤਿਆਰ ਕੀਤਾ। ਜਦੋਂ ਉਨ੍ਹਾਂ ਦਾ ਅੰਦੋਲਨ ਦੇਸ਼ ਦੇ ਹੋਰ ਹਿੱਸਿਆਂ 'ਚ ਫੈਲ ਗਿਆ, ਉਦੋਂ ਉਨ੍ਹਾਂ ਨੇ ਝਾਰਖੰਡ ਦੀ ਮੁੰਡਾ ਜਨਜਾਤੀ ਦੇ ਬਿਰਸਾ ਮੁੰਡਾ ਅਤੇ ਮੱਧ ਪ੍ਰਦੇਸ਼ ਦੇ ਗੁਰੂ ਘਾਸੀਦਾਸ ਨੂੰ ਵੀ ਇਸ ਸੂਚੀ 'ਚ ਜੋੜ ਲਿਆ।

ਬਹੁਜਨਾਂ ਦੇ ਸੰਘਰਸ਼ ਦੇ 158 ਸਾਲ ਦੇ ਇਤਿਹਾਸ, ਜੋ ਕਿ 1848 'ਚ ਜੋਤੀਬਾ ਫੂਲੇ ਤੋਂ ਸ਼ੁਰੂ ਹੁੰਦਾ ਹੈ, ਦੇ ਨਿਰਮਾਣ ਅਤੇ ਬਹੁਜਨ ਮਹਾਪੁਰਖਾਂ ਨੂੰ ਸਾਹਮਣੇ ਲਿਆਉਣ ਤੋਂ ਇਲਾਵਾ ਸਾਹਿਬ ਕਾਂਸ਼ੀਰਾਮ ਨੇ ਆਮ ਲੋਕਾਂ ਨੂੰ ਜੋੜਨ ਲਈ ਬਹੁਜਨ ਮੀਡੀਆ ਸਥਾਪਿਤ ਕਰਨ ਵੱਲ ਕਦਮ ਚੁੱਕੇ। ਉਹ ਮੁੱਖ ਧਾਰਾ ਦੇ ਮੀਡੀਏ ਨੂੰ ਮਨੂੰਵਾਦੀ ਕਿਹਾ ਕਰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੀ ਖੁਦ ਦੀਆਂ ਪੱਤ੍ਰਿਕਾਵਾਂ ਤੇ ਅਖਬਾਰਾਂ ਦੀ ਛਪਾਈ ਸ਼ੁਰੂ ਕੀਤੀ। ਉਨ੍ਹਾਂ ਦੀ ਪਹਿਲੀ ਪੱਤ੍ਰਿਕਾ ਸੀ 'ਦ ਅਨਟਚੇਬਲ ਇੰਡੀਆ'। ਇਸ ਤੋਂ ਬਾਅਦ ਉਨ੍ਹਾਂ ਨੇ 'ਦ ਅਪ੍ਰੈੱਸਡ ਇੰਡੀਅਨ', 'ਬਹੁਜਨ ਸੰਗਠਕ' ਸਮੇਤ ਕਈ ਹੋਰ ਅਖਬਾਰਾਂ-ਪੱਤ੍ਰਿਕਾਵਾਂ ਚਲਾਈਆਂ।

ਸਾਹਿਬ ਕਾਂਸ਼ੀਰਾਮ ਲੋਕਤੰਤਰ ਤੇ ਸੰਵਿਧਾਨਕ ਪ੍ਰਕਿਰਿਆ 'ਚ ਵਿਸ਼ਵਾਸ ਰੱਖਦੇ ਸਨ। ਉਹ ਰਾਜਨੀਤਕ ਚੋਣਾਂ ਅਤੇ ਬਹੁਜਨਾਂ ਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਵੋਟ ਦੇ ਹੱਕ ਦੀ ਮਹੱਤਤਾ ਦੱਸਦੇ ਸਨ। ਉਹ ਮੰਨਦੇ ਸਨ ਕਿ ਵੋਟ ਦੇ ਹੱਕ ਦਾ ਲਾਭ ਉਦੋਂ ਹੀ ਲਿਆ ਜਾ ਸਕਦਾ ਹੈ, ਜਦੋਂ ਤੁਸੀਂ ਆਪਣੀ ਵੋਟ ਦਾ ਪ੍ਰਯੋਗ ਸੋਚ-ਸਮਝ ਕੇ ਕਰਨਾ ਸਿੱਖ ਜਾਓ।

ਸਾਹਿਬ ਕਾਂਸ਼ੀਰਾਮ ਦਾ ਤਰਕ ਸੀ ਕਿ ਰਾਜਨੀਤਕ ਸੱਤਾ ਉਹ ਮਾਸਟਰ ਚਾਬੀ ਹੈ, ਜਿਸਦੇ ਇਸਤੇਮਾਲ ਨਾਲ ਸ਼ੋਸ਼ਿਤ ਬਹੁਜਨ ਸਮਾਜ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਦੇਸ਼ ਦੇ ਮਹਾਨ ਨੇਤਾ ਬਣ ਕੇ ਉਭਰੇ। ਉਨ੍ਹਾਂ ਨੇ ਸਦੀਆਂ ਤੋਂ ਲਤਾੜੇ, ਅਧਿਕਾਰਾਂ ਤੋਂ ਵੰਚਿਤ ਕੀਤੇ ਦਲਿਤ, ਹੋਰ ਪਛੜੇ ਵਰਗਾਂ ਤੇ ਧਾਰਮਿਕ ਘੱਟ ਗਿਣਤੀਆਂ ਨੂੰ ਜਾਗਰੂਕ ਕਰਕੇ ਇਨ੍ਹਾਂ ਨੂੰ ਸੱਤਾ ਦਾ ਰਾਸਤਾ ਦਿਖਾਇਆ ਤੇ ਘੱਟ ਗਿਣਤੀ ਅਖੌਤੀ ਉੱਚ ਜਾਤੀ ਵਰਗ ਦੇ ਇਸ ਖੇਤਰ 'ਚ ਸਦੀਆਂ ਤੋਂ ਚੱਲੇ ਆ ਰਹੇ ਏਕਾਧਿਕਾਰ ਨੂੰ ਤੋੜਿਆ।

ਸਾਹਿਬ ਕਾਂਸ਼ੀਰਾਮ ਦੇ ਇਸ ਸੰਘਰਸ਼ 'ਚ ਇੱਕ ਗੱਲ ਇਹ ਵੀ ਖਾਸ ਰਹੀ ਕਿ ਉਨ੍ਹਾਂ ਆਪਣਾ ਸਾਰਾ ਅੰਦੋਲਨ ਦੇਸ਼ ਦੀ ਲੋਕਤੰਤਰਿਕ ਵਿਵਸਥਾ ਦੇ ਰਾਹੀਂ ਚਲਾ ਕੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਦੇਸ਼ 'ਚ ਸਹੀ ਅਰਥਾਂ 'ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ।

ਉਹ ਹਿੰਸਾ ਵੱਲ ਨਹੀਂ ਗਏ। ਇਹੀ ਨਹੀਂ ਉਨ੍ਹਾਂ ਮਨੂੰਵਾਦੀ ਵਿਚਾਰਧਾਰਾ ਜਰੀਏ 6,000 ਜਾਤਾਂ 'ਚ ਵੰਡੇ ਸ਼ੋਸ਼ਿਤ ਸਮਾਜ ਦੇ ਲੋਕਾਂ ਨੂੰ ਜੋੜਨ ਦਾ ਕੰਮ ਵੀ ਵੱਡੇ ਪੱਧਰ 'ਤੇ ਕੀਤਾ। ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ 'ਤੇ ਚਲਦੇ ਹੋਏ ਉਨ੍ਹਾਂ ਇਨ੍ਹਾਂ ਵਰਗਾਂ 'ਚ ਮਜ਼ਬੂਤ ਲੀਡਰਸ਼ਿਪ ਵੀ ਪੈਦਾ ਕੀਤੀ। ਸਾਹਿਬ ਕਾਂਸ਼ੀ ਰਾਮ ਨੇ ਬਹੁਜਨ ਅੰਦੋਲਨ ਰਾਹੀਂ ਦੇਸ਼ ਦੀ ਰਾਜਨੀਤੀ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ, ਜੋ ਕਿ ਪਹਿਲਾਂ ਲੰਬੇ ਸਮੇਂ ਤੱਕ ਇਸ ਦੇਸ਼ 'ਚ ਨਹੀਂ ਹੋ ਸਕਿਆ ਸੀ।

ਉਹ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਉਨ੍ਹਾਂ ਦੇ ਨਾਂ 'ਜੈ ਭੀਮ' ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਗਏ ਤੇ ਉਨ੍ਹਾਂ ਨੇ ਬਾਬਾ ਸਾਹਿਬ ਦੇ ਅੰਦੋਲਨ ਨੂੰ ਇਸ ਦੇਸ਼ 'ਚੋਂ ਖਤਮ ਕਰਨ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਨਿਸ਼ਚਿਤ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੇ ਅੰਦੋਲਨ ਦੇ ਅਸਲ ਉੱਤਰਾਧਿਕਾਰੀ ਹਨ।

ਵੋਟ ਦਾ ਹੱਕ ਗੁਲਾਮੀ ਤੋਂ ਮੁਕਤੀ ਲਈ ਮਿਲਿਆ
ਦਿੱਲੀ 'ਚ ਅਗਸਤ 1998 'ਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਹਿਬ ਕਾਂਸ਼ੀਰਾਮ ਨੇ ਕਿਹਾ ਸੀ ਕਿ ਬਹੁਜਨ ਸਮਾਜ ਨੂੰ ਜੋ ਵੋਟ ਦਾ ਅਧਿਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ ਤੇ ਮੇਹਨਤ ਕਰਕੇ ਮਿਲਿਆ ਹੈ, ਉਹ ਸਾਰੇ ਹੋਰ ਅਧਿਕਾਰਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।

ਇਹ ਅਧਿਕਾਰ ਉਨ੍ਹਾਂ ਨੂੰ ਆਪਣੀਆਂ ਵੋਟਾਂ ਪੈਸੇ ਦੇ ਬਦਲੇ ਵੇਚਣ ਲਈ ਨਹੀਂ, ਸਗੋਂ ਆਪਣੀ ਵੋਟ ਦੇ ਅਧਿਕਾਰ ਦਾ ਸਮਝਦਾਰੀ ਨਾਲ ਇਸਤੇਮਾਲ ਕਰਕੇ ਆਪਣੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਪਾਉਣ ਲਈ ਮਿਲਿਆ ਹੈ। ਬਹੁਜਨ ਸਮਾਜ, ਜੋ ਕਿ ਦੇਸ਼ ਦੀ ਕੁੱਲ ਜਨਸੰਖਿਆ ਦਾ 85 ਫੀਸਦੀ ਹੈ, ਖੁਦ ਨੂੰ ਸੰਗਠਿਤ ਕਰਕੇ ਅਤੇ ਆਪਣੀ ਵੋਟ ਦੀ ਤਾਕਤ ਨੂੰ ਇਸਤੇਮਾਲ ਕਰਕੇ ਇਸ ਦੇਸ਼ ਦਾ ਹੁਕਮਰਾਨ ਆਸਾਨੀ ਨਾਲ ਬਣ ਸਕਦਾ ਹੈ।

Comments

Leave a Reply