Tue,Dec 01,2020 | 08:01:38am
HEADLINES:

editorial

ਸ਼ੋਸ਼ਿਤ ਬਹੁਜਨ ਸਮਾਜ ਨੂੰ ਸੱਤਾ ਦੇ ਕੇਂਦਰ ਤੱਕ ਲੈ ਗਏ ਸਾਹਿਬ ਕਾਂਸ਼ੀਰਾਮ

ਸ਼ੋਸ਼ਿਤ ਬਹੁਜਨ ਸਮਾਜ ਨੂੰ ਸੱਤਾ ਦੇ ਕੇਂਦਰ ਤੱਕ ਲੈ ਗਏ ਸਾਹਿਬ ਕਾਂਸ਼ੀਰਾਮ

ਬਹੁਜਨ ਨਾਇਕ ਤੇ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਨੇ ਸਰਬਹਾਰਾ ਸਮਾਜ ਨੂੰ ਇਸ ਕਦਰ ਤਿਆਰ ਕੀਤਾ ਕਿ ਇਸ ਵਿਚ ਜਾਗਰੂਕਤਾ ਦੀ ਇੱਕ ਮਸ਼ਾਲ ਲਟ-ਲਟ ਕਰ ਉੱਠੀ, ਜਿਸਦੀ ਰੌਸ਼ਨੀ ਵਿਚ ਇਸਨੂੰ ਆਪਣੀ ਮੰਜਿਲ ਦਿਸ ਪਈ ਤੇ ਇਹ ਵਹੀਰਾਂ ਘੱਤ ਆਪਣੇ ਰਹਿਬਰ ਦੇ ਪਿੱਛੇ  ਲਗ ਤੁਰਿਆ।

ਇਸ ਸਮਾਜ ਦੇ ਕੁਝ ਅਖੌਤੀ ਲੀਡਰ ਅਕਸਰ ਦੁਖੀ ਹੋ ਕੇ ਆਖ ਦਿੰਦੇ ਹਨ ਕਿ ਇਹ ਸਮਾਜ ਸਦੀਆਂ ਤੋਂ ਗੂੰਗਾ ਤੇ ਬੋਲਾ ਰਿਹਾ ਹੈ। ਇਸ ਲਈ ਇਹ ਹੁਣ ਵੀ ਕਿਸੇ ਦੀ ਗੱਲ ਸਮਝਣ ਤੇ ਸੁਣਨ ਦੇ ਕਾਬਲ ਨਹੀਂ ਹੈ, ਪਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਇਸ ਭਰਮ ਨੂੰ ਤੋੜ ਕੇ ਦਿਖਾਇਆ ਤੇ ਇਸ ਸਮਾਜ ਤੋਂ ਵੱਡੇ-ਵੱਡੇ ਕਾਰਨਾਮੇ ਕਰ ਦਿਖਾਏ। ਆਖਿਰ ਕੀ ਸੀ ਇਸ ਇਨਸਾਨ ਵਿਚ। ਸਮਾਜ ਦੀ ਬਿਹਤਰੀ ਲਈ ਅਣਥੱਕ ਮਿਹਨਤ, ਲਗਨ, ਦਲੇਰੀ ਨਾਲ ਅੱਗੇ ਹੀ ਅੱਗੇ ਵਧਦੇ ਜਾਣਾ ਬਸ ਇਹ ਗੁਣ ਸਨ ਉਸ ਵਿਚ।

ਇਹ ਇਨਸਾਨ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਅਜਿਹਾ ਟੁੰਬਿਆ ਗਿਆ ਕਿ ਆਪਣੀ ਵਧੀਆ ਨੌਕਰੀ ਤੇ ਵਧੀਆ ਜਿੰਦਗੀ ਨੂੰ ਤਿਆਗਕੇ ਆਪਣੇ ਸਮਾਜ ਦੇ ਉਥਾਨ ਲਈ ਮੈਦਾਨ ਵਿਚ ਆ ਉਤਰਿਆ ਤੇ ਬੱਸ ਉਸਦੇ ਦਿਨ ਤੇ ਰਾਤ ਇਕ ਬਣ ਗਏ। ਉਹ ਇੱਕ ਪਲ ਵੀ ਚੈਨ ਨਾਲ ਨਹੀਂ ਬੈਠਿਆ।

ਭੁੱਖਿਆ ਰਹਿ ਕੇ ਵੀ ਸੰਘਰਸ਼ ਵਿਚ ਜੁਟੇ ਰਹਿਣਾ, ਫਿਰ ਵੀ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ, ਚੜਦੀ ਕਲਾ ਵਿਚ ਰਹਿਣਾ ਤੇ ਔਖੀਆਂ ਘੜੀਆਂ ਵੀ ਹੱਸ ਕੇ ਗੁਜਾਰ ਦੇਣੀਆਂ ਕੋਈ ਮਾਮੂਲੀ ਗੱਲ ਤਾਂ ਨਹੀਂ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਉਹ ਆਪਣੇ ਸਾਧਨਹੀਣ ਸਮਾਜ ਨੂੰ ਆਪਣੇ ਹੀ ਦੋ ਪੈਰਾਂ (ਪੈਦਲ) ਜਾਂ ਦੋ ਪਹੀਆਂ (ਸਾਇਕਲ) ਦੀ ਵਰਤੋਂ ਕਰਕੇ ਰੈਲੀਆਂ, ਮਾਰਚ ਤੇ ਕਾਨਫਰੰਸਾਂ ਰਾਹੀਂ ਜਗਾਉਣ ਦਾ ਕੰਮ ਕਰ ਰਹੇ ਸਨ। ਉਨ੍ਹਾਂ ਦੇ ਕਹਿਣ ਅਨੁਸਾਰ ਸਾਡਾ ਸਮਾਜ ਬਹਾਨੇਬਾਜ ਵੀ ਬਹੁਤ ਹੈ।

ਜੇ ਉਨ੍ਹਾਂ ਨੂੰ ਪੈਦਲ ਜਾਂ ਸਾਇਕਲ ਚਲਾ ਕੇ ਇਕੱਠ ਵਿਚ ਸ਼ਾਮਲ ਹੋਣ ਲਈ ਆਖਿਆ ਤਾਂ ਸੌ ਬਹਾਨੇ ਤਿਆਰ ਹੋ ਜਾਣੇ ਹਨ। ਇਸ ਲਈ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਸੋਚਿਆ ਕਿ ਪਹਿਲਾਂ ਇਨ੍ਹਾਂ ਨੂੰ ਆਪ ਇਹ ਕੰਮ ਕਰਕੇ ਦਿਖਾਉਣਾ ਪਵੇਗਾ। ਉਨ੍ਹਾਂ ਨੇ ਦਿੱਲੀ ਤੋਂ ਜੰਮੂ ਤੇ ਵਾਪਸੀ ਤੱਕ ਆਪਣੇ ਕੁਝ ਸਾਥੀਆਂ ਨੂੰ ਨਾਲ ਲੈਕੇ ਸਾਈਕਲਾਂ 'ਤੇ 4500 ਕਿਲੋਮੀਟਰ ਦਾ ਮਹਾਨ ਸਫਰ ਸ਼ੁਰੂ ਕੀਤਾ। ਮੁੱਖ ਸੜਕਾਂ, ਲਿੰਕ ਸੜਕਾਂ ਅਤੇ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਜਦੋਂ ਇਹ ਕਾਫਲਾ ਲੰਘਦਾ ਤਾਂ ਲੋਕੀਂ ਵੇਖਦੇ ਹੀ ਰਹਿ ਜਾਂਦੇ ਤੇ ਉਤਸ਼ਾਹ ਨਾਲ ਭਰਪੂਰ ਹੋ ਜਾਂਦੇ।

ਫਿਰ ਜਦੋਂ ਕਦੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਛੋਟੀ ਜਾਂ ਵੱਡੀ ਕਿਸੇ ਕਾਨਫਰੰਸ ਲਈ ਲੋਕਾਂ ਨੂੰ ਆਵਾਜ ਦੇਣੀ ਤਾਂ ਲੋਕਾਂ ਨੇ ਸਾਇਕਲ ਚੁੱਕਣੇ, ਝੰਡੇ ਲਗਾਉਣੇ, ਰੋਟੀਆਂ ਨਾਲ ਬੰਨ੍ਹਣੀਆਂ ਤੇ ਕਾਫਲੇ ਬਣਾ ਕੇ ਪਿੰਡਾਂ ਵਿਚੋਂ ਦੀ ਨਾਹਰੇ ਮਾਰਦੇ ਹਜਾਰਾਂ ਦੀ ਗਿਣਤੀ ਵਿਚ ਇਕੱਤਰ ਹੋ ਜਾਂਦੇ। ਇਕ ਵਾਰੀ ਤਾਂ ਦੇਸ਼ ਦੇ ਕੋਨੇ-ਕੋਨੇ ਤੋਂ ਲੋਕੀ ਲੱਖਾਂ ਦੀ ਗਿਣਤੀ ਵਿਚ ਦਿੱਲੀ ਪੁੱਜ ਗਏ ਤੇ ਕਿੰਨੇ ਹੀ ਦਿਨ ਪ੍ਰਸ਼ਾਸਨ ਨੂੰ ਵਕਤ ਪਾਈ ਰੱਖਿਆ।

ਇਸ ਤਰ੍ਹਾਂ ਵਰਤਾਰੇ ਤੋਂ ਵੱਡੀਆਂ ਪਾਰਟੀਆਂ ਵਾਲੇ, ਕਾਰਾਂ, ਟਰੱਕਾਂ, ਬੱਸਾਂ ਦਿਹਾੜੀਆਂ 'ਤੇ ਬੰਦੇ ਇਕੱਠੇ ਕਰਕੇ ਕਾਨਫਰੰਸਾਂ ਕਰਨ ਵਾਲੇ ਤਰਾਹੁਣ ਲੱਗੇ ਸਨ। ਜਦੋਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਇਸ ਮਹਾਨ ਯਾਤਰਾ ਰਾਹੀਂ ਲੋਕਾਂ ਨੂੰ ਆਪ ਉਦਾਹਰਣ ਬਣਕੇ ਇਕ ਸਬਕ ਸਿਖਾਉਣ ਦੇ ਰਾਹ ਤੁਰੇ ਹੋਏ ਸਨ ਤਾਂ ਸਾਇਕਲ ਚਲਾ ਕੇ ਉਨ੍ਹਾਂ ਦੀ ਹਾਲਤ ਬਹੁਤ ਬੁਰੀ ਹੋ ਗਈ ਸੀ। ਸੀਟ 'ਤੇ ਬੈਠ-ਬੈਠ ਕੇ ਰਗੜੇ ਨਾਲ ਪਿੱਛੇ ਟਾਕੀਆਂ ਪੈ ਗਈਆਂ, ਜਖਮ ਹੋ ਗਏ, ਜਿਨ੍ਹਾਂ ਵਿਚੋਂ ਲਹੂ ਸਿਮਦਾ ਰਹਿੰਦਾ, ਲੱਤਾਂ ਦਰਦ ਕਰਦੀਆਂ। ਜਿੱਥੇ ਰਾਤ ਰਹਿੰਦੇ ਦਵਾਈਆਂ ਲਾਉਂਦੇ ਤੇ ਅਗਲੀ ਸਵੇਰ ਤੜਕੇ ਹੀ ਫਿਰ ਤਿਆਰ ਬਰ ਤਿਆਰ ਤੁਰ ਪੈਂਦੇ। ਕਿੰਨੀਆਂ ਔਕੜਾਂ ਭਰਿਆ ਸੀ ਇਹ ਸਫਰ, ਪਰ ਉਹ ਇਸਦੇ ਬਾਵਜੂਦ ਵੀ ਚਲਦੇ ਰਹੇ, ਚਲਦੇ ਰਹੇ ਤੇ ਪੂਰੀ ਸਫਲਤਾ ਨਾਲ ਮੁਕੰਮਲ ਕੀਤਾ।

ਇਸ ਬਾਰੇ ਆਮ ਘੱਟ ਹੀ ਪਤਾ ਹੈ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਆਪਣੇ ਵੇਲੇ ਚੰਗੇ ਜੁੱਸੇ ਵਾਲੇ ਚੰਗੇ ਭਲਵਾਨ ਰਹੇ ਹਨ। ਉਨ੍ਹਾਂ ਦਾ ਗਠਿਆ ਮਜਬੂਤ ਸਰੀਰ ਇਸ ਗੱਲ ਦੀ ਗਵਾਹੀ ਭਰਦਾ ਸੀ। ਉਨ੍ਹਾਂ ਦੇ ਚਾਚਾ ਬਿਸ਼ਨ ਸਿੰਘ ਜੀ ਵੀ ਦੱਸਦੇ ਹੁੰਦੇ ਸਨ ਕਿ ਸਾਹਿਬ ਇਕ ਚੰਗੇ ਭਲਵਾਨ ਸਨ ਤੇ ਜਦੋਂ ਉਹ ਕਦੇ ਕੋਈ ਕੁਸ਼ਤੀ ਜਿੱਤ ਕੇ ਆਉਂਦੇ ਤਾਂ ਉਹ ਉਨ੍ਹਾਂ ਨੂੰ ਇਨਾਮ ਵਜੋਂ ਘਿਓ ਦਾ ਪੀਪਾ ਦਿੰਦੇ। ਤਕੜੇ ਸਰੀਰ ਕਰਕੇ ਹੀ ਉਨ੍ਹਾਂ ਦੇ ਬਲਵਾਨ ਇਰਾਦੇ ਕਦੇ ਕਮਜੋਰ ਨਹੀਂ ਸੀ ਪਏ ਤੇ ਲਗਾਤਾਰ ਦਿਨ-ਰਾਤ ਸੰਘਰਸ਼ ਕਰਨ ਤੋਂ ਕੰਨੀ ਨਹੀਂ ਸੀ ਕਤਰਾਉਂਦੇ।

ਉਨ੍ਹਾਂ ਨੂੰ ਕਦੇ ਉਬਾਸੀ ਲੈਂਦਿਆਂ ਨਹੀਂ ਸੀ ਵੇਖਿਆ। ਇਹ ਵੀ ਸ਼ਾਇਦ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਸ਼ੇਅਰ ਬਾਜਾਰ ਦਾ ਬੜਾ ਗਿਆਨ ਸੀ। ਉਨ੍ਹਾਂ ਆਪ ਦੱਸਿਆ ਕਿ ਜਦੋਂ ਉਹ ਪੂਨੇ ਵਿਚ ਨੌਕਰੀ ਕਰਦੇ ਸਨ ਤਾਂ ਉਨ੍ਹਾਂ ਨੇ ਸ਼ੇਅਰਾਂ ਵਿਚੋਂ ਚੰਗਾ ਪੈਸਾ ਕਮਾਇਆ ਸੀ। ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਮੰਗਣੀ ਤਹਿ ਹੋ ਚੁੱਕੀ ਸੀ ਤੇ ਰਸਮ ਪੂਰੀ ਹੋਣ ਵਾਲੀ ਸੀ। ਉਨ੍ਹਾਂ ਆਪਣੀ ਮੰਗਣੀ ਦੀ ਰਸਮ 'ਤੇ ਖਰਚ ਕਰਨ ਲਈ ਉਸ ਵੇਲੇ ਪੈਂਤੀ ਹਜਾਰ ਰੁਪਿਆ ਸ਼ੇਅਰਾਂ ਤੋਂ ਕਮਾ ਕੇ ਤਿਆਰ ਕਰਕੇ ਰੱਖਿਆ ਹੋਇਆ ਸੀ।

ਉਨ੍ਹਾਂ ਦਿਨਾਂ ਵਿਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਰਹਿੰਦੇ ਵੀ ਪੂਨੇ ਦੀ ਪੌਸ਼ ਕਾਲੋਨੀ ਵਿਚ ਸਨ ਤੇ ਚੰਗੇ ਵਧੀਆ ਕਪੜੇ ਪਹਿਨਦੇ ਸਨ ਤੇ ਠਾਠ ਬਾਠ ਨਾਲ ਰਹਿੰਦੇ ਸਨ। ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿ ਜੇ ਉਹ ਮੰਗਣੀ 'ਤੇ ਹੀ ਇੰਨਾ ਪੈਸਾ ਲਗਾਉਣਾ ਚਾਹੁੰਦੇ ਸਨ ਤਾਂ ਵਿਆਹ ਕਿੰਨੇ ਠਾਠ-ਬਾਠ ਨਾਲ ਕਰਨ ਦੇ ਚਾਹਵਾਨ ਸਨ, ਪਰ ਜਦੋਂ ਵਕਤ ਨੇ ਮੋੜਾ ਖਾਧਾ ਤਾਂ ਸਮਾਜ ਨੂੰ ਇੰੰਨੇ ਸਮਰਪਿਤ ਹੋ ਗਏ ਕਿ ਵਿਆਹ ਕਰਵਾਉਣ ਤੋਂ ਹੀ ਨਾਂਹ ਕਰ ਦਿੱਤੀ ਤੇ ਮਾਂ ਨੂੰ ਚਿੱਠੀ ਲਿਖ ਦਿੱਤੀ ਕਿ ਸਮਝ ਲੈ ਤੇਰਾ ਪੁੱਤ ਮਰ ਗਿਆ ਹੈ।

ਕਿੰਨੇ ਹੀ ਸਾਲ ਮਾਂ ਰੋਂਦੀ ਰਹੀ ਕਿ ਉਸਦਾ ਪੁੱਤ ਦੁਨੀਆਂ 'ਤੇ ਨਹੀਂ ਰਿਹਾ ਤੇ ਫਿਰ ਸਾਹਿਬ ਆਪਣੇ ਮੰਤਵ ਦੀ ਪੂਰਤੀ ਵਿਚ ਖਾਣ ਪੀਣ, ਪਹਿਨਣਾ ਸਭ ਕੁਝ ਹੀ ਭੁੱਲ ਗਏ। ਬਾਅਦ ਵਿਚ ਤਾਂ ਇਹ ਹਾਲ ਸੀ ਕਿ ਉਹ ਕੱਪੜੇ ਤਾਂ ਭਾਵੇਂ ਸਾਫ ਸੁਥਰੇ ਪਹਿਨਦੇ ਸਨ, ਪਰ ਚਟਕ ਮਟਕ ਨਹੀਂ ਸੀ।

ਸਾਹਿਬ ਨੇ ਸਮਾਜ ਦੇ ਲਈ ਜੋ ਕਰਨ ਦਾ ਬੀੜਾ ਚੁੱਕਿਆ ਸੀ ਉਸ ਲਈ ਸਮਰਪਿਤ ਤੇ ਹਰ ਤਰ੍ਹਾਂ ਨਾਲ ਸੋਧੇ ਹੋਏ ਖਾਸ ਕਿਸਮ ਦੇ ਇਨਸਾਨ ਦੀ ਲੋੜ ਸੀ, ਜੋ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਅਨੁਸਾਰ ਹੀ ਢਾਲ ਲਿਆ ਸੀ। ਉਹ ਘੰਟਿਆਂ ਬੱਧੀ ਬਿਨ੍ਹਾਂ ਦਿਨ-ਰਾਤ ਵੇਖਿਆ ਬਿਨ੍ਹਾਂ ਭੁੱਖ-ਪਿਆਸ ਦੀ ਪਰਵਾਹ ਕੀਤਿਆਂ ਲਗਾਤਾਰ ਕੰਮ ਵਿਚ ਰੁੱਝੇ ਰਹਿੰਦੇ। ਇਸ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੇ ਕੰਮਾਂ ਲਈ ਉਨ੍ਹਾਂ ਕੋਲ ਕੋਈ ਸਮਾਂ ਨਹੀਂ ਸੀ।

ਕਿਸੇ ਦੇ ਵਿਆਹ, ਭੋਗ, ਰਸਮਾਂ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਸੀ ਰੱਖਦੇ। ਚੌਵੀ ਘੰਟਿਆਂ ਵਿਚੋਂ ਕਦੇ-ਕਦੇ ਤਾਂ ਇੱਕ ਘੰਟਾ ਹੀ ਸੌਂ ਕੇ ਸਾਰ ਲੈਂਦੇ ਸਨ। ਜਦੋਂ ਕਦੇ ਕੈਡਰ ਕੈਂਪ ਲੈ ਰਹੇ ਹੁੰਦੇ ਤਾਂ ਸਾਰੀ ਰਾਤ ਬੋਲਦੇ ਰਹਿੰਦੇ ਸਨ। ਜਦੋਂ ਸੁਸਤੀ ਜਾਂ ਥਕਾਵਟ ਮਹਿਸੂਸ ਕਰਨੀ ਤਾਂ ਕਹਿਣਾ ਕਿ ਮੈਂ ਅੱਧਾ ਘੰਟਾ ਆਰਾਮ ਕਰਨਾ ਹੈ, ਤੁਸੀਂ ਵੀ ਛੁੱੱਟੀ ਕਰ ਲਓ। ਪੈਂਦਿਆਂ ਹੀ ਸੌਂ ਜਾਣਾ ਤੇ ਅੱਧੇ ਘੰਟੇ ਮਗਰੋਂ ਆਪਣੇ ਆਪ ਉਠ ਬੈਠਦੇ ਤੇ ਅੱਖਾਂ 'ਤੇ ਛਿੱਟੇ ਮਾਰ ਤਰੋ ਤਾਜਾ ਹੋ ਕੇ ਫਿਰ ਜੁਟ ਜਾਂਦੇ।

ਜਦੋਂ ਕੋਈ ਵੱਡਾ ਪ੍ਰੋਗਰਾਮ ਉਲੀਕਣਾ ਤਾਂ ਆਪਣੇ ਆਪ ਨਾਲ ਵੀ ਇਹ ਵਾਅਦਾ ਕਰਦੇ ਕਿ ਮੈਂ ਇੰਨਾ ਚਿਰ ਸਾਲ ਜਾਂ ਛੇ ਮਹੀਨੇ ਬੀਮਾਰ ਵੀ ਨਹੀਂ ਹੋਣਾ ਜਦੋਂ ਤੱਕ ਕਿ ਪ੍ਰੋਗਰਾਮ ਮੁਕੰਮਲ ਨਹੀਂ ਹੋ ਜਾਂਦਾ, ਕਿੰਨੇ ਸਵੈ ਕਾਬੂ ਵਾਲੇ ਇਨਸਾਨ ਸਨ ਉਹ। ਥਕਾਵਟ ਦੂਰ ਕਰਨ ਤੇ ਤਰੋਤਾਜਾ ਹੋਣ ਦਾ ਉਨ੍ਹਾਂ ਦਾ ਇੱਕ ਹੋਰ ਤਰੀਕਾ ਵੀ ਸੀ।

ਗੰਭੀਰ ਤੋਂ ਗੰਭੀਰ ਵਿਚਾਰ ਚਰਚਾ ਕਰਦਿਆਂ ਜਦੋਂ ਉਨ੍ਹਾਂ ਵੇਖਣਾ ਕਿ ਚਰਚਾ ਵਿਚ ਹਿੱਸਾ ਲੈਣ ਵਾਲੇ ਕਿਤੇ ਬੋਝ ਮਹਿਸੂਸ ਕਰਨ ਲਗ ਪਏ ਹਨ ਜਾਂ ਉਹ ਆਪ ਵੀ ਕੁਝ ਥਕਾਵਟ ਮਹਿਸੂਸ ਕਰਨ ਲਗ ਪਏ ਹਨ ਤਾਂ ਅਜਿਹੇ ਮੌਕੇ 'ਤੇ ਉਹ ਆਪਣੇ ਤਜੁਰਬੇ ਵਿਚੋਂ ਕੋਈ ਅਜਿਹੀ ਹਾਸੇ ਵਾਲੀ ਗੱਲ ਸਾਂਝੀ ਕਰਦੇ ਕਿ ਆਪ ਵੀ ਲੋਟਪੋਟ ਹੋ ਜਾਂਦੇ ਤੇ ਸੁਣਨ ਵਾਲੇ ਵੀ ਹੱਸ ਹੱਸ ਦੂਹਰੇ ਹੋ ਜਾਂਦੇ। ਉਹ ਹੱਸਦੇ ਵੀ ਬਹੁਤ ਖੁੱਲ੍ਹ ਕੇ ਸਨ। ਚਿਹਰਾ ਲਾਲ ਹੋ ਜਾਂਦਾ ਸੀ ਤੇ ਅੱਖਾਂ ਵਿਚ ਅੱਥਰੂ ਆ ਜਾਂਦੇ। ਉਹ ਛੋਟੇ ਤੋਂ ਛੋਟਾ ਜਾਂ ਵੱਡੇ ਤੋਂ ਵੱਡਾ ਜੋ ਵੀ ਕੰਮ ਕਰਦੇ ਤਾਂ ਹਮੇਸ਼ਾ ਇਹੀ ਸੋਚਕੇ ਕਰਦੇ ਕਿ ਇਸ ਵਿਚੋਂ ਸਮਾਜ ਲਈ ਕੋਈ ਲਾਭਦਾਇਕ ਗੱਲ ਜਾਂ ਕੋਈ ਸੇਧ ਨਿਕਲ ਸਕਦੀ ਹੈ ਜਾ ਨਹੀਂ।

ਸੰਘਰਸ਼ ਦੇ ਸ਼ੁਰੂ ਵਾਲੇ ਦਿਨਾਂ ਵਿਚ ਇਹ ਹਾਲ ਸੀ ਕਿ ਜਦੋਂ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਸਾਹਿਬ ਕਾਂਸ਼ੀ ਰਾਮ ਜੀ ਆਏ ਹੋਏ ਹਨ। ਆਓ ਇਕੱਠੇ ਹੋਵੋ, ਕੋਈ ਗੱਲ ਕਰਦੇ ਹਨ ਤਾਂ ਲੋਕਾਂ ਨੇ ਆਮ ਤੌਰ 'ਤੇ ਕੰਨੀ ਕਤਰਾਉਣੀ ਕਿ ਇਨ੍ਹਾਂ ਨੇ ਪੈਸੇ ਟਕੇ ਦੀ ਕੋਈ ਵਗਾਰ ਪਾਉਣੀ ਹੈ। ਫਿਰ ਇੱਕ ਟਾਈਮ ਉਹ ਵੀ ਆਇਆ ਕਿ ਉਨ੍ਹਾਂ ਨੂੰ ਮਿਲਣ ਲਈ ਵੱਡੇ-ਵੱਡੇ ਲੀਡਰਾਂ, ਮੰਤਰੀ ਤੇ ਮੁੱਖ ਮੰਤਰੀਆਂ ਨੂੰ ਵੀ ਵਕਤ ਲੈਣਾ ਪੈਂਦਾ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਸੰਘਰਸ਼ ਵਿਚ ਮੇਰਾ ਕੋਈ ਰਿਸ਼ਤੇਦਾਰ ਨਹੀਂ ਲਗਦਾ। ਜੋ ਕੋਈ ਮਿਹਨਤ ਕਰਦਾ ਹੈ ਉਸਨੂੰ ਹੀ ਅੱਗੇ ਲੈ ਕੇ ਆਓ। ਨਿਰਾ ਰਿਸ਼ਤੇਦਾਰੀ ਜਾਂ ਚਮਚਾਗਿਰੀ ਦੇ ਸਹਾਰੇ ਕਿਸੇ ਦੀ ਰਿਆਇਤ ਨਹੀਂ ਕਰਨੀ। ਉਨ੍ਹਾਂ ਨੇ ਚਮਚਾ ਯੁੱਗ ਕਿਤਾਬ ਵੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਸਾਬਿਤ ਕੀਤਾ ਹੈ ਕਿ ਚਮਚਾਗਿਰੀ ਵਿਚ ਘਿਰੇ ਦਲਿਤ ਪੱਛੜੇ ਸਮਾਜ ਦੇ ਆਗੂ ਸਮਾਜ ਨੂੰ ਧੋਖਾ ਦੇ ਰਹੇ ਹਨ ਤੇ ਕੁਝ ਕਰਨ ਤੋਂ ਅਸਮਰੱਥ ਹੋ ਚੁੱਕੇ ਹਨ।

ਇਹ ਸਾਡੇ ਸਮਾਜ ਦੀ ਅਧੋਗਤੀ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਇਹ ਅਵਸਥਾ ਪੂਨਾ ਪੈਕਟ ਤੋਂ ਬਾਅਦ ਉਤਪੰਨ ਹੋਈ ਅਤੇ ਹੁਣ ਆਪਣੇ ਸਿਖਰ 'ਤੇ ਹੈ। ਇਸ ਤਰ੍ਹਾਂ ਦੇ ਸਨ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ। ਸਾਧਾਰਣ ਸੁਭਾਅ ਅਤੇ ਸਾਧਾਰਣ ਆਦਤਾਂ ਨੂੰ ਵੱਡੇ ਪੱਧਰ 'ਤੇ ਵਰਤਕੇ ਸੰਘਰਸ਼ 'ਚੋਂ ਨਿਕਲਿਆ ਕੁਠਾਲੀ ਤੋਂ ਨਿਕਲੇ ਕੁੰਦਨ ਵਰਗਾ ਘੜਿਆ ਘੜਾਇਆ ਮਹਾਨ ਮਨੁੱਖ।

ਹਰ ਪਲ, ਹਰ ਘੜੀ ਆਪਣੇ ਸਮਾਜ ਦੀਆਂ ਚਿੰਤਾਵਾਂ ਵਿਚ ਘਿਰਿਆ ਕੋਈ ਸੇਧਰ ਦਿੰਦਾ, ਕੋਈ ਸੇਧ ਲੈਂਦਾ ਸਮਾਜ ਨੂੰ ਸਮਰਪਿਤ, ਉਹ ਮਹਾਨ ਇਨਸਾਨ ਜਿਸਦਾ ਬੱਸ ਇਕੋ ਹੀ ਟੀਚਾ ਸੀ ਕਿ ਸਦੀਆਂ ਤੋਂ ਝੰਬੇ ਹੋਏ ਇਸ ਪੀੜਾ ਤੋਂ ਗ੍ਰਸਤ ਆਪਣੇ ਸਮਾਜ ਨੂੰ ਕਿਵੇਂ ਸਹੀ ਦਿਸ਼ਾ ਦੇ ਕੇ ਆਪਣੀ ਮੰਜਿਲ ਤੱਕ ਲੈ ਕੇ ਜਾਇਆ ਜਾਵੇ। ਇਹ ਉਨ੍ਹਾਂ ਦਾ ਜੀਵਨ ਸੀ ਤੇ ਇਹੀ ਉਨ੍ਹਾਂ ਦਾ ਸੁਪਨਾ ਸੀ।
-ਫਤਿਹਜੰਗ ਸਿੰਘ

Comments

Leave a Reply