Sun,Oct 21,2018 | 03:42:00am
HEADLINES:

editorial

ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਪਸੰਦ ਕਰਾਂਗਾ, ਰਾਸ਼ਟਰਪਤੀ ਨਹੀਂ

ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਪਸੰਦ ਕਰਾਂਗਾ, ਰਾਸ਼ਟਰਪਤੀ ਨਹੀਂ

ਇਹ ਸਾਹਿਬ ਕਾਂਸ਼ੀਰਾਮ ਹੀ ਸਨ, ਜਿਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੋਂ ਬਾਅਦ ਭਾਰਤੀ ਰਾਜਨੀਤੀ ਤੇ ਸਮਾਜ ਵਿਚ ਇਕ ਵੱਡਾ ਪ੍ਰੀਵਰਤਨ ਲਿਆਉਣ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਤੇ ਬਹੁਜਨ ਮਹਾਪੁਰਖਾਂ ਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਦੇਸ਼ ਵਿਚ ਬਹੁਜਨਾਂ ਦਾ ਸਭ ਤੋਂ ਵੱਡਾ ਅੰਦੋਲਨ ਖੜਾ ਕਰ ਦਿੱਤਾ। ਸਾਹਿਬ ਕਾਂਸ਼ੀਰਾਮ ਦਾ ਮੰਨਣਾ ਸੀ ਕਿ ਆਪਣੇ ਹੱਕ ਲਈ ਲੜਨਾ ਹੋਵੇਗਾ, ਉਸਦੇ ਲਈ ਹੱਥ ਫੈਲਾਉਣ ਨਾਲ ਗੱਲ ਨਹੀਂ ਬਣੇਗੀ। ਉਹ ਕਹਿੰਦੇ ਸਨ ਕਿ ਭਾਰਤ 'ਚ ਦਲਿਤ, ਪਛੜੇ, ਧਾਰਮਿਕ ਘੱਟ ਗਿਣਤੀ ਸਮਾਜ ਦੀ ਆਬਾਦੀ 85 ਫੀਸਦੀ ਹੈ, ਪਰ 15 ਫੀਸਦੀ ਉੱਚੀ ਜਾਤੀਆਂ ਉਨ੍ਹਾਂ 'ਤੇ ਸ਼ਾਸਨ ਕਰ ਰਹੀਆਂ ਹਨ। 

ਬਹੁਜਨਾਂ ਨੂੰ ਹੁਕਮਰਾਨ ਬਣਾਉਣ ਲਈ 1984 ਵਿਚ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਹਾਲਾਂਕਿ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਵਿਚ ਜਿੱਤ ਦਰਜ ਕਰ ਪਾਉਣਾ ਸੌਖਾ ਨਹੀਂ ਸੀ। ਅਲੀਗੜ ਵਿਚ ਰਹਿਣ ਵਾਲੇ ਸਾਹਿਬ ਕਾਂਸ਼ੀਰਾਮ ਦੇ ਇਕ ਸਾਥੀ ਅਮ੍ਰਿਤਾਰਾਓ ਅਕੇਲਾ ਦੱਸਦੇ ਹਨ, ''1985 ਵਿਚ ਜਦੋਂ ਬਹੁਜਨ ਸਮਾਜ ਪਾਰਟੀ ਚੋਣ ਲੜ ਰਹੀ ਸੀ ਤਾਂ ਸਾਹਿਬ ਕਾਂਸ਼ੀਰਾਮ ਨੇ ਕਿਹਾ ਸੀ ਕਿ ਪਹਿਲੀਆਂ ਚੋਣਾਂ ਅਸੀਂ ਹਾਰਾਂਗੇ, ਦੂਜੀਆਂ ਚੋਣਾਂ ਵਿਚ ਹਰਾਵਾਂਗੇ ਤੇ ਤੀਜੀਆਂ ਚੋਣਾਂ ਵਿਚ ਜਿੱਤਾਂਗੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਦੇਸ਼ ਵਿਚ ਬਹੁਜਨ ਸਮਾਜ ਨੂੰ ਹੁਕਮਰਾਨ ਬਣਾਉਣਾ ਚਾਹੁੰਦੇ ਹਾਂ। ਲੋਕਤੰਤਰ ਵਿਚ ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ, ਉਨ੍ਹਾਂ ਨੂੰ ਹੁਕਮਰਾਨ ਹੋਣਾ ਚਾਹੀਦਾ ਹੈ। ਇਸੇ ਲਈ ਉਨ੍ਹਾਂ ਨੇ ਇਕ ਨਾਅਰਾ ਦਿੱਤਾ ਸੀ, 'ਜਿਸਦੀ ਜਿੰਨੀ ਸੰਖਿਆ ਭਾਰੀ, ਉਨੀਂ ਉਸਦੀ ਹਿੱਸੇਦਾਰੀ।' ਉਨ੍ਹਾਂ ਦਾ ਇਕ ਹੋਰ ਨਾਇਰਾ ਸੀ-ਜੋ ਬਹੁਜਨ ਕੀ ਬਾਤ ਕਰੇਗਾ, ਵੋ ਦਿੱਲੀ ਪਰ ਰਾਜ ਕਰੇਗਾ।''

ਸਾਹਿਬ ਕਾਂਸ਼ੀਰਾਮ ਨੇ 1988 ਵਿਚ ਇਲਾਹਾਬਾਦ ਤੋਂ ਲੋਕਸਭਾ ਉਪ ਚੋਣ ਲੜੀ। ਉਹ ਜਿੱਤੇ ਤਾਂ ਨਹੀਂ, ਪਰ ਵਿਸ਼ਵਨਾਥ ਪ੍ਰਤਾਪ ਸਿੰਘ ਵਰਗੇ ਮਜ਼ਬੂਤ ਵਿਰੋਧੀ ਖਿਲਾਫ 68,000 ਤੋਂ ਜ਼ਿਆਦਾ ਵੋਟਾਂ ਲੈਣ ਵਿਚ ਸਫਲ ਰਹੇ। ਸੰਘਰਸ਼ ਰਾਹੀਂ ਸਾਹਿਬ ਕਾਂਸ਼ੀਰਾਮ ਦਾ ਕਾਰਵਾਂ ਅੱਗੇ ਵਧਦਾ ਰਿਹਾ। ਦੇਸ਼ਭਰ ਵਿਚ ਬਸਪਾ ਸੰਗਠਨ ਖੜਾ ਕਰਨ, ਐਮਐਲਏ-ਐਮਪੀ ਬਣਾਉਣ, ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿਚ ਸਰਕਾਰਾਂ ਤੇ ਕੇਂਦਰ 'ਚ ਬਸਪਾ ਦੇ ਸਹਿਯੋਗ ਨਾਲ ਸਰਕਾਰਾਂ ਬਣਾਉਣ ਵਿਚ ਉਹ ਸਫਲ ਰਹੇ।

ਇਕ ਵਾਰ ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਗਈ, ਪਰ ਉਨ੍ਹਾਂ ਨੇ ਉਸਨੂੰ ਇਹ ਕਹਿੰਦੇ ਹੋਏ ਨਕਾਰ ਦਿੱਤਾ ਕਿ ਉਹ ਭਾਰਤ ਦੇ ਪ੍ਰਧਾਨਮੰਤਰੀ ਬਣਨਾ ਚਾਹੁੰਦੇ ਹਨ, ਰਾਸ਼ਟਰਪਤੀ ਨਹੀਂ। ਸਾਹਿਤਕਾਰ ਬਦਰੀ ਨਾਰਾਇਣ ਦੱਸਦੇ ਹਨ, ''ਅਟਲ ਬਿਹਾਰੀ ਵਾਜਪੇਈ ਨੇ ਇਕ ਵਾਰ ਉਨ੍ਹਾਂ ਅੱਗੇ ਰਾਸ਼ਟਰਪਤੀ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਪਸੰਦ ਕਰਨਗੇ। ਰਾਸ਼ਟਰਪਤੀ ਬਣਾ ਕੇ ਤੁਸੀਂ ਉਨ੍ਹਾਂ ਨੂੰ ਚੁੱਪਚਾਪ ਅਲੱਗ ਬੈਠਾ ਦਿਓ, ਇਹ ਗੱਲ ਮੰਨਣ ਨੂੰ ਉਹ ਤਿਆਰ ਨਹੀਂ। ਸਾਹਿਬ ਕਾਂਸ਼ੀਰਾਮ ਸੱਤਾ ਦਾ ਡਿਸਟ੍ਰੀਬਿਊਸ਼ਨ ਚਾਹੁੰਦੇ ਸਨ। ਉਹ ਪੰਜਾਬੀ ਦੇ ਗੁਰੂ ਕਿੱਲੀ ਸ਼ਬਦ ਦਾ ਇਸਤੇਮਾਲ ਕਰਦੇ ਸਨ, ਜਿਸਦਾ ਅਰਥ ਸੀ ਕਿ ਸੱਤਾ ਦੀ ਚਾਬੀ। ਉਨ੍ਹਾਂ ਦਾ ਮੰਨਣਾ ਸੀ ਕਿ ਤਾਕਤ ਪਾਉਣ ਲਈ ਸਟੇਟ 'ਤੇ ਕਬਜ਼ਾ ਜ਼ਰੂਰੀ ਹੈ। ਕਾਂਗਰਸ ਦੇ ਨਾਲ ਜੁੜੇ ਦਲਿਤ ਨੇਤਾਵਾਂ ਨੂੰ ਉਹ ਚਮਚਾ ਕਹਿੰਦੇ ਸਨ, ਜਿਨ੍ਹਾਂ ਨੂੰ ਜੇਕਰ ਪੰਜ ਸੀਟਾਂ ਵੀ ਦੇ ਦਿੱਤੀਆਂ ਜਾਣ ਤਾਂ ਉਹ ਖੁਸ਼ ਹੋ ਜਾਂਦੇ ਸਨ।''

ਸਾਹਿਬ ਕਾਂਸ਼ੀਰਾਮ ਸ਼ੋਸ਼ਿਤ ਸਮਾਜ ਨਾਲ ਹੋਣ ਵਾਲੀ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਸਨ। ਉਨ੍ਹਾਂ 'ਤੇ ਇਕ ਕਿਤਾਬ ਲਿਖਣ ਵਾਲੇ ਐਸਐਸ ਗੌਤਮ ਦੱਸਦੇ ਹਨ, ''ਇਕ ਵਾਰ ਕਾਂਸ਼ੀਰਾਮ ਰੋਪੜ ਦੇ ਇਕ ਢਾਬੇ ਵਿਚ ਗਏ। ਉੱਥੇ ਉਨ੍ਹਾਂ ਨੇ ਖਾਣਾ ਖਾ ਰਹੇ ਕੁਝ ਜ਼ਿੰਮੀਂਦਾਰਾਂ ਨੂੰ ਇਹ ਗੱਲਾਂ ਕਰਦੇ ਹੋਏ ਸੁਣਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦਲਿਤਾਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਹ ਸੁਣਦੇ ਹੀ ਕਾਂਸ਼ੀਰਾਮ ਦਾ ਖੂਨ ਖੌਲ ਉੱਠਿਆ ਅਤੇ ਉਹ ਇੰਨੇ ਗੁੱਸੇ ਵਿਚ ਆ ਗਏ ਕਿ ਉਨ੍ਹਾਂ ਨੇ ਉੱਥੋਂ ਇਕ ਕੁਰਸੀ ਚੁੱਕੀ ਅਤੇ ਉਸ ਨਾਲ ਜ਼ਿਮੀਂਦਾਰਾਂ ਨੂੰ ਕੁੱਟਣ ਲੱਗੇ। ਇਸ ਚੱਕਰ ਵਿਚ ਕਈ ਮੇਜ਼ ਉਲਟ ਗਏ ਅਤੇ ਉਨ੍ਹਾਂ 'ਤੇ ਰੱਖੀਆਂ ਪਲੇਟਾਂ ਟੁੱਟ ਗਈਆਂ।''

ਬਹੁਜਨ ਸਮਾਜ ਅੰਦੋਲਨ ਨੂੰ ਉਸ ਸਮੇਂ ਬਹੁਤ ਵੱਡਾ ਝਟਕਾ ਲੱਗਿਆ, ਜਦੋਂ 2003 ਵਿਚ ਆਉਂਦੇ-ਆਉਂਦੇ ਸਾਹਿਬ ਕਾਂਸ਼ੀਰਾਮ ਗੰਭੀਰ ਤੌਰ 'ਤੇ ਬਿਮਾਰ ਹੋ ਗਏ। ਉਸ ਸਮੇਂ ਕੁਮਾਰੀ ਮਾਇਆਵਤੀ ਨੇ ਉਨ੍ਹਾਂ ਦਾ ਬਹੁਤ ਖਿਆਲ ਰੱਖਿਆ। ਬਦਰੀ ਨਾਰਾਇਣ ਕਹਿੰਦੇ ਹਨ, ''ਸਾਹਿਬ ਕਾਂਸ਼ੀਰਾਮ ਦਾ ਅੰਤ ਚੰਗਾ ਨਹੀਂ ਹੋਇਆ। ਇਕ ਵਾਰ ਜਦੋਂ ਉਹ ਟ੍ਰੇਨ ਵਿਚ ਜਾ ਰਹੇ ਸਨ, ਉਦੋਂ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ। ਮਾਇਆਵਤੀ ਉਨ੍ਹਾਂ ਦਾ ਬਹੁਤ ਖਿਆਲ ਰੱਖਿਆ ਕਰਦੇ ਸਨ। ਉਸੇ ਤਰ੍ਹਾਂ ਜਿਵੇਂ ਕੋਈ ਆਪਣੇ ਪਿਤਾ ਦੀ ਸੇਵਾ ਕਰਦਾ ਹੈ।'' 9 ਅਕਤੂਬਰ 2006 ਨੂੰ ਸਾਹਿਬ ਕਾਂਸ਼ੀਰਾਮ ਸਦੀਵੀਂ ਵਿਛੋੜਾ ਦੇ ਗਏ। ਬਾਬਾ ਸਾਹਿਬ ਅੰਬੇਡਕਰ ਦੀ ਸੋਚ 'ਤੇ ਪਹਿਰਾ ਦੇਣ ਵਾਲੇ, ਸ਼ੋਸ਼ਿਤਾਂ ਨੂੰ ਦੇਸ਼ ਦਾ ਹੁਕਮਰਾਨ ਬਣਾਉਣ ਵਾਲੇ ਇਸ ਬਹੁਜਨ ਮਹਾਨਾਇਕ ਨੂੰ ਦੁਨੀਆਂ ਯੁੱਗਾਂ-ਯੁੱਗਾਂ ਤੱਕ ਯਾਦ ਰੱਖੇਗੀ।
(ਇਨਪੁਟ : ਰੇਹਾਨ ਫਜ਼ਲ)

Comments

Leave a Reply