Mon,Apr 22,2019 | 08:23:11am
HEADLINES:

editorial

ਉੱਚ ਜਾਤੀ ਵਰਗਾਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ, ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ

ਉੱਚ ਜਾਤੀ ਵਰਗਾਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ, ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ

ਇੱਕ ਵਿਚਾਰਕ ਮੰਚ ਤੇ ਇੱਕ ਗੈਰਸਰਕਾਰੀ ਸੰਗਠਨ ਦੀ ਰਿਸਰਚ ਮੁਤਾਬਕ, ਉੱਚ ਜਾਤੀ ਦੇ ਹਿੰਦੂਆਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ ਹੈ। ਸਰਵੇਖਣ ਦੌਰਾਨ ਹਿੰਦੂਆਂ ਵਿੱਚੋਂ 18 ਫੀਸਦੀ ਅਨੁਸੂਚਿਤ ਜਾਤੀ ਦੇ ਲੋਕਾਂ ਨੇ ਪੁਲਸ ਨੂੰ 'ਬਹੁਤ ਡਰਾਉਣਾ' ਦੱਸਿਆ ਹੈ, ਜਿਵੇਂ ਕਿ 'ਸਟੇਟਸ ਆਫ ਪੋਲੀਸਿੰਗ ਇਨ ਇੰਡੀਆ 2018' ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਇਹ ਰਿਪੋਰਟ ਕਾਮਨ ਕਾਜ਼ ਤੇ ਸੈਂਟਰ ਫਾਰ ਦ ਸਟਡੀ ਆਫ ਡੇਵਲਪਿੰਗ ਸੋਸਾਇਟੀਜ਼ (ਸੀਐੱਸਡੀਐੱਸ) ਦੇ ਲੋਕਨੀਤੀ ਪ੍ਰੋਗਰਾਮ ਵੱਲੋਂ ਜਾਰੀ ਕੀਤੀ ਗਈ।
 
ਰਾਸ਼ਟਰੀ ਅਪਰਾਧ ਅੰਕੜਿਆਂ ਦੀ ਇਸ ਪੜਤਾਲ ਮੁਤਾਬਕ, ਕੁਝ ਸਮੂਹਾਂ ਵਿਚਕਾਰ ਪੁਲਸ ਦਾ ਇਹ ਡਰ ਇਸ ਤੱਥ ਨਾਲ ਜੁੜਿਆ ਹੋ ਸਕਦਾ ਹੈ ਕਿ ਭਾਰਤ ਵਿੱਚ 55 ਫੀਸਦੀ ਤੋਂ ਜ਼ਿਆਦਾ ਵਿਚਾਰ ਅਧੀਨ ਕੈਦੀ ਮੁਸਲਮਾਨ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਹਨ। ਉਦਾਹਰਨ ਲਈ ਝਾਰਖੰਡ ਵਿੱਚ, ਅਧਿਕਾਰਕ ਤੌਰ 'ਤੇ ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਰੂਪ ਵਿੱਚ ਸੂਚੀ ਬੱਧ ਕਰੀਬ 500 ਆਦੀਵਾਸੀ ਜੇਲ੍ਹ ਵਿੱਚ ਹਨ, ਕਿਉਂਕਿ ਟ੍ਰਾਇਲ ਦੀ ਰਫਤਾਰ ਹੋਲੀ ਹੈ, ਜਿਵੇਂ ਕਿ ਮਨੁੱਖੀ ਅਧਿਕਾਰ ਸੰਸਥਾ ਸੈਂਟਰ ਫਾਰ ਜਸਟਿਸ ਐਂਡ ਪੀਸ ਵੱਲੋਂ ਇਸ 2017 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ।
 
ਨਵੰਬਰ 2006 ਦੀ ਸੱਚਰ ਕਮੇਟੀ ਦੀ ਰਿਪੋਰਟ ਨੇ ਵੱਖ-ਵੱਖ ਸਰਕਾਰੀ ਸੇਵਾਵਾਂ ਵਿੱਚ ਮੁਸਲਮਾਨਾਂ ਦੀ ਖਰਾਬ ਨੁਮਾਇੰਦਗੀ ਵੱਲ ਇਸ਼ਾਰਾ ਕੀਤਾ ਸੀ। ਰਿਪੋਰਟ ਵਿੱਚ ਸਮਾਜ ਵਿੱਚ ਵਿਸ਼ਵਾਸ ਬਣਾਉਣ ਦੇ ਢੰਗ ਦੇ ਰੂਪ ਵਿੱਚ ਪੁਲਸ ਫੋਰਸ ਵਿੱਚ ਜ਼ਿਆਦਾ ਮੁਸਲਮਾਨ ਨੁਮਾਇੰਦਗੀ ਦੀ ਸਿਫਾਰਿਸ਼ ਕੀਤੀ ਗਈ ਸੀ।
 
'ਕਾਮਨ ਕਾਜ਼' ਨਾਲ ਜੁੜੇ ਮੈਂਬਰ ਅਤੇ ਰਿਸਰਚ ਲਈ ਸਲਾਹਕਾਰਾਂ ਵਿੱਚੋਂ ਇੱਕ ਵਿਪੁਲ ਮੁਦ੍ਰਲ ਕਹਿੰਦੇ ਹਨ, ''ਸਾਡੇ ਲਈ ਮੁੱਖ ਖੋਜ ਇਹ ਸੀ ਕਿ ਜਿਹੜੇ ਲੋਕ ਸਮਾਜ ਵਿੱਚ ਸੱਤਾ ਅਹੁਦੇ ਵਿੱਚ ਉੱਪਰ ਹੁੰਦੇ ਹਨ, ਉਨ੍ਹਾਂ ਨੂੰ ਪੁਲਸ ਤੋਂ ਬੇਹਤਰ ਸਹਿਯੋਗ ਮਿਲਦਾ ਹੈ, ਜਦਕਿ ਹੇਠਲੇ ਲੋਕਾਂ ਦੇ ਨਾਲ ਅਜਿਹਾ ਨਹੀਂ ਹੁੰਦਾ। ਵਿਸ਼ੇਸ਼ ਤੌਰ 'ਤੇ ਪੁਲਸ ਦਾ ਰਿਸ਼ਤਾ ਗਰੀਬ ਤੇ ਕਮਜ਼ੋਰ ਨਾਗਰਿਕਾਂ ਦੇ ਨਾਲ ਕਮਜ਼ੋਰ ਹੈ।'' ਪੁਲਸ ਫੋਰਸ ਵਿੱਚ ਜਾਤਾਂ ਦੀ ਗੈਰਬਰਾਬਰੀ ਵਾਲੀ ਨੁਮਾਇੰਦਗੀ ਜਾਤੀ ਦੀ ਵੰਡ ਦਾ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਲੋਕ ਪੁਲਸ ਨੂੰ ਕਿਵੇਂ ਦੇਖਦੇ ਹਨ। 
 
ਉਦਾਹਰਨ ਲਈ ਉੱਤਰ ਪ੍ਰਦੇਸ਼ ਵਿੱਚ 75 ਜ਼ਿਲ੍ਹਾ ਐੱਸਪੀ ਵਿੱਚੋਂ 13 ਠਾਕੁਰ, 20 ਬ੍ਰਾਹਮਣ, 1 ਕਾਯਸਥ, ਇੱਕ ਭੂਮੀਹਾਰ, ਇੱਕ ਵੈਸ਼ ਤੇ 6 ਹੋਰ ਜਾਤਾਂ ਦੇ ਹਨ, ਜਿਵੇਂ ਕਿ ਹਿੰਦੂਸਤਾਨ ਟਾਈਮਸ ਵਿੱਚ ਜੁਲਾਈ 2017 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਰਾਸ਼ਟਰ ਮੰਡਲ ਮਨੁੱਖੀ ਅਧਿਕਾਰ ਪਹਿਲ (ਸੀਆਰਆਰਆਈ) ਦੇ ਕੋਆਰਡੀਨੇਟਰ (ਪੁਲਸ ਸੁਧਾਰ) ਦੇਵਿਕਾ ਪ੍ਰਸਾਦ ਮੁਤਾਬਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀ ਜਾਤੀਆਂ, ਜਨਜਾਤੀਆਂ ਤੇ ਮਹਿਲਾਵਾਂ ਵਰਗੇ ਸਮੂਹਾਂ ਦੀ ਨੁਮਾਇੰਦਗੀ ਮੌਜੂਦ ਹੈ, ਪਰ ਇਹ ਘੱਟ ਹੈ।
 
ਉਹ ਕਹਿੰਦੇ ਹਨ, ''ਹਾਲਾਂਕਿ ਇਹ ਦੇਖਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੇ ਰਾਖਵੇਂਕਰਨ ਨੂੰ ਪੂਰਾ ਕੀਤਾ ਜਾ ਰਿਹਾ ਹੈ? ਕੀ ਉਦੇਸ਼ ਸਿਰਫ ਜ਼ਰੂਰੀ ਗਿਣਤੀ ਨੂੰ ਪੂਰਾ ਕਰਨਾ ਹੈ? ਜ਼ਰੂਰਤ ਇਸ ਗੱਲ ਦੀ ਹੈ ਕਿ ਪੁਲਸ ਦੀ ਸੰਸਕ੍ਰਿਤੀ ਵਿੱਚ ਸੁਧਾਰ ਹੋਵੇ। ਸਾਨੂੰ ਡਾਇਵਰਸਿਟੀ ਦੀ ਮਹੱਤਤਾ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਨਾਲ ਪੁਲਸ ਵਿਭਾਗ ਅੰਦਰ ਲੋਕਤੰਤਰਿਕ ਮਾਹੌਲ ਬਣੇਗਾ ਤੇ ਜਨਤਾ ਪੁਲਸ 'ਤੇ ਭਰੋਸਾ ਕਰ ਸਕੇਗੀ।''
 
ਰਿਪੋਰਟ 'ਚ ਪਾਇਆ ਗਿਆ ਕਿ ਧਾਰਮਿਕ ਵਰਗਾਂ ਵਿੱਚ ਸਿੱਖਾਂ ਨੂੰ ਪੁਲਸ ਦਾ ਸਭ ਤੋਂ ਜ਼ਿਆਦਾ ਤੇ ਹਿੰਦੂਆਂ ਨੂੰ ਸਭ ਤੋਂ ਘੱਟ ਡਰ ਹੈ। ਸੂਬੇ ਵਾਰ ਵੇਰਵੇ ਵਿੱਚ ਪੰਜਾਬ ਵਿੱਚ ਪੁਲਸ ਦੇ ਡਰ ਦਾ ਉੱਚ ਪੱਧਰ (46 ਫੀਸਦੀ) ਦਿਖਾਇਆ ਗਿਆ ਹੈ। ਇਸ ਸਬੰਧ ਵਿੱਚ ਪੰਜਾਬ ਤੋਂ ਬਾਅਦ ਤਮਿਲਨਾਡੂ ਤੇ ਕਰਨਾਟਕ ਦਾ ਸਥਾਨ ਰਿਹਾ ਹੈ।
 
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਗਰੀਬ ਸਿੱਖ ਪੁਲਸ ਤੋਂ ਜ਼ਿਆਦਾ ਡਰਦੇ ਹਨ, ਪਰ ਇਹ ਸਾਰੇ ਧਾਰਮਿਕ ਵਰਗਾਂ ਲਈ ਸੱਚ ਹੈ। ਜੇਕਰ ਅਸੀਂ ਸਾਰੇ ਧਰਮਾਂ ਵਿਚਕਾਰ ਉੱਪਰਲੇ ਵਰਗਾਂ 'ਤੇ ਵਿਚਾਰ ਕਰਦੇ ਹਾਂ ਤਾਂ ਹਿੰਦੂਆਂ (14 ਫੀਸਦੀ) ਜਾਂ ਮੁਸਲਮਾਨਾਂ (9 ਫੀਸਦੀ) ਦੇ ਮੁਕਾਬਲੇ ਸਿੱਖਾਂ ਦੀ (37 ਫੀਸਦੀ) ਪੁਲਸ ਤੋਂ ਡਰਨ ਦੀ ਸੰਭਾਵਨਾ ਹੈ।
 
ਇਸ ਸੋਚ ਪਿੱਛੇ ਪਿਛਲੇ ਚਾਰ ਦਹਾਕਿਆਂ ਵਿੱਚ ਪੰਜਾਬ ਵਿੱਚ ਹਿੰਸਾ ਦੇ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ ਅਤੇ ਪੁਲਸ ਨੇ ਇਸਦਾ ਜਵਾਬ ਕਿਵੇਂ ਦਿੱਤਾ, ਖਾਸ ਤੌਰ 'ਤੇ 1990 ਦੇ ਦਹਾਕੇ ਵਿੱਚ ਜਦੋਂ ਸੂਬੇ ਵਿੱਚ ਅੱਤਵਾਦ ਵਧ ਗਿਆ ਸੀ।
 
ਹਿਮਾਚਲ ਪ੍ਰਦੇਸ਼ (0.2 ਫੀਸਦੀ) ਤੇ ਉੱਤਰਾਖੰਡ (1.4 ਫੀਸਦੀ) ਦੇ ਵਾਸੀਆਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ ਰਿਹਾ ਹੈ। ਕੇਰਲ ਨੂੰ ਛੱਡ ਕੇ ਦੱਖਣ ਭਾਰਤ ਵਿੱਚ ਕਰੀਬ ਸਾਰੇ ਸੂਬਿਆਂ ਵਿੱਚ ਪੁਲਸ ਦੇ ਡਰ ਦਾ ਉੱਚ ਪੱਧਰ ਸਾਹਮਣੇ ਆਇਆ ਹੈ।
 
ਇੱਕ ਆਮ ਸੋਚ ਹੈ ਕਿ ਕਿਸੇ ਹੋਰ ਖੇਤਰ ਦੇ ਮੁਕਾਬਲੇ ਹਿੰਦੀ ਖੇਤਰਾਂ ਵਿੱਚ ਮੁਸਲਮਾਨ ਪੁਲਸ ਤੋਂ ਜ਼ਿਆਦਾ ਡਰਦੇ ਹਨ, ਪਰ ਰਿਪੋਰਟ ਵਿੱਚ ਪਾਇਆ ਗਿਆ ਕਿ ਦੱਖਣ ਭਾਰਤ ਦੇ ਮੁਸਲਮਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਕਰਨਾਟਕ, ਤਮਿਲਨਾਡੂ ਤੇ ਆਂਧਰ ਪ੍ਰਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਪੁਲਸ ਦਾ ਡਰ ਜ਼ਿਆਦਾ ਹੈ।
 
ਮੁਦ੍ਰਲ ਕਹਿੰਦੇ ਹਨ, ''ਦੱਖਣ ਭਾਰਤ ਵਿੱਚ ਇਤਿਹਾਸਕ ਤੌਰ 'ਤੇ ਪੁਲਸ ਵਿਵਸਥਾ ਬੇਹਤਰ ਰਹੀ ਹੈ, ਪਰ ਹਾਲ ਹੀ ਵਿੱਚ ਅੱਤਵਾਦ ਦੀਆਂ ਘਟਨਾਵਾਂ ਤੋਂ ਬਾਅਦ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਨਾਲ ਇਸ ਖੇਤਰ ਵਿੱਚ ਮੁਸਲਮਾਨਾਂ ਦੇ ਦਿਮਾਗ ਵਿੱਚ ਡਰ ਪੈਦਾ ਹੋਇਆ ਹੈ।'' ਇਹ ਤੈਅ ਕਰਨ ਲਈ ਕਿ ਕੀ ਕੀਤਾ ਜਾ ਸਕਦਾ ਹੈ ਕਿ ਸਾਰੇ ਵਰਗਾਂ ਦਾ ਪੁਲਸ ਵਿੱਚ ਭਰੋਸਾ ਬਣੇ?
 
ਪ੍ਰਸਾਦ ਕਹਿੰਦੇ ਹਨ, ਕੋਟੇ ਰਾਹੀਂ ਨੁਮਾਇੰਦਗੀ ਦੇ ਘੱਟ ਤੋਂ ਘੱਟ ਪੈਮਾਨਿਆਂ ਨੂੰ ਪੂਰਾ ਕਰਨ ਲਈ ਪੁਲਸ ਤੇ ਸਰਕਾਰ ਵੱਲੋਂ ਵੱਡੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੈਸ਼ਨਲ ਕ੍ਰਾਈਮ ਰਿਸਰਚ ਬਿਊਰੋ ਦੀ ਸਲਾਨਾ ਰਿਪੋਰਟ ਦੇ ਆਧਾਰ 'ਤੇ ਪੁਲਸ ਬਾਰੇ ਸੋਚ 'ਤੇ ਸਮੇਂ-ਸਮੇਂ 'ਤੇ ਸਰਵੇਖਣ ਦੀ ਜ਼ਰੂਰਤ ਹੈ।

ਉੱਚ ਜਾਤੀਏ ਆਪਣੇ ਖੇਤਰ 'ਚ ਚਾਹੁੰਦੇ ਜ਼ਿਆਦਾ ਪੁਲਸ
ਅਨੁਸੂਚਿਤ ਜਨਜਾਤੀ : 41 ਫੀਸਦੀ
ਅਨੁਸੂਚਿਤ ਜਾਤੀ : 43 ਫੀਸਦੀ
ਮੁਸਲਮਾਨ : 43 ਫੀਸਦੀ
ਓਬੀਸੀ : 47 ਫੀਸਦੀ
ਉੱਚ ਜਾਤੀ ਹਿੰਦੂ : 54 ਫੀਸਦੀ

ਟਾਪ 5 ਸੂਬੇ, ਜਿੱਥੇ ਸਭ ਤੋਂ ਵੱਧ ਪੁਲਸ ਦਾ ਡਰ
ਪੰਜਾਬ : 46.7 ਫੀਸਦੀ
ਤਮਿਲਨਾਡੂ : 39.2 ਫੀਸਦੀ
ਕਰਨਾਟਕ : 33.9 ਫੀਸਦੀ
ਆਂਧਰ ਪ੍ਰਦੇਸ਼ :25.1 ਫੀਸਦੀ
ਓਡੀਸ਼ਾ : 23.2 ਫੀਸਦੀ

ਕਿਸ ਵਰਗ ਨੂੰ ਪੁਲਸ ਤੋਂ ਕਿੰਨਾ ਲਗਦਾ ਹੈ ਡਰ
ਉੱਚ ਜਾਤੀ ਹਿੰਦੂ : 10%
ਅਨੁਸੂਚਿਤ ਜਨਜਾਤੀ : 12%
ਹੋਰ ਪੱਛੜੇ ਵਰਗ : 17%
ਅਨੁਸੂਚਿਤ ਜਾਤੀ : 18%
(ਸਰੋਤ : ਸਟੇਟਸ ਆਫ ਪੋਲੀਸਿੰਗ ਇਨ ਇੰਡੀਆ)
-ਦੇਵਾਨਿਕ ਸਾਹਾ/ਇੰਡੀਆ ਸਪੈਂਡ
(ਲੇਖਕ ਦਿੱਲੀ ਦੇ ਪਾਲਿਸੀ ਐਂਡ ਡੇਵਲੇਪਮੈਂਟ ਐਡਵਾਈਜ਼ਰੀ ਗਰੁੱਪ ਵਿੱਚ ਮੀਡੀਆ ਤੇ ਨੀਤੀ ਸੰਚਾਰ ਸਲਾਹਕਾਰ ਹਨ। ਉਹ ਪੱਤਰਕਾਰ ਵੀ ਹਨ)

 

Comments

Leave a Reply