Mon,Apr 22,2019 | 12:33:37am
HEADLINES:

editorial

'ਰਾਖਵਾਂਕਰਨ ਵਿਵਸਥਾ' ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਿਧਾਂਤ

'ਰਾਖਵਾਂਕਰਨ ਵਿਵਸਥਾ' ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਿਧਾਂਤ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਰਾਖਵੇਂਕਰਨ ਦੀ ਵਿਵਸਥਾ ਵਿਅਕਤੀਗਤ ਉਪਲਬਧੀਆਂ ਹਾਸਲ ਕਰਨ ਦੇ ਸਾਧਨ ਦੇ ਤੌਰ 'ਤੇ ਨਹੀਂ ਕੀਤੀ ਸੀ। ਰਾਖਵੇਂਕਰਨ ਦਾ ਨਿੱਜੀ ਤਰੱਕੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਰਕਾਰੀ ਖੇਤਰ ਵਿੱਚ ਇੰਨੀਆਂ ਨੌਕਰੀਆਂ ਤੇ ਸਰਕਾਰੀ ਸਿੱਖਿਆ ਸੰਸਥਾਨਾਂ ਵਿੱਚ ਇੰਨੀਆਂ ਸੀਟਾਂ ਵੀ ਨਹੀਂ ਹਨ ਕਿ 125 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਇਨ੍ਹਾਂ ਦੇ ਦਮ 'ਤੇ ਕਿਸੇ ਸਮਾਜ ਦੀ ਤਰੱਕੀ ਹੋ ਜਾਵੇ।
 
ਸੰਵਿਧਾਨ ਨਿਰਮਾਤਾ ਨੇ ਰਾਖਵੇਂਕਰਨ ਨੂੰ ਰਾਸ਼ਟਰ ਨਿਰਮਾਣ ਦਾ ਪ੍ਰੋਗਰਾਮ ਮੰਨਿਆ ਸੀ ਅਤੇ ਇੱਕ ਬਣਦੇ ਹੋਏ ਰਾਸ਼ਟਰ ਲਈ ਜ਼ਰੂਰੀ ਸਮਝ ਕੇ ਇਸਨੂੰ ਸੰਵਿਧਾਨ ਵਿੱਚ ਜਗ੍ਹਾ ਦਿੱਤੀ ਸੀ। ਇਹੀ ਕਾਰਨ ਹੈ ਕਿ ਇਸਨੂੰ ਮੁੱਢਲੇ ਅਧਿਕਾਰਾਂ ਦੇ ਅਧਿਆਇ ਵਿੱਚ ਰੱਖਿਆ ਗਿਆ। ਸੰਵਿਧਾਨ ਨਿਰਮਾਤਾ ਭਾਰਤ ਨੂੰ ਇੱਕ ਸੰਮਲਿਤ ਦੇਸ਼ ਬਣਾਉਣਾ ਚਾਹੁੰਦੇ ਸਨ, ਤਾਂਕਿ ਹਰ ਵਰਗ ਤੇ ਸਮਾਜ ਨੂੰ ਲੱਗੇ ਕਿ ਉਹ ਵੀ ਰਾਸ਼ਟਰ ਨਿਰਮਾਣ ਵਿੱਚ ਹਿੱਸੇਦਾਰ ਹਨ। ਇਹ ਪੂਨਾ ਪੈਕਟ ਦੇ ਸਮੇਂ ਵਾਂਝੀਆਂ ਜਾਤਾਂ ਨਾਲ ਕੀਤੇ ਗਏ ਵਾਅਦੇ ਦੀ ਪਾਲਣਾ ਵੀ ਹੈ।
 
ਦਲਿਤ, ਪੱਛੜੇ ਤੇ ਆਦੀਵਾਸੀ ਮਿਲ ਕੇ ਦੇਸ਼ ਦੀ ਤਿੰਨ ਚੌਥਾਈ ਤੋਂ ਵੀ ਜ਼ਿਆਦਾ ਆਬਾਦੀ ਬਣਦੇ ਹਨ। ਇੰਨੀ ਵੱਡੀ ਆਬਾਦੀ ਨੂੰ ਕੰਢੇ ਰੱਖ ਕੇ ਭਲਾ ਕੋਈ ਦੇਸ਼ ਕਿਵੇਂ ਬਣ ਸਕਦਾ ਹੈ? ਰਾਖਵਾਂਕਰਨ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਿਧਾਂਤ ਹੈ। ਇਸਨੂੰ ਸਿਰਫ ਕੈਰੀਅਰ ਅਤੇ ਤਰੱਕੀ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੈ।
 
ਰਾਖਵੇਂਕਰਨ ਨੇ ਵਾਂਝੇ ਵਰਗਾਂ ਲਈ ਤਰੱਕੀ ਦੇ ਰਾਹ ਖੋਲੇ ਹਨ। ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀ ਇੰਨੀ ਵੱਡੀ ਵਾਂਝੀ ਆਬਾਦੀ, ਖਾਸ ਤੌਰ 'ਤੇ ਇੱਕ ਸਮੇਂ ਅਛੂਤ ਮੰਨੀਆਂ ਜਾਣ ਵਾਲੀਆਂ ਜਾਤਾਂ ਦੇ ਲੋਕ ਸਿੱਖਿਆ ਅਤੇ ਰਾਜ ਕਾਜ ਵਿੱਚ ਯੋਗਦਾਨ ਪਾ ਰਹੇ ਹਨ। ਕਿਸਾਨ, ਪਸ਼ੂ ਪਾਲਣ ਵਾਲੇ, ਕਾਰੀਗਰ ਅਤੇ ਕਮੇਰਾ ਜਾਤੀਆਂ ਦੀ ਵੀ ਰਾਜਕਾਜ ਵਿੱਚ ਹਿੱਸੇਦਾਰੀ ਵਧੀ ਹੈ, ਜਿਸ ਨਾਲ ਦੇਸ਼ ਮਜ਼ਬੂਤ ਹੋਇਆ ਹੈ।
 
ਰਾਖਵਾਂਕਰਨ ਵਿਰੋਧੀ ਤਰਕਾਂ ਦੇ ਜਵਾਬ ਵਿੱਚ ਸਿਰਫ ਇੰਨਾ ਕਹਿਣਾ ਜ਼ਰੂਰੀ ਲਗਦਾ ਹੈ ਕਿ ਜੀਵਨ ਵਿੱਚ ਅੱਗੇ ਵਧਣ ਲਈ ਰਾਖਵਾਂਕਰਨ ਬਿਲਕੁੱਲ ਜ਼ਰੂਰੀ ਨਹੀਂ ਹੈ, ਪਰ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਜਨਮ ਦੇ ਆਧਾਰ 'ਤੇ ਸਮਾਜ ਵਿੱਚ ਭੇਦਭਾਵ ਨਾ ਹੋਵੇ। ਭਾਰਤ ਵਿੱਚ ਊਚ-ਨੀਚ ਨੂੰ ਧਾਰਮਿਕ ਸਾਹਿੱਤ ਵਿੱਚ ਮਾਨਤਾ ਪ੍ਰਾਪਤ ਹੈ।
 
ਇਸ ਲਈ ਬਾਬਾ ਸਾਹਿਬ ਅੰਬੇਡਕਰ ਨੇ ਇਨ੍ਹਾਂ ਗੰ੍ਰਥਾਂ ਨੂੰ ਰੱਦ ਕਰਨ ਦੀ ਗੱਲ 'ਐਨੀਹੀਲੇਸ਼ਨ ਆਫ ਕਾਸਟ' ਨਾਂ ਦੀ ਕਿਤਾਬ ਵਿੱਚ ਮੁੱਖ ਤੌਰ 'ਤੇ ਕਹੀ ਹੈ। ਇੱਥੇ ਹਰ ਆਦਮੀ ਇੱਕ ਵੋਟ ਦੇ ਸਕਦਾ ਹੈ ਅਤੇ ਹਰ ਵੋਟ ਦੀ ਬਰਾਬਰ ਕੀਮਤ ਹੈ, ਪਰ ਹਰ ਆਦਮੀ ਦੀ ਬਰਾਬਰ ਕੀਮਤ ਜਾਂ ਔਕਾਤ ਇੱਥੇ ਨਹੀਂ ਹੈ ਅਤੇ ਇਹ ਹੈਸੀਅਤ ਆਮ ਤੌਰ 'ਤੇ ਜਨਮ ਦੇ ਸੰਯੋਗ ਤੋਂ ਤੈਅ ਹੁੰਦੀ ਹੈ।
 
ਦੂਜਾ, ਤਰੱਕੀ ਲਈ ਵੀ ਰਾਖਵਾਂਕਰਨ ਜ਼ਰੂਰੀ ਨਹੀਂ, ਪਰ ਸ਼ਰਤ ਇਹ ਕਿ ਸਾਡਾ ਸਮਾਜ ਅਜਿਹਾ ਹੋਵੇ, ਜਿਸ ਵਿੱਚ ਕਿਸੇ ਖਾਸ ਸਮਾਜ ਵਿੱਚ ਪੈਦਾ ਹੋਣਾ ਕਿਸੇ ਇੱਕ ਦੀ ਕਾਮਯਾਬੀ ਅਤੇ ਦੂਜੇ ਦੀ ਨਾਕਾਮੀ ਦਾ ਕਾਰਨ ਨਾ ਬਣੇ। ਜਿਵੇਂ, ਕਾਫੀ ਸੰਭਾਵਨਾ ਹੈ ਕਿ ਕਾਰਪੋਰੇਟ ਸੈਕਟਰ ਵਿੱਚ ਤੁਹਾਡਾ ਜੋਬ ਇੰਟਰਵਿਊ ਕੋਈ ਉੱਚ ਜਾਤੀ ਦਾ ਪੁਰਸ਼ ਲੈ ਰਿਹਾ ਹੋਵੇ ਅਤੇ ਤੁਹਾਡੇ ਪ੍ਰਮੋਸ਼ਨ ਦਾ ਫੈਸਲਾ ਵੀ ਕਿਸੇ ਉੱਚ ਜਾਤੀ ਦੇ ਹਿੰਦੂ ਪੁਰਸ਼ ਦੇ ਹੱਥ ਵਿੱਚ ਹੋਵੇ।
 
ਅਜਿਹਾ ਇਸ ਲਈ ਨਹੀਂ ਕਿ ਤੁਸੀਂ ਜਾਤੀਵਾਦੀ ਹੋ ਜਾਂ ਇੰਟਰਵਿਊ ਲੈਣ ਵਾਲੇ ਜਾਤੀਵਾਦੀ ਹਨ। ਇਹ ਭਾਰਤੀ ਸਮਾਜ ਦੀ ਬਣਤਰ ਦਾ ਨਤੀਜਾ ਹੈ। ਉੱਪਰ ਦੀਆਂ ਪੋਸਟਾਂ 'ਤੇ ਖਾਸ ਜਾਤਾਂ ਦਾ ਦਬਦਬਾ ਇੱਕ ਸਮਾਜਿਕ ਸੱਚ ਹੈ। ਇਹ ਸੁਵਿਧਾ ਪੱਛੜਿਆਂ ਤੇ ਦਲਿਤਾਂ ਨੂੰ ਵੀ ਹਾਸਲ ਹੋਵੇ, ਤਾਂ ਹੀ ਕਿਹਾ ਜਾ ਸਕਦਾ ਹੈ ਕਿ ਤਰੱਕੀ ਕਰਨ ਲਈ ਰਾਖਵੇਂਕਰਨ ਦੀ ਜ਼ਰੂਰਤ ਨਹੀਂ ਹੈ। ਅਜੇ ਤਾਂ ਜਨਮ ਦਾ ਸੰਯੋਗ ਜੀਵਨ ਵਿੱਚ ਕਿਸੇ ਦੇ ਸਫਲ ਜਾਂ ਅਸਫਲ ਹੋਣ ਵਿੱਚ ਵੱਡਾ ਫੈਕਟਰ ਹੈ।
 
ਤੀਜੇ, ਜੇਕਰ ਤਰੱਕੀ ਕਰਨ ਲਈ ਰਾਖਵਾਂਕਰਨ ਜ਼ਰੂਰੀ ਨਾ ਹੋਵੇ ਤਾਂ ਭਾਰਤ ਵਿੱਚ ਆਜ਼ਾਦੀ ਦੇ ਬਾਅਦ ਬਣਿਆ ਸ਼ਹਿਰੀ ਦਲਿਤ-ਪੱਛੜਾ ਮੱਧ ਵਰਗ ਸਰਕਾਰੀ ਨੌਕਰੀਆਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਆਉਂਦਾ। ਅੱਜ ਲਗਭਗ ਸਾਰਾ ਦਲਿਤ ਮੱਧ ਵਰਗ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਕਾਰਨ ਤਿਆਰ ਹੋਇਆ ਹੈ। ਜੇਕਰ ਸਭਕੁਝ ਹੁਨਰ ਤੇ ਮੇਹਨਤ ਤੋਂ ਹੀ ਤੈਅ ਹੋ ਰਿਹਾ ਹੈ ਤਾਂ ਸਿੱਖਿਆ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਦਲਿਤ ਨਿੱਜੀ ਖੇਤਰ ਦੀਆਂ ਟਾਪ ਪੋਸਟਾਂ 'ਤੇ ਲਾਪਤਾ ਕਿਉਂ ਹਨ?
 
ਕਾਨੂੰਨ ਅਤੇ ਨਿਆਂ ਦੇ ਖੇਤਰ ਵਿੱਚ ਵੀ ਇਹ ਸੱਚ ਹੈ। ਉੱਚ ਨਿਆਂਪਾਲਿਕਾ ਵਿੱਚ ਰਾਖਵਾਂਕਰਨ ਨਹੀਂ ਹੈ। ਨਤੀਜਾ ਇਹ ਹੈ ਕਿ ਸੁਪਰੀਮ ਕੋਰਟ ਵਿੱਚ ਅੱਜ ਇੱਕ ਵੀ ਦਲਿਤ ਜੱਜ ਨਹੀਂ ਹੈ। ਹੋਰ ਤਾਂ ਹੋਰ ਕੋਈ ਸੀਨੀਅਰ ਐਡਵੋਕੇਟ ਵੀ ਨਹੀਂ ਹੈ।
 
ਚੌਥੀ ਗੱਲ। ਰਾਸ਼ਟਰਪਤੀ ਵੱਲੋਂ ਬੀਤੇ ਦਿਨੀਂ ਕਹੀ ਗਈ ਗੱਲ ਦਾ ਮਤਲਬ ਜੇਕਰ ਇਹ ਹੈ ਕਿ ਰਾਖਵੇਂਕਰਨ ਨਾਲ ਤਰੱਕੀ ਦੇ ਦਰਵਾਜੇ ਬੇਸ਼ੱਕ ਖੁਲ ਜਾਂਦੇ ਹਨ, ਪਰ ਕਾਮਯਾਬੀ ਮੇਹਨਤ ਨਾਲ ਹੀ ਮਿਲਦੀ ਹੈ ਤਾਂ ਉਹ ਬਿਲਕੁੱਲ ਸਹੀ ਗੱਲ ਕਹਿ ਰਹੇ ਹਨ। ਕਿਸੇ ਇੰਸਟੀਟਿਊਟ ਵਿੱਚ ਦਾਖਲਾ ਬੇਸ਼ੱਕ ਰਾਖਵੇਂਕਰਨ ਨਾਲ ਮਿਲ ਸਕਦਾ ਹੈ, ਪਰ ਸਾਰੇ ਸਟੂਡੈਂਟਸ ਨੂੰ ਇੱਕ ਹੀ ਪ੍ਰੀਖਿਆ ਇੱਕ ਹੀ ਮਾਪਦੰਡ ਨਾਲ ਪਾਸ ਕਰਨੀ ਹੁੰਦੀ ਹੈ। ਇਸ ਲਈ ਜਦ ਸਟੂਡੈਂਟ ਪਾਸ ਹੋ ਕੇ ਨਿੱਕਲਦਾ ਹੈ ਤਾਂ ਉਸਦੇ ਕੋਲ ਬੁਨਿਆਦੀ ਯੋਗਤਾ ਜ਼ਰੂਰ ਹੁੰਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸਦਾ ਦਾਖਲਾ ਕੋਟੇ ਤੋਂ ਹੋਇਆ ਹੈ ਜਾਂ ਨਹੀਂ।

ਕਮਜ਼ੋਰ ਵਰਗ ਕਲਚਰਲ ਕੈਪੀਟਲ ਤੋਂ ਵਾਂਝੇ
ਭਾਰਤ ਵਿੱਚ ਤਰੱਕੀ ਕਰਨਾ ਪ੍ਰੀਖਿਆ ਪਾਸ ਕਰਨ ਅਤੇ ਨੌਕਰੀ ਹਾਸਲ ਕਰ ਲੈਣ ਦਾ ਮਾਮਲਾ ਨਹੀਂ ਹੈ। ਉਸ ਤੋਂ ਪਹਿਲਾਂ ਵਾਂਝੇ ਸਮਾਜ ਦੇ ਵਿਅਕਤੀ ਨੂੰ ਖੁਦ ਨਾਲ ਇੱਕ ਲੰਮੀ ਲੜਾਈ ਲੜਨੀ ਪੈਂਦੀ ਹੈ। ਉਹ ਲੜਾਈ ਹੈ ਅਭਿਲਾਸ਼ੀ ਹੋਣ ਦੀ। ਵਾਂਝੇ ਸਮਾਜ ਦੇ ਵਿਅਕਤੀ ਲਈ ਆਮ ਤੌਰ 'ਤੇ ਵੱਡੇ ਸੁਪਨੇ ਦੇਖਣਾ ਸੌਖਾ ਨਹੀਂ ਹੁੰਦਾ। ਅਸਲ ਵਿੱਚ ਸੁਪਨੇ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਵਿਅਕਤੀ ਦੇ ਆਲੇ-ਦੁਆਲੇ ਦਾ ਮਾਹੌਲ ਉਨ੍ਹਾਂ ਸੁਪਨਿਆਂ ਦੇ ਅਨੁਕੂਲ ਹੈ ਜਾਂ ਨਹੀਂ ਅਤੇ ਉਨ੍ਹਾਂ ਸੁਪਨਿਆਂ ਦਾ ਸਨਮਾਨ ਹੈ ਜਾਂ ਨਹੀਂ। ਕਮਜ਼ੋਰ ਵਰਗ ਆਮ ਤੌਰ 'ਤੇ ਇਸ ਕਲਚਰਲ ਕੈਪੀਟਲ ਤੋਂ ਵਾਂਝੇ ਹੁੰਦੇ ਹਨ।
 
ਹੁਨਰ ਅਤੇ ਮੇਹਨਤ ਦੇ ਬਾਵਜੂਦ ਉੱਚ ਅਹੁਦੇ ਕਈ ਵਾਰ ਉਨ੍ਹਾਂ ਦੀ ਸੋਚ ਵਿੱਚ ਹੀ ਨਹੀਂ ਹੁੰਦੇ। ਇਸ ਲਈ ਰਾਖਵਾਂਕਰਨ ਜ਼ਰੂਰੀ ਹੈ। ਕਿਸੇ ਦੀ ਨਿੱਜੀ ਤਰੱਕੀ ਲਈ ਨਹੀਂ, ਬੇਸ਼ੱਕ ਰਾਸ਼ਟਰ ਨਿਰਮਾਣ ਲਈ।
-ਦਲੀਪ ਮੰਡਲ
(ਲੇਖਕ ਸੀਨੀਅਰ ਪੱਤਰਕਾਰ ਹਨ)

 

Comments

Leave a Reply