Sat,May 25,2019 | 01:24:04pm
HEADLINES:

editorial

'8 ਸਾਲ ਦੀ ਬੱਚੀ ਨਾਲ ਹੋਈ ਘਟਨਾ ਦੱਸਦੀ ਹੈ-ਅਸੀਂ ਨੀਚਪੁਣੇ 'ਚ ਕਿੰਨਾ ਡੁੱਬ ਚੁੱਕੇ ਹਾਂ'

'8 ਸਾਲ ਦੀ ਬੱਚੀ ਨਾਲ ਹੋਈ ਘਟਨਾ ਦੱਸਦੀ ਹੈ-ਅਸੀਂ ਨੀਚਪੁਣੇ 'ਚ ਕਿੰਨਾ ਡੁੱਬ ਚੁੱਕੇ ਹਾਂ'

ਜੰਮੂ-ਕਸ਼ਮੀਰ ਦੇ ਕਠੂਆ ਵਿੱਚ 8 ਸਾਲ ਦੀ ਬੱਚੀ ਨਾਲ ਗੈਂਗਰੇਪ ਤੇ ਹੱਤਿਆ ਦੀ ਘਟਨਾ ਤੋਂ ਦੁਖੀ ਰਿਟਾਇਰਡ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਹ ਪੱਤਰ ਸਿਰਫ ਸਮੂਹਿਕ ਸ਼ਰਮ ਜਾਂ ਆਪਣੇ ਦਰਦ ਨੂੰ ਆਵਾਜ਼ ਦੇਣ ਲਈ ਨਹੀਂ, ਸਗੋਂ ਸਮਾਜਿਕ ਜ਼ਿੰਦਗੀ ਵਿੱਚ ਜਬਰਦਸਤੀ ਦਾਖਲ ਹੋ ਚੁੱਕੀ ਨਫਰਤ ਤੇ ਵੰਡ ਦੇ ਏਜੰਡੇ ਲਈ ਲਿਖਿਆ ਗਿਆ ਹੈ। ਨੌਕਰਸ਼ਾਹਾਂ ਨੇ ਚਿੱਠੀ 'ਚ ਇਹ ਲਿਖਿਆ ਹੈ:-
ਪ੍ਰਧਾਨ ਮੰਤਰੀ ਜੀ
ਅਸੀਂ ਸਰਕਾਰੀ ਸੇਵਾ ਤੋਂ ਰਿਟਾਇਰਡ ਸਾਬਕਾ ਅਧਿਕਾਰੀਆਂ ਦਾ ਇੱਕ ਵਰਗ ਹਾਂ, ਜੋ ਕਿ ਭਾਰਤੀ ਸੰਵਿਧਾਨ ਵਿੱਚ ਧਰਮ ਨਿਰਪੱਖ, ਲੋਕਤੰਤਰਿਕ ਕਦਰਾਂ ਕੀਮਤਾਂ ਵਿੱਚ ਲਗਾਤਾਰ ਕਮੀ 'ਤੇ ਚਿੰਤਾ ਪ੍ਰਗਟ ਕਰਨ ਲਈ ਪਿਛਲੇ ਸਾਲ ਇਕੱਠੇ ਹੋਏ ਸਨ। ਅਸੀਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿੰਦੇ ਹਾਂ, ਅਸੀਂ ਨਾ ਤਾਂ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹਾਂ, ਨਾ ਹੀ ਕਿਸੇ ਰਾਜਨੀਤਕ ਵਿਚਾਰਧਾਰਾ ਦੇ ਪੈਰੋਕਾਰ ਹਾਂ। ਕਿਉਂਕਿ ਆਪਣੇ ਸੰਵਿਧਾਨ ਨੂੰ ਸਥਾਪਿਤ ਰੱਖਣ ਦੀ ਸਹੂੰ ਲਈ ਹੈ, ਇਸ ਲਈ ਸਾਨੂੰ ਉਮੀਦ ਸੀ ਕਿ ਤੁਹਾਡੀ ਸਰਕਾਰ, ਜਿਸਦੇ ਤੁਸੀਂ ਪ੍ਰਧਾਨ ਹੋ ਅਤੇ ਰਾਜਨੀਤਕ ਪਾਰਟੀ, ਜਿਸਦੇ ਤੁਸੀਂ ਮੈਂਬਰ ਹੋ, ਇਸ ਖਤਰਨਾਕ ਘਟਨਾ ਦਾ ਨੋਟਿਸ ਲਵੋਗੇ, ਸਾਰਿਆਂ ਨੂੰ ਭਰੋਸਾ ਦੇਵੋਗੇ, ਵਿਸ਼ੇਸ਼ ਤੌਰ 'ਤੇ ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਨੂੰ ਕਿ ਉਹ ਆਪਣੇ ਜਾਨ-ਮਾਲ ਤੇ ਵਿਅਕਤੀਗਤ ਆਜ਼ਾਦੀ ਨੂੰ ਲੈ ਕੇ ਬੇਫਿਕਰ ਰਹਿਣ। ਇਹ ਉਮੀਦ ਮਿਟ ਚੁੱਕੀ ਹੈ। ਇਸਦੀ ਜਗ੍ਹਾ ਕਠੂਆ ਅਤੇ ਉਨਾਂਵ ਦੀਆਂ ਘਟਨਾਵਾਂ ਦੀ ਦਹਿਸ਼ਤ ਦੱਸਦੀ ਹੈ ਕਿ ਸ਼ਾਸਨ ਜਨਤਾ ਵੱਲੋਂ ਦਿੱਤੀਆਂ ਗਈਆਂ ਮੁੱਢਲੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਨਾਕਾਮ ਰਿਹਾ ਹੈ। 
 
8 ਸਾਲ ਦੀ ਇੱਕ ਬੱਚੀ ਦਾ ਬੇਰਹਿਮੀ ਨਾਲ ਬਲਾਤਕਾਰ ਤੇ ਹੱਤਿਆ ਦਿਖਾਉਂਦਾ ਹੈ ਕਿ ਅਸੀਂ ਨੀਚਪੁਣੇ ਦੀਆਂ ਕਿੰਨੀਆਂ ਡੂੰਘਾਈਆਂ ਵਿੱਚ ਡੁੱਬ ਚੁੱਕੇ ਹਾਂ। ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਹਨੇਰ ਹੈ, ਜਿਸ ਵਿੱਚ ਅਸੀਂ ਪਾਉਂਦੇ ਹਾਂ ਕਿ ਸਾਡੀ ਸਰਕਾਰ ਅਤੇ ਸਾਡੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੀ ਪ੍ਰਤੀਕਿਰਿਆ ਕਿੰਨੀ ਢਿੱਲੀ ਰਹੀ ਹੈ।
 
ਇਸ ਜਗ੍ਹਾ 'ਤੇ ਸਾਨੂੰ ਹਨੇਰੀ ਸੁਰੰਗ ਦੇ ਅਖੀਰ ਵਿੱਚ ਕੋਈ ਰੌਸ਼ਨੀ ਨਹੀਂ ਦਿਖਾਈ ਦਿੰਦੀ ਅਤੇ ਅਸੀਂ ਬੱਸ ਸ਼ਰਮ ਨਾਲ ਸਿਰ ਝੁਕਾਉਂਦੇ ਹਾਂ। ਸਾਡੀ ਸ਼ਰਮ ਹੋਰ ਵਧ ਜਾਂਦੀ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਕੁਝ ਨੌਜਵਾਨ ਸਾਥੀ ਵੀ, ਜੋ ਅਜੇ ਵੀ ਸਰਕਾਰ ਵਿੱਚ ਹਨ, ਖਾਸ ਤੌਰ 'ਤੇ ਉਹ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਹਨ ਅਤੇ ਕਾਨੂੰਨੀ ਤੌਰ 'ਤੇ ਦਲਿਤ ਅਤੇ ਕਮਜ਼ੋਰ ਲੋਕਾਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਵਚਨਬੱਧ ਹਨ, ਆਪਣੀ ਭੂਮਿਕਾ ਨਿਭਾਉਣ ਵਿੱਚ ਨਾਕਾਮ ਰਹੇ ਹਨ। 
 
ਪ੍ਰਧਾਨ ਮੰਤਰੀ ਜੀ, ਇਹ ਦੋ ਘਟਨਾਵਾਂ (ਕਠੂਆ-ਉਨਾਂਵ) ਸਾਧਾਰਨ ਅਪਰਾਧ ਨਹੀਂ ਹਨ, ਜਿੱਥੇ ਸਮੇਂ ਦੇ ਨਾਲ ਸਾਡੀ ਸਮਾਜਿਕ ਚਾਦਰ ਦੇ ਦਾਗ ਸਾਫ ਹੋ ਜਾਣਗੇ, ਸਾਡੇ ਰਾਸ਼ਟਰੀ ਵਿਅਕਤੀਤਵ ਅਤੇ ਨੈਤਿਕਤਾ 'ਤੇ ਲੱਗੇ ਜ਼ਖਮ ਭਰ ਜਾਣਗੇ ਅਤੇ ਫਿਰ ਉਹੀ ਕਹਾਣੀ ਸ਼ੁਰੂ ਹੋ ਜਾਵੇਗੀ। ਇਹ ਸਾਡੇ ਵਜੂਦ 'ਤੇ ਆਏ ਸੰਕਟ ਦਾ ਸਮਾਂ, ਇੱਕ ਮੋੜ ਹੈ। ਸਰਕਾਰ ਦੀ ਪ੍ਰਤੀਕਿਰਿਆ ਤੈਅ ਕਰੇਗੀ ਕਿ ਇੱਕ ਰਾਸ਼ਟਰ ਅਤੇ ਗਣਤੰਤਰ ਦੇ ਰੂਪ ਵਿੱਚ ਕੀ ਅਸੀਂ ਸੰਵਿਧਾਨਕ ਕਦਰਾਂ ਕੀਮਤਾਂ, ਪ੍ਰਸ਼ਾਸਨਿਕ ਅਤੇ ਨੈਤਿਕ ਵਿਵਸਥਾ 'ਤੇ ਆਏ ਸੰਕਟ ਨਾਲ ਨਜਿੱਠਣ ਵਿੱਚ ਸਮਰੱਥ ਹਾਂ। ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਹੇਠ ਲਿਖੀ ਕਾਰਵਾਈ ਕਰੋ।
 
ਉਨਾਂਵ ਤੇ ਕਠੂਆ ਦੇ ਪੀੜਤ ਪਰਿਵਾਰਾਂ ਤੱਕ ਪਹੁੰਚ ਕੇ ਉਨ੍ਹਾਂ ਤੋਂ ਸਾਡੇ ਸਾਰਿਆਂ ਵੱਲੋਂ ਮਾਫੀ ਮੰਗੋ। ਕਠੂਆ ਮਾਮਲੇ ਵਿੱਚ ਤੁਰੰਤ ਪ੍ਰੋਸੀਕਿਊਸ਼ਨ ਕਰਾਓ ਅਤੇ ਉਨਾਂਵ ਮਾਮਲੇ ਵਿੱਚ ਬਿਨਾਂ ਕਿਸੇ ਢਿੱਲ ਦੇ ਅਦਾਲਤ ਵੱਲੋਂ ਦਿੱਤੇ ਨਿਰਦੇਸ਼ ਮੁਤਾਬਕ ਵਿਸ਼ੇਸ਼ ਜਾਂਚ ਟੀਮ ਦੀ ਸਥਾਪਨਾ ਕਰੋ। ਇਨ੍ਹਾਂ ਬੱਚਿਆਂ ਅਤੇ ਅਪਰਾਧਾਂ ਦੇ ਹੋਰ ਸ਼ਿਕਾਰਾਂ ਦੀ ਯਾਦ ਵਿੱਚ ਮੁੜ ਸੰਕਲਪ ਲਓ ਕਿ ਮੁਸਲਮਾਨ, ਦਲਿਤ, ਹੋਰ ਘੱਟ ਗਿਣਤੀਆਂ, ਮਹਿਲਾਵਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਸੁਰੱਖਿਆ ਤੇ ਭਰੋਸਾ ਦਿੱਤਾ ਜਾਵੇਗਾ, ਤਾਂਕਿ ਉਹ ਆਪਣੀ ਜਾਨ-ਮਾਲ ਅਤੇ ਨਾਗਰਿਕ ਆਜ਼ਾਦੀ ਲਈ ਬੇਖੌਫ ਰਹਿਣ ਅਤੇ ਇਨ੍ਹਾਂ 'ਤੇ ਕਿਸੇ ਤਰ੍ਹਾਂ ਦੇ ਖਤਰਿਆਂ ਨੂੰ ਸ਼ਾਸਨ ਪੂਰੀ ਸ਼ਕਤੀ ਨਾਲ ਖਤਮ ਕਰ ਦੇਵੇਗਾ।
 
ਸਰਕਾਰ ਵਿੱਚੋਂ ਉਨ੍ਹਾਂ ਸਾਰੇ ਲੋਕਾਂ ਨੂੰ ਡਿਸਮਿਸ ਕੀਤਾ ਜਾਵੇ, ਜਿਹੜੇ ਨਫਰਤੀ ਅਪਰਾਧਾਂ ਅਤੇ ਭਾਸ਼ਣਾਂ ਨਾਲ ਜੁੜੇ ਰਹੇ ਹਨ। ਨਫਰਤੀ ਅਪਰਾਧਾਂ ਨਾਲ ਸਮਾਜਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਤੌਰ 'ਤੇ ਨਜਿੱਠਣ 'ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ ਜਾਵੇ। ਸੰਭਵ ਹੈ ਕਿ ਇਸ ਨਾਲ ਵਿਵਸਥਾ ਕੁਝ ਤਾਂ ਮੁੜ ਤੋਂ ਸਥਾਪਿਤ ਹੋਵੇਗੀ ਅਤੇ ਭਰੋਸਾ ਮਿਲੇਗਾ ਕਿ ਅਰਾਜਕਤਾ ਨੂੰ ਹੁਣ ਵੀ ਰੋਕਿਆ ਜਾ ਸਕਦਾ ਹੈ। ਅਸੀਂ ਉਮੀਦ ਲਗਾਏ ਬੈਠੇ ਹਾਂ।

Comments

Leave a Reply