Tue,Aug 03,2021 | 05:29:30am
HEADLINES:

editorial

ਦੱਬੇ ਕੁਚਲੇ ਸਮਾਜ ਦੀਆਂ ਧੀਆਂ 'ਤੇ ਜਾਤੀਵਾਦੀ ਮਰਦਾਨਗੀ ਦਾ ਹਮਲਾ

ਦੱਬੇ ਕੁਚਲੇ ਸਮਾਜ ਦੀਆਂ ਧੀਆਂ 'ਤੇ ਜਾਤੀਵਾਦੀ ਮਰਦਾਨਗੀ ਦਾ ਹਮਲਾ

ਡਰ ਤੇ ਦਰਦ ਦੀਆਂ ਭਿਆਨਕ ਚੀਖਾਂ, ਪੂਰੀ ਤਰ੍ਹਾਂ ਨਾਲ ਸ਼ਕਤੀਹੀਣਤਾ ਤੇ ਸਮਾਜ 'ਚ ਕਮਜ਼ੋਰ ਹੋਣ ਦੀ ਭਾਵਨਾ, ਮਨਹੂਸ ਖਤਰਿਆਂ ਦਾ ਖੌਫ, ਜੋ ਕਿ ਬਹੁਤ ਜ਼ਿਆਦਾ ਕਰੂਰ ਹੈ, ਇਹ ਸਭ ਉਸ 19 ਸਾਲ ਦੀ ਲੜਕੀ ਨਾਲ ਵਾਪਰਿਆ, ਜਿਸਨੂੰ ਹਾਥਰਸ ਦੇ ਇੱਕ ਪਿੰਡ 'ਚ ਯੌਨ ਹਿੰਸਾ ਤੇ ਬੇਰਹਿਮ ਹੱਤਿਆ ਦੀ ਸ਼ਿਕਾਰ  ਬਣਾਇਆ ਗਿਆ। ਇੱਕ ਅਜਿਹਾ ਹੀ ਦਰਦਨਾਕ ਅੰਜਾਮ 17 ਸਾਲ ਦੀ ਦਲਿਤ ਲੜਕੀ ਤੇ ਉਸਦੀ ਮਾਂ ਨੂੰ ਮਹਾਰਾਸ਼ਟਰ ਦੇ ਖੈਰਲਾਂਜੀ ਪਿੰਡ 'ਚ ਸਹਿਣਾ ਪਿਆ ਸੀ।

ਦਲਿਤ ਮਹਿਲਾਵਾਂ ਦੇ ਨਾਲ ਕਥਿਤ ਤੌਰ 'ਤੇ ਗੈਂਗਰੇਪ ਤੇ ਹੱਤਿਆ ਦੀਆਂ 2 ਘਟਨਾਵਾਂ ਨੂੰ 14 ਲੰਮੇ ਸਾਲ ਅਲੱਗ ਕਰਦੇ ਹਨ। ਇਨ੍ਹਾਂ 14 ਸਾਲਾਂ ਦੌਰਾਨ ਭਾਰਤ 'ਚ ਨਿਰਭਯਾ ਮਾਮਲੇ ਤੋਂ ਬਾਅਦ ਕਥਿਤ ਤੌਰ 'ਤੇ ਇਸ ਤਰ੍ਹਾਂ ਦੇ ਅਪਰਾਧਾਂ ਪ੍ਰਤੀ ਸੰਵੇਦਨਸ਼ੀਲਤਾ ਤੇ ਸਮੂਹਿਕ ਰੂਹ ਦਾ ਜਾਗਣਾ ਤੇਜ ਹੋਇਆ ਸੀ, ਪਰ ਬਾਵਜੂਦ ਇਸਦੇ ਮਹਿਲਾਵਾਂ, ਖਾਸ ਤੌਰ 'ਤੇ ਦਲਿਤ ਔਰਤਾਂ 'ਤੇ ਯੌਨ ਹਮਲੇ ਨਹੀਂ ਰੁਕੇ। ਉਲਟਾ ਦਲਿਤ ਮਹਿਲਾਵਾਂ ਖਿਲਾਫ ਅਪਰਾਧ, ਵਿਸ਼ੇਸ਼ ਤੌਰ 'ਤੇ ਬਲਾਤਕਾਰ ਤੇ ਹਿੰਸਕ ਹਮਲੇ ਕਈ ਗੁਣਾ ਵਧ ਗਏ ਹਨ।

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਖੈਰਲਾਂਜੀ 'ਚ ਇੱਕ ਨਹਿਰ ਤੋਂ 29 ਸਤੰਬਰ 2006 ਨੂੰ ਦਲਿਤ ਪਰਿਵਾਰ ਦੀ ਇੱਕ ਮਹਿਲਾ, ਉਸਦੀ 17 ਸਾਲ ਦੀ ਬੇਟੀ ਅਤੇ 2 ਬੇਟਿਆਂ ਦੀਆਂ ਵੱਢੀਆਂ-ਟੁੱਕੀਆਂ ਲਾਸ਼ਾਂ ਕੱਢੀਆਂ ਗਈਆਂ ਸਨ। ਦੋਵੇਂ ਮਾਂ-ਬੇਟੀ ਅਖੌਤੀ ਉੱਚ ਜਾਤੀ ਦੇ ਲੋਕਾਂ ਵੱਲੋਂ ਗੈਂਗਰੇਪ ਤੇ ਭਿਆਨਕ ਹਮਲੇ ਦੀਆਂ ਸ਼ਿਕਾਰ ਹੋਈਆਂ ਸਨ।

ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ 'ਚ ਦਲਿਤ ਸਮਾਜ ਵੱਲੋਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ ਸਨ। ਇਸ ਕਾਂਡ ਦੀ ਭਿਆਨਕਤਾ ਨਾਲ ਮੁੰਬਈ ਤੇ ਦਿੱਲੀ ਦੇ ਮੇਨਸਟ੍ਰੀਮ ਮੀਡੀਏ 'ਚ ਹਲਚਲ ਮਚ ਗਈ ਅਤੇ ਉਨ੍ਹਾਂ ਨੂੰ ਵੀ ਇਸਨੂੰ ਕਵਰ ਕਰਨਾ ਪਿਆ। ਦਲਿਤ ਪਰਿਵਾਰ ਖਿਲਾਫ ਹੋਈ ਇਸ ਭਿਆਨਕ ਘਟਨਾ ਦੇ 14 ਸਾਲਾਂ ਬਾਅਦ ਵੀ ਬਹੁਤ ਕੁਝ ਨਹੀਂ ਬਦਲਿਆ ਹੈ। ਉਸ ਸਮੇਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਪੀੜਤ ਮਾਓਵਾਦੀ ਹੋ ਸਕਦੇ ਹਨ।

ਹਾਥਰਸ ਮਾਮਲੇ 'ਚ ਉੱਤਰ ਪ੍ਰਦੇਸ਼ ਦੇ ਅਧਿਕਾਰੀ ਵੀ ਕੁਝ ਅਜਿਹਾ ਹੀ ਕਹਿੰਦੇ ਦਿਖਾਈ ਦਿੱਤੇ। ਸ਼ੁਰੂਆਤ 'ਚ ਉਨ੍ਹਾਂ ਨੇ ਇਸ ਘਟਨਾ ਦੇ ਹੋਣ ਤੋਂ ਹੀ ਇਨਕਾਰ ਕਰ ਦਿੱਤਾ, ਫਿਰ ਇਸਨੂੰ 'ਨਕਲੀ ਖਬਰ' ਕਿਹਾ ਅਤੇ ਆਪਣਾ ਕਰੂਰਤਾ ਨਾਲ ਭਰਿਆ ਚੇਹਰਾ ਦਿਖਾਉਂਦੇ ਹੋਏ 19 ਸਾਲ ਦੀ ਲੜਕੀ ਨੂੰ ਗੰਭੀਰ ਸੱਟਾਂ ਦੇ ਬਾਵਜੂਦ ਇੱਕ ਸਥਾਨਕ ਹਸਪਤਾਲ 'ਚ ਭੇਜ ਦਿੱਤਾ। ਉਸਦੇ ਪਰਿਵਾਰ ਮੁਤਾਬਕ ਜਦੋਂ ਹਾਲਤ ਵਿਗੜੀ ਤਾਂ ਉਸਨੂੰ ਦਿੱਲੀ ਦੇ ਹਸਪਤਾਲ ਭੇਜਿਆ ਗਿਆ। ਹਾਲਾਂਕਿ ਜਿਵੇਂ ਇਹ ਅਨਿਆਂ ਕਾਫੀ ਨਹੀਂ ਸੀ, ਫਿਰ ਪੁਲਸ ਨੇ ਲੜਕੀ ਦੇ ਪਰਿਵਾਰ ਨੂੰ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ 'ਚ ਹੀ ਕੈਦ ਕਰ ਦਿੱਤਾ ਅਤੇ ਉਸਦੀ ਲਾਸ਼ ਦਾ ਸਸਕਾਰ ਕਰ ਦਿੱਤਾ।

ਦਲਿਤ ਮਹਿਲਾਵਾਂ ਉਂਜ ਵੀ ਜ਼ਿਆਦਾ ਸਨਮਾਨ ਦੇ ਨਾਲ ਨਹੀਂ ਜੀਊਂਦੀਆਂ ਹਨ, ਉਨ੍ਹਾਂ ਨੂੰ ਮਾਰਿਆ ਵੀ ਬਿਨਾਂ ਕਿਸੇ ਸਨਮਾਨ ਦੇ ਜਾਂਦਾ ਹੈ। ਖੈਰਲਾਂਜੀ ਤੋਂ ਲੈ ਕੇ ਹਾਥਰਸ ਤੱਕ ਅਜਿਹੀਆਂ ਲੱਖਾਂ ਕਹਾਣੀਆਂ ਹਨ। ਉਨ੍ਹਾਂ ਦੇ ਸਰੀਰ 'ਤੇ ਜ਼ਹਿਰੀਲੀ ਮਰਦਾਨਗੀ ਦਾ ਹਮਲਾ ਹੁੰਦਾ ਰਿਹਾ ਹੈ। 2006 ਤੋਂ 2019 ਤੱਕ ਕੁੱਲ 4 ਲੱਖ ਤੋਂ ਜ਼ਿਆਦਾ ਬਲਾਤਕਾਰ ਹੋਏ ਹਨ। ਕਥਿਤ ਬਲਾਤਕਾਰਾਂ ਦੀ ਕੁੱਲ ਸੰਖਿਆ 'ਚੋਂ ਇੱਕ ਅਨੁਮਾਨ ਮੁਤਾਬਕ ਹਰ 4 'ਚੋਂ ਇੱਕ ਪੀੜਤ ਦਲਿਤ ਮਹਿਲਾ ਹੈ। ਰਿਪੋਰਟ ਕੀਤੇ ਗਏ ਹਰ ਬਲਾਤਕਾਰ ਤੋਂ ਇਲਾਵਾ ਕਈ ਮਾਮਲੇ ਅਜਿਹੇ ਹਨ, ਜੋ ਕਿ ਦਰਜ ਨਹੀਂ ਹੁੰਦੇ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ 2006 'ਚ ਰਿਪੋਰਟ ਕੀਤੇ ਗਏ ਕੁੱਲ ਬਲਾਤਕਾਰਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਸੀ, 10 ਸਾਲ ਬਾਅਦ ਇਹ 40 ਹਜ਼ਾਰ ਦੇ ਕਰੀਬ ਸੀ। ਨਿਰਭਯਾ ਦੇ ਨਾਲ ਹੋਈ ਦਰਿੰਦਗੀ ਨੇ ਦਸੰਬਰ 2012 'ਚ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 2016 ਤੋਂ ਹਰ ਸਾਲ ਹੋਣ ਵਾਲੀਆਂ 32,000-33,000 ਤੋਂ ਜ਼ਿਆਦਾ ਬਲਾਤਕਾਰ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਸਥਿਤੀ ਕਿੰਨੀ ਖਰਾਬ ਹੈ। ਹਰ ਦਿਨ ਕਰੀਬ 90 ਮਹਿਲਾਵਾਂ ਦਾ ਜਬਰ ਜਿਨਾਹ ਹੁੰਦਾ ਹੈ।

ਮਹਿਲਾਵਾਂ ਖਿਲਾਫ ਕਿਸੇ ਵੀ ਅਪਰਾਧ 'ਚ ਜਾਤੀ ਤੇ ਬਲਾਤਕਾਰ ਦੇ ਵਿਚਕਾਰ ਸਬੰਧ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਸੂਬੇ ਦੇ ਹਿਸਾਬ ਨਾਲ ਅੰਕੜਿਆਂ ਦੇ ਨਾਲ ਇਸਨੂੰ ਪੇਸ਼ ਕਰੀਏ ਤਾਂ ਇਹ ਸਾਫ ਹੋ ਜਾਵੇਗਾ ਕਿ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਦਲਿਤ ਮਹਿਲਾਵਾਂ, ਜਿੱਥੇ ਜ਼ਹਿਰੀਲੀ ਮਰਦਾਨਗੀ ਦਾ ਵੱਡੀ ਜਾਤੀ ਨਾਲ ਘਾਲਮੇਲ ਹੈ, ਉੱਥੇ ਦਲਿਤ ਮਹਿਲਾਵਾਂ ਸਭ ਤੋਂ ਜ਼ਿਆਦਾ ਯੌਨ ਅਪਰਾਧਾਂ ਦਾ ਸਾਹਮਣਾ ਕਰਦੀਆਂ ਹਨ। ਇਹ ਸੂਬੇ ਮਹਿਲਾਵਾਂ, ਖਾਸ ਤੌਰ 'ਤੇ ਬਲਾਤਕਾਰ ਤੇ ਦਲਿਤ ਮਹਿਲਾਵਾਂ ਖਿਲਾਫ ਅਪਰਾਧਾਂ ਦੇ ਮਾਮਲੇ 'ਚ ਸਭ ਤੋਂ ਅੱਗੇ ਹਨ। ਇੱਥੇ ਅਪਰਾਧੀ ਅਖੌਤੀ ਉੱਚ ਜਾਤੀ ਦੇ ਪੁਰਸ਼ ਹਨ।

ਨੈਸ਼ਨਲ ਦਲਿਤ ਮੂਵਮੈਂਟ ਫਾਰ ਜਸਟਿਸ (ਐੱਨਡੀਐੱਮਜੇ) ਦੀ ਰਿਪੋਰਟ ਮੁਤਾਬਕ 2018 ਤੇ 2019 ਵਿਚਕਾਰ ਦਲਿਤਾਂ ਖਿਲਾਫ ਅਪਰਾਧਾਂ 'ਚ 6 ਫੀਸਦੀ ਦਾ ਵਾਧਾ ਹੋਇਆ ਹੈ। ਦਲਿਤ ਮਹਿਲਾਵਾਂ ਆਮ ਤੌਰ 'ਤੇ ਅਖੌਤੀ ਉੱਚ ਜਾਤੀਆਂ ਦੇ ਹੱਥੀਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਇਹ ਹਿੰਸਾ ਸਰੀਰਕ ਹਿੰਸਾ, ਯੌਨ ਹਿੰਸਾ ਤੇ ਡਾਇਨ ਨੂੰ ਮਾਰਨ ਦੇ ਰੂਪ 'ਚ ਹੁੰਦੀਆਂ ਹਨ। ਪਿਛਲੇ 5 ਸਾਲਾਂ 'ਚ 41,867 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 20.40 ਫੀਸਦੀ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਖਿਲਾਫ ਹਿੰਸਾ ਨਾਲ ਸਬੰਧਤ ਸਨ, ਅਜਿਹਾ ਰਿਪੋਰਟ 'ਚ ਦਰਜ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜੇ ਦਲਿਤਾਂ ਖਿਲਾਫ ਵਧ ਰਹੇ ਅਪਰਾਧਾਂ ਦੀ ਤਸਦੀਕ ਕਰਦੇ ਹਨ। ਐੱਨਸੀਆਰਬੀ ਨੇ 2013 ਤੇ 2018 ਵਿਚਕਾਰ ਹਰ ਸਾਲ ਅਜਿਹੇ ਅਪਰਾਧਾਂ 'ਚ ਵਾਧੇ ਨੂੰ ਦਰਜ ਕੀਤਾ ਹੈ। ਉੱਤਰ ਪ੍ਰਦੇਸ਼ 'ਚ ਦਲਿਤਾਂ 'ਤੇ ਅੱਤਿਆਚਾਰ ਦੀ ਸਭ ਤੋਂ ਜ਼ਿਆਦਾ ਸੰਖਿਆ ਦਰਜ ਕੀਤੀ ਗਈ ਹੈ, ਸਾਰੇ ਮਾਮਲਿਆਂ 'ਚ ਇਹ ਕਰੀਬ 25.6 ਫੀਸਦੀ ਹੈ। 2017 'ਚ ਏਜੰਸੀ ਨੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੋ) ਐਕਟ 1989 ਤਹਿਤ ਵਿਸ਼ੇਸ਼ ਤੌਰ 'ਤੇ ਰਜਿਸਟਰਡ ਮਾਮਲਿਆਂ ਦਾ ਡੇਟਾ ਪ੍ਰਕਾਸ਼ਿਤ ਕੀਤਾ ਸੀ।

ਅਜਿਹੇ 5,775 ਮਾਮਲੇ ਸਨ, ਉਨ੍ਹਾਂ 'ਚੋਂ 55 ਫੀਸਦੀ ਦਲਿਤਾਂ ਨੂੰ ਅਪਮਾਨਿਤ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨ ਜਾਂ ਧਮਕੀ ਦੇਣ ਨਾਲ ਸਬੰਧਤ ਸਨ। ਹੋਰ ਮਾਮਲੇ ਦਲਿਤਾਂ ਦੇ ਜਨਤੱਕ ਜ਼ਮੀਨ ਦੇ ਇਸਤੇਮਾਲ ਨਾਲ ਜੁੜੇ ਸਨ, ਜਿਨ੍ਹਾਂ 'ਚ ਦਲਿਤਾਂ ਨੂੰ ਜਨਤੱਕ ਸਥਾਨਾਂ ਦਾ ਉਪਯੋਗ ਕਰਨ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਦਾ ਸੋਸ਼ਲ ਬਾਇਕਾਟ ਤੱਕ ਕੀਤਾ ਗਿਆ।
ਸੰਖਿਆ ਤੋਂ ਅੱਗੇ ਜਾਤੀ

ਹਾਥਰਸ ਗੈਂਗਰੇਪ ਦੀ ਸ਼ਿਕਾਰ ਦਲਿਤ ਲੜਕੀ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਠਾਕੁਰ ਜਾਤੀ ਦੇ ਗੁਆਂਢੀ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਦੇ ਦਾਦਾ ਨੇ ਕੁਝ ਸਾਲ ਪਹਿਲਾਂ ਇੱਕ ਹਮਲੇ ਤੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀਆਂ ਉਂਗਲੀਆਂ ਗੁਆ ਲਈਆਂ ਸਨ।

ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਦੁਕਾਨਦਾਰ ਉਨ੍ਹਾਂ ਤੋਂ ਲਏ ਹੋਏ ਪੈਸੇ ਨੂੰ ਸ਼ੁੱਧ ਕਰਨ ਲਈ ਪਾਣੀ ਛਿੜਕਦੇ ਹਨ ਜਾਂ ਉਨ੍ਹਾਂ ਨੂੰ ਦੁਕਾਨ 'ਚ ਸਾਮਾਨ ਨੂੰ ਛੂਹਣ ਤੱਕ ਨਹੀਂ ਦਿੰਦੇ। ਜਾਤੀ ਦੇ ਪੱਖ ਦੀ ਅਣਦੇਖੀ ਕਰਨਾ ਅਤੇ ਇਸਨੂੰ ਸਿਰਫ ਇੱਕ ਯੌਨ ਅਪਰਾਧ ਦੇ ਰੂਪ 'ਚ ਦੇਖਣਾ ਗਲਤ ਹੋਵੇਗਾ। ਹਾਥਰਸ 'ਚ ਦਲਿਤ ਲੜਕੀ ਨਾਲ ਗੈਂਗਰੇਪ ਤੇ ਉਸਦੀ ਹੱਤਿਆ ਦੀ ਘਟਨਾ ਪਿੱਛੇ ਵੀ ਜਾਤੀਵਾਦੀ ਮਾਨਸਿਕਤਾ ਨਜ਼ਰ ਆਉਂਦੀ ਹੈ। ਖੈਰਲਾਂਜੀ ਦੀ ਕਹਾਣੀ ਵੀ ਕੁਝ ਅਜਿਹੀ ਹੀ ਸੀ।

ਇੱਥੇ ਦਲਿਤ ਭਇਆ ਲਾਲ ਭੋਤਮਾਂਗੇ ਤੇ ਉਸਦਾ ਪਰਿਵਾਰ ਰਹਿੰਦਾ ਸੀ। ਪਿੰਡ 'ਚ ਦਲਿਤਾਂ ਦੇ ਕੁਝ ਕੁ ਘਰ ਹੀ ਸਨ। ਦਲਿਤਾਂ ਨੂੰ ਪੱਕੇ ਮਕਾਨ ਬਣਾਉਣ ਦੀ ਮਨਜ਼ੂਰੀ ਨਹੀਂ ਸੀ, ਪਰ ਭੋਤਮਾਂਗੇ ਦੀ ਪਤਨੀ ਨੇ ਪੱਕਾ ਮਕਾਨ ਬਣਾ ਲਿਆ ਸੀ। ਅਖੌਤੀ ਉੱਚ ਜਾਤੀ ਦੇ ਲੋਕਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਨੂੰ ਲੱਗਿਆ ਕਿ ਇੱਕ ਦਲਿਤ ਮਹਿਲਾ ਉਨ੍ਹਾਂ ਨੂੰ ਉਂਗਲ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸੇ ਰੰਜਿਸ਼ 'ਚ 29 ਸਤੰਬਰ 2006 ਨੂੰ ਉਨ੍ਹਾਂ ਨੇ ਨਾ ਸਿਰਫ ਭੋਤਮਾਂਗੇ ਦੀ ਪਤਨੀ ਦਾ ਬਲਾਤਕਾਰ ਕੀਤਾ, ਸਗੋਂ ਉਸਨੂੰ ਪਿੰਡ 'ਚ ਨੰਗਾ ਕਰਕੇ ਵੀ ਘੁਮਾਇਆ ਗਿਆ। ਪੁਰਸ਼ਾਂ ਦੇ ਇੱਕ ਵੱਡੇ ਸਮੂਹ ਨੇ ਉਸਦਾ ਯੌਨ ਸ਼ੋਸ਼ਣ ਕੀਤਾ ਸੀ, ਜਿਸ ਦੌਰਾਨ ਉਸਦੀ ਖੋਪੜੀ ਤੋੜ ਦਿੱਤੀ ਗਈ ਤੇ ਇੱਕ ਅੱਖ ਖਰਾਬ ਕਰ ਦਿੱਤੀ ਗਈ ਸੀ। ਉਸਦੀ ਬੇਟੀ ਨੂੰ ਵੀ ਨੰਗਾ ਕਰਕੇ ਉਸਦੇ ਨਾਲ ਜਬਰ ਜਿਨਾਹ ਕੀਤਾ ਗਿਆ ਸੀ ਅਤੇ ਉਸਦੇ ਸਰੀਰ ਦੇ ਨਿੱਜੀ ਅੰਗਾਂ 'ਚ 'ਫੋਰਨ ਆਬਜੈਕਟ' ਪਾਏ ਗਏ ਸਨ।

ਉਸਦੇ ਭਰਾਵਾਂ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚਾਰਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਇਨ੍ਹਾਂ ਦੀਆਂ ਲਾਸ਼ਾਂ ਨਹਿਰ 'ਚ ਸੁੱਟ ਦਿੱਤੀਆਂ ਗਈਆਂ ਸਨ। ਇਹ ਜਾਤੀਗਤ ਅੱਤਿਆਚਾਰ ਸਨ। ਭਇਆ ਲਾਲ ਭੋਤਮਾਂਗੇ ਨੇ ਕਿਹਾ ਕਿ ਇਸ ਹਮਲੇ 'ਚ ਪੂਰਾ ਪਿੰਡ ਸ਼ਾਮਲ ਸੀ, ਮੈਂ ਆਪਣੇ ਖੇਤ 'ਚ ਸੀ ਅਤੇ ਮੈਂ ਇੱਕ ਝਾੜੀ ਦੇ ਪਿੱਛੇ ਲੁਕ ਗਿਆ ਸੀ।

ਇਹ ਮਾਮਲਾ ਫਾਸਟ ਟ੍ਰੈਕ ਕੋਰਟ 'ਚ ਚੱਲਿਆ ਤੇ ਇਸ 'ਚ 8 ਲੋਕਾਂ ਨੂੰ ਹੱਤਿਆ ਦਾ ਦੋਸ਼ੀ ਪਾਇਆ ਗਿਆ ਤੇ ਉਨ੍ਹਾਂ 'ਚੋਂ 6 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਬਾਂਬੇ ਹਾਈਕੋਰਟ ਦੀ ਨਾਗਪੁਰ ਬੈਂਚ ਨੇ ਸਾਲ 2010 ਨੂੰ ਮੌਤ ਦੀ ਸਜ਼ਾ ਨੂੰ 25 ਸਾਲ ਦੀ ਉਮਰਕੈਦ 'ਚ ਤਬਦੀਲ ਕਰ ਦਿੱਤਾ। ਕੋਰਟ ਨੇ ਦੋਸ਼ੀਆਂ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਵੀ ਬਰੀ ਕਰ ਦਿੱਤਾ।

ਭੋਤਮਾਂਗੇ ਨੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕੀਤੀ, ਜਿਸ ਦੀ ਸੁਣਵਾਈ 14 ਅਗਸਤ 2015 ਤੋਂ ਬਾਅਦ ਅੱਗੇ ਵਧ ਨਹੀਂ ਸਕੀ। ਇਸ ਮਾਮਲੇ 'ਚ ਦੋਸ਼ੀਆਂ ਨੂੰ ਬਚਾਉਣ ਲਈ ਪੁਲਸ ਅਧਿਕਾਰੀਆਂ ਤੇ ਡਾਕਟਰਾਂ 'ਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਵੀ ਲੱਗੇ। ਭੋਤਮਾਂਗੇ ਨੂੰ ਸਰਕਾਰ ਵੱਲੋਂ ਕੁਝ ਮੁਆਵਜ਼ਾ ਮਿਲਿਆ ਤੇ ਉਨ੍ਹਾਂ ਨੂੰ ਪਿੰਡ ਛੱਡ ਕੇ ਦੂਜੇ ਸਥਾਨ ਤੇ ਰਹਿਣਾ ਪਿਆ।

ਉਹ ਹਰ 29 ਸਤੰਬਰ ਨੂੰ ਆਪਣੇ ਘਰ ਜਾਂਦੇ ਸਨ, ਇੱਕ ਦੀਵਾ ਜਗਾਉਣ ਲਈ। ਉਨ੍ਹਾਂ ਦਾ 3 ਸਾਲ ਪਹਿਲਾਂ 20 ਜਨਵਰੀ 2017 ਨੂੰ ਹਾਰਟ ਅਟੈਕ ਕਰਕੇ ਦੇਹਾਂਤ ਹੋ ਗਿਆ। ਹਾਥਰਸ ਮਾਮਲੇ 'ਚ ਵੀ ਪੁਲਸ ਨੇ ਕਥਿਤ ਤੌਰ 'ਤੇ ਪੀੜਤ ਪਰਿਵਾਰ ਨੂੰ ਪੀੜਤਾ ਨੂੰ ਆਖਰੀ ਵਾਰ ਦੇਖਣ ਤੋਂ ਰੋਕਿਆ ਤੇ ਰਾਤ ਨੂੰ ਲੜਕੀ ਦੀ ਲਾਸ਼ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਰਾਸ਼ਟਰੀ ਪੱਧਰ 'ਤੇ ਫੈਲੇ ਗੁੱਸੇ ਨੇ ਦਬਾਅ ਬਣਾਇਆ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਕਿਸੇ ਨੂੰ ਵੀ ਭਰੋਸਾ ਨਹੀਂ ਕਿ ਇਕੱਠੇ ਕੀਤੇ ਗਏ ਮੈਡੀਕਲ ਸਬੂਤਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਵੱਲੋਂ ਦਬਾਅ 'ਚ ਸਥਾਪਿਤ ਕੀਤੇ ਗਏ ਫਾਸਟ ਟ੍ਰੈਕ ਕੋਰਟ 'ਚ ਬਲਾਤਕਾਰ ਦੇ ਦੋਸ਼ ਸਾਬਿਤ ਹੋਣਗੇ।

ਦਲਿਤਾਂ ਨੂੰ ਬਲਾਤਕਾਰ ਰਾਹੀਂ ਸੰਦੇਸ਼
ਦਲਿਤਾਂ ਤੇ ਆਦੀਵਾਸੀਆਂ ਖਿਲਾਫ ਬਲਾਤਕਾਰ ਸਮੇਤ ਹੋਰ ਭਿਆਨਕ ਅਪਰਾਧ ਅਚਾਨਕ ਹੀ ਨਹੀਂ ਹੁੰਦੇ। ਇਹ ਆਮ ਤੌਰ 'ਤੇ ਪੁਰਾਣੇ ਜਾਤੀ ਭੇਦਭਾਵ ਦੇ ਨਾਲ ਸ਼ੁਰੂ ਹੁੰਦੇ ਹਨ। ਜ਼ਮੀਨ ਜਾਂ ਪਾਣੀ ਨੂੰ ਲੈ ਕੇ ਦਲਿਤਾਂ ਦਾ ਅਪਮਾਨ ਕੀਤਾ ਜਾਂਦਾ ਹੈ, ਜਨਤੱਕ ਸਥਾਨਾਂ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਹੋਣ ਦਿੱਤੀ ਜਾਂਦੀ, ਉਨ੍ਹਾਂ 'ਤੇ ਹਮਲੇ ਕੀਤੇ ਜਾਂਦੇ ਹਨ।

ਇਹ ਸਭ ਬਿਨਾਂ ਕਿਸੇ ਡਰ ਦੇ ਹੁੰਦਾ ਹੈ। ਕਈ ਮਾਮਲਿਆਂ 'ਚ ਪੁਲਸ ਸ਼ਿਕਾਇਤ ਤੱਕ ਦਰਜ ਨਹੀਂ ਕਰਦੀ, ਜਿਸ ਕਰਕੇ ਅਖੌਤੀ ਉੱਚ ਜਾਤੀਆਂ ਦੇ ਹੌਸਲੇ ਹੋਰ ਵਧਦੇ ਹਨ, ਕਿਉਂਕਿ ਪ੍ਰਸ਼ਾਸਨ ਉਨ੍ਹਾਂ ਪਾਸੇ ਹੁੰਦਾ ਹੈ। ਰਾਸ਼ਟਰੀ ਜਾਂ ਸਥਾਨਕ ਮੀਡੀਏ ਦੇ ਛੋਟੇ ਜਿਹੇ ਹਿੱਸੇ ਨੇ ਪਿਛਲੇ ਕੁਝ ਮਹੀਨਿਆਂ 'ਚ ਦਲਿਤਾਂ ਦੇ ਖਿਲਾਫ ਛੋਟੇ ਅਪਰਾਧ ਦਰਜ ਕੀਤੇ ਹਨ। ਹਾਥਰਸ ਦੀ ਘਟਨਾ ਤੋਂ ਬਾਅਦ 2 ਦਿਨਾਂ 'ਚ ਇੱਕ ਪੱਤਰਕਾਰ ਨੇ 18 ਬਲਾਤਕਾਰ ਤੇ ਸਮੂਹਿਕ ਬਲਾਤਕਾਰਾਂ ਨੂੰ ਰਿਪੋਰਟ ਕੀਤਾ ਹੈ।

ਪ੍ਰੋਫੈਸਰ ਆਨੰਦ ਤੇਲਤੁੰਬੜੇ ਲਿਖਦੇ ਹਨ ਕਿ ਖੈਰਲਾਂਜੀ ਦੇ ਭਿਆਨਕ ਹਮਲੇ ਦੇ 10 ਸਾਲ ਬਾਅਦ ਵੀ ਜਾਰੀ ਅਜਿਹੇ ਅੱਤਿਆਚਾਰ ਪੂਰੇ ਦਲਿਤ ਸਮਾਜ ਨੂੰ ਸਬਕ ਸਿਖਾਉਣ ਦਾ ਇੱਕ ਢੰਗ ਹਨ। ਤੇਲਤੁੰਬੜੇ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਖੈਰਲਾਂਜੀ ਨੇ ਕਈ ਮਿਥਕਾਂ ਨੂੰ ਤੋੜ ਦਿੱਤਾ, ਜੋ ਮਿਥਕ ਕਹਿੰਦੇ ਸਨ ਕਿ ਆਰਥਿਕ ਵਿਕਾਸ ਜਾਤੀਵਾਦ ਨੂੰ ਦੂਰ ਕਰ ਦੇਵੇਗਾ। ਤੇਲਤੁੰਬੜੇ ਨੇ ਆਪਣੀ ਕਿਤਾਬ 'ਖੈਰਲਾਂਜੀ : ਅ ਸਟ੍ਰੇਂਜ ਐਂਡ ਬਿਟਰ ਕ੍ਰਾਪ' 'ਚ ਲਿਖਿਆ ਕਿ ਦਲਿਤਾਂ, ਖਾਸ ਤੌਰ 'ਤੇ ਦਲਿਤ ਮਹਿਲਾਵਾਂ 'ਤੇ ਕਰੂਰਤਾ ਦੇ ਅਜਿਹੇ ਮਾਮਲੇ ਸਿਰਫ ਬੇਰਹਿਮ ਰਾਕਸ਼ਸਾਂ ਦੀ ਕਰਤੂਤਾਂ ਨਹੀਂ ਹਨ, ਸਗੋਂ ਦਲਿਤਾਂ ਖਿਲਾਫ ਹਿੰਸਾ, ਖਾਸ ਤੌਰ 'ਤੇ ਬਲਾਤਕਾਰ, ਸਮਾਜਿਕ ਵਿਵਸਥਾ ਨੂੰ ਲਾਗੂ ਕਰਾਉਣ ਦਾ ਇੱਕ ਢੰਗ ਹੈ। ਇਹੀ ਕਾਰਨ ਹੈ ਕਿ ਇਸਦਾ ਸਮੂਹਿਕ ਤੌਰ 'ਤੇ ਇੱਕ ਜਨਤੱਕ ਤਮਾਸ਼ੇ ਦੇ ਰੂਪ 'ਚ ਪ੍ਰਦਰਸ਼ਨ ਕੀਤਾ ਜਾਂਦਾ ਹੈ। ਬਲਾਤਕਾਰ ਇੱਕ ਨਿੱਜੀ ਮਾਮਲਾ ਨਹੀਂ ਹੈ, ਇਹ ਇੱਕ ਉਤਸਵ ਜਾਂ ਤਮਾਸ਼ਾ ਬਣ ਜਾਂਦਾ ਹੈ। ਇਸ ਅੱਤਿਆਚਾਰ 'ਚ ਸ਼ਾਤਰ ਸੋਚ ਸ਼ਾਮਲ ਹੈ, ਤਾਂਕਿ ਉਹ ਪੂਰੇ ਸਮਾਜ ਨੂੰ ਸਬਕ ਸਿਖਾ ਸਕਣ। ਤੇਲਤੁੰਬੜੇ ਨੇ ਚਿਤਾਵਨੀ ਦਿੰਦੇ ਹੋਏ ਕਿਹਾ, ''ਭਾਰਤ ਦਾ ਹਰੇਕ ਪਿੰਡ ਸੰਭਾਵਿਤ ਖੈਰਲਾਂਜੀ ਹੈ।''
-ਸਮ੍ਰਿਤੀ ਕੋਪੀਕਰ,
(ਪ੍ਰਗਟ ਵਿਚਾਰ ਲੇਖਕ ਦੇ ਵਿਅਕਤੀਗਤ ਹਨ)

Comments

Leave a Reply